ਭੰਗੀ ਨਹੀਂ, ਸਰਕਾਰ ਸਮਝੇ ਭੰਗ ਦੇ ਫਾਇਦੇ

01/25/2021 3:30:57 AM

ਵਿਨੀਤ ਨਾਰਾਇਣ

ਆਮ ਸ਼ਹਿਰੀ ਭੰਗ ਨੂੰ ਨਸ਼ਾ ਮੰਨ ਕੇ ਨਫਰਤ ਨਾਲ ਦੇਖਦਾ ਹੈ ਪਰ ਭੋਲੇਨਾਥ ਸ਼ੰਕਰ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵੱਡੇ ਭਰਾ ਬਲਦਾਊ ਜੀ ਦੇ ਭਗਤ ਭੰਗ ਦਾ ਭੋਗ ਲਗਾ ਕੇ ਉਸ ਦਾ ਪ੍ਰਸ਼ਾਦ ਪਾਉਂਦੇ ਹਨ। ਭੰਗ ਨਾਲ ਸਾਡੇ ਦੇਸ਼ ਦੀ ਗਰੀਬ ਜਨਤਾ ਅਤੇ ਅਰਥਵਿਵਸਥਾ ਨੂੰ ਕਿੰਨਾ ਲਾਭ ਹੋ ਸਕਦਾ ਹੈ, ਇਸ ਦਾ ਨੀਤੀ-ਘਾੜਿਆਂ ਨੂੰ ਸ਼ਾਇਦ ਅਹਿਸਾਸ ਹੀ ਨਹੀਂ ਹੈ। ਭੰਗ ਇਕ ਇਕੱਲਾ ਅਜਿਹਾ ਦੈਵੀ ਪੌਦਾ ਹੈ ਜਿਸ ਤੋਂ ਸਾਡੇ ਭੋਜਨ ਪਦਾਰਥ, ਕੱਪੜਾ, ਭਵਨ ਅਤੇ ਦਵਾਈਆਂ ਹਾਸਲ ਹੁੰਦੀਆਂ ਹਨ। ਇਸ ਦੇ ਦਵਾਈ ਗੁਣ ਵੇਦਾਂ ਤੋਂ ਲੈ ਕੇ ਚਰਕ ਸੰਹਿਤਾ ਤੱਕ ’ਚ ਵਰਣਿਤ ਹਨ। ਭਾਰਤ ’ਚ ਭੰਗ ਦੀ ਖੇਤੀ ’ਤੇ ਅੰਗਰੇਜ਼ੀ ਹਕੂਮਤ ਨੇ ਜੋ ਜ਼ੋਰਦਾਰ ਸੱਟ ਮਾਰੀ ਸੀ, ਉਸ ਦੀ ਮਾਰ ਅਸੀਂ ਅੱਜ ਤੱਕ ਝੱਲ ਰਹੇ ਹਾਂ ਜਦਕਿ ਚੀਨ ਭੰਗ ’ਤੇ ਆਧਾਰਿਤ ਉਤਪਾਦਾਂ ਦੀ ਬਰਾਮਦ ਕਰ ਕੇ ਅਰਬਾਂ ਰੁਪਏ ਕਮਾ ਰਿਹਾ ਹੈ। ਇਜ਼ਰਾਈਲ, ਅਮਰੀਕਾ ਅਤੇ ਕੈਨੇਡਾ ’ਚ ਭੰਗ ਤੋਂ ਬਣੀਆਂ ਦਵਾਈਆਂ ਤੋਂ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ। ਅੱਜ ਇਜ਼ਰਾਈਲ ਦੀ ਭੰਗ ਤੋਂ ਸਰਵਸ੍ਰੇਸ਼ਠ ਦਵਾਈ ਕੈਨਾਬਿਸ ਨਿਕਲ ਰਹੀ ਹੈ ਜਦਕਿ ਅਸੀਂ ਇਨ੍ਹਾਂ ਦਵਾਈਆਂ ਦੀ 5000 ਸਾਲ ਤੋਂ ਵਰਤੋਂ ਕਰ ਰਹੇ ਹਾਂ। ਭੰਗ ਦੇ ਪੌਦਿਆਂ ਤੋਂ 25000 ਤਰ੍ਹਾਂ ਦੇ ਉਤਪਾਦ ਬਣਦੇ ਹਨ ਜਿਨ੍ਹਾਂ ’ਚ ਕੱਪੜੇ ਤੋਂ ਲੈ ਕੇ ਇੱਟ, ਦਵਾਈ, ਪ੍ਰੋਟੀਨ, ਐਮੀਨੋ ਐਸਿਡਸ, ਕਾਗਜ਼, ਪਲਾਈਵੁੱਡ, ਬਾਇਓ ਫਿਊਲ ਅਤੇ ਪਲਾਸਟਿਕ ਤੱਕ ਸ਼ਾਮਲ ਹਨ। ਇਸ ਲਈ ਭੰਗ ਬਿਲੀਅਨ ਡਾਲਰ ਫਸਲ ਹੈ।

