ਭਾਰਤੀ ਸੱਭਿਆਚਾਰ ਨੂੰ ਸੰਭਾਲ ਰਹੇ ਹਨ ਨਰਿੰਦਰ ਮੋਦੀ

10/31/2022 10:26:42 AM

ਤਰੁਣ ਚੁਘ

ਨਵੀਂ ਦਿੱਲੀ- ਭਾਰਤ ਦੀ ਪਛਾਣ ਉਸ ਦੀ ਮਜ਼ਬੂਤ ਸੱਭਿਆਚਾਰਕ ਵਿਰਾਸਤ ਰਹੀ ਹੈ। ਭਾਰਤ ਇਕ ਅਜਿਹਾ ਦੇਸ਼ ਰਿਹਾ ਹੈ ਜਿਸ ਦਾ ਸੱਭਿਆਚਾਰ ਸਨਾਤਨ ਰਿਹਾ ਹੈ। ਮਾੜੀ ਕਿਸਮਤ ਕਿ ਇਸ ਦੇ ਸੱਭਿਆਚਾਰ ’ਤੇ ਵਾਰ-ਵਾਰ ਧੱਕਾ ਹੁੰਦਾ ਰਿਹਾ। ਇਸ ਨੂੰ ਮੰਨਣ ਵਾਲਿਆਂ ਨੂੰ ਕਈ ਕਿਸਮ ਦੇ ਜ਼ੁਲਮ ਵੀ ਝੱਲਣੇ ਪਏ ਪਰ ਇਸ ਤੋਂ ਵੀ ਦੁਖਦਾਈ ਸਥਿਤੀ ਤਾਂ ਇਹ ਰਹੀ ਕਿ ਆਜ਼ਾਦੀ ਪ੍ਰਾਪਤੀ ਦੇ ਬਾਅਦ ਵੀ ਇਸ ਦੀ ਅਣਦੇਖੀ ਹੁੰਦੀ ਰਹੀ। ਤੰਗਦਿਲੀ ਤੇ ਵੋਟ ਬੈਂਕ ਦੀ ਸਿਆਸਤ ਕਾਰਨ ਸੱਤਾ ਰਾਹੀਂ ਇਸ ਦੀ ਸੰਭਾਲ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ 21ਵੀਂ ਸਦੀ ਦੀ ਸਿਆਸਤ ’ਚ ਨਰਿੰਦਰ ਮੋਦੀ ਦੇ ਰੂਪ ’ਚ ਇਕ ਅਜਿਹੀ ਸ਼ਖਸੀਅਤ ਦਾ ਉਦੈ ਹੋਇਆ ਜਿਸ ਨੇ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਦਾ ਮੀਲ ਪੱਥਰ ਸਥਾਪਿਤ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਨੇ ਕਈ ਮੰਦਿਰਾਂ ਦੇ ਮੁੜ-ਨਿਰਮਾਣ ਅਤੇ ਰੈਨੋਵੇਸ਼ਨ ਦਾ ਇਤਿਹਾਸਕ ਕੰਮ ਕੀਤਾ। ਕੇਂਦਰ ’ਚ ਸੱਤਾ ਸੰਭਾਲਣ ਦੇ ਨਾਲ ਹੀ ਭਾਰਤ ਦੀ ਆਸਥਾ ਅਤੇ ਧਰਮ ਨੂੰ ਬਚਾਈ ਰੱਖਣ ਅਤੇ ਉਸ ਦੇ ਫਿਰ ਤੋਂ ਉਭਾਰ ਦਾ ਬੇੜਾ ਚੁੱਕਿਆ ਅਤੇ ਸਨਾਤਨ ਧਰਮ, ਸੱਭਿਅਤਾ ਅਤੇ ਸੱਭਿਆਚਾਰਕ ਰਵਾਇਤ ਨੂੰ ਪੂਰੀ ਦੁਨੀਆ ’ਚ ਮੁੜ ਤੋਂ ਸਥਾਪਿਤ ਕਰਨ ਦਾ ਕੰਮ ਕੀਤਾ।

ਪਹਿਲਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਰੈਨੋਵੇਸ਼ਨ ਦਾ ਕੰਮ ਤਾਂ ਦੂਰ, ਚਰਚਾ ਤੱਕ ਨਹੀਂ ਕਰ ਸਕਦੀਆਂ ਸਨ। ਪਿਛਲੇ ਕੁਝ ਦਹਾਕਿਆਂ ’ਚ ਕੇਂਦਰ ਸਰਕਾਰਾਂ ਦੇ ਅਜਿਹੇ ਨਾਂਪੱਖੀ ਵਤੀਰੇ ਨੇ ਦੇਸ਼ ਦੀ ਪ੍ਰਾਚੀਨ, ਆਧੁਨਿਕ ਪ੍ਰੰਪਰਾ ਨੂੰ ਵੀ ਠੇਸ ਪਹੁੰਚਾਈ। ਇੱਥੋਂ ਤੱਕ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਸੋਮਨਾਥ ਮੰਦਿਰ ਦੇ ਉਦਘਾਟਨ ’ਚ ਜਾਣ ਤੋਂ ਰੋਕਣ ਦੀ ਵੀ ਕੋਸ਼ਿਸ਼ ਸਰਕਾਰ ਨੇ ਕੀਤੀ ਸੀ। ਸੋਮਨਾਥ ਮੰਦਿਰ ਬਣਨ ਤੋਂ ਲੈ ਕੇ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੱਕ ਸੋਮਨਾਥ ਦੀ ਤਰਜ਼ ’ਤੇ ਕਿਸੇ ਵੀ ਮੰਦਿਰ ਦੇ ਰੈਨੋਵੇਸ਼ਨ ਦੀ ਚਰਚਾ ਤੱਕ ਕਿਸੇ ਨੇ ਨਹੀਂ ਕੀਤੀ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦੇ ਹੀ ਸਥਿਤੀਆਂ ਬਦਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਕਈ ਪ੍ਰਾਚੀਨ ਮੰਦਿਰਾਂ ਦੇ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਨੂੰ ਪੂਰਾ ਕਰ ਦਿਖਾਇਆ। ਪ੍ਰਾਚੀਨ ਸੱਭਿਆਚਾਰਕ ਵਿਰਾਸਤਾਂ, ਸਾਡੀ ਸੱਭਿਅਤਾ, ਸੱਭਿਆਚਾਰ ਦੇ ਪ੍ਰਤੀਕ ਰਹੇ ਇਨ੍ਹਾਂ ਮੰਦਿਰਾਂ ਦੇ ਮੁੜ ਨਿਰਮਾਣ ਦੇ ਕੰਮ ਨੇ ਉਨ੍ਹਾਂ ਨੂੰ ਇਕ ਮਹਾਨ ਸੁਧਾਰਕ ਅਤੇ ਉਦਾਰਕ ਦੀ ਸ਼੍ਰੇਣੀ ’ਚ ਪਾ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਆਸਥਾ ਦੇ ਪ੍ਰਮੁੱਖ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਐੱਫ. ਸੀ. ਆਰ. ਏ. ’ਚ ਫੋਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ’ਚ ਰਜਿਸਟ੍ਰੇਸ਼ਨ ਕਰਾਈ। ਦੁਨੀਆ ਭਰ ਦੇ ਸਿੱਖ ਭਰਾ ਸ੍ਰੀ ਹਰਿਮੰਦਰ ਸਾਹਿਬ ਨੂੰ ਕੰਟਰੀਬਿਊਸ਼ਨ ਕਰ ਸਕਦੇ ਹਨ। ਲੰਗਰ ਤੋਂ ਜੀ. ਐੱਸ. ਟੀ. ਹਟਾਈ ਅਤੇ 325 ਕਰੋੜ ਸਾਲਾਨਾ ਭਾਰਤ ਸਰਕਾਰ ਉਸ ਟੈਕਸ ਨੂੰ ਭਰਦੀ ਹੈ। ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਸਿੱਖ ਭਰਾਵਾਂ ਪ੍ਰਤੀ ਪ੍ਰੇਮ ਹੈ। ਕਰਤਾਰਪੁਰ ਕਾਰੀਡੋਰ ਇੰਨੇ ਸਾਲਾਂ ਤੋਂ ਰੁਕਿਆ ਹੋਇਆ ਸੀ, ਕੋਈ ਸਰਕਾਰ ਇਸ ਨੂੰ ਨਹੀਂ ਕਰ ਸਕੀ। 