ਮਨਜੀਤ ਸਿੰਘ ਜੀ. ਕੇ. ਦੀ ਸਿੱਖ ਰਾਜਨੀਤੀ ’ਚ ਤੀਸਰੀ ਪਾਰੀ

10/10/2019 1:06:19 AM

ਜਸਵੰਤ ਸਿੰਘ ‘ਅਜੀਤ’

ਵਿਰੋਧਾਂ, ਦੋਸ਼ਾਂ ਅਤੇ ਚੁਣੌਤੀਆਂ ਵਿਚਾਲੇ ਘਿਰਦੇ ਜਾ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਨਵੀਂ ਗਠਿਤ ਪਾਰਟੀ ‘ਜਾਗੋ’ ਜਗ ਆਸਰਾ ਗੁਰੂ ਓਟ (ਜਥੇ. ਸੰਤੋਖ ਸਿੰਘ) ਦੇ ਨਾਂ ਨਾਲ ਐਲਾਨ ਹੀ ਦਿੱਤੀ। ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਹ ਐਲਾਨ ਖੁਦ ਨਾ ਕਰ ਕੇ ਅਖੰਡ ਪਾਠ ਦੀ ਸਮਾਪਤੀ, ਅਰਦਾਸ ਅਤੇ ਹੁਕਮਨਾਮਾ ਲਏ ਜਾਣ ਤੋਂ ਬਾਅਦ ਗੁਰਦੁਆਰਾ ਪਹਾੜੀ ਵਾਲਾ, ਗ੍ਰੇਟਰ ਕੈਲਾਸ਼, ਨਵੀਂ ਦਿੱਲੀ ਦੇ ਮੁੱਖ ਗ੍ਰੰਥੀ ਤੋਂ ਕਰਵਾਇਆ। ਇਸ ਮੌਕੇ ਜਥੇਦਾਰ ਸੰਤੋਖ ਸਿੰਘ ਦੇ ਨੇੜਲੇ ਸਾਥੀ ਰਹੇ ਡਾ. ਹਰਮੀਤ ਸਿੰਘ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਮਨਜੀਤ ਸਿੰਘ ਜੀ. ਕੇ. ਦਾ ਨਾਂ ਪੇਸ਼ ਕੀਤਾ, ਜਿਸ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਡਾ. ਹਰਮੀਤ ਸਿੰਘ ਨੂੰ ਪਾਰਟੀ ਦੇ ਕਨਵੀਨਰ ਦੇ ਰੂਪ ’ਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮਨਜੀਤ ਸਿੰਘ ਜੀ. ਕੇ. ਨੇ ਪਹਿਲਾਂ ਤੋਂ ਹੀ ਐਲਾਨੀ ਪਾਰਟੀ ਦੇ ਏਜੰਡੇ ਨੂੰ ਦੁਹਰਾਉਂਦੇ ਹੋਏ ਦੱਸਿਆ ਕਿ ‘ਜਾਗੋ’ ਮੁਕੰਮਲ ਤੌਰ ’ਤੇ ਧਾਰਮਿਕ ਖੇਤਰ ਨੂੰ ਸਮਰਪਿਤ ਰਹੇਗੀ ਅਤੇ ਉਸ ਦੀਆਂ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਪਾਲਣਾ ਪ੍ਰਤੀ ਖੁਦ ਵਚਨਬੱਧ ਰਹਿੰਦੇ ਹੋਏ ਸਿੱਖ ਜਗਤ ਨੂੰ ਵੀ ਇਨ੍ਹਾਂ ਪ੍ਰਤੀ ਵਚਨਬੱਧ ਰਹਿਣ ਲਈ ਪ੍ਰੇਰਿਤ ਕਰਦੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਜਨੀਤੀ ਦੇ ਖੇਤਰ ’ਚ ਉਨ੍ਹਾਂ ਦੀ ਪਾਰਟੀ ਦੀ ਭੂਮਿਕਾ ਇਕ ਚੌਕੀਦਾਰ ਦੀ ਰਹੇਗੀ। ਉਸ ਨੂੰ ਕੌਮਾਂਤਰੀ ਪੱਧਰ ’ਤੇ ਸਿੱਖਾਂ ਦੇ ਹਿੱਤਾਂ-ਅਧਿਕਾਰਾਂ ਦੀ ਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ ਪਰ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਮੈਂਬਰ ਜਾਂ ਅਹੁਦੇਦਾਰ ਪਾਰਟੀ ਬੈਨਰ ਹੇਠ ਕਿਸੇ ਸਿਆਸੀ ਸੰਸਥਾ ਦੀ ਚੋਣ ਨਹੀਂ ਲੜ ਸਕੇਗਾ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਤੁਰੰਤ ਹੀ ਕੋਈ ਭੂਮਿਕਾ ਨਿਭਾਏ ਜਾਣ ਦੇ ਸਬੰਧ ’ਚ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਨੀਤੀ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਉੱਤੇ ਆਧਾਰਿਤ ਹੋਵੇਗੀ। ਉਹ ਜਲਦੀ ’ਚ ਗੁਰਦੁਆਰਾ ਕਮੇਟੀ ਦੇ ਕਿਸੇ ਮਾਮਲੇ ’ਚ ਦਖਲ ਨਹੀਂ ਦੇਣਗੇ। ਸ਼ਾਇਦ ਇਸ ਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਜੋ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਉਨ੍ਹਾਂ ’ਚ ਕਿਸੇ ਕਿਸਮ ਦਾ ਵਿਘਨ ਪਾਉਣ ਦੇ ਦੋਸ਼ਾਂ ਤੋਂ ਉਹ ਬਚੇ ਰਹਿਣਾ ਚਾਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਉਹ ਗੁਰਦੁਆਰਾ ਕਮੇਟੀ ਦੇ ਮਾਮਲਿਆਂ ’ਚ ਆਪਣੀ ਸਰਗਰਮੀ ਵਧਾ ਸਕਦੇ ਹਨ।

ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਗੱਲ

ਜਾਣਕਾਰ ਸੂਤਰਾਂ ਅਨੁਸਾਰ ਜੀ. ਕੇ. ਵਲੋਂ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਉਨ੍ਹਾਂ ਨੂੰ ਵਧਾਈ ਸੰਦੇਸ਼ ਮਿਲਣੇ ਸ਼ੁਰੂ ਹੋਏ, ਉਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਦਾ ਬਾਦਲ ਅਕਾਲੀ ਦਲ ’ਚ ਦਮ ਘੁੱਟ ਰਿਹਾ ਹੈ, ਜਿਸ ਕਾਰਣ ਉਹ ਜੀ. ਕੇ. ਦੀ ਪਾਰਟੀ ਨਾਲ ਜੁੜਨ ਲਈ ਬੇਤਾਬ ਹੋ ਰਹੇ ਹਨ, ਇਸ ਦੇ ਬਾਵਜੂਦ ਮਨਜੀਤ ਸਿੰਘ ਜੀ. ਕੇ. ‘ਇੰਤਜ਼ਾਰ ਕਰੋ’ ਦੀ ਨੀਤੀ ਅਪਣਾ ਕੇ ਚੱਲਣਾ ਚਾਹੁੰਦੇ ਹਨ।

