ਸਰਵ-ਇਕਸਾਰ ਭਾਰਤ ਦੇ ਸੁਪਨਿਆਂ ਨੂੰ ਨਵੇਂ ਖੰਭ

07/13/2019 6:25:31 AM

ਹਰੀ ਜੈਸਿੰਘ
ਨੈਤਿਕ, ਅਧਿਆਤਮਕ ਅਤੇ ਸੰਸਕ੍ਰਿਤਕ ਕਦਰਾਂ-ਕੀਮਤਾਂ ਦੀ ਅਮੀਰ ਵਿਰਾਸਤ ਦੇ ਨਾਲ ਭਾਰਤ ਕਾਫੀ ਹੱਦ ਤੱਕ ਸੁਪਨਿਆਂ ਨਾਲ ਜਿਊਂਦਾ ਹੈ। ਗਰੀਬ ਵਿਅਕਤੀਆਂ ਦੇ ਅਮੀਰਾਂ ਵਰਗੇ ਸੁਪਨੇ ਅਤੇ ਤਾਕਤਵਰ ਨੇਤਾਵਾਂ ਅਤੇ ਅਮੀਰ ਲੋਕਾਂ ਦੇ ਹੋਰ ਵੱਡਾ ਬਣਨ ਦੇ ਸੁਪਨੇ। ਇਹ ਹਮੇਸ਼ਾ ਜਾਰੀ ਰਹਿੰਦੇ ਹਨ। ਗਰੀਬੀ ਹਟਾਓ ਨਾਲ 5 ਖਰਬ ਡਾਲਰ ਦੀ ਅਰਥ ਵਿਵਸਥਾ, ਜੋ ਹੌਲੀ ਗਤੀ ਨਾਲ ਤੁਰ ਰਹੀ ਹੈ, ਅਰਥ ਵਿਵਸਥਾ ਨੂੰ ਮੁੜ ਉਠਾਉਣ ਲਈ ਇਕ ਨਵੀਂ ਉਮੀਦ ਜਗਾਉਂਦੀ ਹੈ। ਕਈ ਤਰ੍ਹਾਂ ਨਾਲ ਇਹ ਸੁਪਨੇ ਉਸ ਹਵਾ ਵਾਂਗ ਆਜ਼ਾਦ ਹਨ, ਜਿਨ੍ਹਾਂ ’ਚ ਅਸੀਂ ਸਾਹ ਲੈਂਦੇ ਹਾਂ। ਅੱਜਕਲ ਹਵਾ ਪ੍ਰਦੂਸ਼ਿਤ ਹੈ। ਅਜਿਹੇ ਹੀ ਸਾਡੇ ਸੁਪਨੇ ਵੀ, ਖਾਸ ਤੌਰ ’ਤੇ ਉਹ, ਜਿਹੜੇ ਸਿਆਸਤਦਾਨਾਂ ਵਲੋਂ ਦਿਖਾਏ ਅਤੇ ਵਧਾਏ ਗਏ ਹਨ। ਫਿਰ ਵੀ ਕੁਝ ਸੁਪਨੇ ਸੁਪਨਾ ਦੇਖਣ ਵਾਲਿਆਂ ਦੇ ਨਾਲ ਨਹੀਂ ਮਰਦੇ। ਉਹ ਸਾਖਸ਼ਾਤ ਦਿਖਾਈ ਦਿੰਦੇ ਹਨ ਕਿਉਂਕਿ ਉਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਤਬਦੀਲ ਹੁੰਦੇ ਰਹਿੰਦੇ ਹਨ। ਰਾਮਰਾਜ ਦਾ ਵਿਚਾਰ ਅਜਿਹਾ ਹੀ ਇਕ ਸੁਪਨਾ ਹੈ। ਹਿੰਦੀ-ਪੱਟੀ ’ਚ ਕਿਸੇ ਦਿਹਾਤੀ ਤੋਂ ਪੁੱਛੋ ਕਿ ਭਾਰਤ ’ਚ ਕਦਰਾਂ-ਕੀਮਤਾਂ ਦੇ ਨਿਘਾਰ ਅਤੇ ਵਧਦੀਆਂ ਸਮੱਸਿਆਵਾਂ ਬਾਰੇ ਉਸ ਦੇ ਕੀ ਵਿਚਾਰ ਹਨ, ਤਾਂ ਉਹ ਰੁੱਖਾ ਜਿਹਾ ਜਵਾਬ ਦੇਵੇਗਾ ਕਿ ਕਿੱਥੇ ਹੈ ‘ਰਾਮਰਾਜ’? ਸ਼ਾਇਦ ਇਸ ਦਾ ਬਦਲ ਬਹੁ-ਚਰਚਿਤ ਰਾਮ ਮੰਦਰ ਦਾ ਵਿਚਾਰ ਹੈ ਅਤੇ ਇਹ ਸਹੀ ਵੀ ਹੈ। ਅਸੀਂ ਸਾਰੇ ਇਕ ਪ੍ਰਤੀਕਵਾਦ ’ਚ ਰਹਿ ਰਹੇ ਹਾਂ, ਜਿਸ ਨੂੰ ਇਕ-ਇਕ ਇੱਟ ਜੋੜ ਕੇ ਬਣਾਇਆ ਗਿਆ ਹੈ। ਕੌਣ ਆਦਰਸ਼ਵਾਦ ਅਤੇ ਕਦਰਾਂ-ਕੀਮਤਾਂ ਦੀ ਪਰਵਾਹ ਕਰਦਾ ਹੈ, ਜਿਵੇਂ ਕਿ ਆਦਰਸ਼ ਪੁਰਸ਼ ਰਾਮ ਕਰਦੇ ਸਨ, ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ?

