ਪੰਜਾਬ ਵਿਰੋਧੀ ਫਿਰਕੂ ਤਾਕਤਾਂ ਤੋਂ ਬਚਣ ਦੀ ਲੋੜ

12/27/2021 3:53:28 AM

ਮੰਗਤ ਰਾਮ ਪਾਸਲਾ 
ਸਿੱਖ ਧਰਮ ਦੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 18 ਦਸੰਬਰ ਨੂੰ ਇਕ ਸਿਰਫਿਰੇ ਗੈਰ-ਸਮਾਜੀ ਤੱਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅੱਤ ਦੀ ਅਨਾਦਰ ਭਰੀ ਕਾਰਵਾਈ ਕੀਤੀ ਗਈ, ਜਿਸ ਦਾ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਡਾਢਾ ਕਸ਼ਟ ਹੋਇਆ। ਗੁੱਸੇ ’ਚ ਆਏ ਲੋਕਾਂ ਵਲੋਂ ਦੋਸ਼ੀ ਨੂੰ ਮੌਕੇ ’ਤੇ ਹੀ ਮਾਰ ਦਿੱਤਾ ਗਿਆ। ਅਗਲੇ ਦਿਨ ਕਪੂਰਥਲਾ ਜ਼ਿਲੇ ਦੇ ਇਕ ਧਾਰਮਿਕ ਅਸਥਾਨ ਉਪਰ ਬੇਅਦਬੀ ਕਰਨ ਦੀ ਸ਼ੰਕਾ ਹੇਠ ਇਕ ਹੋਰ ਵਿਅਕਤੀ ਦੀ ਗੁੱਸਾਈ ਹਜ਼ੂਮ ਨੇ ਹੱਤਿਆ ਕਰ ਦਿੱਤੀ। ਇਸੇ ਤਰ੍ਹਾਂ ਦੀ ਹਿੰਦੂ ਧਰਮ ਗ੍ਰੰਥਾਂ ਦੀ ਬੇਅਦਬੀ ਵਾਲੀ ਮੰਦਭਾਗੀ ਘਟਨਾ 21 ਦਸੰਬਰ ਨੂੰ ਲੁਧਿਆਣਾ ਵਿਖੇ ਵਾਪਰੀ। ਇਸ ਘਟਨਾ ਦੇ ਅਗਲੇ ਹੀ ਦਿਨ ਲੁਧਿਆਣਾ ਦੀ ਕਚਹਿਰੀ ਵਿਚ ਹੋਏ ਇਕ ਬੰਬ ਧਮਾਕੇ ਵਿਚ ਇਕ ਦੀ ਜਾਨ ਚਲੀ ਗਈ ਅਤੇ ਕੁਝ ਲੋਕੀਂ ਜ਼ਖ਼ਮੀ ਵੀ ਹੋਏ ਹਨ।

ਇਸ ਵਾਰਦਾਤ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਦੇਸ਼ ਵਿਰੋਧੀ ਤਾਕਤਾਂ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ।

