ਵਾਸ਼ਿੰਗਟਨ ’ਚ ਮੋਦੀ ਦੀਆਂ ਪ੍ਰਾਪਤੀਆਂ

09/26/2021 3:59:02 AM

ਡਾ. ਵੇਦਪ੍ਰਤਾਪ ਵੈਦਿਕ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੇ ਦੌਰਾਨ ਚਾਰ ਪ੍ਰਮੁੱਖ ਘਟਨਾਵਾਂ ਹੋਈਆਂ ਹਨ। ਸੰਯੁਕਤ ਰਾਸ਼ਟਰ ਮਹਾਸਭਾ ’ਚ ਅਜੇ ਉਨ੍ਹਾਂ ਦਾ ਭਾਸ਼ਣ ਹੋਣਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮੇਰੀ ਵਧਾਈ ਕਿ ਉਨ੍ਹਾਂ ਨੇ ਆਪਣਾ ਭਾਸ਼ਣ ਹਿੰਦੀ ’ਚ ਦਿੱਤਾ। ਵਾਸ਼ਿੰਗਟਨ ’ਚ ਉਹ ਪਹਿਲਾਂ ਅਮਰੀਕਾ ਦੀਆਂ ਪੰਜ ਵੱਡੀਆਂ ਤਕਨੀਕੀ ਕੰਪਨੀਆਂ ਦੇ ਮੁੱਖ ਕਰਤਿਆ-ਧਰਤਿਆਂ ਨੂੰ ਮਿਲੇ। ਚੀਨ ਤੋਂ ਮੋਹ ਭੰਗ ਹੋਣ ਦੇ ਬਾਅਦ ਭਾਰਤ ਹੀ ਉਨ੍ਹਾਂ ਦੇ ਆਸਰੇ ਵਾਲੀ ਥਾਂ ਬਣੇਗਾ, ਇਹ ਹੁਣ ਨਿਸ਼ਚਿਤ ਹੈ। ਉਨ੍ਹਾਂ ਦੇ ਭਾਰਤ-ਆਗਮਨ ਨਾਲ ਤਕਨੀਕੀ ਖੇਤਰ ’ਚ ਭਾਰਤ ਦੀਆਂ ਚੀਨ ਤੋਂ ਵੀ ਅੱਗੇ ਨਿਕਲਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।

ਮੋਦੀ ਦੀ ਇਸ ਯਾਤਰਾ ’ਚ ਉਹ ਚੌਧੜੇ (ਕਵਾਡ) ਦੇ ਨੇਤਾਵਾਂ ਨਾਲ ਨਿੱਜੀ ਤੌਰ ’ਤੇ ਮਿਲੇ। ਇਹ ਮੁਲਾਕਾਤ ਇਸ ਲਈ ਵੀ ਜ਼ਰੂਰੀ ਸੀ ਕਿ ਅਮਰੀਕਾ ਨੇ ਜੋ ਨਵਾਂ 3 ਧੜਾ ਬਣਾਇਆ ਹੈ ਜਿਸ ’ਚ ਭਾਰਤ ਤੇ ਜਾਪਾਨ ਨੂੰ ਛੱਡ ਕੇ ਸਿਰਫ ਬ੍ਰਿਟੇਨ ਤੇ ਆਸਟ੍ਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ, ਉਸ ਦੇ ਕਾਰਨ ਚੌਧੜੇ ਦੇ ਅਸਰਹੀਣ ਹੋਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਹੱਲ ਚਾਰੇ ਨੇਤਾਵਾਂ ਦੀ ਇਸ ਮੁਲਾਕਾਤ ਦੇ ਦੌਰਾਨ ਦਿਖਾਉਣ ਦੀ ਪੂਰੀ ਕੋਸ਼ਿਸ਼ ਹੋਈ ਹੈ। ਚੌਧੜੇ ਦੀ ਸਾਂਝੀ ਬੈਠਕ ’ਚ ਵੀ ਉਸ ਦੇ ਗੈਰ-ਰਣਨੀਤਕ ਅਤੇ ਖੁੱਲ੍ਹੇ ਹੋਣ ’ਤੇ ਜ਼ੋਰ ਦਿੱਤਾ ਗਿਆ।

ਮੋਦੀ ਦੀ ਇਸ ਯਾਤਰਾ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਨਾਲ ਜੋ ਨਿੱਜੀ ਮੁਲਾਕਾਤ ਹੋਈ, ਉਹ ਆਪਣੇ ਆਪ ’ਚ ਖਾਸ ਹੈ। ਭਾਰਤ-ਅਮਰੀਕੀ ਸਬੰਧਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦੇ ਦੋ ਚੋਟੀ ਦੇ ਅਹੁਦਿਆਂ ’ਤੇ ਬਿਰਾਜਮਾਨ ਨੇਤਾਵਾਂ ਦਾ ਭਾਰਤ ਨਾਲ ਸਿੱਧਾ ਸਬੰਧ ਰਿਹਾ ਹੈ। ਮੋਦੀ ਆਪਣੇ ਨਾਲ ਭਾਰਤ ’ਚ ਪੈਦਾ ਹੋਏ ਪੰਜ ਬਾਈਡੇਨਾਂ ਦੇ ਪਛਾਣ ਪੱਤਰ ਲੈ ਕੇ ਗਏ ਸਨ। ਬਾਈਡੇਨ ਜਦੋਂ ਖੁਦ ਕਈ ਸਾਲ ਪਹਿਲਾਂ ਭਾਰਤ ਆਏ ਸਨ, ਤਦ ਉਨ੍ਹਾਂ ਨੇ ਮੁੰਬਈ ’ਚ ਬਾਈਡੇਨ ਪਰਿਵਾਰਾਂ ਦੀ ਖੋਜ ਕੀਤੀ ਸੀ ਅਤੇ ਕਮਲਾ ਹੈਰਿਸ ਤਾਂ ਭਾਰਤੀ ਮੂਲ ਦੀ ਹੈ ਹੀ।