ਸ਼ਿਵਪ੍ਰਿਯਾ ਭੰਗ, ਸਮੁੰਦਰ ਮੰਥਨ ਤੋਂ ਬਾਅਦ ਸ਼ਿਵ ਜੀ ਵੱਲੋਂ ਦੁਨੀਆ ਨੂੰ ਦਿੱਤਾ ਗਿਆ ਪ੍ਰਸ਼ਾਦ ਹੈ। ਭਾਰਤ ਦੀਆਂ ਸ਼ਿਵਾਲਿਕ ਪਰਬਤਮਾਲਾਵਾਂ ਤੋਂ ਹੀ ਭੰਗ ਪੂਰੇ ਵਿਸ਼ਵ ’ਚ ਫੈਲੀ ਅਤੇ ਭੰਗ ਜਿਸ-ਜਿਸ ਦੇਸ਼ ’ਚ ਗਈ, ਉਸ ਦੇਸ਼ ਦੇ ਹਿਸਾਬ ਨਾਲ ਉਸ ਨੇ ਪਿਛਲੀਆਂ ਸਦੀਆਂ ’ਚ ਆਪਣੇ ਡੀ. ਐੱਨ. ਏ. ’ਚ ਤਬਦੀਲੀ ਕੀਤੀ, ਜਿਸ ਨਾਲ ਉਸ ਦੇ ਦਵਾਈ ਗੁਣ ਬਦਲਣ ਲੱਗੇ ਪਰ ਭਾਰਤ ’ਚ ਉਪਲੱਬਧ ਭੰਗ ਅੱਜ ਵੀ ਆਪਣੇ ਮੂਲ ਵੈਦਿਕ ਰੂਪ ’ਚ ਹੀ ਹੈ। ਇਸ ਨਾਲ ਦਵਾਈਆਂ ਬਣਦੀਆਂ ਹਨ। ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਹੀ ਭੰਗ ਤੋਂ 400 ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦਾ ਲਾਇਸੈਂਸ ਦਿੰਦਾ ਹੈ।

ਉੱਤਰਾਖੰਡ ਸੂਬੇ ਦੀ ਭੰਗ ਨੀਤੀ ਅਤੇ ਐੱਫ. ਐੱਸ. ਐੱਸ. ਏ. ਆਈ. ਦੀ ਭੰਗ ਉਤਪਾਦ ਦੀ ਲਾਇਸੈਂਸ ਨੀਤੀ ’ਚ ਬਸਤੀ ਵਾਦੀ ਮਾਨਸਿਕਤਾ ਨਾਲ ਗ੍ਰਸਤ ਅਧਿਕਾਰੀਆਂ ਦੀ ਗਲਤੀ ਨਾਲ ਸਾਡੀ ਦੇਸੀ ਸ਼ਿਵਪ੍ਰਿਯਾ ਭੰਗ, ਜਿਸ ਨੂੰ ਯਜੁਰਵੇਦ ’ਚ ਵਿਜਯਾ ਕਿਹਾ ਗਿਆ ਹੈ, ਉਸ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਰਚੀ ਗਈ, ਜੋ ਰਾਸ਼ਟਰਹਿੱਤ ਅਤੇ ਸਾਡੀ ਸਨਾਤਨੀ ਵਿਚਾਰਧਾਰਾ ਦੇ ਵਿਰੁੱਧ ਹੈ। ਇਹ ਨੀਤੀ ਜੀ. ਐੱਮ. (ਪੀੜ੍ਹੀ ਦਰ ਪੀੜ੍ਹੀ ਤਬਦੀਲੀ) ਬੀਜ ਨੂੰ ਪ੍ਰੋਤਸਾਹਿਤ ਕਰ ਰਹੀ ਹੈ, ਜੋ ਦੇਸ਼ ਲਈ ਬੇਹੱਦ ਘਾਤਕ ਹੈ।