ਜੀ. ਕੇ. ਦੀਆਂ ਪਾਰੀਆਂ

ਮਨਜੀਤ ਸਿੰਘ ਜੀ. ਕੇ. ਨੇ ਆਪਣੇ ਪਿਤਾ ਜਥੇ. ਸੰਤੋਖ ਸਿੰਘ ਦੀ (ਦਸੰਬਰ 1981) ਹੱਤਿਆ ਹੋ ਜਾਣ ਤੋਂ ਲੱਗਭਗ 25 ਸਾਲ ਬਾਅਦ, ਮਾਰਚ 2006 ’ਚ ਸ਼੍ਰੋਮਣੀ ਅਕਾਲੀ ਦਲ ਪੰਥਕ (ਜਥੇ. ਸੰਤੋਖ ਸਿੰਘ) ਦੇ ਗਠਨ ਨਾਲ ਸਿੱਖ ਰਾਜਨੀਤੀ ’ਚ ਦਾਖਲ ਹੋ ਕੇ ਆਪਣੀ ਪਹਿਲੀ ਪਾਰੀ ਸ਼ੁਰੂ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇਸ ਵਕਫੇ ’ਚ ਉਨ੍ਹਾਂ ਨੇ ਆਪਣੀ ਮਾਤਾ ਦੀ ਨਿਗਰਾਨੀ ਅਤੇ ਆਪਣੇ ਪਿਤਾ ਦੇ ਸਿਆਸੀ ਜੀਵਨ ’ਚ ਆਏ ਉਤਰਾਅ-ਚੜ੍ਹਾਅ ਦੀ ਰੌਸ਼ਨੀ ’ਚ, ਸਿਆਸੀ ਜੀਵਨ ਦੇ ਥਪੇੜਿਆਂ ਨਾਲ ਜੂਝਣ ਅਤੇ ਉਨ੍ਹਾਂ ਨੂੰ ਸਹਿਣ ਦੀ ਸ਼ਕਤੀ ਪ੍ਰਾਪਤ ਕੀਤੀ। ਸਿੱਖ ਰਾਜਨੀਤੀ ’ਚ ਪੈਰ ਰੱਖਣ ਤੋਂ ਲਗਭਗ ਇਕ ਸਾਲ ਬਾਅਦ ਹੀ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਦਾ ਸਾਹਮਣਾ ਕਰਨਾ ਪਿਆ। ਆਪਣੀ ਪਹਿਲੀ ਪ੍ਰੀਖਿਆ ’ਚ ਹੀ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀਆਂ 7 ਸੀਟਾਂ ’ਤੇ ਜਿੱਤ ਦਰਜ ਕਰਵਾ ਕੇ ਇਹ ਸੰਕੇਤ ਦੇ ਦਿੱਤਾ ਕਿ ਦਿੱਲੀ ਦੀ ਸਿੱਖ ਰਾਜਨੀਤੀ ਦਾ ਭਵਿੱਖ ਹੁਣ ਉਨ੍ਹਾਂ ਦੀ ਮੁੱਠੀ ’ਚ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਬਲਬੂਤੇ ਸਿੱਖ ਰਾਜਨੀਤੀ ’ਚ ਆਪਣੇ ਪੈਰ ਜਮਾਉਂਦੇ, ਆਪਣੇ ਸਵ. ਪਿਤਾ ਜਥੇ. ਸੰਤੋਖ ਸਿੰਘ ਦੇ ਨੇੜਲੇ ਸਾਥੀਆਂ ਦੇ ਬਹਿਕਾਵੇ ’ਚ ਆ ਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਮੂਲੀਅਤ ਕਰ ਕੇ ਆਪਣੀ ਅਤੇ ਆਪਣੇ ਦਲ ਦੀ ਆਜ਼ਾਦ ਹੋਂਦ ਖਤਮ ਕਰ ਦਿੱਤੀ ਅਤੇ ਸਿੱਖ ਰਾਜਨੀਤੀ ’ਚ ਦੂਸਰੀ ਪਾਰੀ ਸ਼ੁਰੂ ਕਰ ਦਿੱਤੀ। ਇਹ ਦੂਸਰੀ ਪਾਰੀ ਵੀ ਉਸ ਸਮੇਂ ਖਤਮ ਹੋ ਗਈ, ਜਦੋਂ ਉਨ੍ਹਾਂ ਨੂੰ ਇਕ ਸੋਚੀ-ਸਮਝੀ ਕਥਿਤ ਸਾਜ਼ਿਸ਼ ਤਹਿਤ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਵੱਖ ਹੋਣ ਲਈ ਮਜਬੂਰ ਕੀਤਾ ਗਿਆ, ਫਿਰ ਇਹ ਮੰਨ ਕੇ ਉਨ੍ਹਾਂ ਨੂੰ ਅਕਾਲੀ ਦਲ ਤੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿ ਹੁਣ ਉਨ੍ਹਾਂ ਦਾ ਸਿਆਸੀ ਭਵਿੱਖ ਇੰਨਾ ਹਨੇਰੇ ਭਰਿਆ ਹੋ ਗਿਆ ਹੈ ਕਿ ਜਿਸ ਕਾਰਣ ਉਹ ਸ਼ਾਇਦ ਹੀ ਫਿਰ ਤੋਂ ਸਿੱਖ ਰਾਜਨੀਤੀ ’ਚ ਸਥਾਪਿਤ ਹੋ ਸਕਣ। ਇਸ ਹਨੇਰੇ ਭਰੇ ਵਾਤਾਵਰਣ ਵਿਚਾਲੇ ਹੀ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਨਵੀਂ ਪਾਰਟੀ ‘ਜਾਗੋ’ ਜਗ ਆਸਰਾ ਗੁਰੂ ਓਟ (ਜਥੇ. ਸੰਤੋਖ ਸਿੰਘ) ਦਾ ਗਠਨ ਕਰ ਕੇ ਸਿੱਖ ਰਾਜਨੀਤੀ ’ਚ ਤੀਸਰੀ ਪਾਰੀ ਸ਼ੁਰੂ ਕਰ ਦਿੱਤੀ।

