ਨਿਉੂਜ਼ ਚੈਨਲ ਲੋਕਾਂ ’ਚ ਡਰ ਪੈਦਾ ਕਰਨ ਤੋਂ ਪ੍ਰਹੇਜ਼ ਕਰਨ

06/02/2021 3:27:34 AM

ਵਕੀਲ ਅਹਿਮਦ 

ਹਾਲ ਹੀ ’ਚ ਕੋਰੋਨਾ ’ਤੇ ਬੋਲਦੇ ਹੋਏ ਹਾਸਰਸ ਕਵੀ ਸੁਰਿੰਦਰ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਅਾ ਹੈ। ਲਗਭਗ ਸਾਢੇ ਤਿੰਨ ਮਿੰਟ ਦੇ ਇਸ ਵੀਡੀਓ ’ਚ ਸੁਰਿੰਦਰ ਸ਼ਰਮਾ ਜੀ ਨੇ ਜੋ ਗੱਲਾਂ ਕਹੀਆਂ ਹਨ, ਉਹ ਪੂਰੀ ਤਰ੍ਹਾਂ ਸੱਚੀਆਂ ਹਨ।

ਸ਼ਰਮਾ ਜੀ ਕਹਿੰਦੇ ਹਨ ਕਿ 76 ਸਾਲ ਦੀ ਉਮਰ ’ਚ ਉਨ੍ਹਾਂ ਨੇ ਦੇਸ਼ ’ਤੇ ਅਜਿਹੀ ਬਿਪਤਾ ਕਦੀ ਨਹੀਂ ਦੇਖੀ ਜਿਸ ਦੇ ਕਾਰਨ ਆਦਮੀ ਤੋਂ ਆਦਮੀ ਦੂਰ ਹੋ ਜਾਵੇ।

ਬਿਨਾਂ ਸ਼ੱਕ ਅੱਜ ਅਜਿਹਾ ਹੀ ਹੋ ਰਿਹਾ ਹੈ। ਕੋੋਰੋਨਾ ਦਾ ਡਰ ਸਾਡੇ ਦਿਲ-ਦਿਮਾਗ ’ਚ ਇਸ ਕਦਰ ਭਰ ਗਿਆ ਹੈ ਕਿ ਅਸੀਂ ਇਕ-ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਹਾਂ? ਸਾਨੂੰ ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਲਈ ਕਿਹਾ ਗਿਆ ਭਾਵ ਇਕ-ਦੂਸਰੇ ਤੋਂ ਦੂਰੀ ਰੱਖਣ ਲਈ ਪਰ ਅਜਿਹਾ ਜਾਪਣ ਲੱਗਾ ਕਿ ਅਸੀਂ ਤਨ ਦੀ ਦੂਰੀ ਦੇ ਨਾਲ-ਨਾਲ ਮਨ ਦੀ ਦੂਰੀ ਦਾ ਵੀ ਪਾਲਣ ਵੀ ਕਰਨ ਲੱਗੇ ਹਾਂ।

ਇੰਨਾ ਡਰ ਸਾਡੇ ਦਿਮਾਗ ’ਚ ਭਰਨ ਲਈ ਸੁਰਿੰਦਰ ਸ਼ਰਮਾ ਜੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋ ਰਹੀਆਂ ਖਬਰਾਂ ਨੂੰ ਦੱਸਦੇ ਹਨ। ਟੀ. ਵੀ. ’ਤੇ ਛੋਟੀ-ਵੱਡੀ ਖਬਰ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਦੇਸ਼ ਦੀ ਜਨਤਾ ਨਿਊਜ਼ ਚੈਨਲਾਂ ’ਤੇ ਭਰੋਸਾ ਕਰਦੀ ਹੈ। ਖਾਸ ਕਰ ਕੇ ਦਿਹਾਤੀ ਭਾਰਤ ’ਚ ਨਿਊਜ਼ ਚੈਨਲਾਂ ਦੀ ਹਰ ਝੂਠੀ-ਸੱਚੀ ਗੱਲ ਨੂੰ ਲੋਕ ਗੰਭੀਰਤਾ ਨਾਲ ਲੈਂਦੇ ਹਨ।