ਭਾਰਤੀ ਭੰਗ ਦੀ ਕੋਈ ਵੀ ਪ੍ਰਜਾਤੀ, ਉੱਤਰਾਖਡ ਸਰਕਾਰ ਅਤੇ ਐੱਫ. ਐੱਸ. ਐੱਸ. ਏ. ਆਈ. ਦੀ ਭੰਗ ਨੀਤੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਜਿਸ ਨਾਲ ਭਾਰਤ ਦੇ ਭੰਗ ਉਤਪਾਦਕ ਵਿਦੇਸ਼ੀ ਭੰਗ ਦੇ ਬੀਜ ਦਰਾਮਦ ਕਰ ਕੇ ਬੀਜਣ ਲਈ ਮਜਬੂਰ ਹਨ। ਮਜਬੂਰੀ ’ਚ ਉਨ੍ਹਾਂ ਨੂੰ ਜੀ. ਐੱਮ. ਬੀਜ ਲਗਾਉਣੇ ਪੈ ਰਹੇ ਹਨ। ਜੇਕਰ ਇਹ ਬੀਜ ਭਾਰਤ ਆਇਆ ਤਾਂ ਪਰਾਗਣ ਕਰ ਕੇ ਸਾਡੀ ਸਦੀਆਂ ਪੁਰਾਣੀ ਸ਼ੁੱਧ ਦੇਸੀ ਭੰਗ ਨੂੰ ਨਸ਼ਟ ਕਰ ਦੇਵੇਗਾ। ਅਜਿਹੇ ਹੀ ਬੀਜਾਂ ਨਾਲ ਸਾਡੀ ਦੇਸੀ ਭੰਗ ਕ੍ਰਾਸ ਪੋਲਿਟੇਨ ਹੋ ਰਹੀ ਹੈ। ਅਗਲੇ ਤਿੰਨ ਸਾਲਾਂ ’ਚ ਸਾਡੀ ਦਵਾਈ ਯੁਕਤ ਭੰਗ ਨਸ਼ਟ ਹੋ ਜਾਵੇਗੀ ਅਤੇ ਖਪਤਕਾਰ ਰੂਪੀ ਵਿਦੇਸ਼ੀ ਭੰਗ ਭਾਰਤ ਨੂੰ ਬਰਾਮਦ ਹੋਵੇਗੀ।

ਸਵਾਲ ਹੈ ਕਿ ਦੇਸੀ ਭੰਗ ਨਸ਼ਟ ਕਿਉਂ ਹੋਵੇਗੀ? ਹੋਰ ਪੌਦਿਆਂ ਵਾਂਗ ਭੰਗ ਵੀ ਪਰਾਗਣ ਕਰਦੀ ਹੈ। ਦਸ ਕਿਲੋਮੀਟਰ ਤੱਕ ਨਰ ਪੌਦੇ ਦਾ ਪਰਾਗ ਹਵਾ ’ਚ ਉੱਡ ਕੇ ਮਾਦਾ ਪੌਦੇ ਨੂੰ ਆਪਣੀ ਰੰਗਤ ਦੇ ਦਿੰਦਾ ਹੈ। ਇਸ ਤਰ੍ਹਾਂ ਭਾਰਤ ਆਪਣੀ ਸਰਵਉੱਤਮ ਭੰਗ ਨੂੰ ਆਪਣੇ ਹੀ ਪੈਰਾਂ ’ਚ ਕੁਲਹਾੜੀ ਮਾਰ ਕੇ ਨਸ਼ਟ ਕਰ ਦੇਵੇਗਾ। ਜਿਵੇਂ ਅਸੀਂ ਆਪਣੀਆਂ ਦੇਸੀ ਗਾਵਾਂ ਨੂੰ ਨਕਲੀ ਗਰਭਧਾਰਨ ਕਰਵਾ ਕੇ ਉਸ ਦੀਆਂ ਸ਼ੁੱਧ ਨਸਲਾਂ ਨੂੰ ਖਤਮ ਕਰ ਦਿੱਤਾ ਹੈ, ਉਸੇ ਤਰ੍ਹਾਂ ਹੀ ਭੰਗ ਦਾ ਇਹ ਵਿਦੇਸ਼ੀ ਪੌਦਾ ਸਾਡੀ ਦੇਸੀ ਭੰਗ ਨੂੰ ਬਰਬਾਦ ਕਰ ਦੇਵੇਗਾ।

