ਭਾਰਤ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਹੋਰ ਦੇਸ਼

06/09/2021 3:07:17 AM

-ਦਰਬਾਰਾ ਸਿੰਘ ਕਾਹਲੋਂ 
ਭਾਰਤ ਵਿਸ਼ਵ ਦਾ ਇਕ ਵਿਸ਼ਾਲ ਲੋਕਤੰਤਰੀ ਦੇਸ਼ ਹੈ। ਇਸ ਸਮੇਂ ਇਸ ਦੀ ਆਬਾਦੀ ਕਰੀਬ 138 ਕਰੋੜ ਹੈ। ਕੋਰੋਨਾ-19 ਮਹਾਮਾਰੀ ਕਾਰਨ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਅੰਦਰ ਆਫਤ ਨਾਲ ਨਜਿੱਠਣਾ ਕੋਈ ਸੌਖਾ ਕੰਮ ਨਹੀਂ। ਇਸ ਮਹਾਮਾਰੀ ਨੇ ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਸਮੇਤ ਕਈ ਵਿਕਸਿਤ ਦੇਸ਼ਾਂ ਦੀਆਂ ਚੀਕਾਂ ਕਢਾ ਕੇ ਰੱਖ ਦਿੱਤੀਆਂ, ਜਿਨ੍ਹਾਂ ਵਿਚ ਬ੍ਰਿਟੇਨ, ਸਪੇਨ, ਇਟਲੀ, ਫਰਾਂਸ, ਜਰਮਨੀ, ਰੂਸ ਆਦਿ ਸ਼ਾਮਿਲ ਹਨ। ਅਜੇ ਵੀ ਲਗਾਤਾਰ ਇਸ ਮਹਾਮਾਰੀ ਦਾ ਭਿਆਨਕ ਪ੍ਰਕੋਪ ਜਾਰੀ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਹਰ ਦੇਸ਼ ਅੰਦਰ ਡਾਕਟਰੀ ਸੇਵਾਵਾਂ, ਹਸਪਤਾਲ ਵਿਵਸਥਾਵਾਂ, ਬਿਸਤਰਿਆਂ, ਦਵਾਈਆਂ, ਨਰਸਾਂ, ਤਕਨੀਕੀ ਅਮਲੇ ਅਤੇ ਮਾਨਵ ਲਾਸ਼ਾਂ ਨੂੰ ਦਫਨਾਉਣ ਸਬੰਧੀ ਘਾਟਾਂ ਦਾ ਡਰਾਉਣਾ ਸੰਕਟ ਪਾਇਆ ਗਿਆ।

ਆਫਤ ਪ੍ਰਭਾਵਿਤ ਕਾਲ ਵਿਚ ਸਭ ਸਿਆਸੀ ਪਾਰਟੀਆਂ, ਰਾਜ ਅਤੇ ਕੇਂਦਰ ਸਰਕਾਰਾਂ ਅਤੇ ਹਰ ਵਰਗ, ਜਾਤ, ਧਰਮ, ਇਲਾਕੇ, ਰੰਗਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਮੁਕਾਬਲੇ ਲਈ ਜੁੱਟ ਜਾਣਾ ਚਾਹੀਦਾ ਹੈ। ਪਰ ਦੇਸ਼ ਅੰਦਰ ਗੰਦੀ ਸਿਆਸੀ ਕਰਨ ਵਾਲੇ ਆਗੂਆਂ ਅਤੇ ਸੱਤਾ ਪ੍ਰਾਪਤੀ ਦੇ ਰੋਗ ਦੀਆਂ ਸ਼ਿਕਾਰ ਵਿਰੋਧੀ ਪਾਰਟੀਆਂ ਅਤੇ ਮਾਨਸਿਕ ਦੀਵਾਲੀਆਪਣ ਦਾ ਸ਼ਿਕਾਰ ਵਿਅਕਤੀਆਂ ਨੇ ਕੇਂਦਰ, ਰਾਜ ਸਰਕਾਰਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਆਲੋਚਨਾ ਕਰਨ ਦਾ ਸ਼ਰਮਨਾਕ ਖੇਡ ਜਾਰੀ ਰੱਖਿਆ। ਇਸ ਜ਼ਹਿਰੀਲੇ ਅਤੇ ਨੀਵੀਂ ਪੱਧਰ ਦੇ ਰਾਸ਼ਟਰ ਅਤੇ ਲੋਕਘਾਤੀ ਪ੍ਰਾਪੇਗੰਡੇ ਦਾ ਅਸਰ ਅਕਸਰ ਵਿਦੇਸ਼ਾਂ ਵਿਚ ਵੀ ਵੇਖਣ ਨੂੰ ਮਿਲਿਆ।

ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਮਰੀਕਾ ਦੌਰੇ ’ਤੇ ਸਨ। ਸ਼੍ਰੀ ਐੱਸ. ਜੈ ਸ਼ੰਕਰ ਭਾਰਤ ਦੇ ਇਕ ਨਾਮਵਰ ਡਿਪਲੋਮੈਟ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਦੇਸ਼ ਸਕੱਤਰ ਰਹੇ ਹਨ। ਉਹ 2007-09 ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ, 2001-04 ਵਿਚ ਚੈਕੋਸਲਵਾਕੀਆ, 2009-13 ਵਿਚ ਚੀਨ ਅਤੇ 2014-15 ਵਿਚ ਅਮਰੀਕਾ ਵਿਖੇ ਸਫ਼ਲ ਰਾਜਦੂਤ ਰਹੇ ਹਨ।

ਭਾਰਤ-ਅਮਰੀਕੀ ਪ੍ਰਮਾਣੂ ਸਮਝੌਤੇ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਕਾਲ ਸਮੇਂ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀਆਂ ਸਰਵੋਤਮ ਡਿਪਲੋਮੈਟਿਕ ਸੇਵਾਵਾਂ ਮੱਦੇਨਜ਼ਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 30 ਮਈ, 2019 ਨੂੰ ਆਪਣੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਇਆ ਅਤੇ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ।

ਆਪਣੇ ਅਮਰੀਕੀ ਦੌਰੇ ਦੌਰਾਨ ਉਨ੍ਹਾਂ ਹੂਵਰ ਸੰਸਥਾ ਵੱਲੋਂ ਆਯੋਜਿਤ ਵਿਚਾਰ ਗੋਸ਼ਟੀ ਵਿਚ ਜਨਰਲ ਮੈਕਮਾਸਟਰ ਨਾਲ ਵਰਚੁਅਲ ਤੌਰ ’ਤੇ ਭਾਗ ਲਿਆ। ਇਸ ਗੋਸ਼ਟੀ ਅੰਦਰ ਜਦੋਂ ਉਨ੍ਹਾਂ ਨੂੰ ਭਾਰਤ ਵੱਲੋਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਸਬੰਧੀ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਤੱਥਾਂ ’ਤੇ ਆਧਾਰਤ ਭਾਰਤ ਦਾ ਪੱਖ ਪੇਸ਼ ਕਰਦਿਆਂ ਸਭ ਦਾ ਮੂੰਹ ਬੰਦ ਕਰਵਾ ਕੇ ਰੱਖ ਦਿੱਤਾ।

ਵਿਦੇਸ਼ ਮੰਤਰੀ ਐੱਜੈ ਸ਼ੰਕਰ ਨੇ ਕਿਹਾ, ‘‘ਅਸੀਂ ਦੇਸ਼ ਦੇ 80 ਕਰੋੜ ਲੋਕਾਂ ਨੂੰ ਇਸ ਮਹਾਮਾਰੀ ਦੌਰਾਨ ਮੁਫਤ ਖਾਣਾ ਮੁਹੱਈਆ ਕਰ ਰਹੇ ਹਾਂ। ਅਸਾਂ ਨੇ 40 ਕਰੋੜ ਭਾਰਤੀਆਂ ਦੇ ਬੈਂਕ ਖਾਤਿਆਂ ਵਿਚ ਧਨ ਜਮ੍ਹਾ ਕਰਵਾਇਆ ਹੈ।’’