ਸ਼ਾਇਦ ਸ਼ਾਨਦਾਰ ਪੂਜਾ ਅਸਥਾਨ ਵੀ ਉਮੀਦ ਦੇ ਵਾਹਕ ਦੇ ਤੌਰ ’ਤੇ ਆਪਣਾ ਮਕਸਦ ਪੂਰਾ ਕਰਦਾ ਹੈ ਅਤੇ ਉਮੀਦ ਅੱਗੇ ਮੁਸ਼ਕਿਲ ਰਾਹ ਲਈ ਇਕ ਪ੍ਰੇਰਕ ਦਾ ਕੰਮ ਕਰਦੀ ਹੈ। ਇਸ ਦੇ ਇਤਿਹਾਸਕ ਸਬੰਧ ’ਚ ਰਾਮਰਾਜ ਦੇ ਵਿਚਾਰ ਦੀਆਂ ਜੜ੍ਹਾਂ ਸਮਾਨਤਾ, ਨਿਆਂ, ਈਮਾਨ, ਆਜ਼ਾਦੀ ਅਤੇ ਜਾਤ ਵਰਗ ਜਾਂ ਨਸਲ ਦੇ ਆਧਾਰ ’ਤੇ ਸ਼ੋਸ਼ਣ ਦੀਆਂ ਭੇਦ-ਭਾਵ ਤੋਂ ਬਿਨਾਂ ਸਾਰਿਆਂ ਲਈ ਬਰਾਬਰ ਦੇ ਮੌਕਿਆਂ ’ਚ ਹਨ। ਇਹ ਸੁਪਨਾ ਹਿੰਦੂ ਮਾਨਸਿਕਤਾ ’ਚ ਬੁਣਿਆ ਹੋਇਆ ਹੈ ਅਤੇ ਇਸ ਨੂੰ ਸਾਡੇ ਸੰਵਿਧਾਨ ’ਚ ਸਾਰਿਆਂ ਲਈ ਸਰਵ-ਇਕਸਾਰ ਨਵੇਂ ਭਾਰਤ ਦੇ ਨਿਰਮਾਣ ਲਈ ਅਪਣਾਇਆ ਗਿਆ ਹੈ। ਰਾਮਾਇਣ ਦੀ ਪੌਰਾਣਿਕ ਕਹਾਣੀ ਸਦਾਚਾਰੀ, ਸਮਝਦਾਰ ਦੇਵਤਾ-ਰਾਜਾ ਰਾਮ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਉੱਚ ਆਦਰਸ਼ਾਂ ਨਾਲ ਬਿਤਾਇਆ ਅਤੇ ਆਪਣੇ ਰਾਜ ’ਤੇ ਧਰਮ ਦੇ ਕਾਨੂੰਨ, ਨਿਆਂ ਦੇ ਪੁਰਾਤਨ ਨਿਯਮਾਂ, ਈਮਾਨ, ਆਜ਼ਾਦੀ, ਬਰਾਬਰੀ ਅਤੇ ਨਿਆਂਪ੍ਰਿਯਤਾ ਨਾਲ ਸ਼ਾਸਨ ਕੀਤਾ।