ਗਾਂ ਦੀ ਪੀੜ੍ਹੀ ਤਾਂ ਘੱਟ ਤੋਂ ਘੱਟ ਚਾਰ ਸਾਲ ’ਚ ਬਦਲਦੀ ਹੈ। ਇਕ ਗਾਂ ਦੇ ਗਰਭਧਾਰਨ ਲਈ ਇਕ ਇੰਜੈਕਸ਼ਨ ਜ਼ਰੂਰੀ ਹੈ, ਮਤਲਬ ਜਿੰਨੇ ਇੰਜੈਕਸ਼ਨ ਓਨੀ ਗਾਂ ਦੀ ਅਗਲੀ ਪੀੜ੍ਹੀ ਘੱਟ ਜਾਵੇਗੀ ਪਰ ਭੰਗ ਦਾ ਇਕ ਪੌਦਾ ਦਸ ਕਿਲੋਮੀਟਰ ਦੀ ਭੰਗ ਨੂੰ ਆਪਣੀ ਕਿਸਮ ਨਾਲ ਮਿਲਾ ਸਕਦਾ ਹੈ। ਭੰਗ ਦੀ ਇਕ ਪੀੜ੍ਹੀ ਸਿਰਫ ਤਿੰਨ ਮਹੀਨੇ ’ਚ ਬਦਲ ਜਾਂਦੀ ਹੈ ਅਤੇ ਭੰਗ ਸਾਲ ’ਚ ਤਿੰਨ ਵਾਰ ਉੱਗਦੀ ਹੈ ਜਦਕਿ ਕਣਕ ਜਾਂ ਚਾਵਲ ਸਾਲ ’ਚ ਇਕ ਹੀ ਵਾਰ ਪੈਦਾ ਹੁੰਦੇ ਹਨ।

ਕਿਉਂਕਿ ਗੁਣਵੱਤਾ ਦੀ ਦ੍ਰਿਸ਼ਟੀ ਨਾਲ ਸਾਡੀ ਭੰਗ ਦੁਨੀਆ ਦੀ ਸਰਵਉੱਤਮ ਭੰਗ ਹੈ, ਜਿਸ ਨੂੰ ਵਿਦੇਸ਼ੀ ਕੰਪਨੀਆਂ ਨਸ਼ਟ ਕਰ ਕੇ ਆਪਣੇ ਜੀ. ਐੱਮ. ਬੀਜ ਵੇਚ ਕੇ ਮੋਟਾ ਫਾਇਦਾ ਕਮਾਉਣਾ ਚਾਹੁੰਦੀਆਂ ਹਨ। ਆਯੁਰਵੇਦ ਦੀ ਫਾਰਮੋਕੋਪੀਆ ’ਚ ਜਿਸ ਭੰਗ ਨਾਲ ਦਵਾਈ ਬਣਾਉਣ ਦੀਆਂ ਵਿਧੀਆਂ ਹਨ, ਉਹ ਦੇਸੀ ਭੰਗ ਹੈ। ਵਿਦੇਸ਼ੀ ਭੰਗ ਨਾਲ ਉਹੀ ਦਵਾਈਆਂ ਬਣਾਉਣ ’ਤੇ ਸਾਡੀਆਂ ਆਯੁਰਵੈਦਿਕ ਦਵਾਈਆਂ ਪ੍ਰਭਾਵੀ ਨਹੀਂ ਰਹਿਣਗੀਆਂ ਜਿਸ ਨਾਲ ਸਾਡੇ ਆਯੁਰਵੇਦ ਨੂੰ ਵੀ ਬਹੁਤ ਨੁਕਸਾਨ ਹੋਵੇਗਾ, ਜਦਕਿ ਦੇਸੀ ਭੰਗ ਨੂੰ ਬਚਾਉਣ ਨਾਲ ਸਾਡੀ ਜੈਵ ਵੰਨ-ਸੁਵੰਨਤਾ ਬਚੇਗੀ। ਬਿਹਤਰੀਨ ਭੰਗ ਦੇ ਉਤਪਾਦਾਂ ਦੇ ਨਿਰਮਾਣ ਨਾਲ ਲਘੂ ਅਤੇ ਦਰਮਿਆਨੇ ਉਦਯੋਗ ਖੇਤਰ, ਬਰਾਮਦ, ਰੋਜ਼ਗਾਰ ਅਤੇ ਮਾਲੀਆ ਵਧਣਗੇ। ਸਾਡੇ ਉਤਪਾਦ ਦੇ ਲਾਭ ਨੂੰ ਵਿਦੇਸ਼ੀ ਕੰਪਨੀਆਂ ਪ੍ਰਭਾਵਿਤ ਨਹੀਂ ਕਰ ਸਕਣਗੀਆਂ ਜਦਕਿ ਭੰਗ ਦੀ ਦੇਸੀ ਪ੍ਰਜਾਤੀ ਨੂੰ ਬਚਾ ਕੇ ਅਤੇ ਵਿਦੇਸ਼ੀ ਪ੍ਰਜਾਤੀ ਨੂੰ ਭਾਰਤ ’ਚ ਆਉਣ ਤੋਂ ਰੋਕ ਕੇ ਹੀ ਸਰਕਾਰ ਦੀ ‘ਕਿਸਾਨਾਂ ਦੀ ਆਮਦਨ ਦੋ ਗੁਣਾ’ ਕਰਨ ਦੀ ਨੀਤੀ, ‘ਵੋਕਲ ਫਾਰ ਲੋਕਲ’ ਅਤੇ ‘ਲਘੂ ਅਤੇ ਦਰਮਿਆਨੇ ਉਦਯੋਗ ਖੇਤਰ ਸੰਵਰਧਨ’ ਦੀ ਨੀਤੀ ਸਾਕਾਰ ਹੋ ਸਕੇਗੀ।