ਕਿਸੇ ਵੀ ਧਾਰਮਿਕ ਗ੍ਰੰਥ ਜਾਂ ਧਾਰਮਿਕ ਸਥਾਨ ਪ੍ਰਤੀ ਬੇਅਦਬੀ ਦੀਆਂ ਨਿੰਦਣਯੋਗ ਘਟਨਾਵਾਂ ਜਾਂ ਤਾਂ ਅਚੇਤ ਰੂਪ ’ਚ ਕਿਸੇ ਪਾਗਲ ਜਾਂ ਸਮਾਜ ਵਿਰੋਧੀ ਸ਼ਰਾਰਤੀ ਤੱਤਾਂ ਵਲੋਂ ਕੀਤੀਆਂ ਜਾ ਸਕਦੀਆਂ ਹਨ ਤੇ ਜਾਂ ਫਿਰ ਜਾਬਰ ਸੱਤਾ ਤੇ ਫਿਰਕੂ ਜਨੂੰਨੀਆਂ ਵਲੋਂ ਲੁੱਟ-ਖਸੁੱਟ ਦੇ ਆਪਣੇ ਰਾਜ ਦੀ ਉਮਰ ਲੰਮੇਰੀ ਕਰਨ ਤੇ ਸਮਾਜ ’ਚ ਫਿਰਕੂ ਧਰੁਵੀਕਰਨ ਕਰਨ ਹਿੱਤ ਸਰਕਾਰੀ ਏਜੰਸੀਆਂ ਵਲੋਂ ਆਪਣੇ ਏਜੰਟਾਂ ਰਾਹੀਂ ਕਰਵਾਈਆਂ ਜਾਂਦੀਆਂ ਹਨ। ਸਥਾਪਤੀ ਦੇ ਜ਼ੁਲਮਾਂ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ’ਚ ਪਾੜਾ ਪਾਉਣ ਦਾ ਹਾਕਮ ਜਮਾਤਾਂ ਦਾ ਇਹ ਇਕ ਪਰਖਿਆ ਹੋਇਆ ਹਥਿਆਰ ਹੈ। ਬਿਨਾਂ ਸ਼ੱਕ ਉਪਰੋਕਤ ਘਟਨਾਵਾਂ ਦੂਸਰੇ ਮੰਤਵ ਨਾਲ ਸੰਬੰਧਤ ਜਾਪਦੀਆਂ ਹਨ। ਜੇਕਰ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕਾਰਵਾਈ ਕਰਨ ਵਾਲੇ ਨੂੰ ਜਿਊਂਦੇ ਫੜ ਕੇ ਤਫਤੀਸ਼ ਕੀਤੀ ਜਾਂਦੀ, ਤਾਂ ਲਾਜ਼ਮੀ ਤੌਰ ’ਤੇ ਸੱਚ ਜਗ ਜ਼ਾਹਿਰ ਹੋ ਸਕਦਾ ਸੀ, ਜਿਸ ਨਾਲ ਛੁਪੀਆਂ ਹੋਈਆਂ ਦੋਸ਼ੀ ਧਿਰਾਂ ਨੂੰ ਲੋਕਾਂ ਸਾਹਮਣੇ ਬੇਪਰਦ ਕਰਨ ’ਚ ਮਦਦ ਮਿਲਦੀ।

ਮੋਦੀ ਸਰਕਾਰ ਦੀ ਪੁਸ਼ਤਪਨਾਹੀ ਹੇਠਾਂ ਸੰਘ ਪਰਿਵਾਰ ਵਲੋਂ ਜਿਸ ਢੰਗ ਨਾਲ ਦੇਸ਼ ਅੰਦਰ ਫਿਰਕਾਪ੍ਰਸਤੀ ਤੇ ਨਫਰਤ ਫੈਲਾਈ ਜਾ ਰਹੀ ਹੈ ਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਹਿੰਸਕ ਹਮਲੇ ਕੀਤੇ ਜਾ ਰਹੇ ਹਨ, ਉਸ ਨਾਲ ਸਮੁੱਚੇ ਸਮਾਜ ’ਚ ਸੌੜਾਪਣ ਤੇ ਅਸਹਿਣਸ਼ੀਲਤਾ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁਰੂਆਤੀ ਦੌਰ ’ਚ ਪਹਿਲਾਂ ਮੁਸਲਮਾਨ ਭਾਈਚਾਰੇ ਵਿਰੁੱਧ ਕੂੜ ਪ੍ਰਚਾਰ ਰਾਹੀਂ ਨਫਰਤ ਦਾ ਮਹੌਲ ਸਿਰਜਣ ਦਾ ਯਤਨ ਕੀਤਾ ਗਿਆ। ਹੁਣ ਈਸਾਈਆਂ ਵਿਰੁੱਧ ਯੋਜਨਾਬੱਧ ਹਮਲਿਆਂ ਨੂੰ ਤੇਜ਼ ਹੀ ਨਹੀਂ ਕੀਤਾ ਗਿਆ, ਬਲਕਿ ਸੱਜੇ ਪੱਖੀ ਹਿੰਦੂ ਸੰਗਠਨਾਂ ਵਲੋਂ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਚ ਜ਼ਬਰਦਸਤੀ ਦਾਖਲ ਹੋ ਕੇ ਖਰੂਦ ਮਚਾਇਆ ਜਾਂਦਾ ਹੈ।

