ਵਿਆਪਕ ਤੇ ਪਰਿਵਰਤਨਕਾਰੀ-ਨਵੀਂ ਸਿੱਖਿਆ ਨੀਤੀ

08/03/2020 3:42:49 AM

ਅਮਿਤਾਭ ਕਾਂਤ

ਹੈਰਾਨੀਜਨਕ ਢੰਗ ਨਾਲ ਪਿਛਲੀ ਵਾਰ ਹੋਈ ਸੋਧ ਤੋਂ 34 ਸਾਲ ਬਾਅਦ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਦੇ ਐਲਾਨ ਦੇ ਨਾਲ ਭਾਰਤ ਮੁੜ ਤੋਂ ਮਾਣਮੱਤੇ ਅਤੇ ਇਤਿਹਾਸਕ ਸੁਧਾਰ ਲਈ ਤਿਆਰ ਹੈ। ਇਹ ਸਹੀ ਸਮੇਂ ’ਤੇ ਕੀਤਾ ਗਿਆ ਪ੍ਰਗਤੀਸ਼ੀਲ ਯਤਨ ਹੈ। ਯਕੀਨੀ ਤੌਰ ’ਤੇ ਇਹ ਦੇਸ਼ ਦੀ ਸਿੱਖਿਆ ਪ੍ਰਣਾਲੀ ਲਈ ਇਕ ਯਾਦਗਾਰੀ ਮੌਕਾ ਹੈ। ਦਰਅਸਲ, ਪਿਛਲੇ ਕੁਝ ਸਾਲਾਂ ਦੌਰਾਨ ਵਾਰ-ਵਾਰ ਸਾਹਮਣੇ ਆਏ ਦਸਤਾਵੇਜ਼ ਜਨਤਕ ਨੀਤੀ ਦੇ ਆਦਰਸ਼ਾਂ ਦਾ ਸਰੋਤ ਹਨ ਅਤੇ ਇਹ ਮਾਹਿਰਾਂ ਤੋਂ ਲੈ ਕੇ ਅਧਿਆਪਕਾਂ ਅਤੇ ਆਮ ਆਦਮੀ ਤੱਕ ਹਰੇਕ ਹਿੱਤਧਾਰਕ ਦੀ ਆਵਾਜ਼ ਹਨ। ਇਸ ਵਿਚ ਦੇਸ਼ ਦੀਆਂ 2.5 ਲੱਖ ਗ੍ਰਾਮ ਪੰਚਾਇਤਾਂ ਦੇ ਸੁਝਾਵਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।

ਨੀਤੀ ਆਯੋਗ ਦਾ ਸਕੂਲੀ ਸਿੱਖਿਆ ਗੁਣਵੱਤਾ ਸੂਚਕਅੰਕ (ਐੱਸ. ਈ. ਕਿਊ. ਆਈ.), ਸਿੱਖਿਆ ’ਚ ਮਨੁੱਖੀ ਪੂੰਜੀ ਦੇ ਪਰਿਵਰਤਨ ਲਈ ਨਿਰੰਤਰ ਕਾਰਵਾਈ (ਐੱਸ. ਏ. ਟੀ. ਐੱਚ-ਈ.) ਅਤੇ ਖਾਹਿਸ਼ੀ ਜ਼ਿਲੇ ਪ੍ਰੋਗਰਾਮ ਜਿਹੀਆਂ ਪਹਿਲਾਂ ਰਾਹੀਂ ਹਾਲ ਹੀ ਦੇ ਵਰ੍ਹਿਆਂ ਵਿਚ ਜਿਥੇ ਜ਼ਮੀਨੀ ਪੱਧਰ ’ਤੇ ਵਿਵਸਥਿਤ ਸੁਧਾਰ ਦੇ ਏਜੰਡੇ ਨੂੰ ਅੱਗੇ ਵਧਾਇਆ ਗਿਆ ਹੈ, ਉੱਥੇ ਹੀ ਐੱਨ. ਈ. ਪੀ. ਪਹੁੰਚ, ਸਮਾਨਤਾ, ਬੁਨਿਆਦੀ ਢਾਂਚੇ, ਗਵਰਨੈਂਸ ਅਤੇ ਸਿੱਖਿਆ ਵਰਗੀਆਂ ਸਭ ਤੋਂ ਅਹਿਮ ਗੱਲਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਵਸਥਾ ਦੇ ਨਾਲ ਮਿਲ ਕੇ ਵਿਆਪਕ ਬਦਲਾਅ ਯਕੀਨੀ ਬਣਾਏ ਗਏ ਹਨ। ਭਵਿੱਖ ਦੀ ਸੋਚ ਅਤੇ ਠੋਸ ਸੁਧਾਰ ਦੀ ਵਕਾਲਤ ਕਰਦੇ ਹੋਏ ਐੱਨ. ਈ. ਪੀ. 2020 ਇਕ ਜ਼ਰੂਰਤ ਅਾਧਾਰਿਤ ਨੀਤੀ, ਅਤਿ-ਆਧੁਨਿਕ ਖੋਜ ਅਤੇ ਬਿਹਤਰੀਨ ਪ੍ਰਕਿਰਿਆਵਾਂ, ਨਵੇਂ ਭਾਰਤ ਦਾ ਮਾਰਗ ਖੋਲ੍ਹਣ ਵਾਲੀ ਪਹਿਲ ਦਾ ਸਮਾਯੋਜਨ ਹੈ।

