ਭਾਰਤ ਦੀ ਮਹਾਨ ਪੂੰਜੀ ਹਨ ਪ੍ਰਵਾਸੀ ਭਾਰਤੀ

06/29/2021 3:32:38 AM

ਡਾ. ਜਯੰਤੀਲਾਲ ਭੰਡਾਰੀ

ਯਕੀਨੀ ਤੌਰ ’ਤੇ ਕੋਰੋਨਾ ਸੰਕਟ ਦੀਅਾਂ ਚੁਣੌਤੀਅਾਂ ਦਰਮਿਆਨ ਪ੍ਰਵਾਸੀ ਭਾਰਤੀਅਾਂ ਵਲੋਂ ਭਾਰਤ ਨੂੰ ਮਨੁੱਖੀ ਅਤੇ ਆਰਥਿਕ ਸਹਿਯੋਗ ਦੇਣ ਦਾ ਨਵਾਂ ਅਧਿਆਏ ਲਿਖਿਆ ਗਿਆ ਹੈ। ਕੋਰੋਨਾ ਇਨਫੈਕਸ਼ਨ ਦੀ ਪਹਿਲੀ ਅਤੇ ਦੂਜੀ ਲਹਿਰ ਦਰਮਿਆਨ ਪਿਛਲੇ ਸਾਲ ਮਾਰਚ 2020 ਤੋਂ ਲੈ ਕੇ ਹੁਣ ਤਕ ਪ੍ਰਵਾਸੀ ਭਾਰਤੀਅਾਂ ਦਾ ਭਾਰਤ ਪ੍ਰਤੀ ਬੇਮਿਸਾਲ ਪ੍ਰੇਮ, ਭਾਵ ਅਤੇ ਆਰਥਿਕ ਸਹਿਯੋਗ ਸਮੁੱਚੀ ਦੁਨੀਆ ’ਚ ਰੇਖਾਂਕਿਤ ਹੋਇਆ ਹੈ।

ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਦੀ ਪਹਿਲੀ ਲਹਿਰ ਦੇ ਸਮੇਂ ਵਿਦੇਸ਼ਾਂ ’ਚ ਜੋ ਜਿਥੇ ਸੀ, ਉਸ ਨੂੰ ਉਥੇ ਹੀ ਲਾਕ ਕਰ ਦਿੱਤਾ ਗਿਆ ਸੀ, ਉਡਾਣਾਂ ਰੁੱਕ ਗਈਅਾਂ ਸਨ। ਇਸ ਕਾਰਨ ਵਿਦੇਸ਼ੀ ਜ਼ਮੀਨ ’ਤੇ ਲੱਖਾਂ ਭਾਰਤੀ ਉੱਦਮੀ, ਕਾਰੋਬਾਰੀ ਅਤੇ ਸੈਲਾਨੀ ਫਸ ਗਏ ਸਨ। ਅਜਿਹੀ ਹਾਲਤ ’ਚ ਚਿੰਤਾ ਅਤੇ ਗੈਰ-ਯਕੀਨੀ ਦੇ ਦੌਰ ’ਚ ਫਸੇ ਭਾਰਤੀਅਾਂ ਨੂੰ ਪ੍ਰਵਾਸੀ ਭਾਰਤੀਅਾਂ ਦਾ ਹਰ ਤਰ੍ਹਾਂ ਦਾ ਸਾਥ ਮਿਲਿਆ ਸੀ।

ਉਸ ਤੋਂ ਬਾਅਦ ਕੋਰੋਨਾ ਦੀ ਦੂਜੀ ਘਾਤਕ ਲਹਿਰ ਦਰਮਿਆਨ ਜਦੋਂ ਭਾਰਤ ’ਚ ਕਲਪਨਾ ਤੋਂ ਪਰੇ ਦੇ ਮਨੁੱਖੀ ਦਰਦ ਅਤੇ ਚਿਕਿਤਸਾ ਸੰਬੰਧੀ ਚੁਣੌਤੀਅਾਂ ਨਜ਼ਰ ਆਈਅਾਂ ਤਾਂ ਪ੍ਰਵਾਸੀਅਾਂ ਵਲੋਂ ਵਧੇਰੇ ਮਦਦ ਅਤੇ ਸਹਿਯੋਗ ਦਿੱਤਾ ਗਿਆ। ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਮੇਰੀਅਾਂ ਜੜ੍ਹਾਂ ਭਾਰਤ ਨਾਲ ਜੁੜੀਅਾਂ ਹੋਈਅਾਂ ਹਨ। ਮੇਰੀ ਮਾਂ ਸ਼ਿਆਮਲਾ ਭਾਰਤ ’ਚ ਹੀ ਪਲੀ ਹੈ। ਪਿਛਲੇ ਸਾਲ ਮਹਾਮਾਰੀ ਦੇ ਸ਼ੁਰੂ ’ਚ ਭਾਰਤ ਨੇ ਅਮਰੀਕਾ ਦੀ ਮਦਦ ਕੀਤੀ ਸੀ।