ਧਾਰਮਿਕ ਘੱਟਗਿਣਤੀਆਂ ਅੰਦਰ ਡਰ ਤੇ ਅਸੁਰੱਖਿਆ ਦਾ ਮਾਹੌਲ ਸਿਰਜਣ ਵਾਸਤੇ ਕਈ ਭਾਜਪਾ ਸ਼ਾਸਿਤ ਪ੍ਰਾਂਤਾਂ ਅੰਦਰ ਕਾਨੂੰਨ ਬਣਾਏ ਜਾ ਰਹੇ ਹਨ। ਪ੍ਰਸ਼ਾਸਨ ਸ਼ਰਾਰਤੀ ਲੋਕਾਂ ਦੀਆਂ ਹਿੰਸਕ ਕਾਰਵਾਈਆਂ ਨੂੰ ਤਮਾਸ਼ਬੀਨ ਬਣ ਕੇ ਤੱਕਦਾ ਰਹਿੰਦਾ ਹੈ। ਪੰਜਾਬੀਆਂ ਨੇ ਇਸ ਤਰ੍ਹਾਂ ਦਾ ਹਿੰਸਕ ਮਾਹੌਲ ਪਿਛਲੀ ਸਦੀ ਦੇ ਨੌਵੇਂ ਤੇ ਦਸਵੇਂ ਦਹਾਕਿਆਂ ਦੌਰਾਨ ਆਪਣੀਆਂ ਅੱਖਾਂ ਨਾਲ ਤੱਕਿਆ ਹੈ, ਜਦੋਂ ਸੜਕਾਂ ’ਤੇ ਬੇਗੁਨਾਹਾਂ ਦੇ ਕਤਲ ਕੀਤੇ ਜਾਣਾ ਆਮ ਵਰਤਾਰਾ ਬਣ ਗਿਆ ਸੀ। ਉਸ ਸਮੇਂ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਲਈ ਬੇਅਦਬੀ ਦੀਆਂ ਘਟਨਾਵਾਂ ਵੀ ਨਿਤਾਪ੍ਰਤੀ ਦੀ ਖੇਡ ਬਣ ਗਈ ਸੀ। ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਦਾ ਹਮਲਾ ਤੇ ਦਿੱਲੀ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਸਿੱਖਾਂ ਦਾ ਕਤਲੇਆਮ ਇਸੇ ਦੁਖਾਂਤ ਦੀ ਕੜੀ ਹੈ।

ਮੁੱਠੀ ਭਰ ਫਿਰਕੂ ਅੱਤਵਾਦੀ ਤੱਤਾਂ ਦੀਆਂ ਹਿੰਸਕ ਕਾਰਵਾਈਆਂ ਤੇ ਭਾਰਤੀ ਹਾਕਮਾਂ ਦੀ ਅਜਿਹੇ ਦੁਖਾਂਤ ਤੋਂ ਰਾਜਸੀ ਖੱਟੀ ਕਮਾਈ ਕਰਨ ਦੀ ਲਾਲਸਾ ਨੇ ਦੇਸ਼ ਭਰ ’ਚ ਪੰਜਾਬੀਆਂ, ਖਾਸ ਕਰ ਸਿੱਖਾਂ ਪ੍ਰਤੀ ਵੱਡੇ ਸ਼ੰਕੇ ਖੜ੍ਹੇ ਕਰ ਦਿੱਤੇ ਸਨ। ਹਾਕਮ ਧਿਰਾਂ ਦੀਆਂ ਰਾਜਨੀਤਕ ਪਾਰਟੀਆਂ ਤੇ ਆਗੂਆਂ ਨੇ ਉਪਰੋਕਤ ਦੁਖਾਂਤ ਦੇ ਬੁਨਿਆਦੀ ਕਾਰਨਾਂ ਤੇ ਇਸ ਲਈ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਕਰਨ ਲਈ ਗੰਭੀਰਤਾ ਨਾਲ ਘੋਖ ਕਰਨ ਦੀ ਥਾਂ ਹਰ ਘਟਨਾ ਨੂੰ ਅੰਤਰਮੁਖੀ ਸੰਕੀਰਨਵਾਦੀ ਪਹੁੰਚ ਨਾਲ ਮਾਪਣ ਦਾ ਯਤਨ ਕੀਤਾ। ਸਿੱਟੇ ਵਜੋਂ ਸਥਿਤੀ ’ਚ ਸੁਧਾਰ ਹੋਣ ਦੀ ਜਗ੍ਹਾ ਹੋਰ ਗਿਰਾਵਟ ਆਉਂਦੀ ਗਈ ਤੇ ਹਾਕਮ ਧਿਰਾਂ ਸਮਾਜ ਅੰਦਰ ਇਸ ਦੁਖਾਂਤਕ ਘਟਨਾਕ੍ਰਮ ਨੂੰ ਖਚਰੀਆਂ ਨਜ਼ਰਾਂ ਨਾਲ ਤੱਕਦੀਆਂ ਰਹੀਆਂ।

ਸਮਾਂ ਵੱਡੇ ਤੋਂ ਵੱਡੇ ਜ਼ਖ਼ਮਾਂ ਦੀ ਭਰਪਾਈ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਫਿਰ ਉਸ ਖਿੱਤੇ ਦੇ ਲੋਕ ਜਿਥੇ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਰਹਿਬਰਾਂ ਦੀ ਮਾਨਵੀ ਸਰੋਕਾਰਾਂ ਨਾਲ ਭਰਪੂਰ ਬਾਣੀ ਦੀ ਰਚਨਾ ਹੋਈ ਹੋਵੇ ਤੇ ਸਾਂਝੀਵਾਲਤਾ, ਬਰਾਬਰਤਾ ਤੇ ਮਨੁੱਖੀ ਆਜ਼ਾਦੀ ਦੀ ਗਾਰੰਟੀ ਕਰਨ ਵਾਲੇ ਸਮਾਜ ਦੀ ਸਿਰਜਣਾ ਕਰਨ ਦੀ ਤਾਂਘ ਨੂੰ ਯਥਾਰਥ ’ਚ ਬਦਲਣ ਵਾਸਤੇ ਮਾਣਮੱਤੀਆਂ ਲਹਿਰਾਂ ਦਾ ਉਦੈ ਹੋਇਆ ਹੋਵੇ, ਉਥੇ ਸਮਾਜ ਨੂੰ ਮੁੜ ਤੋਂ ਇਕਸੁਰ ਕਰਨ ਲਈ ਆਪ ਮੁਹਾਰੀ ਤਕਨੀਕ ਵੀ ਹਮੇਸ਼ਾ ਗਤੀਸ਼ੀਲ ਰਹਿੰਦੀ ਹੈ।

ਇਸ ਸਦੀ ਦੇ ਅਾਰੰਭ ’ਚ ਹੀ ਮੁੜ ਪੰਜਾਬ ਦੇ ਜੰਮਪਲਾਂ ਨੇ ਹੱਕ, ਸੱਚ ਤੇ ਇਨਸਾਫ ਲਈ ਸੰਘਰਸ਼ਮਈ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। 2019-20 ਦੇ ਦੇਸ਼ਵਿਆਪੀ ਕਿਸਾਨ ਸੰਘਰਸ਼ ਦਾ ਸ਼੍ਰੀਗਣੇਸ਼ ਪੰਜ ਪਾਣੀਆਂ ਦੀ ਧਰਤੀ ਤੋਂ ਹੀ ਹੋਇਆ, ਜਿਸਨੇ ਲੋਕਾਂ ਦੇ ਮਨਾਂ ਅੰਦਰ ਪੰਜਾਬੀਆਂ, ਖਾਸ ਕਰ ਸਿੱਖਾਂ ਦੀ ਵਿਗੜੀ ਤਸਵੀਰ ਨੂੰ ਮੁੜ ਤੋਂ ਖਿੱਚ ਭਰਪੂਰ, ਲੋਕਾਂ ਤੋਂ ਮਰ ਮਿਟਣ ਵਾਲੀ ਕੁਰਬਾਨੀਆਂ ਦੀ ਪੁੰਜ ਤੇ ਮਾਨਵੀ ਕਦਰਾਂ-ਕੀਮਤਾਂ ਦੀ ਅਲੰਬਰਦਾਰ ਬਣਾ ਕੇ ਸੁਸ਼ੋਭਿਤ ਕਰ ਦਿੱਤਾ। ਪੰਜਾਬ ਦੇ ਲੋਕ ਮੁੜ ਤੋਂ ਬਰਾਬਰਤਾ, ਭਾਈਚਾਰਕ ਸਾਂਝ, ਮੁਹੱਬਤ ਤੇ ਦੂਸਰਿਆਂ ਤੋਂ ਆਪਾ ਵਾਰਨ ਵਾਲੇ ਸ਼ੌਦਾਈ ਸਮਝੇ ਜਾਣ ਲੱਗ ਗਏ। ਅੰਦੋਲਨ ਦੌਰਾਨ ਗੁਆਂਢੀ ਰਾਜਾਂ ਦੇ ਲੋਕਾਂ ਨਾਲ ਜਿਸ ਤਰ੍ਹਾਂ ਦੀਆਂ ਗੱਲਵਕੜੀਆਂ ਪੰਜਾਬੀਆਂ ਨੇ ਪਾਈਆਂ, ਉਸਨੇ ਵੱਖ-ਵੱਖ ਪ੍ਰਾਂਤਾਂ, ਧਰਮਾਂ ਤੇ ਜਾਤੀਆਂ ਦੇ ਲੋਕਾਂ ’ਚ ਪਈਆਂ ਤ੍ਰੇੜਾਂ ਦੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਭਰਪਾਈ ਕਰ ਦਿੱਤੀ।

