ਈਦ ਦਾ ਪੈਗਾਮ ਸਮਝਣ ਦੀ ਲੋੜ

05/14/2021 3:21:40 AM

ਰਿਜ਼ਵਾਨ ਅੰਸਾਰੀ

ਮੁਸਲਿਮਾਂ ਦੇ ਸਭ ਤੋਂ ਪਵਿੱਤਰ ਮਹੀਨੇ ’ਚੋਂ ਇਕ ਰਮਜ਼ਾਨ ਹੁਣ ਖਤਮ ਹੋ ਚੁੱਕਾ ਹੈ ਅਤੇ ਅੱਜ ਦੇਸ਼ ਭਰ ’ਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੂਰੇ ਮਹੀਨੇ ਰੋਜ਼ੇ ਰੱਖਣ ਦੀ ਖੁਸ਼ੀ ’ਚ ਰਮਜ਼ਾਨ ਖਤਮ ਹੁੰਦੇ ਹੀ ਹਰ ਸਾਲ ਇਸ ਮੌਕੇ ’ਤੇ ਈਦ ਮਨਾਈ ਜਾਂਦੀ ਹੈ ਪਰ ਪਿਛਲੇ ਸਾਲ ਵਾਂਗ ਇਸ ਸਾਲ ਵੀ ਈਦ ਦਾ ਇਹ ਪਵਿੱਤਰ ਤਿਉਹਾਰ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਗਿਆ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਸਮੇਤ ਕਈ ਸੂਬਿਆਂ ’ਚ ਲਾਕਡਾਊਨ ਹੋਣ ਨਾਲ ਇਸ ਸਾਲ ਵੀ ਈਦ ਦੀ ਨਮਾਜ਼ ਈਦਗਾਹ ਦੀ ਬਜਾਏ ਘਰਾਂ ’ਚ ਹੀ ਅਦਾ ਕਰਨੀ ਹੋਵੇਗੀ।

ਕੋਰੋਨਾ ਸੰਕਟ ਦੇ ਕਾਰਨ ਸਮਾਜਿਕ ਅਤੇ ਧਾਰਮਿਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਲਾ ਈਦ ਦਾ ਵਿਆਪਕ ਮਕਸਦ ਇਸ ਸਾਲ ਵੀ ਪੂਰਾ ਹੁੰਦਾ ਨਹੀਂ ਦਿਸ ਰਿਹਾ ਹੈ। ਇਸ ਦਿਨ ਲੋਕ ਗੁਆਂਢੀਆਂ ਅਤੇ ਦੋਸਤਾਂ ਨੂੰ ਘਰ ਸੱਦਦੇ ਹਨ ਅਤੇ ਉਨ੍ਹਾਂ ਨਾਲ ਗਲੇ ਮਿਲਦੇ ਹਨ ਪਰ ਕੋਰੋਨਾ ਦੀ ਦੂਸਰੀ ਲਹਿਰ ’ਚ ਵਧਦੇ ਸੰਕਟ ਦੇ ਕਾਰਨ ਇਹ ਸਭ ਕੁਝ ਫਿਰ ਤੋਂ ਸੰਭਵ ਨਹੀਂ ਹੋ ਸਕੇਗਾ। ਸਾਰੇ ਲੋਕ ਆਪਣੇ-ਆਪਣੇ ਘਰਾਂ ’ਚ ਰਹਿ ਕੇ ਲਾਕਡਾਊਨ ਦੀ ਪਾਲਣਾ ਕਰਨਗੇ, ਇਸ ਲਈ ਇਕ-ਦੂਸਰੇ ਨਾਲ ਮਿਲਣਾ-ਜੁਲਣਾ ਔਖਾ ਹੋਵੇਗਾ।

ਕਿਉਂਕਿ ਇਹ ਈਦ ਰਮਜ਼ਾਨ ਦੇ ਰੋਜ਼ੇ ਰੱਖਣ ਦੀ ਖੁਸ਼ੀ ’ਚ ਮਨਾਈ ਜਾਂਦੀ ਹੈ, ਇਸ ਲਈ ਇਸ ਈਦ ਨੂੰ ਖੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਦੀ ਰੌਣਕ ਦੇਖਦੇ ਹੀ ਬਣਦੀ ਹੈ। ਰਮਜ਼ਾਨ ਦੇ ਪੂਰੇ ਇਕ ਮਹੀਨੇ ਰੋਜ਼ੇ ਰੱਖਣ ਦੇ ਬਾਅਦ ਸਾਰਿਆਂ ਨੂੰ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਬੁੱਢੇ, ਬੱਚੇ, ਜਵਾਨ ਸਾਰੇ ਇਸ ਦਿਨ ਦੀ ਖੁਸ਼ੀ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ।