ਬਾਈਡੇਨ ਨੇ ਭਾਰਤ-ਅਮਰੀਕੀ ਸਹਿਯੋਗ ’ਤੇ ਇਸ ਤਰ੍ਹਾਂ ਜ਼ੋਰ ਦਿੱਤਾ, ਜਿਵੇਂ ਆਪਣੇ ਕਿਸੇ ਗਠਜੋੜ ਦੇ ਦੇਸ਼ ਦੇ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਗਾਂਧੀ ਦੇ ਆਦਰਸ਼ਾਂ ’ਤੇ ਚੱਲਣ ਦੀ ਗੱਲ ਵੀ ਕਹੀ। ਕਮਲਾ ਹੈਰਿਸ ਨੇ ਭਾਰਤ ਦੇ ਗੁਆਂਢੀ ਦੇਸ਼ ਦੀਆਂ ਅੱਤਵਾਦ ਸਮਰਥਕ ਸਰਗਰਮੀਆਂ ’ਤੇ ਵੀ ਵਾਰ ਕੀਤਾ। ਅਫਗਾਨਿਸਤਾਨ ’ਤੇ ਵੀ ਦੋ-ਟੁਕ ਵਿਵਹਾਰ ਦੋਵਾਂ ਧਿਰਾਂ ਨੇ ਅਪਣਾਇਆ। ਜੋ ਕਮਲਾ ਹੈਰਿਸ ਪਹਿਲਾਂ ਕਸ਼ਮੀਰ ਅਤੇ ਗੁਆਂਢੀ ਸ਼ਰਨਾਰਥੀਆਂ ਦੇ ਕਾਨੂੰਨ ਨੂੰ ਲੈ ਕੇ ਭਾਰਤ ’ਤੇ ਵਰ੍ਹਦੀ ਰਹਿੰਦੀ ਸੀ, ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਹੀ ਨਹੀਂ।

ਭਾਰਤ ਦੇ ਨਜ਼ਰੀਏ ਨਾਲ ਜੋ ਚੌਥੀ ਘਟਨਾ ਇਸ ਦੌਰਾਨ ਹੋਈ, ਉਹ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਾਸ਼ਣ। ਉਨ੍ਹਾਂ ਦਾ ਭਾਸ਼ਣ ਲਗਭਗ ਪੂਰੀ ਤਰ੍ਹਾਂ ਭਾਰਤ-ਵਿਰੋਧ ’ਤੇ ਕੇਂਦਰਿਤ ਰਿਹਾ। ਉਨ੍ਹਾਂ ਨੇ ਕਸ਼ਮੀਰ ਦਾ ਮੁੱਦਾ ਵੀ ਖੁੱਲ੍ਹ ਕੇ ਉਠਾਇਆ ਪਰ ਉਨ੍ਹਾਂ ਨੇ ਬੇਨਜ਼ੀਰ ਭੁੱਟੋ ਵਾਂਗ ਸੰਯੁਕਤ ਰਾਸ਼ਟਰ ਦਾ 1948 ਦਾ ਕਸ਼ਮੀਰ ਮਤਾ ਸ਼ਾਇਦ ਪੜ੍ਹਿਆ ਤੱਕ ਨਹੀ। ਪ੍ਰਧਾਨ ਮੰਤਰੀ ਬੇਨਜ਼ੀਰ ਨੂੰ ਮੈਂ ਆਪਣੀ ਪਹਿਲੀ ਮੁਲਾਕਾਤ ’ਚ ਹੀ ਕਿਹਾ ਸੀ ਕਿ ਉਸ ਮਤੇ ’ਚ ਪਾਕਿਸਤਾਨ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਸਭ ਤੋਂ ਪਹਿਲਾਂ ਉਹ ਆਪਣੇ ਕਬਜ਼ੇ ’ਚ ਲਏ ਕਸ਼ਮੀਰ ਨੂੰ ਆਪਣੇ ਫੌਜੀਆਂ ਅਤੇ ਕਾਰਕੁੰਨਾਂ ਤੋਂ ਖਾਲੀ ਕਰੇ।

ਇਮਰਾਨ ਇਹ ਵੀ ਭੁੱਲ ਗਏ ਕਿ ਉਨ੍ਹਾਂ ਨੇ ਆਪਣੀ ਪਿਛਲੀ ਨਿਊਯਾਰਕ-ਯਾਤਰਾ ਦੌਰਾਨ ਕਿਹਾ ਸੀ ਕਿ ਪਾਕਿਸਤਾਨ ’ਚ ਹਜ਼ਾਰਾਂ ਅੱਤਵਾਦੀ ਸਰਗਰਮ ਹਨ। ਤਾਲਿਬਾਨ ਨੂੰ ਮਾਨਤਾ ਦੇਣ ਦੀ ਵਕਾਲਤ ਤੋਂ ਪਹਿਲਾਂ ਉਹ ਜੇਕਰ ਅੱਤਵਾਦ ਦੇ ਵਿਰੁੱਧ ਪਾਕਿਸਤਾਨ ’ਚ ਜਿਹਾਦ ਛੇੜ ਦਿੰਦੇ ਤਾਂ ਸਾਰੀ ਦੁਨੀਆ ਉਨ੍ਹਾਂ ਦੀ ਗੱਲ ’ਤੇ ਆਸਾਨੀ ਨਾਲ ਭਰੋਸਾ ਕਰਦੀ।

Bharat Thapa

This news is Content Editor Bharat Thapa