ਪਹਿਲਾ, ਬਚਪਨ ਤੋਂ ਉਚੇਰੀ ਸਿੱਖਿਆ ਤੱਕ ਸਮਾਨ ਪਹੁੰਚ ’ਤੇ ਜ਼ੋਰ, ਦੋ ਕਰੋੜ ਸਕੂਲੀ ਬੱਚਿਆਂ ਦੇ ਏਕੀਕਰਨ ਅਤੇ ਸਮਾਜਿਕ-ਆਰਥਿਕ ਰੂਪ ਤੋਂ ਵਾਂਝੇ ਸਮੂਹਾਂ ਲਈ ਠੋਸ ਯਤਨਾਂ ਦੇ ਨਾਲ ਨੀਤੀ ਅੰਤਿਮ ਸਿਰੇ ਤੱਕ ਮੌਜੂਦ ਵਿਅਕਤੀ ਲਈ ਸਿੱਖਿਆ ਯਕੀਨੀ ਕਰ ਕੇ ‘ਅੰਨਤੋਦਿਆ’ ਨੂੰ ਮੂਰਤ ਰੂਪ ਦੇਣ ਦੀ ਦਿਸ਼ਾ ਵਿਚ ਚੁੱਕਿਅਾ ਗਿਆ ਕਦਮ ਹੈ। ਦੂਜਾ, ਸ਼ਾਮਲ ਯਤਨਾਂ ਦੇ ਜ਼ਰੀਏ ਕੰਮ ਦੇ ਪ੍ਰਵਾਹ ਨਾਲ ਜੁੜੀਆਂ ਰਵਾਇਤੀ ਰੁਕਾਵਟਾਂ ਨੂੰ ਹਟਾ ਕੇ ਨਵੇਂ ਕੋਰਸ ਅਤੇ ਖੇਡਾਂ, ਸਰਗਰਮੀਆਂ ’ਤੇ ਅਾਧਾਰਿਤ ਮਸਤੀ ਨਾਲ ਪੜ੍ਹਾਈ ਦੇ ਨਾਲ ਬਚਪਨ ਵਿਚ ਦੇਖਭਾਲ ਅਤੇ ਸਿੱਖਿਆ ਦਿੱਤੀ ਜਾਵੇਗੀ। ਬੁਨਿਆਦੀ ਸਾਖਰਤਾ ਅਤੇ ਅੰਕ ਗਿਆਨ (ਨਿਊਮੇਰੇਸੀ) ਲਈ ਇਕ ਸਮਰਪਿਤ ਰਾਸ਼ਟਰੀ ਮਿਸ਼ਨ ਦੇ ਨਾਲ ਐੱਨ. ਈ. ਪੀ. 2020 ਸਿੱਖਣ ਦੇ ਇਕ ਸਭ ਤੋਂ ਮਹੱਤਵਪੂਰਨ ਫੇਜ਼ ਨੂੰ ਠੋਸ ਬਣਾਉਣ ਲਈ ਅਹਿਮ ਹੋਵੇਗੀ, ਜਿਸ ਨਾਲ ਸਿੱਖਿਆ ਦੀ ਬੁਨਿਆਦ ਨੂੰ ਮਜ਼ਬੂਤੀ ਮਿਲੇਗੀ।