ਹੁਣ ਅਸੀਂ ਹਰ ਸੰਭਵ ਢੰਗ ਨਾਲ ਭਾਰਤ ਦੀ ਮਨੁੱਖੀ ਅਤੇ ਵਿੱਤੀ ਮਦਦ ਲਈ ਅੱਗੇ ਵਧੇ ਹਾਂ। ਅਮਰੀਕਾ ਤੋਂ ਵੱਡੀ ਗਿਣਤੀ ’ਚ ਪ੍ਰਵਾਸੀ ਭਾਰਤੀ ਡਾਕਟਰ ਫੋਨ ਅਤੇ ਵੀਡੀਓ ਕਾਲ ਰਾਹੀਂ ਭਾਰਤੀ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ। ਇੰਨਾ ਹੀ ਨਹੀਂ, ਅਮਰੀਕਾ ਤੋਂ ਭਾਰਤ ਆ ਕੇ ਕਈ ਨਰਸਾਂ ਨੇ ਭਾਰਤੀ ਹਸਪਤਾਲਾਂ ’ਚ ਸਮਰਪਿਤ ਸੇਵਾਵਾਂ ਵੀ ਦਿੱਤੀਅਾਂ।

ਇਹ ਗੱਲ ਅਹਿਮ ਹੈ ਕਿ ਪਿਛਲੇ ਵਿੱਤੀ ਸਾਲ 2020-21 ’ਚ ਜਦੋਂ ਕੋਵਿਡ-19 ਕਾਰਨ ਭਾਰਤੀ ਅਰਥਵਿਵਸਥਾ 7.3 ਫੀਸਦੀ ਦੀ ਗਿਰਾਵਟ ਦੀ ਸਥਿਤੀ ’ਚ ਪਹੁੰਚ ਗਈ ਸੀ ਅਤੇ ਦੇਸ਼ ਦੇ ਵੱਖ-ਵੱਖ ਉਦਯੋਗ ਤੇ ਕਾਰੋਬਾਰ ਢਹਿ-ਢੇਰੀ ਹੋ ਗਏ ਸਨ, ਉਦੋਂ ਆਰਥਿਕ ਮੁਸ਼ਕਲਾਂ ਦਰਮਿਆਨ ਭਾਰਤੀ ਪ੍ਰਵਾਸੀਅਾਂ ਵਲੋਂ ਭੇਜੇ ਗਏ ਪੈਸਿਅਾਂ ਨਾਲ ਭਾਰਤੀ ਅਰਥਵਿਵਸਥਾ ਨੂੰ ਵੱਡੀ ਮਦਦ ਮਿਲੀ।

ਦੱਸਣਯੋਗ ਹੈ ਕਿ ਵਿਸ਼ਵ ਬੈਂਕ ਵਲੋਂ ਜਾਰੀ ‘ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬ੍ਰੀਫ’ ਰਿਪੋਰਟ 2020 ਮੁਤਾਬਕ ਵਿਦੇਸ਼ਾਂ ’ਚ ਕਮਾਈ ਕਰ ਕੇ ਆਪਣੇ ਦੇਸ਼ ’ਚ ਪੈਸਾ ਭੇਜਣ ਦੇ ਮਾਮਲੇ ’ਚ 2020 ’ਚ ਭਾਰਤੀ ਪ੍ਰਵਾਸੀ ਦੁਨੀਆ ’ਚ ਸਭ ਤੋਂ ਅੱਗੇ ਰਹੇ ਹਨ।