ਉਨ੍ਹਾਂ ਵਿਆਖਿਆ ਕਰਦਿਆਂ ਅਮਰੀਕੀ ਗੋਸ਼ਟੀਕਾਰਾਂ ਅਤੇ ਦਰਸ਼ਕਾਂ ਨੂੰ ਦੱਸਿਆ ਕਿ ਅਸੀਂ ਅਮਰੀਕਾ ਦੀ ਆਬਾਦੀ ਜਿੰਨੇ ਲੋਕਾਂ ਨੂੰ ਫੰਡ ਅਤੇ ਉਸ ਦੀ ਆਬਾਦੀ ਤੋਂ ਕਰੀਬ ਢਾਈ ਗੁਣਾ ਵੱਧ ਭਾਰਤੀਆਂ ਨੂੰ ਮੁਫਤ ਖਾਣਾ ਦੇ ਰਹੇ ਹਾਂ। ਵਿਸ਼ਵ ਵਿਚ ਕਿੰਨੇ ਕੁ ਦੇਸ਼ ਹਨ ਜੋ ਐਸੀ ਆਫਤ ਭਰੀ ਮਹਾਮਾਰੀ ਵਿਚ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ? ਇਸ ਸਮੇਂ ਜਦੋਂ ਪੂਰਾ ਵਿਸ਼ਵ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਦੀ ਇਸ ਮਹਾਮਾਰੀ ਕਰਕੇ ਲੰਘ ਰਿਹਾ ਹੈ।

ਭਾਰਤ ਸਫਲਤਾਪੂਰਵਕ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਜੋ ਵਿਸ਼ਵ ਦੇ ਸਰਮਾਏਦਾਰ ਅਤੇ ਵਿਕਸਿਤ ਦੇਸ਼ ਵੀ ਨਹੀਂ ਨਿਭਾ ਸਕੇ ਹਨ। ਸਪੱਸ਼ਟ ਹੈ ਕਿ ਹਰ ਰਾਸ਼ਟਰ ਕੋਲ ਅਜਿਹੋ ਸਰੋਤਾਂ ਅਤੇ ਆਰਥਿਕ ਦਮਖਮ ਦੀ ਘਾਟ ਹੈ।

ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਮੀਡੀਏ ਵੱਲੋਂ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੀ ਆਲੋਚਨਾ ਅਤੇ ਕਈ ਮੁਹਾਜਾਂ ’ਤੇ ਅਸਫਲ ਹੋਣ ਦੇ ਦੋਸ਼ਾਂ ਦਾ ਜੁਆਬ ਵੀ ਸ਼੍ਰੀ ਐੱਸ. ਜੈਸ਼ੰਕਰ ਨੇ ਬਾਖੂਬੀ ਦਿੱਤਾ। ਉਨ੍ਹਾਂ ਦੇ ਮੂੰਹ ਬੰਦ ਕਰ ਕੇ ਰੱਖ ਦਿੱਤੇ। ਵਿਸ਼ਵ ਅੰਦਰ ਕੋਵਿਡ-19 ਮਹਾਮਾਰੀ ਵੱਖ-ਵੱਖ ਲਹਿਰਾਂ ਦੇ ਮਾਰੂ ਰੂਪ ਰਾਹੀਂ ਕਹਿਰ ਢਾਅ ਰਹੀ ਹੈ। ਭਾਰਤ ਅੰਦਰ ਇਸ ਨਾਲ ਮੌਤਾਂ ਦੀ ਔਸਤ ਅਮਰੀਕਾ, ਬ੍ਰਾਜ਼ੀਲ, ਯੂਰਪੀਅਨ ਵਿਕਸਿਤ ਅਤੇ ਸਰਮਾਏਦਾਰ ਦੇਸ਼ਾਂ ਨਾਲੋਂ ਕਿਤੇ ਘੱਟ ਹੈ। ਅਮਰੀਕਾ ਅੰਦਰ ਜਿਵੇਂ ਕੋਵਿਡ-19 ਨਾਲ ਮਰੇ ਹਜ਼ਾਰਾਂ ਲੋਕਾਂ ਨੂੰ ਸਮੂਹ ਕਬਰਗਾਹਾਂ ਅਤੇ ਮਕੈਨੀਕਲ ਢੰਗਾਂ ਨਾਲ ਬਗੈਰ ਧਾਰਮਿਕ ਅਤੇ ਸਮਾਜਿਕ ਰਹੁਰੀਤਾਂ ਦੇ ਦਫਨਾਇਆ ਗਿਆ, ਜਿੱਥੇ ਕਿਧਰੇ ਵੀ ਉਨ੍ਹਾਂ ਦੇ ਸਕੇ-ਸਬੰਧੀ ਹਾਜ਼ਰ ਨਹੀਂ ਸਨ ਦਿਸੇ, ਪੂਰਾ ਵਿਸ਼ਵ ਜਾਣਦਾ ਹੈ।