ਬਦਕਿਸਮਤੀ ਨਾਲ ਨਿਊਜ਼ ਚੈਨਲ ਉਨ੍ਹਾਂ ਦਾ ਭਾਵਨਾਤਮਕ ਸ਼ੋਸ਼ਣ ਕਰਦੇ ਹਨ। ਸ਼ਾਇਦ ਅਜਿਹਾ ਉਹ ਆਪਣੇ-ਆਪਣੇ ਚੈਨਲਾਂ ਦੀ ਪ੍ਰਸਿੱਧੀ ਵਧਾਉਣ ਲਈ ਕਰਦੇ ਹੋਣਗੇ। ਜਿੰਨਾ ਜ਼ਿਆਦਾ ਲੋਕ ਉਨ੍ਹਾਂ ਨੂੰ ਦੇਖਣਗੇ-ਸੁਣਨਗੇ, ਉਨ੍ਹਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਸ਼ਤਿਹਾਰ ਮਿਲਣਗੇ। ਆਖਿਰ ਉਨ੍ਹਾਂ ਦੀ ਕਮਾਈ ਦਾ ਦੂਸਰਾ ਰਸਤਾ ਵੀ ਤਾਂ ਨਹੀਂ। ਮੇਰਾ ਮੰਨਣਾ ਹੈ ਕਿ ਨਿਊਜ਼ ਚੈਨਲ ਲੋਕਾਂ ’ਚ ਡਰ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨ।

ਅੱਜ ਪਿੰਡਾਂ ’ਚ ਅਸੁਰੱਖਿਆ ਅਤੇ ਡਰ ਦਾ ਮਾਹੌਲ ਇੰਨਾ ਜ਼ਿਆਦਾ ਹੈ ਕਿ ਪਿੰਡਾਂ ’ਚ ਅਜਨਬੀਆਂ ਨੂੰ ਵੜਨ ਹੀ ਨਹੀਂ ਦਿੱਤਾ ਜਾ ਰਿਹਾ। ਕੱਲ ਹੀ ਅਖਬਾਰ ’ਚ ਇਕ ਛੋਟੀ ਿਜਹੀ ਖਬਰ ਪੜ੍ਹੀ ਕਿ ਬਾਗਪਤ ਜ਼ਿਲੇ ਦੇ ਇਕ ਪਿੰਡ ’ਚ ਆਈ ਬਿਜਲੀ ਵਿਭਾਗ ਦੀ ਟੀਮ ਨੂੰ ਪਿੰਡ ਵਾਲਿਅਾਂ ਨੇ ਦੌੜਾ ਦਿੱਤਾ।

ਭਾਰਤ ’ਚ ਜ਼ਿਆਦਾਤਰ ਪਿੰਡਾਂ ’ਚ ਹਾਲਾਤ ਇਹੋ ਜਿਹੇ ਹੀ ਹਨ ਕਿ ਪਿੰਡਾਂ ਵਾਲੇ ਆਪਣੀ ਕੋਰੋਨਾ ਜਾਂਚ ਨੂੰ ਵੀ ਨਹੀਂ ਹੋਣ ਦਿੰਦੇ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਕੋਰੋਨਾ ਤੋਂ ਡਰ ਹੈ ਸਗੋਂ ਇਸ ਲਈ ਕਿ ਜੇਕਰ ਪਤਾ ਲੱਗ ਗਿਆ ਕਿ ਉਨ੍ਹਾਂ ਨੂੰ ਕੋਰੋਨਾ ਹੈ ਤਾਂ ਜਿਵੇਂ ਕਿ ਉਹ ਟੀ. ਵੀ. ’ਤੇ ਦੇਖਦੇ ਹਨ ਕਿ ਹਸਪਤਾਲਾਂ ’ਚ ਬੈੱਡ ਨਹੀਂ, ਦਵਾਈ ਨਹੀਂ, ਡਾਕਟਰ ਨਹੀਂ ਤਾਂ ਉਨ੍ਹਾਂ ਦਾ ਕੀ ਹੋਵੇਗਾ। ਉਹ ਸੋਚਦੇ ਹਨ ਕਿ ਉਸ ਨਾਲੋਂ ਚੰਗਾ ਤਾਂ ਉਨ੍ਹਾਂ ਨੂੰ ਪਤਾ ਹੀ ਨਾ ਲੱਗੇ ਕਿ ਉਨ੍ਹਾਂ ’ਚੋਂ ਕਿਸੇ ਨੂੰ ਕੋੋਰੋਨਾ ਹੈ।