ਮੈਂ ਉਨ੍ਹਾਂ ਸੁਨਹਿਰੀ ਵਿਚਾਰਾਂ ਨੂੰ ਇਸ ਲਈ ਯਾਦ ਕਰ ਰਿਹਾ ਹਾਂ ਕਿਉਂਕਿ ਅਸੀਂ ਬਾਬਰੀ ਮਸਜਿਦ ਦੇ ਵਿਨਾਸ਼ ਤੋਂ ਬਾਅਦ ਅਯੁੱਧਿਆ ਵਿਚ ਰਾਮ ਜਨਮ ਭੂਮੀ ਵਿਵਾਦ ’ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ। ਮੈਂ ਵਿਨਾਸ਼ ਨਾਲ ਸਹੀ ਜਾਂ ਗਲਤ ਹੋਣ ਦੇ ਸਵਾਲ ’ਚ ਨਹੀਂ ਜਾ ਰਿਹਾ। ਮੈਂ ‘ਵਿਦੇਸ਼ੀ ਤਾਕਤਾਂ’ ਵਲੋਂ ਬਣਾਏ ਅਜਿਹੇ ਇਤਿਹਾਸਕ ਢਾਂਚਿਆਂ ਨੂੰ ਇਕ ਚਿਤਾਵਨੀ ਦੇ ਤੌਰ ’ਤੇ ਦੇਖਦਾ ਹਾਂ ਕਿ ਅਸੀਂ ਕਿਵੇਂ ਅਤੇ ਕਿੱਥੇ ਗਲਤ ਹੋਏ? ਕੀ ਇਹ ਹਿੰਦੂ ਬਨਾਮ ‘ਹਮਲਾਵਰਾਂ’ ਦੇ ਤੌਰ ’ਤੇ ਕਿਰਦਾਰ ਦੀਆਂ ਸਾਡੀਆਂ ਕਮਜ਼ੋਰੀਆਂ ਵੱਲ ਸੰਕੇਤ ਕਰਦਾ ਹੈ, ਜਿਨ੍ਹਾਂ ਨੇ ਆਪਣੇ ‘ਵੰਡੋ ਅਤੇ ਰਾਜ ਕਰੋ’ ਦੀ ਕਲਾ ਰਾਹੀਂ ਸਾਡੇ ’ਤੇ ਰਾਜ ਕੀਤਾ। ਕੀ ਅਸੀਂ ਇਤਿਹਾਸ ਤੋਂ ਸਹੀ ਸਬਕ ਨਹੀਂ ਸਿੱਖਿਆ? ਮੈਨੂੰ ਇਸ ਵਿਚ ਸ਼ੱਕ ਹੈ। ਰਾਮ ਰਾਜ ਜਾਂ ਰਾਮ ਰਾਜ ਨਹੀਂ, ਸਾਡੇ ਸਿਆਸੀ ਨੇਤਾ ਨਿਰਵਿਵਾਦ ਢੰਗ ਨਾਲ ਉਨ੍ਹਾਂ ਚੰਗੇ ਸੁਨਹਿਰੀ ਦਿਨਾਂ ਦੇ ਹਰ ਤਰ੍ਹਾਂ ਦੇ ਵਾਅਦਿਆਂ ਨਾਲ ਜਨਤਾ ’ਚ ਬਣਾਈ ਰੱਖਦੇ ਹਨ।

