‘ਰਾਸ਼ਟਰ ਪਹਿਲਾਂ, ਹਮੇਸ਼ਾ ਪਹਿਲਾਂ’

08/14/2023 5:44:53 PM

ਸਾਡੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਦੇ ਮੌਕੇ ’ਤੇ, ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦੇ ਵਿਆਪਕ ਸਵਰੂਪ ’ਚ ‘ਰਾਸ਼ਟਰ ਪਹਿਲਾਂ, ਹਮੇਸ਼ਾ ਪਹਿਲਾਂ’ ਦੇ ਵਿਸ਼ੇ ਦੀ ਚੋਣ ਕੀਤੀ ਗਈ ਹੈ, ਇਹ ਵਿਸ਼ਾ ਮੇਰੇ ਦਿਲ ਦੇ ਬੇਹੱਦ ਨੇੜੇ ਹੈ। ਇਕ ਫੌਜੀ ਅਧਿਕਾਰੀ ਵਜੋਂ ਮੇਰਾ ਮਕਸਦ ਹਮੇਸ਼ਾ ਰਾਸ਼ਟਰ ਪਹਿਲਾਂ ਰਿਹਾ ਹੈ, ਜੋ ਹੁਣ ਮੇਰਾ ਪੂਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ।

ਸਾਲਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਪਿੱਛੋਂ ਬੀਤੇ 76 ਸਾਲਾਂ ’ਚ ਭਾਰਤ ਆਪਣੀ ਸਮਰੱਥਾ ਨਾਲ ਵਿਸ਼ਵ ਗੁਰੂ ਦੇ ਆਪਣੇ ਗੁਆਚੇ ਹੋਏ ਵੱਕਾਰ ਨੂੰ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ। ਅੱਜ ਸਮੁੱਚੀ ਦੁਨੀਆ ’ਚ ਭਾਰਤ ਅਤੇ ਭਾਰਤੀਆਂ ਪ੍ਰਤੀ ਆਦਰ ਅਤੇ ਸਤਿਕਾਰ ਦੀ ਭਾਵਨਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਆਜ਼ਾਦ ਹੋਏ ਸੀ ਤਾਂ ਸਾਡੇ ਸਾਹਮਣੇ ਕਈ ਚੁਣੌਤੀਆਂ ਸਨ। ਦੇਸ਼ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਝੱਲ ਰਿਹਾ ਸੀ ਪਰ ਸਭ ਚੁਣੌਤੀਆਂ ਦਾ ਮੁਕਾਬਲਾ ਸਾਡੇ ਦੇਸ਼ ਨੇ ਮਜ਼ਬੂਤੀ ਨਾਲ ਕੀਤਾ ਅਤੇ 76 ਸਾਲਾਂ ਪਿੱਛੋਂ ਅੱਜ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਉਹ ਅੱਗੇ ਵਧ ਰਿਹਾ ਹੈ।

ਇਸ ਪ੍ਰਾਪਤੀ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਭਾਰਤ ਨੇ ਮੂਲਢਾਂਚੇ ਦੇ ਖੇਤਰ ’ਚ ਵੀ ਬੇਮਿਸਾਲ ਤਰੱਕੀ ਕੀਤੀ ਹੈ। ਅੱਜ ਸਾਡੇ ਵਿਸ਼ਵ ਪੱਧਰੀ ਨੈਸ਼ਨਲ ਅਤੇ ਸਟੇਟ ਹਾਈਵੇ, ਮੰਜ਼ਿਲਾਂ ਦੀ ਦੂਰੀ ਨੂੰ ਘੱਟ ਕਰਨ ਦੇ ਨਾਲ-ਨਾਲ ਕੁਨੈਕਟੀਵਿਟੀ ਨੂੰ ਵੀ ਵਧਾ ਰਹੇ ਹਨ, ਨਾਲ ਹੀ ਸਾਡੀ ਸਪਲਾਈ ਚੇਨ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਨਿਰਮਾਣ ਦੇ ਖੇਤਰ ’ਚ ਭਾਰਤ ਕੌਮਾਂਤਰੀ ਕੇਂਦਰ ਬਣ ਰਿਹਾ ਹੈ। ਫੌਜ ਅਤੇ ਰੱਖਿਆ ਦੇ ਵਿਨਿਰਮਾਣ ’ਚ ਭਾਰਤ ਤੇਜ਼ੀ ਨਾਲ ਉਭਰ ਰਿਹਾ ਹੈ, ਸਵੈ-ਨਿਰਭਰ ਭਾਰਤ ਯੋਜਨਾ ਨਾਲ ਅਸੀਂ ਸਵੈਮਾਣ ਨਾਲ ਆਪਣੀ ਪਛਾਣ ਬਣਾ ਰਹੇ ਹਾਂ।