ਤੀਜਾ, ਐੱਨ. ਈ. ਪੀ. ਇਕ ਤਰ੍ਹਾਂ ਨਾਲ ਪੁਰਾਣੀਆਂ ਪ੍ਰਥਾਵਾਂ ਅਤੇ ਸਿੱਖਿਆ ਸ਼ਾਸਤਰ ਤੋਂ ਇਕ ਰਵਾਨਗੀ ਵੱਲ ਇਸ਼ਾਰਾ ਕਰਦਾ ਹੈ। ਸਕੂਲਾਂ ਵਿਚ ਪਾਠਕ੍ਰਮ, ਵਾਧੂ ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਵਿਸ਼ਿਆਂ ਦਰਮਿਆਨ ਵੱਡੇ ਭੇਦ ਨੂੰ ਖਤਮ ਕਰਨਾ ਅਤੇ ਉਚੇਰੀ ਸਿੱਖਿਆ ਵਿਚ ਵੱਖ-ਵੱਖ ਪੱਧਰ ’ਤੇ ਨਾਮਾਂਕਨ ਅਤੇ ਉਚਿਤ ਪ੍ਰਮਾਣ-ਪੱਤਰ ਦੇ ਨਾਲ ਪਾਠਕ੍ਰਮ ਛੱਡਣ ਦੇ ਬਦਲ ਦੀ ਵਿਵਸਥਾ ਵਿਦਿਆਰਥੀਆਂ ਨੂੰ ਆਪਣੇ ਹਿੱਤਾਂ ਨੂੰ ਸਾਧਨ ਲਈ ਬਹੁਤ ਜ਼ਰੂਰੀ ਕਦਮ ਹੈ। ਨਵਾਂ ਪਾਠਕ੍ਰਮ, ਬਾਲਗ ਸਿੱਖਿਆ, ਆਜੀਵਨ ਸਿੱਖਣ ਅਤੇ ਉਹ ਦ੍ਰਿਸ਼ਟੀ, ਜੋ ਇਹ ਯਕੀਨੀ ਬਣਾਏਗੀ ਕਿ ਸਾਡੇ ਅੱਧੇ ਸਿਖਿਆਰਥੀਆਂ ਕੋਲ ਅਗਲੇ ਪੰਜ ਵਰ੍ਹਿਆਂ ਵਿਚ ਘੱਟ ਤੋਂ ਘੱਟ ਇਕ ਵੋਕੇਸ਼ਨਲ ਹੁਨਰ ਸਿੱਖਣ ਦਾ ਮੌਕਾ ਹੋਵੇਗਾ, ਰੱਟਾ ਮਾਰਨ ਵਾਲੀ ਵਿੱਦਿਆ ਤੋਂ ਸਿੱਖਿਆ ਨੂੰ ਪ੍ਰਯੋਗ ਵਿਚ ਲਿਆਉਣ ਵੱਲ ਬਦਲਾਅ ਦੀ ਵਿਸ਼ੇਸ਼ਤਾ ਹੈ। ਇਕ ਹੁਨਰ ਖਾਮੀ ਵਿਸ਼ਲੇਸ਼ਣ ਦੇ ਜ਼ਰੀਏ ਅਭਿਆਸ ਅਾਧਾਰਿਤ ਪਾਠਕ੍ਰਮ ਅਤੇ ਸਥਾਨਕ ਵੋਕੇਸ਼ਨਲ ਮਾਹਿਰਾਂ ਦੇ ਨਾਲ ਇੰਟਰਨਸ਼ਿਪ ਵਾਲੇ ਐੱਨ. ਈ. ਪੀ. 2020 ਦੀ ਲੋਕ ਵਿੱਦਿਆ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ਯਾਨੀ ਸਥਾਨਕ ਲਈ ਵੋਕਲ ਹੋਣ ਦੇ ਸੱਦੇ ਨੂੰ ਅੱਗੇ ਵਧਾਏਗੀ।