ਬਾਦਲ ਅਕਾਲੀ ਦਲ ਬਨਾਮ ਪੰਜਾਬ, ਪੰਥ ਅਤੇ ਸੱਤਾ

ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਨਵੀਨਰ ਪ੍ਰਕਾਸ਼ ਸਿੰਘ ਬਾਦਲ ਦੇ ਲਈ ਨਾ ਤਾਂ ਕਦੇ ਪੰਜਾਬ ਦੇ ਹਿੱਤ ਮਹੱਤਵਪੂਰਨ ਰਹੇ ਹਨ ਅਤੇ ਨਾ ਹੀ ਪੰਥ ਦੇ ਹਿੱਤਾਂ ਦੇ ਨਾਲ ਉਨ੍ਹਾਂ ਦਾ ਕੋਈ ਲਗਾਅ ਰਿਹਾ ਹੈ। ਹਾਂ, ਜਦੋਂ ਕਦੇ ਉਨ੍ਹਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਪੰਜਾਬ ਅਤੇ ਪੰਥਕ ਹਿੱਤਾਂ ਦੇ ਨਾਂ ’ਤੇ ਸਿਆਸੀ ਰੋਟੀਆਂ ਸੇਕ ਕੇ ਉਨ੍ਹਾਂ ਦਾ ਮੁੱਲ ਵਸੂਲਣ ’ਚ ਕੋਈ ਕਸਰ ਨਹੀਂ ਛੱਡੀ। ਬੀਤੇ ’ਤੇ ਇਕ ਨਜ਼ਰ ਮਾਰੀ ਜਾਵੇ ਤਾਂ ਇਹ ਇਤਿਹਾਸਕ ਸੱਚਾਈ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਜਦੋਂ ਪੰਜਾਬੀ ਸੂਬਾ, ਮੌਜੂਦਾ ਪੰਜਾਬ ਹੋਂਦ ’ਚ ਆਇਆ ਤਾਂ ਉਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਸੰਤ ਫਤਿਹ ਸਿੰਘ ਤਾਂ ਵਿਦੇਸ਼ ਰਵਾਨਾ ਹੋ ਗਏ। ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਲਾਭ ਉਠਾ ਕੇ ਸ. ਬਾਦਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਨਵੇਂ ਪੰਜਾਬੀ ਸੂਬੇ ਦਾ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਇੰਦਰਾ ਗਾਂਧੀ ਨੇ ਪੰਜਾਬੀ ਭਾਸ਼ਾਈ ਖੇਤਰ ਅਤੇ ਉਸ ਦੀ ਰਾਜਧਾਨੀ ‘ਚੰਡੀਗੜ੍ਹ’ ਖੋਹ ਕੇ ‘ਲੰਗੜਾ ਪੰਜਾਬੀ ਸੂਬਾ’ ਸਾਡੀ ਝੋਲੀ ’ਚ ਪਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਤਕ ਉਹ ਇਸ ਨੂੰ ਪੂਰਾ ਨਹੀਂ ਕਰਵਾ ਲੈਂਦੇ, ਚੈਨ ਨਾਲ ਨਹੀਂ ਬੈਠਣਗੇ। ਹੁਣ ‘ਲੰਗੜੇ ਪੰਜਾਬੀ ਸੂਬੇ’ ਨੂੰ ਹੋਂਦ ’ਚ ਆਏ ਅੱਧੀ ਸਦੀ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਸਮੇਂ ਦੌਰਾਨ ਬਾਦਲ ਅਕਾਲੀ ਦਲ ਪੰਜਾਬ ਕਈ ਵਾਰ ਸੱਤਾ ’ਤੇ ਬਿਰਾਜਮਾਨ ਹੋਇਆ ਅਤੇ ਕੇਂਦਰੀ ਸੱਤਾ ’ਚ ਹਿੱਸੇਦਾਰ ਵੀ ਬਣਿਆ ਪਰ ਉਸ ਨੇ ਕਦੇ ਵੀ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ ਭਾਵ ਚੰਡੀਗੜ੍ਹ ਸਮੇਤ ਪੰਜਾਬੀ ਭਾਸ਼ਾਈ ਖੇਤਰਾਂ ਨੂੰ ਵਾਪਸ ਲੈਣ ਲਈ ਆਵਾਜ਼ ਨਹੀਂ ਉਠਾਈ। ਹਾਂ, ਜਦੋਂ ਕਦੇ ਉਹ (ਬਾਦਲ ਅਕਾਲੀ ਦਲ) ਸੱਤਾ ਤੋਂ ਬਾਹਰ ਹੋਇਆ, ਫਿਰ ਉਸ ਨੇ ਜ਼ਰੂਰ ਦੱਬੀ ਜ਼ੁਬਾਨ ’ਚ ਚੰਡੀਗੜ੍ਹ ਅਤੇ ਪੰਜਾਬੀ ਭਾਸ਼ਾਈ ਖੇਤਰਾਂ ਦੀ ਵਾਪਸੀ ਦੀ ਮੰਗ ਕੀਤੀ। ਸੰਭਵ ਤੌਰ ’ਤੇ ਇਸ ਦਾ ਕਾਰਣ ਇਹ ਹੈ ਕਿ ਸ. ਬਾਦਲ ਜਾਣਦੇ ਹਨ ਕਿ ਜੇਕਰ ਇਹ ਖੇਤਰ ਪੰਜਾਬ ਦੇ ਨਾਲ ਜੋੜ ਦਿੱਤੇ ਜਾਂਦੇ ਹਨ ਤਾਂ ਉਸ ਦੇ ਨਵੇਂ ਸਰੂਪ ’ਚ ਸਿੱਖਾਂ ਦੇ ਮੁਕਾਬਲੇ ਗੈਰ-ਸਿੱਖਾਂ ਦੀ ਆਬਾਦੀ ਜ਼ਿਆਦਾ ਹੋ ਜਾਵੇਗੀ, ਜਿਸ ਨਾਲ ਗੱਠਜੋੜ ’ਚ ਵੱਡੇ ਭਰਾ ਹੋਣ ਦਾ ਉਸ ਦਾ ਦਾਅਵਾ ਤਾਂ ਖੋਹਿਆ ਹੀ ਜਾਵੇਗਾ, ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੋਂ ਵੀ ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੱਥੋਂ ਨਿਕਲ ਜਾਵੇਗਾ।