ਰਿਪੋਰਟ ਮੁਤਾਬਕ ਪਿਛਲੇ ਸਾਲ ਪ੍ਰਵਾਸੀ ਭਾਰਤੀਅਾਂ ਨੇ 83 ਅਰਬ ਡਾਲਰ ਤੋਂ ਵਧ ਰਕਮ ਭਾਰਤ ਭੇਜੀ ਹੈ। ਜਦੋਂ ਪ੍ਰਵਾਸੀ ਵਿਦੇਸ਼ਾਂ ’ਚ ਕੰਮ ਕਰਦੇ ਹੋਏ ਕਮਾਈ ਦਾ ਕੋਈ ਹਿੱਸਾ ਆਪਣੇ ਮੂਲ ਦੇਸ਼ ਨੂੰ ਬੈਂਕ, ਪੋਸਟ ਜਾਂ ਆਨਲਾਈਨ ਟਰਾਂਸਫਰ ਰਾਹੀਂ ਭੇਜਦਾ ਹੈ ਤਾਂ ਉਸ ਨੂੰ ਰੇਮਿਟੇਂਸ ਕਹਿੰਦੇ ਹਨ। ਹਾਲਾਤ ਇਹ ਹੈ ਕਿ ਜਿਥੇ ਪਿਛਲੇ ਸਾਲ ਭਾਰਤੀ ਪ੍ਰਵਾਸੀ ਭਾਰਤ ਦੇ ਵਿਦੇਸ਼ੀ ਮੁਦਰਾ ਫੰਡ ਨੂੰ ਮਜ਼ਬੂਤ ਕਰਦੇ ਨਜ਼ਰ ਆਏ, ਉਸ ਕਾਰਨ ਇਸ ਸਾਲ 11 ਜੂਨ ਨੂੰ ਭਾਰਤ ਦਾ ਵਿਦੇਸ਼ੀ ਮੁਦਰਾ ਫੰਡ 608 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ, ਉਸ ’ਚ ਭਾਰਤੀ ਪ੍ਰਵਾਸੀਅਾਂ ਦੇ ਅਹਿਮ ਯੋਗਦਾਨ ਕਾਰਨ ਹੀ ਇੰਝ ਸੰਭਵ ਹੋ ਸਕਿਆ।

ਬਿਨਾਂ ਸ਼ੱਕ ਪ੍ਰਵਾਸੀ ਭਾਰਤੀ ਦੁਨੀਆ ਦੇ ਕੋਨੇ-ਕੋਨੇ ’ਚ ਵੱਖ-ਵੱਖ ਦੇਸ਼ਾਂ ’ਚ ਵਿਕਾਸ ਲਈ ਆਪਣਾ ਸਮਰਪਿਤ ਯੋਗਦਾਨ ਪਾ ਰਹੇ ਹਨ। ਨਾਲ ਹੀ ਉਹ ਭਾਰਤ ਦੇ ਵਿਕਾਸ ’ਚ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ। ਪ੍ਰਵਾਸੀ ਭਾਰਤੀ ਭਾਰਤ ਦੀ ਮਹਾਨ ਪੂੰਜੀ ਹਨ। ਉਹ ਦੁਨੀਆ ਦੇ ਸਾਹਮਣੇ ਭਾਰਤ ਦਾ ਚਮਕਦਾ ਹੋਇਆ ਚਿਹਰਾ ਹਨ। ਨਾਲ ਹੀ ਉਹ ਵਿਸ਼ਵ ਮੰਚ ’ਤੇ ਭਾਰਤ ਦੇ ਹਿਤਾਂ ਦੇ ਹਮਾਇਤੀ ਹਨ। ਪ੍ਰਵਾਸੀ ਭਾਰਤੀਅਾਂ ਦੀ ਦੁਨੀਆ ਦੇ ਕੋਨੇ-ਕੋਨੇ ’ਚ ਅਹਿਮੀਅਤ ਵਧ ਰਹੀ ਹੈ ਅਤੇ ਉਹ ਸਮੁੱਚੀ ਦੁਨੀਆ ’ਚ ਆਪਣੇ ਹੁਨਰ ਦਾ ਲੋਹਾ ਮਨਵਾਉਂਦੇ ਨਜ਼ਰ ਆ ਰਹੇ ਹਨ।