ਚੌਥਾ, ਨੀਤੀ ਆਯੋਗ ਦੀ ਸਬੂਤ-ਅਾਧਾਰਿਤ ਨੀਤੀ ਨੂੰ ਸਹਿਜ ਬਣਾਉਣ ਦੇ ਮੈਂਡੇਟ ਦੇ ਨਾਲ ਇਸ ਤੱਥ ’ਚ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਉਸ ’ਚ ਸੁਧਾਰ ਨਹੀਂ ਕੀਤਾ ਜਾ ਸਕਦਾ। ਅੱਜ ਤੱਕ ਭਾਰਤ ’ਚ ਸਿੱਖਣ ਦੇ ਪੱਧਰ ਦੇ ਨਿਯਮਿਤ, ਭਰੋਸੇਯੋਗ ਅਤੇ ਤੁਲਨਾ ਕਰਨਯੋਗ ਆਂਕਲਨ ਲਈ ਵਿਆਪਕ ਪ੍ਰਣਾਲੀ ਦੀ ਘਾਟ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਰਾਸ਼ਟਰੀ ਮੁਲਾਂਕਣ ਕੇਂਦਰ (ਰਾਸ਼ਟਰੀ ਪ੍ਰਦਰਸ਼ਨ, ਮੁਲਾਂਕਣ ਅਤੇ ਸਮੁੱਚੇ ਵਿਕਾਸ ਲਈ ਗਿਆਨ ਦੀ ਸਮੀਖਿਆ ਅਤੇ ਵਿਸ਼ਲੇਸ਼ਣ ਕੇਂਦਰ) ਦੀ ਸਥਾਪਨਾ ਕੀਤੀ ਗਈ ਹੈ, ਜਿਸ ਨੂੰ ਪਰਖ (ਪੀ. ਏ. ਆਰ. ਏ. ਕੇ. ਐੱਚ.) (PARAKH) (National Center for Performance Assessment, Review and Analysis of Knowledge for Holistic Development) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜੋ ਹੁਣ ਨਤੀਜੇ ਦੇਣ ਲੱਗਾ ਹੈ। ਸਿੱਖਣ ਦੀ ਪ੍ਰਕਿਰਿਆ ’ਤੇ ਲਗਾਤਾਰ ਨਿਗਰਾਨੀ, ਬੋਰਡ ਪ੍ਰੀਖਿਆ ’ਚ ਲਚਕੀਲਾਪਣ, ਵਿਚਾਰਕ ਮੁਲਾਂਕਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਯੁਕਤ ਡਾਟਾ ਸਿਸਟਮ ਸੁਧਾਰ ਦਾ ਸਹੀ ਸੰਚਾਲਨ ਕਰਨ ਅਤੇ ਜ਼ਰੂਰੀ ਪਾਠਕ੍ਰਮ ਸੁਧਾਰ ਕਰਨ ਦੇ ਨਾਲ-ਨਾਲ ਪੂਰੇ ਸੰਗਠਨ ਨੂੰ ਨਤੀਜਾ-ਮੁਖੀ ਬਣਾਉਣ (ਇਨਪੁੱਟਸ ਉੱਤੇ ਰਵਾਇਤੀ ਤੌਰ ’ਤੇ ਬਹੁਤ ਹੀ ਧਿਆਨ ਦੇਣ ਦੇ ਉਲਟ) ਅਤੇ ਵਿਵਸਥਾ ਤੰਦਰੁਸਤ ਜਾਂਚ ਪ੍ਰਣਾਲੀ ਮੁਹੱਈਅਾ ਕਰਵਾਉਣ ’ਚ ਕਾਫ਼ੀ ਮਹੱਤਵਪੂਰਨ ਹੋਣਗੇ।