ਮੈਂ ਇਥੇ ਮਹਾਤਮਾ ਗਾਂਧੀ ਨੂੰ ਜ਼ਰੂਰ ਯਾਦ ਕਰਾਂਗਾ। ਉਨ੍ਹਾਂ ਨੂੰ ਪੂਰਾ ਅਹਿਸਾਸ ਸੀ ਕਿ ਧਰਮ ਭਾਰਤੀ ਸਮਾਜ ਵਿਚ ਇਕ ਮਹੱਤਵਪੂਰਨ ਤਾਕਤ ਹੈ। ਇਸ ਲਈ ਉਹ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਸਹੀ ਅਤੇ ਗਲਤ ਦਾ ਸੰਦੇਸ਼ ਦੇਣ ਲਈ ਪੌਰਾਣਿਕ ਕਹਾਣੀਆਂ ਦੀ ਵਰਤੋਂ ਕਰਦੇ ਸਨ।

ਆਜ਼ਾਦੀ ਦੀ ਲੜਾਈ ਦੌਰਾਨ ਗਾਂਧੀ ਆਮ ਤੌਰ ’ਤੇ ਰਾਮ ਰਾਜ ਦੀ ਪ੍ਰਾਪਤੀ ਦੀ ਲੋੜ ਦਾ ਹਵਾਲਾ ਦਿੰਦੇ ਸਨ। ਉਸ ਟੀਚੇ ਨੂੰ ਪਾਉਣ ਲਈ ਉਨ੍ਹਾਂ ਨੇ ਸਰਪ੍ਰਸਤੀ ਦੇ ਆਪਣੇ ਸਿਧਾਂਤ ਦੀ ਵਿਆਖਿਆ ਕੀਤੀ, ਜਿਸ ਦੇ ਤਹਿਤ ‘ਪੂੰਜੀਵਾਦੀ’ ਢਾਂਚਿਆਂ ਦੇ ਸ੍ਰੋਤਾਂ ਦਾ ਸਮਾਜ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਪੂੰਜੀ ਦੇ ਨਿੱਜੀ ਹੱਥਾਂ ਵਿਚ ਰੱਖਣ ਦੀ ਆਜ਼ਾਦੀ ਸਾਰੀ ਆਬਾਦੀ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪ੍ਰਾਪਤੀ ਦੇ ਨਾਲ-ਨਾਲ ਚੱਲਦੀ ਹੈ।

ਗਾਂਧੀ ਦੇ ਉਹ ਵਿਚਾਰ ਨੀਤੀਸ਼ਾਸਤਰ, ਅਰਥਸ਼ਾਸਤਰ ਅਤੇ ਰਾਜਨੀਤੀ ਦੇ ਵਿਸ਼ੇ ਹਨ। ਅੱਜ ਵੱਖਰੀ ਵਿਵਸਥਾ, ਵੱਖਰੇ ਮਾਪਦੰਡ ਹਨ, ਜੋ ਸਰਪ੍ਰਸਤੀ ਅਤੇ ਆਚਾਰ-ਵਿਚਾਰ ਦੀਆਂ ਕਹਾਣੀਆਂ ਤੋਂ ਬਹੁਤ ਦੂਰ ਹਨ। ਇਸ ਦੇ ਬਾਵਜੂਦ ਉਹ ‘ਵਸੁਧੈਵ ਕੁਟੁੰਬਕਮ’ ਦੇ ਭਾਰਤੀ ਦਰਸ਼ਨ ਦੇ ਨਾਲ ਤਾਲਮੇਲ ਵਿਚ ਹਨ।

