ਸਰਕਾਰ ਦੇ ਹਰ ਫੈਸਲੇ ਦਾ ਵਿਰੋਧ ਕਰਨਾ ਹੀ ਕਾਂਗਰਸ ਦੇ ਸੰਸਕਾਰਾਂ ’ਚ ਸ਼ਾਮਿਲ

05/30/2021 3:44:13 AM

ਰਾਮਬਿਲਾਸ ਸ਼ਰਮਾ ਸਾਬਕਾ ਸਿੱਖਿਆ ਮੰਤਰੀ ਹਰਿਆਣਾ

ਭਾਰਤ ਦੀ ਸਿਆਸਤ ’ਚ ਆਜ਼ਾਦੀ ਦੇ ਬਾਅਦ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਭਾਵ ਗਾਂਧੀ ਪਰਿਵਾਰ ਸੱਤਾ ’ਚ ਰਿਹਾ। ਸਿਆਸਤ ’ਚ ਕਈ ਮੌਕੇ ਅਜਿਹੇ ਆਏ ਜਦੋਂ ਦੇਸ਼ ਆਪਣੇ ਗੁਆਂਢੀ ਦੁਸ਼ਮਣ ਦੇਸ਼ਾਂ ਨਾਲ ਜੰਗ ਲੜ ਰਿਹਾ ਸੀ ਤਾਂ ਵਿਰੋਧੀ ਧਿਰ ਸੱਤਾਧਾਰੀ ਕਾਂਗਰਸ ਪਾਰਟੀ ਦੇ ਹਰ ਫੈਸਲੇ ’ਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੀ ਸੀ।

1971 ’ਚ ਜਦੋਂ ਪਾਕਿਸਤਾਨ ਦੇ ਨਾਲ ਤਤਕਾਲੀਨ ਦੇਸ਼ ਦੀ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਲੜਾਈ ਲੜ ਰਹੀ ਸੀ ਤਾਂ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਭਵਾਨੀ ਦਾ ਨਾਂ ਦੇ ਕੇ ਆਪਣਾ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।

ਜਦੋਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਅਤੇ ਉਹ ਵਿਦੇਸ਼ੀ ਦੌਰੇ ’ਤੇ ਗਏ ਤਾਂ ਉਨ੍ਹਾਂ ਨੂੰ ਇਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਤੁਹਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਜ਼ਾ ਹੋ ਗਈ (ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਲੱਖੂਭਾਈ ਪਾਠਕ ਧੋਖਾਦੇਹੀ ਕੇਸ ’ਚ ਸਜ਼ਾ ਹੋਈ ਸੀ) ਤਾਂ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦਾ ਬਚਾਅ ਕੀਤਾ ਸੀ। ਉਥੇ ਹੀ ਅੱਜ ਕਾਂਗਰਸ ਪਾਰਟੀ ਇਕੋ-ਇਕ ਏਜੰਡੇ ’ਤੇ ਚੱਲ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੇ ਹਰ ਫੈਸਲੇ ਦਾ ਵਿਰੋਧ ਕੀਤਾ ਜਾਵੇ। ਭਾਵੇਂ ਉਹ ਫੈਸਲਾ ਦੇਸ਼ ਦੇ ਹਿੱਤ ’ਚ ਹੋਵੇ ਜਾਂ ਜਨਤਾ ਦੇ ਹਿੱਤ ’ਚ ਹੋਵੇ।