...ਅਤੇ ਆਖਿਰ ’ਚ

ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀਆਂ ਅੰਤਹੀਣ ਕੁਰਬਾਨੀਆਂ ਦੇ ਸਿੱਟੇ ਵਜੋਂ ਸਿੱਖ ਧਰਮ ਦੀਆਂ ਸਥਾਪਿਤ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰੱਖਿਆ ਕਰਨ ’ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਸਹਿਯੋਗ ਦੇਣ ਲਈ ਹੋਂਦ ’ਚ ਆਇਆ ਸੀ, ਸਮਾਂ ਬੀਤਣ ਦੇ ਨਾਲ ਉਹ ਆਪਣੇ ਉਦੇਸ਼ ਤੋਂ ਭਟਕਦਾ ਦੂਰ ਹੁੰਦਾ ਚਲਾ ਗਿਆ। ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਉਹ ਆਪਣੇ ਉਦੇਸ਼ ਤੋਂ ਭਟਕ ਕੇ ਇੰਨਾ ਦੂਰ ਚਲਾ ਗਿਆ ਹੈ ਕਿ ਸ਼ਾਇਦ ਉਸ ਦੇ ਮੁਖੀਆਂ ਤਕ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਰਹਿ ਗਿਆ ਕਿ ਅਕਾਲੀ ਦਲ ਦੀ ਸਥਾਪਨਾ ਕਿਹੜੇ ਉਦੇਸ਼ਾਂ ਅਤੇ ਆਦਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਸੀ।

Bharat Thapa

This news is Content Editor Bharat Thapa