ਹਾਲਾਂਕਿ ਆਜ਼ਾਦ ਭਾਰਤ ਦੇ ਸ਼ਾਸਕਾਂ ਦੀ ਸ਼ਾਸਨ ਕਲਾ ਦੇ ਆਪਣੇ ਖ਼ੁਦ ਦੇ ਵਿਚਾਰ ਹਨ। ਉਨ੍ਹਾਂ ਨੇ ਵੀ ‘ਵੋਟਾਂ’ ਹਾਸਿਲ ਕਰਨ ਲਈ ਰਾਮ ਰਾਜ ਵਰਗੇ ਸੁਪਨੇ ਦਿਖਾਏ ਪਰ ਗਾਂਧੀ ਦੀ ਧਾਰਨਾ ਵਾਲਾ ਸੁਪਨਾ ਓਨਾ ਹੀ ਅਸ਼ੁੱਭ ਬਣਿਆ ਰਿਹਾ, ਜਿੰਨਾ ਉਹ ਹਮੇਸ਼ਾ ਸੀ।

ਕੋਈ ਅਫਸੋਸ ਨਹੀਂ, ਭਾਰਤ ਨੇ ਆਧੁਨਿਕ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਣਾ ਹੈ, ਹਾਲਾਂਕਿ ਵੱਖ-ਵੱਖ ਭਾਈਚਾਰਿਆਂ ਵਿਚਾਲੇ, ਧਾਰਮਿਕ ਵੈਰ ਦੇ ਵਿਚਾਲੇ ਅਪਰਾਧ ਅਤੇ ਹਿੰਸਾ ਜਾਰੀ ਰਹੀ। ਹੱਤਿਆਵਾਂ, ਲਿੰਚਿੰਗ, ਜਬਰ-ਜ਼ਨਾਹ, ਤਸੀਹੇ ਅਤੇ ਦਰਦ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਰਿਚਰਡ ਐਟਨਬਰੋ ਦੇ ਗਾਂਧੀ ਇਕ ਹੋਰ ਦੁਨੀਆ ਤੋਂ ਆਏ ਵਿਅਕਤੀ ਲੱਗਦੇ ਸਨ। ਹਾਲਾਂਕਿ ਅਸੀਂ 2 ਅਕਤੂਬਰ ਨੂੰ ਗਾਂਧੀ ਦੀ ਸਮਾਧੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਡ੍ਰਾਇੰਗਰੂਮਜ਼ ਦੀਆਂ ਏਅਰ ਕੰਡੀਸ਼ਨਜ਼ ਸਹੂਲਤਾਂ ਵਿਚ ਉਨ੍ਹਾਂ ’ਤੇ ਚਰਚਾ ਅਤੇ ਵਾਦ-ਵਿਵਾਦ ਜਾਰੀ ਰੱਖੇ ਹੋਏ ਹਾਂ।

ਇਕ ਵਾਰ ਫਿਰ ਕੋਈ ਅਫਸੋਸ ਨਹੀਂ। ਇਕ ਦੇਸ਼ ਦੇ ਨਾਤੇ ਅਸੀਂ ਅਫਸੋਸ ਦੇ ਪੁਲਿੰਦਿਆਂ ਨਾਲ ਅੱਗੇ ਨਹੀਂ ਵਧ ਸਕਦੇ। ਇਸ ਲਈ ਸਾਨੂੰ ਚੰਗੇ ਦਿਨਾਂ ਲਈ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣਾ ਪਵੇਗਾ।