ਮੌਜੂਦਾ ਸਦੀ ਨੂੰ ਤਕਨੀਕ ਦੀ ਸਦੀ ਵਜੋਂ ਜਾਣਿਆ ਜਾਂਦਾ ਹੈ। ਭਾਰਤ ਨੇ ਵੀ ਤਕਨੀਕ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਖੇਤਰ ’ਚ ਵੀ ਵਿਸ਼ੇਸ਼ ਥਾਂ ਬਣਾਈ ਹੈ। ਹੁਣੇ ਜਿਹੇ ਹੀ ਭਾਰਤ ਨੇ ਸੈਮੀਕੰਡਕਟਰ ਚਿੱਪ ਨਿਰਮਾਣ ਦੇ ਖੇਤਰ ’ਚ ਕਦਮ ਵਧਾਏ ਹਨ, ਅੱਜ ਦੇ ਸਮੇਂ ’ਚ ਮੋਬਾਈਲ ਅਤੇ ਕੰਪਿਊਟਰ ਤੋਂ ਬਿਨਾਂ ਕਿਸੇ ਵੀ ਕੰਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੈਮੀਕੰਡਕਟਰ ਤੋਂ ਬਿਨਾਂ ਇਨ੍ਹਾਂ ਯੰਤਰਾਂ ਦੀ ਕਲਪਨਾ ਨਹੀਂ ਹੋ ਸਕਦੀ। ਹੁਣ ਭਾਰਤ ਦੁਨੀਆ ਦੀ ਇਸ ਲੋੜ ਨੂੰ ਪੂਰਾ ਕਰਨ ਦਾ ਕੇਂਦਰ ਬਣ ਰਿਹਾ ਹੈ। ਇਹ ਵਿਸ਼ਾ ਮਾਣ ਭਰਿਆ ਹੋਣ ਦੇ ਨਾਲ-ਨਾਲ ਸਾਡੀ ਕੌਮਾਂਤਰੀ ਪ੍ਰਵਾਨਗੀ ਦਾ ਪ੍ਰਤੀਕ ਹੈ।