ਪਿੰਡਾਂ ਵਾਲੇ ਇਹ ਵੀ ਕਹਿੰਦੇ ਹਨ ਕਿ ਹਸਪਤਾਲਾਂ ’ਚ ਦੁਰਦਸ਼ਾ ਦੇ ਕਾਰਨ ਉਹ ਨਾ ਮਰਨ, ਆਪਣੇ ਘਰ ’ਚ ਹੀ ਠੀਕ ਹਨ। ਜੋ ਹੋਵੇਗਾ ਦੇਖਿਆ ਜਾਵੇਗਾ। ਹਾਲਾਤ ਅਜਿਹੇ ਹਨ ਕਿ ਨਾ ਤਾਂ ਸਰਕਾਰਾਂ ਨੂੰ ਦੋਸ਼ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ ਖੁਦ ਨੂੰ।

ਅਦਾਲਤਾਂ ਸਰਕਾਰਾਂ ਨੂੰ ਹੁਕਮ ’ਤੇ ਹੁਕਮ ਦੇ ਰਹੀਆਂ ਹਨ। ਸੱਤਾਧਾਰੀ ਬੋਲ਼ੇ ਨਹੀਂ ਹਨ ਅਤੇ ਉਹ ਅੰਨ੍ਹੇ ਵੀ ਨਹੀਂ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਕੀ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਕਿਤੇ ਕੰਨ ’ਤੇ ਜੂੰ ਸਰਕ ਰਹੀ ਹੈ ਅਤੇ ਕਿਤੇ ਨਹੀਂ।

ਆਪਣੀ ਵੀਡੀਓ ’ਚ ਸੁਰਿੰਦਰ ਜੀ ਕਹਿੰਦੇ ਹਨ ਕਿ ਕੋਰੋਨਾ 2 ਕਰੋੜ ਲੋਕਾਂ ਨੂੰ ਹੋਇਆ ਹੈ ਪਰ ਡਰ ਵਾਲੇ ਇਸ ਵਾਤਾਵਰਣ ’ਚ ਕੋਰੋਨਾ 135 ਕਰੋੜ ਲੋਕਾਂ ਦੇ ਦਿਮਾਗ ’ਚ ਬੁਰੀ ਤਰ੍ਹਾਂ ਵੜ ਗਿਆ ਹੈ। ਲੋਕਾਂ ਦੇ ਦਿਮਾਗ ’ਚੋਂ ਇਸ ਦਾ ਡਰ ਦੂਰ ਕਰਨ ਲਈ ਸਰਕਾਰ ਨੂੰ ਕਦਮ ਚੁੱਕਣੇ ਸਨ ਪਰ ਸਰਕਾਰ ਦੇ ਲੋਕ ਵਿਰੋਧੀ ਧਿਰ ’ਤੇ ਹਮਲਾ ਕਰਨ ’ਚ ਮਸਤ ਹਨ।