2019 ’ਚ ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਗੁਲਾਮ ਕਸ਼ਮੀਰ ’ਚ ਹਵਾਈ ਫੌਜ ਨਾਲ ਅਟੈਕ ਕਰਵਾ ਕੇ ਸਰਜੀਕਲ ਸਟ੍ਰਾਈਕ ਕਰਵਾਈ ਸੀ, ਉਸ ਸਮੇਂ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗੇ ਸਨ। ਗੁਆਂਢੀ ਦੇਸ਼ ਦੇ ਨਾਲ ਭਾਰਤ ਵੱਲੋਂ ਲੜੀ ਜਾ ਰਹੀ ਲੜਾਈ ’ਚ ਕਾਂਗਰਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਕੋਲੋਂ ਸਬੂਤ ਮੰਗਣਾ ਕੀ ਕਾਂਗਰਸ ਦੀ ਹੋਛੀ ਮਾਨਸਿਕਤਾ ਨਹੀਂ ਹੈ। ਸਰਜੀਕਲ ਸਟ੍ਰਾਈਕ ਨਾਲ ਵਿਸ਼ਵ ’ਚ ਭਾਰਤ ਦਾ ਵੱਕਾਰ ਵਧਿਆ, ਉੱਥੇ ਹੀ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਾਰ-ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ’ਤੇ ਪਾਕਿਸਤਾਨੀ ਮੀਡੀਆ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੂਬ ਪ੍ਰਚਾਰਿਤ ਅਤੇ ਪ੍ਰਸਾਰਿਤ ਕਰ ਰਿਹਾ ਸੀ। ਕੀ ਇਹ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੀ ਦੇਸ਼ਭਗਤੀ ਹੈ?

ਆਜ਼ਾਦੀ ਦੇ 70 ਸਾਲਾਂ ਤੋਂ ਵੱਧ ਸਮੇਂ ਤੱਕ ਕਸ਼ਮੀਰ ’ਚ ਧਾਰਾ 370 ਕਾਰਨ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ, ਓਧਰ ਹਜ਼ਾਰਾਂ ਵੀਰਾਂਗਣਾਂ ਦੇ ਸਿੰਧੂਰ ਉਨ੍ਹਾਂ ਤੋਂ ਖੁੱਸ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾ ਕੇ ਜੰਮੂ ਅਤੇ ਦੇਸ਼ ਦੇ ਲੋਕਾਂ ਨੂੰ ਜਿਉਣ ਦਾ ਰਾਹ ਦਿਖਾਇਆ।

ਪੂਰੇ ਭਾਰਤ ਨੂੰ ਇਕ ਵਿਚਾਰਧਾਰਾ ਅਤੇ ਕਾਨੂੰਨ ਨਾਲ ਜੋੜਿਆ। ਕਾਂਗਰਸ ਪਾਰਟੀ ਤੇ ਉਨ੍ਹਾਂ ਦੇ ਨੇਤਾਵਾਂ ਨੂੰ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਉਣੀ ਕਿੱਥੇ ਚੰਗੀ ਲੱਗਦੀ ਸੀ, ਉਨ੍ਹਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਲੋਕ ਪ੍ਰਸਿੱਧ ਫੈਸਲੇ ਦਾ ਖੂਬ ਵਿਰੋਧ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਲੱਖ ਹਿੰਦੂ ਅਤੇ ਸਿੱਖ ਪਰਿਵਾਰਾਂ ਜੋ ਜੰਮੂ-ਕਸ਼ਮੀਰ ਦੇ ਮੂਲ ਨਿਵਾਸੀ ਸਨ, ਅੱਤਵਾਦ ਕਾਰਨ ਉਨ੍ਹਾਂ ਨੂੰ ਉੱਥੋਂ ਜਿਸ ਢੰਗ ਨਾਲ ਜ਼ਲੀਲ ਕਰ ਕੇ ਕੱਢਿਆ ਗਿਆ, ਯਾਦ ਕਰ ਕੇ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ, ਉਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਮੂਲ ਨਿਵਾਸੀ ਐਲਾਨਿਆ। 1990 ਦੌਰਾਨ ਘਾਟੀ ਛੱਡਦੇ ਸਮੇਂ ਹਿੰਦੂਅਾਂ ਅਤੇ ਸਿੱਖਾਂ ਵੱਲੋਂ ਛੱਡੀਆਂ ਗਈਆਂ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ਿਆਂ ਦਾ ਨੋਟਿਸ ਲੈ ਕੇ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ।