ਘਰ, ਮੁਹੱਲੇ, ਈਦਗਾਹ, ਮਸਜਿਦਾਂ ਸਜਾਈਆਂ ਜਾਂਦੀਆਂ ਹਨ। ਇਨ੍ਹਾਂ ਸਾਰਿਆਂ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਪਰ ਇਸ ਸਾਲ ਫਿਰ ਤੋਂ ਸਭ ਕੁਝ ਅਲੱਗ ਹੈ। ਨਾ ਕੋਈ ਸਜਾਵਟ ਹੋਵੇਗੀ ਅਤੇ ਨਾ ਹੀ ਕੋਈ ਰੌਣਕ। ਸਭ ਕੁਝ ਕੋਰੋਨਾ ਸੰਕਟ ਦੇ ਕਾਰਨ ਫਿੱਕਾ ਪੈ ਗਿਆ ਹੈ। ਫਿਰ ਵੀ ਇਸ ਗੱਲ ਨੂੰ ਨਹੀਂ ਭੁਲਾਇਆ ਜਾ ਸਕਦਾ ਕਿ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਇਸਲਾਮ ਦੀ ਸਿੱਖਿਆ ਬੇਹੱਦ ਪ੍ਰੇਰਕ ਹੈ। ਇਨ੍ਹਾਂ ਨਾਲ ਮੁਹੱਬਤ ਕਰਨ, ਉਨ੍ਹਾਂ ਦਾ ਖਿਆਨ ਰੱਖਣ ਅਤੇ ਉਨ੍ਹਾਂ ਦੀ ਇੱਜ਼ਤ ਰੱਖਣ ਦੀ ਸਿੱਖਿਆ ਇਸਲਾਮ ’ਚ ਦਿੱਤੀ ਜਾਂਦੀ ਹੈ।

ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਗੁਆਂਢੀ ਜਾਂ ਦੋਸਤ ਸਿਰਫ ਮੁਸਲਿਮ ਹੋਣ, ਇਹ ਕੋਈ ਜ਼ਰੂਰੀ ਨਹੀਂ ਹੈ। ਉਲੇਮਾ ਕਹਿੰਦੇ ਹਨ ਕਿ ਇਹ ਕਿਸੇ ਵੀ ਧਰਮ ਦੇ ਹੋਣ, ਤੁਸੀਂ ਉਨ੍ਹਾਂ ਨਾਲ ਉਹੀ ਸਲੂਕ ਕਰੋ ਜਿਸ ਦੀ ਸਿੱਖਿਆ ਇਸਲਾਮ ’ਚ ਦਿੱਤੀ ਗਈ ਹੈ। ਲਿਹਾਜ਼ਾ, ਜਦੋਂ ਈਦ ਆਉਂਦੀ ਹੈ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਹਿੰਦੂ-ਸਿੱਖ, ਇਸਾਈ ਆਦਿ ਦੋਸਤਾਂ ਨੂੰ ਆਪਣੇ ਘਰ ਸੱਦਦੇ ਹਨ। ਦਰਅਸਲ ਈਦ ਦੇ ਜਸ਼ਨ ਰਾਹੀਂ ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਇੱਥੋਂ ਹੀ ਨਿਕਲਿਆ ਹੈ ਪਰ ਇਸ ਈਦ ’ਤੇ ਇਹ ਸਭ ਕੁਝ ਸੰਭਵ ਨਹੀਂ ਹੋ ਸਕੇਗਾ।

