ਹੱਥਾਂ-ਪੈਰਾਂ ਦੀਆਂ 10 ਤੋਂ ਵੱਧ ਉਂਗਲਾਂ ਬਣੀਆਂ ਮੁਸੀਬਤ ਦਾ ਸਬੱਬ

09/24/2019 1:15:41 AM

ਮੱਧ ਪ੍ਰਦੇਸ਼ ਦੇ ਇਕ ਪਰਿਵਾਰ ਲਈ ਜੈਨੇਟਿਕ ਗੜਬੜ ਮੁਸੀਬਤ ਦਾ ਸਬੱਬ ਬਣ ਗਈ ਹੈ। ਇਸ ਦੀ ਵਜ੍ਹਾ ਕਰਕੇ ਨਾ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਨੌਕਰੀ ਮਿਲ ਰਹੀ ਹੈ ਅਤੇ ਨਾ ਹੀ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਰਹੀ ਹੈ। ਬੈਤੂਲ ਦੀ ਅਥਨੇਰ ਤਹਿਸੀਲ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਕੁਝ ਮੈਂਬਰਾਂ ਦੇ ਹੱਥਾਂ ਅਤੇ ਪੈਰਾਂ ਦੀਆਂ 10 ਤੋਂ ਵੱਧ ਉਂਗਲਾਂ ਹਨ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਜਿਵੇਂ ਨਰਕ ਬਣਾ ਦਿੱਤਾ ਹੈ।

ਪੀੜਤ ਪਰਿਵਾਰ ਦੇ ਇਕ ਮੈਂਬਰ ਬਲਦੇਵ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ ਕੁਲ 24 ਮੈਂਬਰ ਹਨ ਅਤੇ ਹਰ ਇਕ ਦੇ 10 ਤੋਂ ਜ਼ਿਆਦਾ ਉਂਗਲਾਂ ਹੋਣ ਦੀ ਸਮੱਸਿਆ ਹੈ, ਜਿਸ ਕਾਰਨ ਬੱਚੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ ਕਿਉਂਕਿ ਸਕੂਲ ਦੇ ਬਾਕੀ ਬੱਚੇ ਇਨ੍ਹਾਂ ਬੱਚਿਆਂ ਨੂੰ ਪ੍ਰੇਸ਼ਾਨ ਕਰਦੇ ਸਨ। ਬਲਦੇਵ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਦੀ ਲੋੜ ਹੈ ਕਿਉਂਕਿ ਉਹ ਬਹੁਤ ਗਰੀਬ ਹਨ, ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ।

ਬਲਦੇਵ ਦੇ ਬੇਟੇ ਸੰਤੋਸ਼ ਦਾ ਕਹਿਣਾ ਹੈ ਕਿ ਪੜ੍ਹਾਈ ਪੂਰੀ ਨਾ ਕਰਨ ਕਰਕੇ ਉਸ ਨੂੰ ਕਿਤੇ ਨੌਕਰੀ ਨਹੀਂ ਮਿਲ ਰਹੀ, ਆਮ ਜੁੱਤੀ ਉਸ ਦੇ ਪੈਰਾਂ ’ਚ ਫਿੱਟ ਨਹੀਂ ਹੁੰਦੀ। 10ਵੀਂ ਜਮਾਤ ਤਕ ਪੜ੍ਹੇ ਸੰਤੋਸ਼ ਨੇ ਫੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਸਰੀਰਕ ਫਿਟਨੈੱਸ ਵਿਚ ਉਸ ਨੂੰ ਫੇਲ ਕਰਾਰ ਦੇ ਦਿੱਤਾ ਗਿਆ। ਸੰਤੋਸ਼ ਦੇ ਹੱਥ ਦੀਆਂ 12 ਉਂਗਲਾਂ ਹਨ, ਜਦਕਿ ਪੈਰਾਂ ਦੀਆਂ 14, ਜਿਸ ਦੀ ਵਜ੍ਹਾ ਕਰਕੇ ਉਸ ਨੂੰ ਕਿਤੇ ਨੌਕਰੀ ਨਹੀਂ ਮਿਲ ਸਕੀ।

ਇਸ ਸਮੱਸਿਆ ਦਾ ਦੂਜੇ ਪਾਸੇ ਸੁਖਾਵਾਂ ਪਹਿਲੂ ਇਹ ਹੈ ਕਿ ਪੂਰੇ ਪਰਿਵਾਰ ਨੇ ਆਪਣੇ ਪਿੰਡ ਨੂੰ ਦੂਰ-ਦੂਰ ਤਕ ਮਸ਼ਹੂਰ ਕਰ ਦਿੱਤਾ ਹੈ ਅਤੇ ਲੋਕ ਦੂਰੋਂ-ਦੂਰੋਂ ਉਨ੍ਹਾਂ ਨੂੰ ਦੇਖਣ ਆਉਂਦੇ ਹਨ।

(‘ਸਾਮਨਾ’ ਤੋਂ ਧੰਨਵਾਦ ਸਹਿਤ)

Bharat Thapa

This news is Content Editor Bharat Thapa