ਡਿਜੀਟਲ ਭੁਗਤਾਨ ਦੇ ਮਾਮਲੇ ’ਚ ਭਾਰਤ ਦਾ ਚੋਟੀ ’ਤੇ ਹੋਣਾ ਤਕਨੀਕੀ ਸਮਰੱਥਾ ਅਤੇ ਖੁਸ਼ਹਾਲੀ ਦਾ ਸਬੂਤ ਹੈ। ਡਿਜੀਟਲ ਭੁਗਤਾਨ ਰਾਹੀਂ ਵਿੱਤੀ ਮਾਮਲਿਆਂ ’ਚ ਪਾਰਦਰਸ਼ਿਤਾ ਆਈ ਹੈ। ਪੁਲਾੜ ਵਿਗਿਆਨ ਦੇ ਖੇਤਰ ’ਚ ਭਾਰਤ ਦੀ ਛਲਾਂਗ ਨੂੰ ਅੱਜ ਦੁਨੀਆ ਦੀਆਂ ਮਹਾਸ਼ਕਤੀਆਂ ਵਧੀਆ ਕਹਿ ਰਹੀਆਂ ਹਨ, ਸ਼ਲਾਘਾ ਕਰ ਰਹੀਆਂ ਹਨ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਪੁਲਾੜ ਵਿਗਿਆਨ ਦੇ ਖੇਤਰ ’ਚ ਸਭ ਤੋਂ ਕਫਾਇਤੀ ਹੱਲ ਦੁਨੀਆ ਦੇ ਸਾਹਮਣੇ ਰੱਖ ਰਿਹਾ ਹੈ। ਹੁਣੇ ਜਿਹੇ ਹੀ ਅਸੀਂ ਬਹੁਤ ਘੱਟ ਲਾਗਤ ਨਾਲ ਚੰਦਰਯਾਨ-3 ਮਿਸ਼ਨ ਨੂੰ ਨੇਪਰੇ ਚਾੜ੍ਹਿਆ ਹੈ। ਅਜਿਹਾ ਲੱਗਦਾ ਹੈ ਕਿ ਇਹ ਹੁਨਰ ਕਿਤੇ ਨਾ ਕਿਤੇ ਪੁਰਾਤਨ ਕਾਲ ਤੋਂ ਹੀ ਸਾਡੀਆਂ ਜੜ੍ਹਾਂ ’ਚ ਹੈ। ਅਸੀਂ ਆਪਣੀ ਖੋਜ ਅਤੇ ਇੱਛਾ ਸ਼ਕਤੀ ਨਾਲ ਨਵੇਂ ਮੌਕੇ ਬਣਾ ਰਹੇ ਹਾਂ।

ਭਾਰਤ ਨੇ 2047 ਤਕ ਵਿਕਸਿਤ ਦੇਸ਼ ਬਣਨ ਦਾ ਸੰਕਲਪ ਲਿਆ ਹੈ। ਆਉਣ ਵਾਲੇ 24 ਸਾਲਾਂ ’ਚ ਇਸ ਨਿਸ਼ਾਨੇ ਨੂੰ ਪੂਰਾ ਕਰਨ ਲਈ ਸਾਡੀਆਂ ਕੁਝ ਜ਼ਿੰਮੇਵਾਰੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਵੀ ਸਾਨੂੰ ਬਹੁਤ ਕੁਝ ਕਰਨਾ ਹੋਵੇਗਾ। ਭਾਰਤ ਨੇ ਹਮੇਸ਼ਾ ਹੀ ਮੁਕੰਮਲ ਵਿਕਾਸ ਦੀ ਹਮਾਇਤ ਕੀਤੀ ਹੈ। ਵਿਕਸਿਤ ਦੇਸ਼ ਦੀ ਆਪਣੀ ਯਾਤਰਾ ’ਚ ਅਸੀਂ ਭਵਿੱਖ ਦੀ ਪੀੜ੍ਹੀ ਲਈ ਲੋੜਾਂ ਦੀ ਸਮਰੱਥਾ ਨਾਲ ਸਮਝੌਤਾ ਕੀਤੇ ਬਿਨਾਂ ਮੌਜੂਦਾ ਪੀੜ੍ਹੀ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਭਰੋਸਾ ਰੱਖਦੇ ਹਾਂ।

ਚੌਗਿਰਦਾ ਸੰਤੁਲਨ ਅੱਜ ਦੀ ਸਭ ਤੋਂ ਅਹਿਮ ਲੋੜ ਹੈ। ਭਾਰਤ ਨੇ ਤਾਂ ਹਮੇਸ਼ਾ ਹੀ ਕੁਦਰਤ ਨੂੰ ਦੇਵਤਿਆਂ ਦੇ ਬਰਾਬਰ ਸਤਿਕਾਰ ਦਿੱਤਾ ਹੈ। ਜੀ-20 ਸੰਮੇਲਨ ਦੇ ਮੁਖੀ ਵਜੋਂ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਦੇ ਥੀਮ ਅਤੇ ‘ਵਸੂਧੈਵ ਕੁਟੁੰਬਕਮ’ ਦੇ ਵਿਰਾਸਤੀ ਵਾਕ ਰਾਹੀਂ ਅਸੀਂ ਸਮੁੱਚੀ ਦੁਨੀਆ ਨੂੰ ਸੰਦੇਸ਼ ਿਦੱਤਾ ਹੈ ਕਿ ਸਾਡੇ ਉਪਨਿਸ਼ਦ, ਵੇਦ ਅਤੇ ਪੁਰਾਤਨ ਸਾਹਿਤ ਗਿਆਨ ਦਾ ਭੰਡਾਰ ਹਨ।