120 ਕਰੋੜ ਰੁਪਏ ਦੇ ਕੇ ਕਾਰੀਡੋਰ ਵੀ ਬਣਾਇਆ, ਰਸਤਾ ਵੀ ਕੱਢਿਆ, ਉੱਥੇ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਵੀ ਕੀਤਾ। ਮੋਦੀ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਵਰ੍ਹਾ ਮਨਾਇਆ। ਸਿੱਖੀ ਦੀ ਇੰਟਰਨੈਸ਼ਨਲ ਸਟੱਡੀ ਰਿਸਰਚ ਦਾ ਸੈਂਟਰ ਬਣਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਐਲਾਨ ਕੇ ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਦੀ ਭਾਵਨਾ ਦਾ ਸਨਮਾਨ ਕੀਤਾ। ਸ੍ਰੀ ਦਰਬਾਰ ਸਾਹਿਬ ’ਚ ਸੇਵਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਭਗਤੀ ਲੋਕਾਂ ਦੇ ਸਾਹਮਣੇ ਹੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਧਾਰਮਿਕ ਅਤੇ ਪਵਿੱਤਰ ਅਸਥਾਨਾਂ ਨੂੰ ਉਨ੍ਹਾਂ ਦੀ ਪੁਰਾਣੀ ਪਛਾਣ ਮੋੜਨ ਨਾਲ ਦੇਸ਼ ਦੀ ਪਛਾਣ ਵੀ ਮਜ਼ਬੂਤ ਹੋਵੇਗੀ। ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਮੋਦੀ ਜੀ ਦੀਆਂ ਕੋਸ਼ਿਸ਼ਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪਾਂ ਨੂੰ ਸੁਰੱਖਿਅਤ ਕਾਬੁਲ ਏਅਰਪੋਰਟ ਤੱਕ ਪਹੁੰਚਾਇਆ ਗਿਆ। ਇਸ ਦੇ ਬਾਅਦ ਇਨ੍ਹਾਂ ਪਾਵਨ ਸਰੂਪਾਂ ਨਾਲ 46 ਅਫਗਾਨ ਸਿੱਖਾਂ ਨੂੰ ਵੀ ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਸੁਰੱਖਿਅਤ ਭਾਰਤ ਲਿਆਂਦਾ ਗਿਆ।

ਸਦੀਆਂ ਤੋਂ ਹਰ ਭਾਰਤੀ ਦਾ ਸੁਪਨਾ ਸੀ ਕਿ ਭਗਵਾਨ ਰਾਮ ਦੇ ਜਨਮ ਅਸਥਾਨ ਅਯੁੱਧਿਆ ’ਚ ਵਿਸ਼ਾਲ ਮੰਦਿਰ ਬਣੇ ਪਰ ਤੰਗਦਿਲੀ ਦੀ ਸਿਆਸਤ ਦੇ ਕਾਰਨ ਲੋਕ ਭਾਵਨਾ ਨੂੰ ਦਰੜਿਆ ਗਿਆ। 