ਇਹ ਵੀ ਅਹਿਮ ਹੈ ਕਿ ਵਿਦੇਸ਼ਾਂ ’ਚ ਰਹਿ ਰਹੇ ਭਾਰਤੀ ਕਾਰੋਬਾਰੀਅਾਂ, ਵਿਗਿਆਨੀਅਾਂ, ਤਕਨੀਕੀ ਮਾਹਿਰਾਂ, ਖੋਜਕਰਤਾਵਾਂ ਅਤੇ ਉਦਯੋਗਪਤੀਅਾਂ ਦੀ ਅਸਰਦਾਰ ਭੂਮਿਕਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਅਾਂ ਅਰਥਵਿਵਸਥਾਵਾਂ ’ਚ ਸਰਾਹੀ ਜਾ ਰਹੀ ਹੈ। ਸਮੁੱਚੀ ਦੁਨੀਆ ’ਚ ਪ੍ਰਵਾਸੀ ਭਾਰਤੀਅਾਂ ਦੀ ਸਰਵੋਤਮਤਾ ਨੂੰ ਪ੍ਰਵਾਨਗੀ ਮਿਲੀ ਹੈ। ਕਿਹਾ ਜਾਂਦਾ ਹੈ ਕਿ ਭਾਰਤੀ ਪ੍ਰਵਾਸੀ ਈਮਾਨਦਾਰ, ਮਿਹਨਤੀ ਅਤੇ ਸਮਰਪਣ ਦੀ ਭਾਵਨਾ ਰੱਖਦੇ ਹਨ। ਆਈ.ਟੀ., ਕੰਪਿਊਟਰ, ਮੈਨੇਜਮੈਂਟ, ਬੈਂਕਿੰਗ ਅਤੇ ਵਿੱਤ ਆਦਿ ਦੇ ਖੇਤਰ ’ਚ ਦੁਨੀਆ ’ਚ ਭਾਰਤੀ ਪ੍ਰਵਾਸੀ ਸਭ ਤੋਂ ਅੱਗੇ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ 17 ਜੂਨ ਨੂੰ ਮਾਈਕ੍ਰੋਸਾਫਟ ਨੇ ਆਪਣੇ ਭਾਰਤੀ ਮੂਲ ਦੇ ਸੀ.ਈ.ਓ. ਸੱਤਿਆ ਨਡੇਲਾ ਨੂੰ ਕੰਪਨੀ ਦਾ ਮੁਖੀ ਬਣਾਇਆ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਨਡੇਲਾ ਬੋਰਡ ਦੇ ਲਈ ਏਜੰਡਾ ਤੈਅ ਕਰਨ ਦੇ ਕੰਮ ਦੀ ਅਗਵਾਈ ਕਰਨਗੇ। ਨਡੇਲਾ ਦੀ ਅਗਵਾਈ ਨਾਲ ਕੰਪਨੀ ਨੂੰ ਸਹੀ ਰਣਨੀਤਿਕ ਮੌਕਿਅਾਂ ਦਾ ਲਾਭ ਮਿਲੇਗਾ। ਮੁੱਖ ਖਤਰਿਅਾਂ ਦੀ ਪਛਾਣ ਹੋਵੇਗੀ ਅਤੇ ਉਨ੍ਹਾਂ ਦੇ ਅਸਰ ਨੂੰ ਘੱਟ ਕਰਨ ਲਈ ਨਡੇਲਾ ਦੀ ਕਾਰੋਬਾਰ ਸੰਬੰਧੀ ਸਿਆਣਪ ਅਤੇ ਡੂੰਘੀ ਸਮਝ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਪ੍ਰਵਾਸੀ ਭਾਰਤੀ ਉੱਦਮੀਅਾਂ ’ਚ ਸੁੰਦਰ ਪਿਚਾਈ, ਸੰਜੇ ਮੇਹਰੋਤਰਾ, ਸ਼ਾਂਤਨੂ ਨਾਰਾਇਣ, ਦਿਨੇਸ਼ ਪਾਲੀਵਾਲ, ਅਜੇ ਬੰਗਾ ਆਦਿ ਕੌਮਾਂਤਰੀ ਉਦਯੋਗ -ਕਾਰੋਬਾਰ ’ਚ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਅਜਿਹੇ ਅਨੇਕਾਂ ਸਫਲ ਭਾਰਤੀ ਮੂਲ ਦੇ ਨਾਗਰਿਕ ਅਤੇ ਪ੍ਰਵਾਸੀ ਭਾਰਤੀ ਭਾਰਤ ਨੂੰ ਵੱਖ-ਵੱਖ ਖੇਤਰਾਂ ’ਚ ਜ਼ੋਰਦਾਰ ਸਹਿਯੋਗ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਬਿਨਾਂ ਸ਼ੱਕ ਜਿਸ ਤਰ੍ਹਾਂ 2020 ’ਚ ਕੋਵਿਡ-19 ਦੀਅਾਂ ਚੁਣੌਤੀਅਾਂ ਕਾਰਨ ਪ੍ਰੇਸ਼ਾਨ ਪ੍ਰਵਾਸੀਅਾਂ ਦੀ ਘਰ ਵਾਪਸੀ ਲਈ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਚਲਾਇਆ ਅਤੇ 45 ਲੱਖ ਪ੍ਰਵਾਸੀ ਭਾਰਤੀਅਾਂ ਨੂੰ ਭਾਰਤ ਵਾਪਸ ਲਿਅਾਂਦਾ, ਉਸ ਕਾਰਨ ਪ੍ਰਵਾਸੀ ਭਾਰਤੀਅਾਂ ਦੇ ਮਨ ’ਚ ਭਾਰਤ ਲਈ ਆਤਮੀਅਤਾ ਵਧੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰਵਾਸੀ ਭਾਰਤੀ ਭਾਰਤ ਨੂੰ ਮਜ਼ਬੂਤ ਬਣਾਉਣ ’ਚ ਆਪਣੀ ਭਾਈਵਾਲੀ ਹੋਰ ਵਧਾਉਣ ਤਾਂ ਸਾਨੂੰ ਪ੍ਰਵਾਸੀਅਾਂ ਦੀਅਾਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਅੱਗੇ ਆਉਣਾ ਹੋਵੇਗਾ। ਨਾਲ ਹੀ ਪ੍ਰਵਾਸੀਅਾਂ ਦੇ ਨਾਲ ਸੱਭਿਆਚਾਰਕ ਸਹਿਯੋਗ ਅਤੇ ਪਿਆਰ ਨੂੰ ਵਧਾਉਣਾ ਹੋਵੇਗਾ। ਅਜਿਹੀ ਹਾਲਤ ’ਚ ਜਿਥੇ ਭਾਰਤ ਵਲੋਂ ਪ੍ਰਵਾਸੀਅਾਂ ਦੀਅਾਂ ਵੀਜ਼ੇ ਸੰਬੰਧੀ ਮੁਸ਼ਕਲਾਂ ਨੂੰ ਘੱਟ ਕਰਨ ’ਚ ਮਦਦ ਕਰਨੀ ਹੋਵੇਗੀ, ਉਥੇ ਵਿਦੇਸ਼ਾਂ ’ਚ ਰੋਜ਼ਗਾਰ ਦੀ ਪ੍ਰਕਿਰਿਆ ਨੂੰ ਸੌਖਾ ਅਤੇ ਪਾਰਦਰਸ਼ੀ ਬਣਾਉਣ ’ਤੇ ਵੀ ਜ਼ੋਰ ਦੇਣਾ ਪਵੇਗਾ ਤਾਂ ਜੋ ਭਾਰਤੀ ਕਿਰਤੀਅਾਂ ਨੂੰ ਬੇਈਮਾਨ ਵਿਚੋਲਿਅਾਂ ਅਤੇ ਸ਼ੋਸ਼ਣ ਕਰਨ ਵਾਲੇ ਰੋਜ਼ਗਾਰਦਾਤਿਅਾਂ ਤੋਂ ਬਚਾਇਆ ਜਾ ਸਕੇ। ਜਿਸ ਤਰ੍ਹਾਂ ਚੀਨ ਪ੍ਰਵਾਸੀ ਚੀਨੀਅਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ, ਸਾਨੂੰ ਉਸੇ ਤਰ੍ਹਾਂ ਭਾਰਤ ਨੂੰ ਭਾਰਤੀ ਪ੍ਰਵਾਸੀਅਾਂ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਣਾ ਹੋਵੇਗਾ।