ਹਕੀਕਤ ’ਚ ਇਸ ਜਜ਼ਬੇ ਤੋਂ ਹੀ ਅੱਜ ਦੇ ਭਾਰਤੀ ਹੁਕਮਰਾਨ ਪ੍ਰੇਸ਼ਾਨ ਹਨ, ਕਿਉਂਕਿ ਉਹ ਉਪਰੋਕਤ ਗੁਣਾਂ ਦੇ ਧਾਰਨੀ ਲੋਕਾਂ ਦੀਆਂ ਇੱਛਾਵਾਂ ਦੇ ਉਲਟ ਦੇਸ਼ ਭਰ ’ਚ ਇਕ ਫਿਰਕੂ ਤੇ ਸੌੜੇ ਵਿਚਾਰਾਂ ਦੀ ਚਾਸ਼ਨੀ ਚੜ੍ਹਿਆ ਦੁਸ਼ਮਣੀ ਭਰਿਆ ਮਾਹੌਲ ਸਿਰਜਣ ਦੀ ਤਾਕ ’ਚ ਬੈਠੇ ਹਨ। ਕਿਸਾਨ ਅੰਦੋਲਨ ਦੀ ਜਿੱਤ ਦੇ ਜਲੌਅ ਨੂੰ ਉਹ ਕੱਟੜਵਾਦੀ ਸੋਚਾਂ ਤੇ ਬੇਅਦਬੀ ਵਰਗੀਆਂ ਘਟਨਾਵਾਂ ਰਾਹੀਂ ਮੱਧਮ ਕਰਨਾ ਲੋਚਦੇ ਹਨ। ਪਿਛਲੇ ਦਿਨਾਂ ਅੰਦਰ ਧਾਰਮਿਕ ਗੰ੍ਰਥਾਂ ਤੇ ਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਨ੍ਹਾਂ ਦੇ ਪ੍ਰਤੀਕਰਮ ਵਜੋਂ ਉਤੇਜਿਤ ਲੋਕਾਂ ਵਲੋਂ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਕਾਰਵਾਈਆਂ ਸੱਜੇ ਪੱਖੀ ਵਿਚਾਰਧਾਰਾ ਨਾਲ ਲੈਸ ਹੁਕਮਰਾਨਾਂ ਤੇ ਉਨ੍ਹਾਂ ਦੀ ਸੇਵਾ ਹਿੱਤ ਕੰਮ ਕਰ ਰਹੀਆਂ ਫਿਰਕੂ ਸ਼ਕਤੀਆਂ ਦੀ ਵੱਡੀ ਸਾਜ਼ਿਸ਼ ਦੀ ਕੜੀ ਵਜੋਂ ਵਾਚਣ ਦੀ ਲੋੜ ਹੈ।