ਇਸ ਦੇ ਨਾਲ ਹੀ ਸਾਨੂੰ ਆਧੁਨਿਕ ਭਾਰਤ ਲਈ ਜ਼ਿਕਰਯੋਗ ਵਿਅਕਤੀਆਂ ਦੀ ਭਾਲ ਵੀ ਜਾਰੀ ਰੱਖਣੀ ਪਵੇਗੀ। ਫਿਲਹਾਲ ਮੈਂ ਸਿਆਸਤਦਾਨਾਂ ਨੂੰ ਇਕ ਪਾਸੇ ਰੱਖਣਾ ਚਾਹੁੰਦਾ ਹਾਂ। ਇਸ ਲਈ ਮੇਰਾ ਮੰਨਣਾ ਹੈ ਕਿ ਸਾਨੂੰ ਸਮਾਜਿਕ, ਧਾਰਮਿਕ ਖੇਤਰਾਂ ਵਿਚ ਲੋਕਾਂ ਦੀ ਲੋੜ ਹੈ, ਜਿੱਥੇ ਸਾਨੂੰ ਜ਼ਮੀਨੀ ਪੱਧਰ ’ਤੇ ਨਾਂਹਪੱਖੀ ਸੋਚ ਨੂੰ ਬਦਲਣ ਲਈ ਆਵਾਜ਼ਾਂ ਦੀ ਅਤਿ ਲੋੜ ਹੈ।

ਇਕ ਵਿਅਕਤੀ, ਜੋ ਤੁਰੰਤ ਮੇਰੇ ਦਿਮਾਗ ’ਚ ਆਉਂਦਾ ਹੈ, ਉਹ ਹੈ ਨੁਸਰਤ ਜਹਾਂ। ਉਹ ਮਮਤਾ ਬੈਨਰਜੀ ਦੀ ਤ੍ਰਿਣਮੂਲ ਪਾਰਟੀ ਨਾਲ ਸਬੰਧਿਤ ਇਕ ਨੌਜਵਾਨ ਸੰਸਦ ਮੈਂਬਰ ਹੈ ਪਰ ਜੋ ਉਨ੍ਹਾਂ ਨੇ ਕੀਤਾ ਹੈ, ਉਸ ’ਚ ਕੋਈ ਵੀ ਰਾਜਨੀਤੀ ਨਹੀਂ ਹੈ। ਉਨ੍ਹਾਂ ਇਕ ਜੈਨ ਵਪਾਰੀ ਨਾਲ ਵਿਆਹ ਕੀਤਾ ਹੈ ਅਤੇ ਜਨਤਕ ਤੌਰ ’ਤੇ ਮੱਥੇ ’ਤੇ ਸਿੰਧੂਰ ਲਗਾਉਂਦੀ ਹੈ ਅਤੇ ਮੰਗਲਸੂਤਰ ਅਤੇ ਚੂੜੀਆਂ ਪਹਿਨਦੀ ਹੈ। ਇਸ ਨਾਲ ਧਰਮ ਗੁਰੂਆਂ ਨੇ ਉਨ੍ਹਾਂ ਨੂੰ ‘ਗੈਰ-ਇਸਲਾਮਿਕ’ ਦੱਸਦੇ ਹੋਏ ਇਕ ਗੈਰ-ਮੁਸਲਿਮ ਨਾਲ ਵਿਆਹ ਕਰਨ ਲਈ ਉਨ੍ਹਾਂ ਵਿਰੁੱਧ ਫਤਵਾ ਜਾਰੀ ਕਰ ਦਿੱਤਾ। ਫਤਵੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ‘ਕੱਟੜਪੰਥੀਆਂ’ ਉੱਤੇ ਧਿਆਨ ਨਾ ਦੇਣ ਲਈ ਕਿਹਾ ਹੈ, ਜੋ ਭਾਰਤੀ ਸਮਾਜ ’ਚ ‘ਨਫਰਤ ਅਤੇ ਹਿੰਸਾ ਪੈਦਾ ਕਰਦੇ ਹਨ।’

