ਸਾਡੀ ਅੱਗੇ ਦੀ ਯਾਤਰਾ ’ਚ ਮਾਰਗਦਰਸ਼ਕ ਰਹਿਣਗੇ ਮਦਨ ਦਾਸ ਦੇਵੀ ਜੀ

08/06/2023 5:43:33 PM

ਲੇਖਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕੁਝ ਦਿਨ ਪਹਿਲਾਂ, ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਪ੍ਰਚਾਰਕ ਮਦਨ ਦਾਸ ਦੇਵੀ ਜੀ ਦੇ ਹੋਏ ਦਿਹਾਂਤ ਨਾਲ ਮੈਨੂੰ ਅਤੇ ਲੱਖਾਂ ਵਰਕਰਾਂ ਨੂੰ ਜੋ ਸੱਟ ਲੱਗੀ ਹੈ, ਉਸ ਲਈ ਕੋਈ ਸ਼ਬਦ ਨਹੀਂ ਹਨ। ਮਦਨ ਲਾਲ ਜੀ ਵਰਗੀ ਪ੍ਰਭਾਵਸ਼ਾਲੀ ਸ਼ਖਸੀਅਤ ਸਾਡੇ ਦਰਮਿਆਨ ਨਹੀਂ ਰਹੀ। ਇਸ ਚੁਣੌਤੀਪੂਰਨ ਸੱਚਾਈ ਨੂੰ ਸਵੀਕਾਰਨਾ ਮੁਸ਼ਕਿਲ ਹੈ ਪਰ ਇਸ ਬੋਧ ਨਾਲ ਤਸੱਲੀ ਮਿਲਦੀ ਹੈ ਕਿ ਉਨ੍ਹਾਂ ਕੋਲੋਂ ਜੋ ਸਿੱਖਿਆ ਮਿਲੀ ਹੈ ਅਤੇ ਉਨ੍ਹਾਂ ਦੇ ਜੋ ਆਦਰਸ਼ ਰਹੇ ਹਨ, ਸਾਡੀ ਅੱਗੇ ਦੀ ਯਾਤਰਾ ’ਚ ਮਾਰਗਦਰਸ਼ਕ ਦੇ ਤੌਰ ’ਤੇ ਕੰਮ ਕਰਦੇ ਰਹਿਣਗੇ।

ਮਦਨ ਦਾਸ ਜੀ ਦੇ ਨਾਲ ਮੈਨੂੰ ਸਾਲਾਂ ਤਕ ਨੇੜਤਾ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ। ਮੈਂ ਉਨ੍ਹਾਂ ਦੀ ਸਾਦਗੀ ਅਤੇ ਨਰਮ ਸੁਭਾਅ ਨੂੰ ਬਹੁਤ ਨੇੜਿਓਂ ਦੇਖਿਆ ਹੈ। ਉਹ ਸਰਵਉੱਤਮ ਸੰਗਠਨਕਰਤਾ ਸਨ। ਸੰਗਠਨ ’ਚ ਕੰਮ ਕਰਦਿਆਂ ਮੈਂ ਵੀ ਕਾਫੀ ਸਮਾਂ ਉਨ੍ਹਾਂ ਦੇ ਨਾਲ ਬਿਤਾਇਆ ਹੈ। ਅਜਿਹੇ ’ਚ ਸੁਭਾਵਿਕ ਹੀ ਹੈ ਕਿ ਸੰਗਠਨ ਦੀ ਤਰੱਕੀ ਅਤੇ ਵਰਕਰਾਂ ਦੇ ਵਿਕਾਸ ਨਾਲ ਜੁੜੇ ਪਹਿਲੂ ਨਿਯਮਿਤ ਤੌਰ ’ਤੇ ਸਾਡੀ ਗੱਲਬਾਤ ਵਿਚ ਸ਼ਾਮਲ ਹੁੰਦੇ ਰਹੇ। ਅਜਿਹੀ ਹੀ ਇਕ ਚਰਚਾ ਦੌਰਾਨ, ਮੈਂ ਉਨ੍ਹਾਂ ਤੋਂ ਪੁੱਛ ਲਿਆ ਕਿ ਉਹ ਕਿਥੋਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਉਂਝ ਤਾਂ ਉਹ ਮਹਾਰਾਸ਼ਟਰ ਦੇ ਸੋਲਾਪੁਰ ਨੇੜੇ ਇਕ ਪਿੰਡ ਦੇ ਹਨ ਪਰ ਉਨ੍ਹਾਂ ਦੇ ਬਜ਼ੁਰਗ ਗੁਜਰਾਤ ਤੋਂ ਆਏ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਹੜੇ ਪਿੰਡ ਤੋਂ ਆਏ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਇਕ ਅਧਿਆਪਕ ਸਨ ਜਿਨ੍ਹਾਂ ਦਾ ਸਰਨੇਮ ਦੇਵੀ ਸੀ ਅਤੇ ਉਹ ਵਿਸਨਗਰ ਦੇ ਰਹਿਣ ਵਾਲੇ ਸਨ। ਬਾਅਦ ’ਚ ਉਹ ਵਿਸਨਗਰ ਅਤੇ ਵਡਨਗਰ ਵੀ ਗਏ। ਸਾਡੀ ਗੱਲਬਾਤ ਵੀ ਗੁਜਰਾਤੀ ਵਿਚ ਹੁੰਦੀ ਸੀ।