2019 ਨੂੰ ਰਾਮ ਜਨਮਭੂਮੀ ’ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਪੂਰੇ ਦੇਸ਼ ਦਾ ਸਦੀਆਂ ਪੁਰਾਣਾ ਸੁਪਨਾ ਸੱਚ ’ਚ ਬਦਲਣ ਲੱਗਾ ਅਤੇ ਹੁਣ ਉੱਥੇ ਵਿਸ਼ਾਲ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੁਦ ਅੱਗੇ ਵਧ ਕੇ ਅਗਸਤ 2020 ’ਚ ਇਸ ਦਾ ਨੀਂਹ ਪੱਥਰ ਰੱਖਿਆ। ਭਾਜਪਾ ਸਰਕਾਰ ਅਯੁੱਧਿਆ ਨੂੰ ਇਕ ਵੱਡੇ ਤੀਰਥ ਅਸਥਾਨ ਦੇ ਰੂਪ ’ਚ ਵਿਕਸਿਤ ਕਰ ਰਹੀ ਹੈ ਜੋ ਦੁਨੀਆ ਭਰ ’ਚ ਆਪਣੀ ਵਿਸ਼ਾਲਤਾ ਲਈ ਜਾਣਿਆ ਜਾਵੇ। ਭਾਰਤੀ ਸੱਭਿਆਚਾਰ ਅਤੇ ਇਤਿਹਾਸ ’ਚ ਕਾਸ਼ੀ ਦਾ ਮਹੱਤਵਪੂਰਨ ਸਥਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੀ ਨਾ ਸਿਰਫ ਸ਼ਾਨ ਮੋੜ ਕੇ ਲਿਆਂਦੀ ਸਗੋਂ ਵਿਸ਼ਵ ਪੱਧਰੀ ਮੰਚ ’ਤੇ ਲਿਆ ਦਿੱਤਾ। ਸਾਰੀਆਂ ਵਿਰਾਸਤਾਂ ਦੇ ਬਾਵਜੂਦ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਵਾਰਾਣਸੀ ਆਪਣੀਆਂ ਤੰਗ ਅਤੇ ਗੰਦੀਆਂ ਗਲੀਆਂ ਦੇ ਰੂਪ ’ਚ ਵੀ ਜਾਣਿਆ ਜਾਂਦਾ ਸੀ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਹੀ ਕਾਸ਼ੀ ਨੂੰ ਉਸ ਦੇ ਪੱਧਰ ਦੇ ਮੁਤਾਬਕ ਮੁੱਢਲਾ ਢਾਂਚਾ ਦੇਣ ਦਾ ਐਲਾਨ ਕਰ ਦਿੱਤਾ। 8 ਮਾਰਚ 2019 ਨੂੰ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਕਾਰੀਡੋਰ ਅਤੇ ਮੰਦਿਰ ਕੰਪਲੈਕਸ ਦੇ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਖੁਦ ਸਮੇਂ-ਸਮੇਂ ’ਤੇ ਇਸ ਦੇ ਨਿਰਮਾਣ ਕਾਰਜ ਦੀ ਨਿਗਰਾਨੀ ਕਰਦੇ ਰਹੇ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦੇ ਰਹੇ।

ਸੱਭਿਆਚਾਰਕ, ਇਤਿਹਾਸਕ ਅਤੇ ਪੁਰਾਤਨ ਤੌਰ ’ਤੇ ਮਹੱਤਵਪੂਰਨ ਉੱਜੈਨ ’ਚ ਮਹਾਕਾਲ ਕਾਰੀਡੋਰ ਦਾ ਨਿਰਮਾਣ ਕਰਕੇ ਕਰੋੜਾਂ ਲੋਕਾਂ ਦੀ ਭਗਤੀ ਅਤੇ ਆਸਥਾ ਦਾ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਇਸ ਦੀ ਵਿਸ਼ਾਲਤਾ ਅਤੇ ਸੁੰਦਰਤਾ ਭਾਰਤ ਹੀ ਨਹੀਂ ਸਗੋਂ ਦੁਨੀਆ ’ਚ ਖਿੱਚ ਦਾ ਕੇਂਦਰ ਹੈ। ਮੋਦੀ ਦੀ ਪ੍ਰਧਾਨਗੀ ’ਚ ਸੋਮਨਾਥ ਮੰਦਿਰ ਟਰੱਸਟ ਇਸ ਮੰਦਿਰ ਦੇ ਰੱਖ-ਰਖਾਅ ਤੋਂ ਲੈ ਕੇ ਇਸ ਦੀ ਵਿਸ਼ਾਲਤਾ ਨਿਖਾਰਨ ਦੇ ਸਰਦਾਰ ਪਟੇਲ ਅਤੇ ਕੇ. ਐੱਮ. ਮੁੰਸ਼ੀ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ। ਮੋਦੀ ਜੀ ਨੇ ਕੇਦਾਰਨਾਥ ਧਾਮ ਦੇ ਮੁੜ ਵਿਕਾਸ ਦਾ ਬੇੜਾ ਚੁੱਕਿਆ। 2013 ਦੀ ਭਿਆਨਕ ਆਫਤ ਨਾਲ ਤਬਾਹ ਹੋਏ ਕੇਦਾਰਨਾਥ ਥਾਮ ਦੀ ਵਿਸ਼ਾਲਤਾ ਨੂੰ ਮੁੜ ਤੋਂ ਨਿਖਾਰਿਆ ਗਿਆ। ਫਿਰ ਤੋਂ ਬਣੇ ਕੇਦਾਰਨਾਥ ਮੰਦਿਰ ਕੰਪਲੈਕਸ ਦ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੇਦਾਰਨਾਥ ਮੰਦਿਰ ਦਾ ਮੁੜ ਨਿਰਮਾਣ ਉਨ੍ਹਾਂ ਲਈ ਇਕ ਨਿੱਜੀ ਟੀਚਾ ਤਾਂ ਸੀ ਹੀ ਪਰ ਉਨ੍ਹਾਂ ਨੂੰ 2013 ਅਤੇ 2017 ’ਚ ਉੱਤਰਾਖੰਡ ਦੀ ਜਨਤਾ ਨਾਲ ਕੀਤਾ ਗਿਆ ਆਪਣਾ ਵਾਅਦਾ ਵੀ ਯਾਦ ਸੀ। ਉੱਤਰਾਖੰਡ ’ਚ ਚਾਰ ਧਾਮ ਪ੍ਰਾਜੈਕਟ ਸ਼ੁਰੂ ਕੀਤਾ, ਜਿਸ ਦੇ ਤਹਿਤ ਇਕ ਆਧੁਨਿਕ, ਹਰ ਮੌਸਮ ਦੀ ਮਾਰ ਝੱਲ ਸਕਣ ਵਾਲੀਆਂ ਸੜਕਾਂ ਜੋ ਚਾਰਾਂ ਧਾਮਾਂ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ, ਬਦਰੀਨਾਥ ਧਾਮ ਨੂੰ ਜੋੜਨਗੀਆਂ। ਕਸ਼ਮੀਰ ’ਚ ਧਾਰਾ 370 ਹਟਣ ਦੇ ਬਾਅਦ ਮੋਦੀ ਸਰਕਾਰ ਨੇ ਸ਼੍ਰੀਨਗਰ ’ਚ ਕਈ ਪੁਰਾਣੇ ਮੰਦਿਰਾਂ ਦਾ ਮੁੜ ਨਿਰਮਾਣ ਸ਼ੁਰੂ ਕੀਤਾ ਹੈ। ਜੇਹਲਮ ਨਦੀ ਦੇ ਕੰਢੇ ਬਣੇ ਰਘੂਨਾਥ ਮੰਦਿਰ ਦਾ ਮੁੜ ਨਿਰਮਾਣ ਕੀਤਾ। ਨਰਿੰਦਰ ਮੋਦੀ ਨੇ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ ਦੇ ਦੂਜੇ ਦੇਸ਼ਾਂ ’ਚ ਵੀ ਮੰਦਿਰਾਂ ਨੂੰ ਵਿਸ਼ਾਲ ਬਣਾਉਣ ’ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ।

DIsha

This news is Content Editor DIsha