ਮੈਂ ਦਿਲੋਂ ਉਨ੍ਹਾਂ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਨੇ ਖੁੱਲ੍ਹ ਕੇ ਦ੍ਰਿੜ੍ਹਤਾ ਨਾਲ ਕਿਹਾ ਕਿ ‘‘ਮੈਂ ਇਕਸਾਰ ਭਾਰਤ ਦੀ ਨੁਮਾਇੰਦਗੀ ਕਰਦੀ ਹਾਂ, ਜੋ ਜਾਤ, ਨਸਲ ਅਤੇ ਧਰਮ ਦੇ ਬੰਧਨਾਂ ਤੋਂ ਪਰ੍ਹੇ ਹੈ।’’ ਇਸਲਾਮ ’ਚ ਡੂੰਘੀ ਆਸਥਾ ਰੱਖਣ ਵਾਲੀ ਨੁਸਰਤ ਨੇ ਕਿਹਾ ਕਿ ਉਹ ‘ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ’ ਅਤੇ ਦੱਸਿਆ ਕਿ ‘ਉਹ ਅਜੇ ਵੀ ਇਕ ਮੁਸਲਮਾਨ ਹੈ ਅਤੇ ਕਿਸੇ ਨੂੰ ਵੀ ਉਸ ’ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਮੈਂ ਕੀ ਪਹਿਨਦੀ ਹਾਂ। ਆਸਥਾ ਪਹਿਰਾਵੇ ਤੋਂ ਪਰ੍ਹੇ ਹੈ।’

ਉਹ ਸਹੀ ਹਨ। ਭਾਰਤ ਦੇ ਫਿਰਕੂ ਬਟਵਾਰੇ ’ਚ ਅਫਸੋਸਨਾਕ ਗੱਲ ਮੁਸਲਮਾਨਾਂ ਦੀ ਰਾਸ਼ਟਰੀ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਦੀ ਅਣਇੱਛਾ ਹੈ। ਹਿੰਦੂ ਸਮਾਜ ਵਿਆਪਕ ਤੌਰ ’ਤੇ ਆਤਮਸਾਤ ਕਰਨ ਅਤੇ ਤਾਲਮੇਲ ਦਾ ਪੱਖ ਲੈਂਦਾ ਹੈ, ਫਿਰ ਵੀ ਸਮਾਜਿਕ ਅਤੇ ਧਾਰਮਿਕ ਵੱਖ-ਵੱਖ ਕਾਰਨ ਉੱਭਰ ਆਉਂਦੇ ਹਨ।

ਮੇਰਾ ਮੰਨਣਾ ਹੈ ਕਿ ਅੱਜ ਜ਼ੋਰ ਧਾਰਮਿਕ ਪਛਾਣ ਗੁਆਏ ਬਿਨਾਂ ਵਿਸ਼ਲੇਸ਼ਣ ਅਤੇ ਇਕਸਾਰਤਾ ’ਤੇ ਹੋਣਾ ਚਾਹੀਦਾ। ਇਸ ਦੇ ਨਾਲ ਹੀ ਸਾਨੂੰ ਭਾਰਤੀ ਰਾਸ਼ਟਰੀਅਤਾ ਦੀਆਂ ਨਵੀਆਂ ਪਛਾਣਾਂ ਨੂੰ ਵਿਕਸਿਤ ਕਰਨਾ ਯਕੀਨੀ ਬਣਾਉਣਾ ਪਵੇਗਾ।

ਇਸ ਰੌਸ਼ਨੀ ਵਿਚ ਮੈਂ ਇਕ ਇਕ ਸਰਵ-ਇਕਸਾਰ ਭਾਰਤ ਲਈ ਇਕ ਨਵੀਂ ਜ਼ਿਕਰਯੋਗ ਸ਼ਖਸੀਅਤ ਦੇ ਤੌਰ ’ਤੇ ਨੁਸਰਤ ਜਹਾਂ ਜੈਨ ਦੀ ਸ਼ਲਾਘਾ ਕਰਦਾ ਹਾਂ।
 

Bharat Thapa

This news is Content Editor Bharat Thapa