ਪੰਜਵਾਂ, ਅਧਿਆਪਕ ਸਿੱਖਿਆ ਨੂੰ ਇਕ ਨਵੇਂ ਵਿਆਪਕ ਪਾਠਕ੍ਰਮ ਢਾਂਚੇ, ਬਹੁ-ਵਿਸ਼ੇ ਵਾਲੇ ਪ੍ਰੋਗਰਾਮਾਂ ਅਤੇ ਖ਼ਰਾਬ ਮਿਆਰਾਂ ਵਾਲੇ ਸੰਸਥਾਨਾਂ ਦੇ ਖ਼ਿਲਾਫ਼ ਸਖਤ ਕਾਰਵਾਈ ਦੇ ਨਾਲ ਨਵੇਂ ਸਿਰੇ ਤੋਂ ਸੋਚਿਆ ਗਿਆ ਹੈ। ਠੋਸ ਸੁਧਾਰਾਂ ਜ਼ਰੀਏ ਸਿੱਖਿਆ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਯੋਗਤਾ ਅਾਧਾਰਿਤ ਚੋਣ ਅਤੇ ਨਿਯੁਕਤੀ ਲਈ ਪਾਰਦਰਸ਼ੀ ਵਿਵਸਥਾਵਾਂ ਅਤੇ ਅਧਿਆਪਕ ਉਚਿਤਤਾ ਲਈ ਐੱਸ. ਈ. ਕਿਊ. ਆਈ. ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਅਧਿਆਪਕ ਤਬਾਦਲੇ ਅਤੇ ਨਿਯੋਜਨ ਲਈ ਅਾਨਲਾਈਨ ਪ੍ਰਣਾਲੀਆਂ ਦੀ ਸੰਸਥਾ ਹੀ ਬੁਨਿਆਦੀ ਸਾਬਤ ਹੋਵੇਗੀ ਤਾਂ ਕਿ ਸਹੀ ਸੰਸਥਾਨਾਂ ਵਿਚ ਸਹੀ ਅਧਿਆਪਕਾਂ ਨੂੰ ਯਕੀਨੀ ਕੀਤਾ ਜਾ ਸਕੇ।

ਛੇਵਾਂ, ਇਕ ਅਕਾਦਮਿਕ ਕ੍ਰੈਡਿਟ ਬੈਂਕ ਦਾ ਨਿਰਮਾਣ, ਖੋਜ ’ਤੇ ਜ਼ੋਰ, ਵਰਗੀਕ੍ਰਿਤ ਖੁਦਮੁਖਤਿਆਰੀ, ਅੰਤਰਰਾਸ਼ਟਰੀਕਰਨ ਅਤੇ ਵਿਸ਼ੇਸ਼ ਆਰਥਿਕ ਖੇਤਰਾਂ ਦਾ ਵਿਕਾਸ ਭਾਰਤ ਨੂੰ ਉਚੇਰੀ ਸਿੱਖਿਆ ਦੀ ਮੰਜ਼ਿਲ ਦੇ ਰੂਪ ਵਿਚ ਫਿਰ ਤੋਂ ਸਥਾਪਿਤ ਕਰਨ ਵਿਚ ਮਹੱਤਵਪੂਰਨ ਸਾਬਤ ਹੋਣਗੇ। ਇਸ ਤੋਂ ਇਲਾਵਾ ਬਹੁ-ਭਾਸ਼ੀ ਸਿੱਖਿਆ ਅਤੇ ਭਾਰਤ ਦੇ ਗਿਆਨ ਨੂੰ ਵਧਾਉਣ ਦੇ ਯਤਨ ਦਰਅਸਲ ਤਕਸ਼ਸ਼ਿਲਾ ਅਤੇ ਨਾਲੰਦਾ ਵਾਲੇ ਮਹਾਨ ਦਿਨਾਂ ਵਾਲੀ ਸਾਡੇ ਦੇਸ਼ ਦੀ ਵਿੱਦਿਅਕ ਵਿਰਾਸਤ ਨੂੰ ਫਿਰ ਤੋਂ ਬਹਾਲ ਕਰ ਸਕਦੇ ਹਨ। ਇਹ ਇਕ ਅਜਿਹੀ ਪ੍ਰਣਾਲੀ ਹੈ, ਜੋ ਆਧੁਨਿਕ ਹੈ ਪਰ ਫਿਰ ਵੀ ਜੜ੍ਹਾਂ ਨਾਲ ਜੁੜੀ ਹੋਈ ਹੈ, ਪੁਰਾਣੇ ਅਤੇ ਨਵੇਂ ਦੀ ਦਹਿਲੀਜ਼ ’ਤੇ ਬੈਠੀ ਹੈ।