ਆਖਰ ਇਸ ਵਿਸ਼ਵ ਤੋਂ ਅਜਿਹੀਆਂ ਮਹਾਮਾਰੀਆਂ ਕਰ ਕੇ ਰੁਖਸਤ ਹੋਣ ਵਾਲੇ ਵਿਅਕਤੀ ਸਨਮਾਨ, ਮਨੁੱਖੀ ਵਿਧੀਵਧਤਾ ਚਾਹੁੰਦੇ ਹਨ। ਕੀ ਇਟਲੀ, ਸਪੇਨ, ਫਰਾਂਸ ਵਿਚ ਅਮਰੀਕਾ, ਮੈਕਸੀਕੋ, ਬ੍ਰਾਜ਼ੀਲ ਸਮੇਤ ਜੋ ਮਨੁੱਖੀ ਲਾਸ਼ਾਂ ਦੀ ਦੁਰਦਸ਼ਾ ਹੋਈ ਕਿਸੇ ਤੋਂ ਲੁਕੀ ਹੋਈ ਹੈ? ਇਟਲੀ ਵਿਚ ਤਾਂ ਉਨ੍ਹਾਂ ਨੂੰ ਟਿਕਾਣੇ ਲਗਾਉਣ ਲਈ ਫੌਜ ਦੀ ਸਹਾਇਤਾ ਲਈ ਗਈ। ਇਵੇਂ ਹੀ ਦੂਸਰੇ ਯੂਰਪੀਅਨ ਦੇਸ਼ਾਂ ਵਿਚ ਦੁਰਦਸ਼ਾ ਦੇ ਦ੍ਰਿਸ਼ ਵੇਖਣ ਨੂੰ ਮਿਲੇ।

ਅਜਿਹੇ ਦੇਸ਼ਾਂ ਅਤੇ ਪ੍ਰੈੱਸ ਨੂੰ ਭਾਰਤ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਵੇਖ ਲੈਣਾ ਚਾਹੀਦਾ ਸੀ। ਕਈ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਇਸ ਦੇ ਸ਼ਿਕਾਰ ਹੋਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਮੌਤ ਸਬੰਧੀ ਤਾਂ ਪ੍ਰੈੱਸ ਨੋਟ ਤਿਆਰ ਹੋ ਚੁੱਕੇ ਸਨ, ਜੋ ਰੱਬੀ ਮਿਹਰ ਸਦਕਾ ਬਚ ਨਿਕਲੇ।

ਭਾਰਤ ਅੰਦਰ ਲੋਕਤੰਤਰ ਦੀ ਕਾਇਮੀ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਕਰ ਕੇ 5 ਰਾਜਾਂ ਵਿਚ ਚੋਣਾਂ ਕਰਵਾਉਣੀਆਂ ਪਈਆਂ। ਧਾਰਮਿਕ ਆਸਥਾ ਦਾ ਸਨਮਾਨ ਕਰਦੇ ਲੋਕਤੰਤਰੀ ਕੇਂਦਰ ਅਤੇ ਰਾਜ ਸਰਕਾਰਾਂ ਨੇ ਵੱਖ-ਵੱਖ ਧਰਮਾਂ ਦੇ ਧਾਰਮਿਕ ਤਿਉਹਾਰਾਂ ਨੂੰ ਲਾਕਡਾਊਨ ਦੇ ਬਾਵਜੂਦ ਮਨਾਉਣ ਦੀ ਆਗਿਆ ਦਿੱਤੀ। ਭਾਰਤ ਨੇ ਵਿਸ਼ਵ ਅੰਦਰ ਇਕ ਲੰਬੇ ਚੱਲ ਰਹੇ ਕਿਸਾਨੀ ਵਿਰੋਧ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਪਰ ਕੀ ਅਜਿਹੇ ਵਿਰੋਧ, ਧਾਰਮਿਕ ਤਿਉਹਾਰ ਮਨਾਉਣ ਦੀ ਇਜਾਜ਼ਤ ਅਤੇ ਇਕੱਠ ਸਿਰਫ ਭਾਰਤ ਤਕ ਸੀਮਤ ਹਨ?

Bharat Thapa

This news is Content Editor Bharat Thapa