ਮਦਨ ਦਾਸ ਜੀ ਵਿਚ ਅਨੇਕ ਖੂਬੀਆਂ ਸਨ। ਉਨ੍ਹਾਂ ਦੀਆਂ ਖੂਬੀਆਂ ਦੀ ਇਕ ਖਾਸੀਅਤ ਇਹ ਵੀ ਸੀ ਕਿ ਸ਼ਬਦਾਂ ਤੋਂ ਅੱਗੇ ਜਾ ਕੇ ਉਨ੍ਹਾਂ ਸ਼ਬਦਾਂ ਦੇ ਪਿੱਛੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ। ਨਰਮ ਸੁਭਾਅ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲੇ, ਮਦਨ ਦਾਸ ਜੀ ਘੰਟਿਆਂ ਲੰਬੀਆਂ ਚਰਚਾਵਾਂ ਨੂੰ ਸੰਖੇਪ ’ਚ ਅਤੇ ਕੁਝ ਹੀ ਫਿਕਰਿਆਂ ’ਚ ਪੇਸ਼ ਕਰ ਸਕਦੇ ਸਨ। ਮਦਨ ਦਾਸ ਜੀ ਦੀ ਜੀਵਨ ਯਾਤਰਾ ਦੇ ਪਹਿਲੂ ਵਿਸਮਾਦੀ ਹਨ ਅਤੇ ਉਨ੍ਹਾਂ ਪਹਿਲੂਆਂ ਨੂੰ ਕੋਈ ਇਨਸਾਨ ਉਦੋਂ ਹੀ ਹਾਸਲ ਕਰ ਸਕਦਾ ਹੈ ਜਦ ਉਸ ਨੇ ਖੁਦ ਨੂੰ ਪਿੱਛੇ ਰੱਖ ਦਿੱਤਾ ਹੋਵੇ ਅਤੇ ਸਮੂਹ ਨੂੰ ਅੱਗੇ ਕੀਤਾ ਹੋਵੇ। ਉਨ੍ਹਾਂ ਨੇ ਚਾਰਟਰਡ ਅਕਾਊਂਟੈਂਟ ਹੋਣ ਦੇ ਬਾਵਜੂਦ ਸੰਘ ਕਾਰਜ ਨੂੰ ਮਹੱਤਵ ਦਿੱਤਾ। ਉਹ ਆਰਾਮ ਦੀ ਜ਼ਿੰਦਗੀ ਜਿਊ ਸਕਦੇ ਸਨ ਪਰ ਉਨ੍ਹਾਂ ਦਾ ਉਦੇਸ਼ ਕੁਝ ਹੋਰ ਸੀ-ਭਾਰਤ ਦੇ ਵਿਕਾਸ ਲਈ ਕੰਮ ਕਰਨਾ।

ਮਦਨ ਦਾਸ ਜੀ ਨੂੰ ਭਾਰਤ ਦੇ ਨੌਜਵਾਨਾਂ ’ਤੇ ਬਹੁਤ ਵਿਸ਼ਵਾਸ ਸੀ। ਇਸ ’ਚ ਕੋਈ ਹੈਰਾਨੀ ਨਹੀਂ ਕਿ ਉਨ੍ਹਾਂ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਮਜ਼ਬੂਤ ਕਰਨ ’ਚ ਖੁਦ ਨੂੰ ਝੋਕ ਦਿੱਤਾ। ਇਸ ਯਾਤਰਾ ’ਚ ਉਹ ਜਿਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਰਹੇ, ਉਨ੍ਹਾਂ ’ਚੋਂ ਇਕ ਸਨ ਯਸ਼ਵੰਤ ਰਾਵ ਕੇਲਕਰ ਜੀ। ਉਹ ਉਨ੍ਹਾਂ ਤੋਂ ਪ੍ਰੇਰਿਤ ਸਨ ਅਤੇ ਅਕਸਰ ਉਨ੍ਹਾਂ ਬਾਰੇ ਗੱਲ ਕਰਦੇ ਸਨ। ਮਦਨ ਦਾਸ ਜੀ ਨੇ ਵਿਦਿਆਰਥੀ ਪ੍ਰੀਸ਼ਦ ਦੇ ਕੰਮ ’ਚ ਵੱਧ ਤੋਂ ਵੱਧ ਵਿਦਿਆਰਥਣਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਇਕ ਮੰਚ ਪ੍ਰਦਾਨ ਕਰ ਕੇ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਤਾਂ ਕਿ ਉਹ ਸਮਾਜ ਦੀ ਭਲਾਈ ’ਚ ਯੋਗਦਾਨ ਪਾ ਸਕਣ। ਉਹ ਅਕਸਰ ਕਿਹਾ ਕਰਦੇ ਸਨ ਕਿ ਵਿਦਿਆਰਥਣਾਂ ਜਦ ਕਿਸੇ ਸਮੂਹਿਕ ਯਤਨ ’ਚ ਸ਼ਾਮਲ ਹੋਣਗੀਆਂ ਤਾਂ ਉਹ ਯਤਨ ਹਮੇਸ਼ਾ ਹੀ ਜ਼ਿਆਦਾ ਸੰਵੇਦਨਸ਼ੀਲ ਬਣ ਕੇ ਉਭਰੇਗਾ। ਵਿਦਿਆਰਥੀਆਂ ਪ੍ਰਤੀ ਸਨੇਹ ਉਨ੍ਹਾਂ ਲਈ ਹੋਰ ਸਭ ਚੀਜ਼ਾਂ ਤੋਂ ਉਪਰ ਸੀ। ਉਹ ਹਰ ਸਮਾਂ ਵਿਦਿਆਰਥੀਆਂ ਦੇ ਦਰਮਿਆਨ ਰਹੇ ਪਰ ਪਾਣੀ ’ਚ ਕਮਲ ਵਾਂਗ।