ਸੱਤਵਾਂ, ਨਵੀਂ ਸਿੱਖਿਆ ਨੀਤੀ ਦਰਅਸਲ ਅਤਿਨਿਯਮਨ ਭਰੇ ਅਤੇ ਅੌਖੇ, ਵੱਖ-ਵੱਖ ਨਿਯਮਾਂ ਦੀ ਬਜਾਏ ਇਕ ਸਰਲੀਕ੍ਰਿਤ ਅਤੇ ਠੋਸ ਢਾਂਚੇ ਦੇ ਰੂਪ ਵਿਚ ਸ਼ਾਸਨ ਵਾਸਤੂਕਲਾ ਦੇ ਕਾਇਆ-ਪਲਟ ਦਾ ਪ੍ਰਤੀਕ ਹੈ। ਸਕੂਲ ਕੰਪਲੈਕਸ ਅਤੇ ਕਲੱਸਟਰ, ਡਲਿਵਰੀ ਬੁਨਿਆਦੀ ਢਾਂਚੇ ਲਈ ਕੁਸ਼ਲ ਸੰਸਾਧਨ ਉਪਲੱਬਧ ਕਰਵਾਉਣਗੇ। ਸਾਧਾਰਨ ਮਿਆਰ ਅਤੇ ਮਾਪਦੰਡ ਸਾਰੇ ਪੱਧਰਾਂ ’ਤੇ ਸੰਸਥਾਨਾਂ ਦੀ ਗੁਣਵੱਤਾ ਨੂੰ ਹੁਲਾਰਾ ਦੇਣਗੇ। ਉਚੇਰੀ ਸਿੱਖਿਆ ਲਈ ਇਕ ਸਿੰਗਲ ਰੈਗੂਲੇਟਰੀ ਸੰਸਥਾ ਨਿਊਨਤਮ, ਜ਼ਰੂਰੀ ਵਿਨਿਯਮਨ ਅਤੇ ਅਧਿਕਤਮ, ਪ੍ਰਭਾਵੀ ਸ਼ਾਸਨ ਦੇ ਇਕ ਪ੍ਰਾਰੂਪ ਦੇ ਰੂਪ ’ਚ ਕੰਮ ਕਰੇਗੀ। ਗੁਣਵੱਤਾ ਭਰੀ ਸਿੱਖਿਆ ਦਰਅਸਲ ਟਿਕਾਊ ਵਿਕਾਸ ਦਾ ਚੌਥਾ ਟੀਚਾ ਹੈ ਅਤੇ ਇਸ ਗੁਣਵੱਤਾ ਭਰੀ ਸਿੱਖਿਆ ਦੀ ਦਿਸ਼ਾ ਵਿਚ ਭਾਰਤ ਦੀ ਯਾਤਰਾ ਦੇ ਛਲਾਂਗ ਲਾਉਣ ਵਿਚ ਨਤੀਜਾ-ਕੇਂਦ੍ਰਿਤ ਪ੍ਰਮਾਣ ਮਹੱਤਵਪੂਰਨ ਸਾਬਤ ਹੋਵੇਗਾ।

