ਨਿਤੀਸ਼ ਕੁਮਾਰ : ਕਦੀ ਇੱਥੇ-ਕਦੀ ਉੱਥੇ

01/29/2024 3:40:09 AM

ਐੱਨ.ਡੀ.ਏ. ’ਚ ਵਾਪਸੀ ਨੂੰ ਲੈ ਕੇ ਕਈ ਦਿਨਾਂ ਦੀਆਂ ਕਿਆਸਅਰਾਈਆਂ ਦੇ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਦ (ਯੂ) ਵਿਧਾਇਕ ਦਲ ਦੀ ਬੈਠਕ ’ਚ 28 ਜਨਵਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣੇ ਅਸਤੀਫੇ ਦੇ ਐਲਾਨ ਕਰਨ ਦੇ ਸਿਰਫ ਇਕ ਘੰਟੇ ’ਚ ਹੀ 9ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਘਟਨਾਕ੍ਰਮ ਨਾਲ ਬਿਹਾਰ ਦਾ ਸਿਆਸੀ ਦ੍ਰਿਸ਼ ਬਦਲ ਗਿਆ ਕਿਉਂਕਿ ਨਿਤੀਸ਼ ਕੁਮਾਰ ਇਕ ਵਾਰ ਫਿਰ ਭਾਜਪਾ ਦੇ ਨਾਲ ਜੁੜ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਨਿਤੀਸ਼ ਕੁਮਾਰ ‘ਆਯਾ ਰਾਮ ਗਯਾ ਰਾਮ’ ਵਰਗੇ ਨੇਤਾ ਹਨ।

ਬਿਹਾਰ ਦੀ ਸਿਆਸਤ ’ਚ ਨਿਤੀਸ਼ ਕੁਮਾਰ ਦੀ ਪਕੜ ਕਾਫੀ ਮਜ਼ਬੂਤ ਹੈ, ਜਿਸ ਦੇ ਕਈ ਕਾਰਨ ਹਨ। ਪਹਿਲਾ ਇਹ ਕਿ ਨਿਤੀਸ਼ ਨੇ ਕਦੀ ਵੀ ਦੂਜੇ ਨੰਬਰ ਦੇ ਨੇਤਾ ਨੂੰ ਉਭਰਣ ਨਹੀਂ ਦਿੱਤਾ। ਫਿਰ ਭਾਵੇਂ ਉਨ੍ਹਾਂ ਦੇ ਪੁਰਾਣੇ ਮਿੱਤਰ ਰਾਜੀਵ ਰੰਜਨ ਸਿੰਘ ਹੋਣ ਜਿਨ੍ਹਾਂ ਨੂੰ ਲਲਨ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਾਂ ਨੌਕਰਸ਼ਾਹ ਤੋਂ ਨੇਤਾ ਬਣੇ ਆਰ.ਸੀ.ਪੀ. ਸਿੰਘ ਹੋਣ, ਕਿਸੇ ਨੂੰ ਵੀ ਸੰਗਠਨਾਤਮਕ ਜ਼ਿੰਮੇਵਾਰੀ ਦੇ ਇਲਾਵਾ ਕੋਈ ਮਹੱਤਵਪੂਰਨ ਭੂਮਿਕਾ ਨਹੀਂ ਦਿੱਤੀ ਗਈ ਹੈ।

ਦੂਜੀ ਗੱਲ ਇਹ ਕਿ ਇਕ ਪ੍ਰਸ਼ਾਸਕ ਦੇ ਤੌਰ ’ਤੇ ਨਿਤੀਸ਼ ਕੁਮਾਰ ਦੀ ਸਾਖ ਸੂਬੇ ਭਰ ’ਚ ਨਿਰਵਿਵਾਦ ਬਣੀ ਹੋਈ ਹੈ। 2005 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਜਦ (ਯੂ) ਉਨ੍ਹਾਂ ਦੇ ਅਕਸ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਇਹ ਭਾਜਪਾ ਨੇਤਾ ਅਰੁਣ ਜੇਤਲੀ ਹੀ ਸਨ ਜਿਨ੍ਹਾਂ ਨੇ 2005 ਦੀਆਂ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਰੂਪ ’ਚ ਪੇਸ਼ ਕਰਨ ਦਾ ਵਿਚਾਰ ਰੱਖਿਆ ਸੀ ਅਤੇ ਉਹ ਕੰਮ ਕਰ ਗਿਆ। 2005 ਅਤੇ 2010 ਦਰਮਿਆਨ ਬਿਹਾਰ ’ਚ ਬਦਲਾਅ ਦੀ ਸਕ੍ਰਿਪਟ ਲਿਖ ਕੇ ਨਿਤੀਸ਼ ਕੁਮਾਰ ਲਗਾਤਾਰ ਮਜ਼ਬੂਤ ਹੁੰਦੇ ਚਲੇ ਗਏ ਅਤੇ ‘ਸੁਸ਼ਾਸਨ ਬਾਬੂ’ ਦਾ ਟੈਗ ਉਨ੍ਹਾਂ ਨਾਲ ਚਿਪਕ ਗਿਆ।