ਇਨ੍ਹਾਂ ਘਟਨਾਵਾਂ ਪਿੱਛੇ ਰੰਗ-ਬਿਰੰਗੇ ਫਿਰਕੂ ਜਨੂੰਨੀ ਤੱਤਾਂ ਦੇ ਨਾਲ-ਨਾਲ ਭਾਰਤ ਦੁਸ਼ਮਣ ਵਿਦੇਸ਼ੀ ਸ਼ਕਤੀਆਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਹਰ ਇਨਸਾਨ ਦਾ ਹਿਰਦਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਧਾਰਮਿਕ ਸਥਾਨ ਵਾਲੀ ਬੇਅਦਬੀ ਦੀ ਕਾਰਵਾਈ ਨਾਲ ਡਾਢਾ ਦੁਖੀ ਹੁੰਦਾ ਹੈ ਪ੍ਰੰਤੂ ਜੇਕਰ ਅਸੀਂ ਅਜਿਹੇ ਦੁਖਾਂਤਕ ਵਰਤਾਰੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਤੈਸ਼ ’ਚ ਦੋਸ਼ੀਆਂ ਨੂੰ ਮਾਰਨ ਦਾ ਰਾਹ ਤਿਆਗ ਕੇ ਉਸ ਤੋਂ ਪੁੱਛ ਪੜਤਾਲ ਰਾਹੀਂ ਸੱਚ ਜਾਣਨ ਦੀ ਵਿਧੀ ਅਪਣਾਉਣੀ ਚਾਹੀਦੀ ਹੈ। ਦੇਸ਼ ਪੱਧਰ ’ਤੇ ‘ਭੀੜ ਤੰਤਰ’ ਵਲੋਂ ਹੱਤਿਆਵਾਂ ਕਰਨ ਦਾ ਸਿਲਸਿਲਾ ਸਮੁੱਚੇ ਸਮਾਜ ਤੇ ਖਾਸ ਤੌਰ ’ਤੇ ਧਾਰਮਿਕ ਘੱਟਗਿਣਤੀਆਂ, ਔਰਤਾਂ ਤੇ ਦਲਿਤਾਂ ਲਈ ਬਹੁਤ ਹੀ ਘਾਟੇਵੰਦਾ ਤੇ ਗੈਰ-ਸੰਵਿਧਾਨਕ ਹੈ।

ਪੰਜਾਬ ਵਿਰੋਧੀ ਫਿਰਕੂ ਤਾਕਤਾਂ ਨੂੰ ਵੀ ਸਾਡੇ ਸ਼ਾਨਦਾਰ ਕਿਰਦਾਰ ਪ੍ਰਤੀ ਕਈ ਕਿਸਮ ਦੇ ਸ਼ੰਕੇ ਖੜ੍ਹੇ ਕਰਨ ਦਾ ਮੌਕਾ ਮਿਲ ਜਾਂਦਾ ਹੈ, ਜਿਸ ਤੋਂ ਹਰ ਹਾਲਤ ’ਚ ਬਚਣ ਦੀ ਜ਼ਰੂਰਤ ਹੈ। ਸਮੂਹ ਇਨਸਾਫਪਸੰਦ ਲੋਕਾਂ, ਵਿਦਵਾਨਾਂ, ਕਲਮਕਾਰਾਂ ਤੇ ਸਮਾਜਿਕ ਖੇਤਰ ਦੇ ਸਰਗਰਮ ਸੰਗਠਨਾਂ ਨੂੰ ਦੇਸ਼ ਦੇ ਧਰਮ ਨਿਰਪੱਖ ਤੇ ਲੋਕਰਾਜੀ ਢਾਂਚੇ ਦੀ ਰਾਖੀ ਤੇ ਫਿਰਕੂ ਸਦਭਾਵਨਾ ਭਰੇ ਮਾਹੌਲ ਦੀ ਮਜ਼ਬੂਤੀ ਲਈ ਇਹ ਘੜੀ ਗੰਭੀਰ ਵਿਚਾਰ-ਵਟਾਂਦਰੇ ਤੇ ਅਧਿਅਨ ਦੀ ਮੰਗ ਕਰਦੀ ਹੈ। ਸਾਡੀ ਅੰਤਰਮੁਖਤਾ, ਲਾਪ੍ਰਵਾਹੀ, ਗੈਰ-ਸੰਜੀਦਗੀ ਤੇ ਅਰਾਜਕਤਾਵਾਦੀ ਰੁਝਾਨ ਪ੍ਰਤੀ ਚੁੱਪੀ ਜਾਬਰ ਸੱਤਾ ਤੇ ਫਿਰਕੂ ਸ਼ਕਤੀਆਂ ਦੇ ਮਨਸੂਬੇ ਸਫਲ ਕਰਨ ’ਚ ਮਦਦਗਾਰ ਸਿੱਧ ਹੋ ਸਕਦੀ ਹੈ।

Bharat Thapa

This news is Content Editor Bharat Thapa