ਵੱਖਵਾਦੀਆਂ ਜਾਂ ਦੇਸ਼ਧ੍ਰੋਹੀਆਂ ਨੂੰ ਸਰਕਾਰੀ ਲਾਭ ਜਾਂ ਕਾਨੂੰਨੀ ਸੁਰੱਖਿਆ ਮਿਲੀ ਹੋਈ ਸੀ, ਉਨ੍ਹਾਂ ਨੂੰ ਮੋਦੀ ਸਰਕਾਰ ਨੇ ਹਟਾਇਆ ਅਤੇ ਉਨ੍ਹਾਂ ’ਤੇ ਜੋ ਅਪਰਾਧਿਕ ਮੁਕੱਦਮੇ ਸਨ, ਉਨ੍ਹਾਂ ਨੂੰ ਚਲਾਇਆ। ਇਕ ਪਾਸੇ ਜਿੱਥੇ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਨੂੰ ਲੈ ਕੇ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ-ਰਾਤ ਦੇਸ਼ ਅਤੇ ਵਿਦੇਸ਼ ਤੋਂ ਸਹਿਯੋਗ ਹਾਸਲ ਕਰ ਕੇ ਕੋਰੋਨਾ ਦੀ ਲੜਾਈ ਲੜ ਰਹੇ ਹਨ, ਓਧਰ ਕਾਂਗਰਸ ਦੀ ਨੇਤਾ ਸੋਨੀਆ ਗਾਂਧੀ, ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਧੀ ਪ੍ਰਿਯੰਕਾ ਗਾਂਧੀ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਊਲ-ਜਲੂਲ ਬਿਆਨਬਾਜ਼ੀ ਕਰ ਰਹੇ ਹਨ।

ਕੋਰੋਨਾ ਤੋਂ ਵਿਸ਼ਵ ਦੇ ਵੱਡੇ-ਵੱਡੇ ਦੇਸ਼ ਅਛੂਤੇ ਨਹੀਂ ਰਹੇ ਅਤੇ ਉਨ੍ਹਾਂ ਨੂੰ ਵੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਅਤੇ ਬ੍ਰਾਜ਼ੀਲ ਦੀ ਆਬਾਦੀ ਦੇ ਮੁਕਾਬਲੇ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਦੇਸ਼ਾਂ ਦੀ ਤੁਲਨਾ ’ਚ ਭਾਰਤ ’ਚ ਮੌਤ ਦਰ ਬਹੁਤ ਘੱਟ ਹੈ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦਾ ਨਤੀਜਾ ਹੈ। ਫਿਰ ਵੀ ਕਾਂਗਰਸ ਪਾਰਟੀ ਦਾ ਇਕੋ-ਇਕ ਏਜੰਡਾ ਹੈ ਕਿ ਮੋਦੀ ਦੇ ਹਰ ਫੈਸਲੇ ਦਾ ਵਿਰੋਧ ਕਰਨਾ ਹੈ।

ਕਾਂਗਰਸ ਦੇ ਸੰਸਕਾਰਾਂ ’ਚ ਹੀ ਅਜਿਹੀ ਪੜ੍ਹਾਈ ਹੈ ਕਿ ਜੋ ਵੀ ਆਦਮੀ ਇਸ ਪਾਰਟੀ ਦੀ ਮੈਂਬਰੀ ਲੈਂਦਾ ਹੈ ਉਹ ਭਾਜਪਾ ਦੇ ਦੇਸ਼ ਹਿੱਤ ਅਤੇ ਹਰ ਚੰਗੇ ਫੈਸਲੇ ਦਾ ਵਿਰੋਧ ਕਰਦਾ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਨ ਰਹਿ ਕੇ ਆਪਣੇ ਆਚਰਣ ਦਾ ਸੰਦੇਸ਼ ਦੇ ਰਹੇ ਹਨ। ਦੇਸ਼ ਦੀ 135 ਕਰੋੜ ਜਨਤਾ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੇ ਹਨ।

Bharat Thapa

This news is Content Editor Bharat Thapa