ਅਸੀਂ ਉਮੀਦ ਕਰੀਏ ਕਿ ਜਿਸ ਤਰ੍ਹਾਂ ਪ੍ਰਵਾਸੀ ਚੀਨੀਅਾਂ ਨੇ ਦੁਨੀਆ ਦੇ ਕੋਨੇ-ਕੋਨੇ ਤੋਂ ਕਮਾਈ ਹੋਈ ਆਪਣੀ ਵਿਦੇਸ਼ੀ ਮੁਦਰਾ ਚੀਨ ’ਚ ਲਾ ਕੇ ਚੀਨ ਦੀ ਤਕਦੀਰ ਨੂੰ ਹਮੇਸ਼ਾ ਲਈ ਬਦਲ ਦਿੱਤਾ, ਉਸੇ ਤਰ੍ਹਾਂ ਭਾਰਤ ਦੀ ਆਰਥਿਕ ਅਤੇ ਸਮਾਜਿਕ ਤਕਦੀਰ ਨੂੰ ਬਦਲਣ ’ਚ ਪ੍ਰਵਾਸੀ ਭਾਰਤੀਅਾਂ ਦੀ ਭੂਮਿਕਾ ਅਹਿਮ ਹੋਵੇਗੀ।

Bharat Thapa

This news is Content Editor Bharat Thapa