ਇਨ੍ਹਾਂ ਸਾਰਿਆਂ ਦੇ ਬਾਵਜੂਦ ਸਾਨੂੰ ਮਾਯੂਸ ਹੋਣ ਦੀ ਲੋੜ ਨਹੀਂ। ਅਸੀਂ ਘਰ ਰਹਿ ਕੇ ਵੀ ਆਪਣੀਆਂ ਖੁਸ਼ੀਆਂ ’ਚ ਵਾਧਾ ਕਰ ਸਕਦੇ ਹਾਂ। ਇਹ ਸੱਚ ਹੈ ਕਿ ਅਸੀਂ ਇਸ ਵਾਰ ਗੁਆਂਢੀ ਅਤੇ ਦੋਸਤਾਂ ਨਾਲ ਨਾ ਤਾਂ ਗਲੇ ਮਿਲ ਸਕਾਂਗੇ ਅਤੇ ਨਾ ਹੀ ਉਨ੍ਹਾਂ ਨੂੰ ਦਾਅਵਤ ’ਤੇ ਘਰ ਬੁਲਾ ਸਕਾਂਗੇ ਪਰ ਇਸ ਦਾ ਬਦਲ ਇਹ ਹੈ ਕਿ ਅਸੀਂ ਆਪਣੇ ਖਾਸ ਲੋਕਾਂ ਨਾਲ ਫੋਨ ਰਾਹੀਂ ਸੰਪਰਕ ਕਰੀਏ। ਉਨ੍ਹਾਂ ਨੂੰ ਈਦ ਦੀ ਵਧਾਈ ਦੇ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛੀਏ। ਸਮਾਜਿਕ ਭਾਈਚਾਰੇ ਦੀ ਦਿਸ਼ਾ ’ਚ ਇਹ ਇਕ ਵਧੀਆ ਕੋਸ਼ਿਸ਼ ਹੋਵੇਗੀ। ਸਮਾਜ ਪ੍ਰਤੀ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਜਦੋਂ ਹਰ ਤਰ੍ਹਾਂ ਦੀਆਂ ਸਮਾਜਿਕ ਸਰਗਰਮੀਆਂ ’ਤੇ ਪਾਬੰਦੀਆਂ ਲੱਗੀਆਂ ਹਨ ਤਦ ਅਸੀਂ ਲੋਕਾਂ ਨਾਲ ਜੁੜਨ ਦਾ ਕੋਈ ਮੌਕਾ ਨਾ ਗੁਆਈਏ। ਅਜਿਹਾ ਕਰ ਕੇ ਈਦ ਦੇ ਮੌਕੇ ’ਤੇ ਇਕ-ਦੂਸਰੇ ਨਾਲ ਨਾ ਮਿਲਣ ਦੀ ਤਕਲੀਫ ਤਾਂ ਘੱਟ ਹੋਵੇਗੀ ਹੀ, ਨਾਲ ਹੀ ਅਸੀਂ ਇਕ-ਦੂਸਰੇ ਦਾ ਭਰੋਸਾ ਵੀ ਜਿੱਤ ਸਕਾਂਗੇ।

ਦੂਸਰੇ ਪਾਸੇ, ਇਸ ਈਦ ’ਤੇ ਅਸੀਂ ਵੱਧ ਤੋਂ ਵੱਧ ਗਰੀਬਾਂ ਅਤੇ ਭੁੱਖਿਆਂ ਦੇ ਮਦਦਗਾਰ ਬਣ ਸਕਦੇ ਹਾਂ। ਆਮ ਤੌਰ ’ਤੇ ਈਦ ਦੇ ਮੌਕੇ ’ਤੇ ਗਰੀਬਾਂ ਦੀ ਕੱਪੜੇ ਅਤੇ ਪੈਸੇ ਨਾਲ ਮਦਦ ਕੀਤੀ ਜਾਂਦੀ ਹੈ। ਇਸ ਵਾਰ ਜਦੋਂ ਸਾਡੀ ਈਦ ਕਾਫੀ ਸਾਦਗੀ ਨਾਲ ਮਨਾਈ ਜਾ ਰਹੀ ਹੈ, ਤਦ ਸਾਨੂੰ ਸਰੀਰਕ ਦੂਰੀ ਦਾ ਖਿਆਲ ਰੱਖਦੇ ਹੋਏ ਇਨ੍ਹਾਂ ਗਰੀਬਾਂ ਦੇ ਘਰ-ਘਰ ਖਾਣਾ ਪਹੁੰਚਾਉਣਾ ਹੈ। ਰਮਜ਼ਾਨ ’ਚ ਜਕਾਤ ਅਤੇ ਫਿਤਰਾ (ਇਕ ਤਰ੍ਹਾਂ ਦਾ ਦਾਨ) ਦੀ ਧਾਰਨਾ ਇਨ੍ਹਾਂ ਗਰੀਬਾਂ ਦੇ ਦੁੱਖ-ਦਰਦ ’ਚ ਸ਼ਾਮਲ ਹੋਣ ਦਾ ਇਕ ਵਸੀਲਾ ਹੈ।