ਉਨ੍ਹਾਂ ਨੂੰ ਔਖੇ ਸਮੇਂ ’ਚ ਵੀ ਪ੍ਰਧਾਨ ਮੰਤਰੀ ਦੇ ਅਕਸ ਦੀ ਚਿੰਤਾ ਹੈ। ਉਹ ਵਿਰੋਧੀ ਧਿਰ ਨੂੰ ਉਸ ਦੇ ਲਈ ਦੋਸ਼ ਦੇ ਰਹੇ ਹਨ। ਵਿਰੋਧੀ ਧਿਰ ਜੇਕਰ ਸਰਕਾਰ ਨੂੰ ਸਵਾਲ ਕਰੇ ਜਾਂ ਸੁਝਾਅ ਵੀ ਦੇਵੇ ਤਾਂ ਉਲਟਾ ਉਸ ਨੂੰ ਸਵਾਲ ਕੀਤਾ ਜਾਣ ਲੱਗਦਾ ਹੈ ਕਿ ਤੁਸੀਂ 70 ਸਾਲਾਂ ’ਚ ਕੀ ਕੀਤਾ। ਜਨਤਾ ਇਸ ਤਮਾਸ਼ੇ ਨੂੰ ਦੇਖਦੀ ਹੈ। ਲੋਕਾਂ ਦਾ ਕੰਮ-ਧੰਦਾ ਠੱਪ ਹੈ। ਉਨ੍ਹਾਂ ਨੂੰ ਰੋਜ਼ਾਨਾ ਹੋਣ ਵਾਲੇ ਖਰਚਿਆਂ ਨਾਲ ਜੂਝਣਾ ਪੈ ਰਿਹਾ ਹੈ।

ਪੈਟਰੋਲ-ਡੀਜ਼ਲ ਅਤੇ ਖਾਣ-ਪੀਣ ਦੀਆਂ ਚੀਜ਼ਾਂ ਲੋਕ ਬਹੁਤ ਹੀ ਮਹਿੰਗੀਆਂ ਖਰੀਦ ਰਹੇ ਹਨ। ਇਸ ਹਾਲਾਤ ’ਚ ਕੁਝ ਲੋਕ ਆਪਣੀ ਜਮ੍ਹਾ-ਪੂੰਜੀ ਤੇ ਕੁਝ ਲੋਕ ਇਕ-ਦੂਸਰੇ ਕੋਲੋਂ ਉਧਾਰ ਲੈ ਕੇ ਕੰਮ ਚਲਾ ਰਹੇ ਹਨ। ਆਮ ਆਦਮੀ ਇੱਥੇ ਸੋਚਦਾ ਹੈ ਕਿ ਇੰਨਾ ਮਹਿੰਗਾ ਸਭ ਕੁਝ ਉਹ ਖਰੀਦ ਕੇ ਸਰਕਾਰ ਨੂੰ ਟੈਕਸ ਵੀ ਅਦਾ ਕਰੇ ਅਤੇ ਵਕਤ ਪੈਣ ’ਤੇ ਉਸ ਨੂੰ ਹਸਪਤਾਲ ’ਚ ਇਕ ਬੈੱਡ ਵੀ ਨਾ ਮਿਲੇ।

ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਵੀ ਨਾ ਹੋਵੇ ਤਾਂ ਮੈਂ ਸਮਝਦਾ ਹਾਂ ਕਿ ਸਾਡੀਆਂ ਸਰਕਾਰਾਂ ਸੋਚਣ ਨਾ ਸੋਚਣ ਪਰ ਸਾਨੂੰ ਸਮਾਜਿਕ ਦੂਰੀ ਦੀ ਪਾਲਣਾ ਤਨ ਦੀ ਦੂਰੀ ਨਾਲ ਕਰਨੀ ਹੈ, ਮਨ ਦੀ ਦੂਰੀ ਨਾਲ ਨਹੀਂ ਕਿਉਂਕਿ ਇਕ-ਦੂਸਰੇ ਦੇ ਦੁੱਖ-ਸੁੱਖ ’ਚ ਅਸੀਂ ਹੀ ਇਕ-ਦੂਸਰੇ ਦੇ ਮੋਢੇ ’ਤੇ ਹੱਥ ਰੱਖਣਾ ਹੈ, ਕਿਸੇ ਸਰਕਾਰ ਨੇ ਨਹੀਂ।

ahmadvakil777@gmail.com

\\\

Bharat Thapa

This news is Content Editor Bharat Thapa