ਤੀਜਾ ਇਹ ਕਿ ਭਾਜਪਾ ਅਤੇ ਜਦ (ਯੂ) ਦੇ ਕੋਲ ਫਿਰ ਵੀ ਪੂਰਕ ਵੋਟਰ ਆਧਾਰ ਹੈ, ਜਦਕਿ ਭਾਜਪਾ ਉੱਚ ਜਾਤੀ ਅਤੇ ਗੈਰ-ਯਾਦਵ ਹੋਰ ਪੱਛੜੀਆਂ ਜਾਤੀਆਂ, ਓ.ਬੀ.ਸੀ. ਅਤੇ ਬੇਹੱਦ ਪੱਛੜੇ ਵਰਗਾਂ (ਈ.ਬੀ.ਸੀ.) ’ਤੇ ਧਿਆਨ ਕੇਂਦ੍ਰਿਤ ਕਰਦੀ ਹੈ ਅਤੇ ਨਿਤੀਸ਼ ਈ.ਬੀ.ਸੀ. ਅਤੇ ਯਾਦਵ ਓ.ਬੀ.ਸੀ. ਦੇ ਨਾਲ-ਨਾਲ ਕੁਰਮੀ-ਕੋਇਰੀ ਦੇ ਆਪਣੇ ਓ.ਬੀ.ਸੀ. ਦੇ ਚੋਣ ਹਲਕੇ ਦੇ ਨੇੜੇ-ਤੇੜੇ ਕੰਮ ਕਰਦੇ ਹਨ। ਨਿਤੀਸ਼ ਦੇ ਭਾਜਪਾ ਦੇ ਨਾਲ ਫਿਰ ਤੋਂ ਜੁੜ ਜਾਣ ਦੇ ਕਾਰਨ ‘ਇੰਡੀਆ ਗੱਠਜੋੜ’ ਨੂੰ ਵੱਡਾ ਧੱਕਾ ਲੱਗਾ ਹੈ। ਇਹ ਨਿਤੀਸ਼ ਹੀ ਸਨ ਜਿਨ੍ਹਾਂ ਨੇ ਇਸ ਗਠਜੋੜ ਨੂੰ ਅੱਗੇ ਵਧਾਉਣ ਲਈ ਦਾਅ-ਪੇਚ ਖੇਡਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਹਿਲਾਂ ਹੀ ਆਪਣੇ ਦਮ ’ਤੇ ਸੂਬੇ ’ਚ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ। ਓਧਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ‘ਆਪ’ ਦਾ ਆਧਾਰ ਮਜ਼ਬੂਤ ਦਿਖਾਈ ਦਿੰਦਾ ਹੈ।

ਕੇਰਲ ’ਚ ਕਾਂਗਰਸ ਅਤੇ ਲੈਫਟ ਦਾ ਗਠਜੋੜ ਤਾਂ ਹੋਣ ਤੋਂ ਰਿਹਾ। ਜੇਕਰ ਗੱਲ ਯੂ.ਪੀ. ਦੀ ਕਰੀਏ ਤਾਂ ਉੱਥੇ ਅਖਿਲੇਸ਼ ਯਾਦਵ ਦੇ ਲਈ ‘ਕਭੀ ਖੁਸ਼ੀ ਕਭੀ ਗਮ’ ਵਾਲੀ ਗੱਲ ਚੱਲ ਰਹੀ ਹੈ। ਇੰਡੀਆ ਗੱਠਜੋੜ ਦਾ ਨਾਮਕਰਨ ਤਾਂ ਬਹੁਤ ਧੂਮ-ਧੜੱਕੇ ਨਾਲ ਹੋਇਆ ਸੀ। ਕਨਵੀਨਰ ਬਣਿਆ ਨਹੀਂ, ਐਲਾਨ ਪੱਤਰ ਰਚਿਆ ਨਹੀਂ ਗਿਆ ਅਤੇ ਗਠਜੋੜ ਦੀ ਕਹਾਣੀ ਨੂੰ ਅੱਗੇ ਵਧਾਇਆ ਨਹੀਂ ਗਿਆ। ਜਿਥੋਂ ਤਕ ਨਿਤੀਸ਼ ਕੁਮਾਰ ਦਾ ਸਬੰਧ ਹੈ, ਤਾਂ ਸੱਤਾ ’ਚ ਬਣੇ ਰਹਿਣ ਲਈ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਹਵਾ ਦਾ ਰੁਖ ਕਿਸ ਪਾਸੇ ਚੱਲ ਰਿਹਾ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕਾਂਗਰਸ ਆਪਣੇ ਦਮ ’ਤੇ ਇੰਡੀਆ ਗੱਠਜੋੜ ਦਾ ਰੱਥ ਅੱਗੇ ਵਧਾ ਸਕੇਗੀ? ਜੋ ਵੀ ਹੋਵੇ ਇਕ ਗੱਲ ਤਾਂ ਸਾਫ ਹੈ ਕਿ ਨਿਤੀਸ਼ ਕੁਮਾਰ ਦੇ ਇਸ ਵਾਰ ਫਿਰ ਤੋਂ ਪਲਟੀ ਮਾਰਨ ਦੇ ਕਾਰਨ ਉਨ੍ਹਾਂ ਦਾ ਅਕਸ ਧੁੰਦਲਾ ਜ਼ਰੂਰ ਹੋਵੇਗਾ। ਉਨ੍ਹਾਂ ਦੀ ਮੌਕਾਪ੍ਰਸਤੀ ਨੂੰ ਦੇਖਦੇ ਹੋਏ ਕੀ ਹੁਣ ਸੁਸ਼ਾਸਨ ਬਾਬੂ ਦੇ ਸਮਰਥਕ ਉਨ੍ਹਾਂ ਨਾਲ ਬਿਹਾਰ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਤੱਕ ਜੁੜ ਸਕਣਗੇ? ਇਹ ਤਾਂ ਸਮਾਂ ਹੀ ਦੱਸੇਗਾ।

-ਵਿਜੇ ਕੁਮਾਰ

Harpreet SIngh

This news is Content Editor Harpreet SIngh