ਇਸ ਲਈ ਸਰਕਾਰ ਨੂੰ ਇਸ ਵਿਸ਼ੇ ’ਤੇ ਦੇਸੀ ਮਾਹਿਰਾਂ ਦਾ ਪੈਨਲ ਬਣਾ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਨਾ ਸਿਰਫ ਦੇਸ਼ ’ਚ ਰੋਜ਼ਗਾਰ ਵਧੇਗਾ ਸਗੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਵੀ ਰੁਕੇਗਾ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮਾਲੀਆ ’ਚ ਭਾਰੀ ਵਾਧਾ ਹੋਵੇਗਾ। ਅਸੀਂ ਭਾਰਤ ਦੀ ਸ੍ਰੇਸ਼ਠ ਭੰਗ ਦੀ ਸੁਰੱਖਿਆ ਕਰਕੇ ਅੰਤਰਰਾਸ਼ਟਰੀ ਬਾਜ਼ਾਰ ’ਚ ਚੀਨ ਦੇ ਏਕਾਧਿਕਾਰ ਨੂੰ ਵੀ ਖਤਮ ਕਰ ਸਕਦੇ ਹਾਂ। ਭਾਰਤ ਦੇ ਨੀਤੀ-ਘਾੜਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ 74 ਸਾਲਾਂ ’ਚ ਅਸੀਂ ਖੇਤੀਬਾੜੀ, ਬਾਗਬਾਨੀ ਅਤੇ ਦੁੱਧ ਉਤਪਾਦਨ ਦੇ ਖੇਤਰਾਂ ’ਚ ਭਾਰਤ ਦੇ ਖੁਸ਼ਹਾਲ ਵੈਦਿਕ ਗਿਆਨ ਪ੍ਰੰਰਪਰਾ ਦੀ ਅਣਦੇਖੀ ਕੀਤੀ ਹੈ। ਵੱਧ ਉਤਪਾਦਨ ਦੇ ਲਾਲਚ ’ਚ ਅਸੀਂ ਬਹੁਰਾਸ਼ਟਰੀ ਕੰਪਨੀਆਂ ਦੇ ਪ੍ਰਭਾਵ ’ਚ ਆਪਣੀ ਗੁਣਵੱਤਾ ਅਤੇ ਜੀਵਨ ਸ਼ਕਤੀ ਨੂੰ ਲਗਾਤਾਰ ਗੁਆਉਂਦੇ ਜਾ ਰਹੇ ਹਾਂ। ਅੱਜ ਕੋਰੋਨਾ ਨਾਲ ਜਿੱਥੇ ਯੂਰਪ ਅਤੇ ਅਮਰੀਕਾ ’ਚ ਲੱਖਾਂ ਮੌਤਾਂ ਹੋ ਰਹੀਆਂ ਹਨ, ਉੱਥੇ ਭਾਰਤ ਜਿੱਤਣ ’ਚ ਇਸ ਲਈ ਸਫਲ ਰਿਹਾ ਹੈ ਕਿਉਂਕਿ ਸਾਡਾ ਭੋਜਨ ਅਤੇ ਜੀਵਨ ਅੱਜ ਵੀ ਮੂਲ ਤੌਰ ’ਤੇ ਵੈਦਿਕ ਪ੍ਰੰਪਰਾਵਾਂ ਨਾਲ ਹੀ ਸੰਚਾਲਿਤ ਹੁੰਦਾ ਹੈ। ਇਸ ਲਈ ਸ਼ਿਵਪ੍ਰਿਯਾ ਭੰਗ ਨੂੰ ਬਚਾਉਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ।

Bharat Thapa

This news is Content Editor Bharat Thapa