‘ਐੱਨ. ਈ. ਪੀ. 2020’ ਨਿਸ਼ਚਿਤ ਤੌਰ ’ਤੇ ਸਹੀ ਦਿਸ਼ਾ ਵਿਚ ਇਕ ਸੁਆਗਤਯੋਗ ਕਦਮ ਹੈ, ਜੋ ਸਿੱਖਿਆ ਦੇ ਖੇਤਰ ਵਿਚ ‘ਨਵੀਂ ਸਾਧਾਰਨ ਸਥਿਤੀ’ ਵੱਲ ਸੰਕੇਤ ਕਰਦਾ ਹੈ ਅਤੇ ਜਿਸ ਵਿਚ ਡੂੰਘੇ ਚਿੰਤਨ-ਮਨਨ ਕਰਨ, ਅਨੁਭਵਮਈ ਗਿਆਨ ਪ੍ਰਾਪਤ ਕਰਨ, ਆਪਸੀ ਇੰਟਰੈਕਟਿਵ ਕਲਾਸਾਂ, ਏਕੀਕ੍ਰਿਤ ਅਧਿਆਪਨ ਅਤੇ ਯੋਗਤਾ ਜਾਂ ਸਮਰੱਥਾ ਅਾਧਾਰਿਤ ਸਿੱਖਿਆ ֹ’ਤੇ ਮੁੱਖ ਰੂਪ ਨਾਲ ਫੋਕਸ ਕੀਤਾ ਗਿਆ ਹੈ। ‘ਸਮਾਵੇਸ਼ੀ ਡਿਜੀਟਲ ਸਿੱਖਿਆ’ ਦਰਅਸਲ ਸਾਰੇ ਸੁਧਾਰ ਖੇਤਰਾਂ ਵਿਚ ਆਪਸੀ ਰੂਪ ਨਾਲ ਜੁੜੇ ਇਕ ਅਹਿਮ ਭਾਈਵਾਲ ਦੇ ਰੂਪ ਵਿਚ ਹੈ, ਜੋ ਚੌਥੀ ਉਦਯੋਗਿਕ ਕ੍ਰਾਂਤੀ ਦੀ ਦਿਸ਼ਾ ਵਿਚ ਭਾਰਤ ਦੀ ਯਾਤਰਾ ਨੂੰ ਨਵੀਂ ਅਤੇ ਤੇਜ਼ ਰਫ਼ਤਾਰ ਪ੍ਰਦਾਨ ਕਰੇਗੀ। ਇਹ ਅਸਲ ਵਿਚ ਇਕ ਬਹੁ-ਆਯਾਮੀ ਨੀਤੀ ਹੈ, ਜਿਸ ਨੂੰ ਭਾਰਤ ਵਿਚ, ਭਾਰਤ ਵਲੋਂ ਅਤੇ ਭਾਰਤ ਲਈ ਬਣਾਇਆ ਗਿਆ ਹੈ ਅਤੇ ਜੋ ਖੁਦਮੁਖਤਿਆਰੀ ਅਤੇ ਲੋੜੀਂਦੀ ਦਿਸ਼ਾ ਦਾ ਸਹੀ ਸੰਤੁਲਨ ਹੈ। ਇਸ ਦੇ ਸੁਧਾਰ ਤੱਤਾਂ ਦਾ ਸੰਦਰਭ ਨਿਸ਼ਚਿਤ ਤੌਰ ’ਤੇ ਅਹਿਮ ਹੋਵੇਗਾ।

ਜਿਵੇਂ ਕਿ ਹਰ ਕਿਸੇ ਨਵੀਂ ਨੀਤੀ ਦੇ ਨਾਲ ਹੁੰਦਾ ਹੈ, ਅਸਲੀ ਪ੍ਰੀਖਿਆ ਉਦੋਂ ਹੋਵੇਗੀ, ਜਦੋਂ ਇਸ ਨੀਤੀ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਐੱਨ. ਈ. ਪੀ. ਵਿਚ ਸ਼ਾਮਲ ਸੱਚੀ ਭਾਵਨਾ ਦੇ ਸਮਾਨ ਹੀ ਇਸ ਨੂੰ ਤੇਜ਼ ਅਤੇ ਪ੍ਰਭਾਵਕਾਰੀ ਤਰੀਕੇ ਨਾਲ ਲਾਗੂ ਕਰਨ ’ਤੇ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਨਵੀਆਂ ਅਤੇ ਹਾਂ-ਪੱਖੀ ਤਬਦੀਲੀਆਂ ਨਾਲ ਪਰਿਪੂਰਨ ਕਰ ਦੇਵੇਗੀ। ਆਪਣੀ ਨੌਜਵਾਨ ਆਬਾਦੀ ਦੀ ਪੂਰੀ ਸਮਰੱਥਾ ਦੀ ਸਹੀ ਵਰਤੋਂ ਕਰਦੇ ਹੋਏ ਇਕ ਸੁਦ੍ਰਿੜ੍ਹ ਸਿੱਖਿਆ ਪ੍ਰਣਾਲੀ ਜ਼ਰੀਏ ਭਾਰਤ ਨੇ ਖ਼ੁਦ ਨੂੰ ਸਹੀ ਮਾਅਨਿਆਂ ਵਿਚ ਇਕ ‘ਗਿਆਨ ਮਹਾਸ਼ਕਤੀ’ ਦੇ ਰੂਪ ਵਿਚ ਸਥਾਪਿਤ ਕਰਨ ਦੀ ਦਿਸ਼ਾ ਵਿਚ ਇਕ ਬੇਮਿਸਾਲ ਛਾਲ ਮਾਰੀ ਹੈ।

* ਲੇਖਕ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਨ। ਇਹ ਉਨ੍ਹਾਂ ਦੀ ਨਿੱਜੀ ਰਾਏ ਹੈ।

Bharat Thapa

This news is Content Editor Bharat Thapa