ਜਦੋਂ ਕੋਵਿਡ ਕਾਰਨ ਦੁਨੀਆ ’ਚ ਨਿਰਾਸ਼ਾ ਦੇ ਬੱਦਲ ਛਾ ਗਏ ਤਾਂ ਭਾਰਤ ਨੇ ਸਮੁੱਚੀ ਦੁਨੀਆ ਨੂੰ ਰਾਹ ਦਿਖਾਇਆ। ਭਾਰਤ ਦੀ ਮਜ਼ਬੂਤ ਇੱਛਾਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਸਮੁੱਚੀ ਦੁਨੀਆ ਨੇ ਊਰਜਾ ਹਾਸਲ ਕੀਤੀ। ਅਸੀਂ ਵਿਸ਼ਵ ਪੱਧਰੀ ਵੈਕਸੀਨ ਦਾ ਨਿਰਮਾਣ ਕੀਤਾ ਅਤੇ ਵੈਕਸੀਨ ਮੈਤਰੀ ਰਾਹੀਂ ਜਿਨ੍ਹਾਂ ਨੂੰ ਵੀ ਲੋੜ ਸੀ, ਉਨ੍ਹਾਂ ਦੇਸ਼ਾਂ ਨਾਲ ਸਾਂਝੀ ਕੀਤੀ। ਕੋਵਿਡ ਦੇ ਸੰਕਟ ਤੋਂ ਬਾਅਦ ਵੀ ਸਾਡੇ ਇਰਾਦੇ ਡੋਲੇ ਨਹੀਂ, ਅਸੀਂ ਪ੍ਰੇਸ਼ਾਨ ਨਹੀਂ ਹੋਏ ਅਤੇ ਸਭ ਸੰਘਰਸ਼ਾਂ ਅਤੇ ਬਲਿਦਾਨਾਂ ਨਾਲ ਹਾਸਲ ਕੀਤੀ ਆਪਣੀ ਆਜ਼ਾਦੀ ਦੀ ਰਾਖੀ ਕਰਨ ਦੇ ਨਾਲ-ਨਾਲ ਆਜ਼ਾਦੀ ਦੀ ਪਰਿਭਾਸ਼ਾ ਨੂੰ ਨਵਾਂ ਰੂਪ ਦੇ ਰਹੇ ਹਾਂ।