ਸਾਰੀਆਂ ਪਾਬੰਦੀਆਂ ਦੇ ਬਾਅਦ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ’ਚ ਕੋਈ ਕਮੀ ਨਹੀਂ ਆਵੇਗੀ। ਦੁਆ ’ਚ ਅਸੀਂ ਆਪਣੇ ਵੱਡੇ-ਬਜ਼ੁਰਗਾਂ ਲਈ ਖੂਬ ਦੁਆ ਕਰੀਏ। ਆਪਣੇ ਗਰੀਬ ਗੁਆਂਢੀਆਂ ਨੂੰ ਵੀ ਦੁਆ ’ਚ ਯਾਦ ਰੱਖੀਏ। ਲਾਕਡਾਊਨ ਕਾਰਨ ਲੱਖਾਂ ਗਰੀਬ ਅਤੇ ਮਜ਼ਦੂਰ ਕਈ ਤਰ੍ਹਾਂ ਦੇ ਸੰਕਟ ’ਚੋਂ ਲੰਘ ਰਹੇ ਹਨ। ਕੋਈ ਕੋਰੋਨਾ ਨਾਲ ਪੀੜਤ ਹੈ, ਤਾਂ ਕੋਈ ਭੁੱਖਾ ਹੈ। ਲਿਹਾਜ਼ਾ, ਇਨ੍ਹਾਂ ਦੀ ਸਲਾਮਤੀ ਲਈ ਖੂਬ ਦੁਆ ਕਰਨ ਦੀ ਲੋੜ ਹੈ।

ਦਰਅਸਲ ਈਦ ਦਾ ਸੰਦੇਸ਼ ਵਿਆਪਕ ਹੈ। ਇਹ ਗਰੀਬ-ਅਮੀਰ ਅਤੇ ਆਪਣੇ-ਪਰਾਏ ਸਾਰਿਆਂ ਨਾਲ ਬਿਨਾਂ ਮਜ਼੍ਹਬ ਦਾ ਫਰਕ ਕੀਤੇ ਅਮਨ ਅਤੇ ਸ਼ਾਂਤੀ ਨਾਲ ਗੁਜ਼ਾਰਾ ਕਰਨ ਦਾ ਸੰਦੇਸ਼ ਵੀ ਹੈ। ਇਸ ਨੂੰ ਅਪਣਾ ਕੇ ਜ਼ਿੰਦਗੀ ’ਚ ਅੱਗੇ ਵਧਣ ਨਾਲ ਆਪਸੀ ਦੂਰੀਆਂ ਮਿੱਟਦੀਆਂ ਹਨ ਅਤੇ ਵਿਅਕਤੀ ’ਚ ਮਨੁੱਖਤਾ ਪ੍ਰਤੀ ਝੁਕਾਅ ਵੱਧ ਜਾਂਦਾ ਹੈ।

ਸਾਨੂੰ ਭਾਈਚਾਰੇ ਦੇ ਸੰਦੇਸ਼ ਨੂੰ ਇਸ ਤਰ੍ਹਾਂ ਧਾਰਨ ਕਰਨ ਦੀ ਲੋੜ ਹੈ ਕਿ ਉਹ ਨਿੱਜੀ ਤੌਰ ’ਤੇ ਜਾਂ ਸਮਾਜਿਕ ਤੌਰ ’ਤੇ ਲੰਬੇ ਸਮੇਂ ਤੱਕ ਅਸਰ ਪਾਵੇ। ਇਕ ਅਜਿਹੇ ਸਮੇਂ ’ਚ ਜਦੋਂ ਪੂਰਾ ਦੇਸ਼ ਆਜ਼ਾਦੀ ਤੋਂ ਬਾਅਦ ਦੇ ਸੰਕਟ ਦੇ ਸਭ ਤੋਂ ਵੱਡੇ ਦੌਰ ’ਚੋਂ ਲੰਘ ਰਿਹਾ ਹੈ, ਤਦ ਦੇਸ਼ ਨੂੰ ਈਦ ਦੇ ਇਸ ਪੈਗਾਮ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ।

Bharat Thapa

This news is Content Editor Bharat Thapa