ਅੱਜ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਆਜ਼ਾਦੀ ਦੇ ਅੰਮ੍ਰਿਤ ਮਹਾਉਤਵ ਨੂੰ ਮਨਾਉਂਦੇ ਹੋਏ ਸਾਨੂੰ ਉਨ੍ਹਾਂ ਲੋਕਾਂ ਨੂੰ ਨਮਨ ਕਰਨਾ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਇਸ ਦੇਸ਼ ਲਈ ਆਪਣਾ ਸਭ ਕੁਝ ਤਿਆਗ ਦਿੱਤਾ। ਇਸ ਦੀ ਰਾਖੀ ਕੀਤੀ ਅਤੇ ਪਿਛਲੇ 75 ਸਾਲਾਂ ’ਚ ਸਾਡੇ ਸੰਕਲਪਾਂ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਈ। ਭਾਵੇਂ ਫੌਜ ਦਾ ਮੁਲਾਜ਼ਮ ਹੋਵੇ, ਪੁਲਸ ਦਾ ਮੁਲਾਜ਼ਮ ਹੋਵੇ, ਅਧਿਕਾਰੀ ਹੋਵੇ, ਜਨਤਕ ਪ੍ਰਤੀਨਿਧੀ ਹੋਵੇ, ਸਥਾਨਕ ਸਰਕਾਰ, ਸੂਬਾਈ ਪ੍ਰਸ਼ਾਸਨਿਕ ਅਥਾਰਿਟੀ ਜਾਂ ਕੇਂਦਰੀ ਪ੍ਰਸ਼ਾਸਨਿਕ ਅਥਾਰਿਟੀ ਦਾ ਅਧਿਕਾਰੀ ਹੋਵੇ। ਅੱਜ ਸਾਨੂੰ ਇਸ ਦੇਸ਼ ਦੇ ਕਰੋੜਾਂ ਨਾਗਰਿਕਾਂ ਵੱਲੋਂ ਪਿਛਲੇ 76 ਸਾਲਾਂ ’ਚ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਦੇਸ਼ ਨੂੰ ਅੱਗੇ ਵਧਾਉਣ ਦੇ ਯਤਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਮੈਂ ਦੇਸ਼ ਦੀ ਮਾਤਰਸ਼ਕਤੀ ਨੂੰ ਵੀ ਨਮਨ ਕਰਨਾ ਚਾਹੁੰਦਾ ਹਾਂ ਜੋ ਅਸਲ ’ਚ ਦ੍ਰਿੜ੍ਹ ਇੱਛਾਸ਼ਕਤੀ ਦੀ ਪ੍ਰਤੀਮੂਰਤੀ ਹੈ। ਆਉਣ ਵਾਲੇ ਸਮੇਂ ’ਚ ਸਾਡੀਆਂ ਔਰਤਾਂ ਅਤੇ ਬੇਟੀਆਂ ਹਰ ਖੇਤਰ ’ਚ ਦੇਸ਼ ਦੀ ਅਗਵਾਈ ਕਰਨ ’ਚ ਸਮਰੱਥ ਹੋਣਗੀਆਂ, ਸਾਨੂੰ ਸਿਰਫ ਉਨ੍ਹਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ, ਸਟੇਜ ਪ੍ਰਦਾਨ ਕਰਨ ਦੀ ਲੋੜ ਹੈ।

ਆਉਣ ਵਾਲੇ ਸਮੇਂ ’ਚ ਵੀ ਭਾਰਤ ਇਸੇ ਤਰ੍ਹਾਂ ਲਗਾਤਾਰ ਤਰੱਕੀ ਕਰੇਗਾ। ਅੱਜ ਦੇ ਦਿਨ ਸਾਨੂੰ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਆਪਣੀ ਸਵੈ-ਕੀਮਤ ਭਾਵ ਆਪਣੀ ਸੈਲਫ ਵਰਥ ਦੀ ਪਛਾਣ ਕਰ ਕੇ 2047 ਤਕ ਨਾ ਸਿਰਫ ਵਿਕਸਿਤ ਦੇਸ਼ ਬਣਾਂਗੇ ਸਗੋਂ ਵਿਕਸਿਤ ਦੇ ਨਾਲ-ਨਾਲ ਗਿਆਨ ਨਾਲ ਭਰਪੂਰ ਭਾਰਤ ਵੀ ਬਣਾਂਗੇ। ਵਿਸ਼ਵ ਗੁਰੂ ਭਾਰਤ ਦੇ ਆਪਣੇ ਪੁਰਾਤਨ ਗੌਰਵ ਨੂੰ ਦੁਬਾਰਾ ਹਾਸਲ ਕਰਾਂਗੇ। ਜੈ ਹਿੰਦ!

ਗੁਰਮੀਤ ਸਿੰਘ (ਰਾਜਪਾਲ ਉੱਤਰਾਖੰਡ)

Rakesh

This news is Content Editor Rakesh