ਮੈਂ ਅਜਿਹੇ ਕਈ ਆਗੂਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਦਨ ਦਾਸ ਜੀ ਦੇ ਮਾਰਗਦਰਸ਼ਨ ਵਿਚ ਸ਼ੁਰੂ ਕੀਤੀ। ਨੌਜਵਾਨ ਅਵਸਥਾ ਦੌਰਾਨ ਉਨ੍ਹਾਂ ਦੀ ਤਰੱਕੀ ਮਦਨ ਦਾਸ ਜੀ ਤੋਂ ਮਿਲੇ ਮਾਰਗਦਰਸ਼ਨ ਕਾਰਨ ਹੋਈ ਪਰ ਇਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਨਾ ਉਨ੍ਹਾਂ ਦੇ ਸੁਭਾਅ ’ਚ ਕਦੇ ਨਹੀਂ ਰਿਹਾ। ਅੱਜਕੱਲ੍ਹ ਜਨ-ਪ੍ਰਬੰਧਨ, ਪ੍ਰਤਿਭਾ-ਪ੍ਰਬੰਧਨ ਅਤੇ ਕੌਸ਼ਲ ਪ੍ਰਬੰਧਨ ਦੀਆਂ ਧਾਰਨਾਵਾਂ ਬੇਹੱਦ ਹਰਮਨਪਿਆਰੀਆਂ ਹੋ ਗਈਆਂ ਹਨ। ਲੋਕਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸੰਗਠਨਾਤਮਕ ਟੀਚਿਆਂ ’ਤੇ ਆਧਾਰਿਤ ਕਰਨ ’ਚ ਮਦਨ ਦਾਸ ਜੀ ਦੀ ਵਿਸ਼ੇਸ਼ਤਾ ਜਗ-ਜ਼ਾਹਿਰ ਸੀ। ਉਹ ਬਿਹਤਰੀਨ ਸਨ ਕਿਉਂਕਿ ਉਹ ਲੋਕਾਂ ਦੀਆਂ ਸਮਰੱਥਾਵਾਂ ਨੂੰ ਸਮਝਦੇ ਸਨ ਅਤੇ ਉਨ੍ਹਾਂ ਦੀ ਸਮਰੱਥਾ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਕੰਮ ਸੌਂਪਦੇ ਸਨ। ਉਹ ਇਸ ਗੱਲ ਦੇ ਹੱਕ ’ਚ ਨਹੀਂ ਸਨ ਕਿ ਲੋਕਾਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਜ਼ਿੰਮੇਵਾਰੀ ਸੌਂਪੀ ਜਾਵੇ। ਇਹੀ ਵਜ੍ਹਾ ਹੈ ਕਿ ਕਿਸੇ ਵੀ ਨੌਜਵਾਨ ਵਰਕਰ ਕੋਲ ਜੇ ਕੋਈ ਨਵਾਂ ਵਿਚਾਰ ਹੁੰਦਾ ਤਾਂ ਮਦਨ ਦਾਸ ਜੀ ਉਸ ਦੀ ਆਵਾਜ਼ ਨੂੰ ਅੱਗੇ ਕਰਦੇ ਸਨ। ਇਹੀ ਉਹ ਮੂਲ ਵਜ੍ਹਾ ਹੈ ਜਿਸ ਕਾਰਨ ਉਨ੍ਹਾਂ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਆਪਣੀ ਸਮਰੱਥਾ ਦੇ ਆਧਾਰ ’ਤੇ ਵੱਖਰੀ ਛਾਪ ਛੱਡਣ ਲਈ ਸਵੈ-ਪ੍ਰੇਰਿਤ ਹੋਏ। ਇਸੇ ਲਈ, ਸੰਗਠਨ ਦਾ ਉਨ੍ਹਾਂ ਦੀ ਅਗਵਾਈ ’ਚ ਲਗਾਤਾਰ ਵਿਸਤਾਰ ਹੁੰਦਾ ਗਿਆ।

ਇਹ ਕਹਿਣ ਦੀ ਲੋੜ ਨਹੀਂ ਕਿ ਮਦਨ ਦਾਸ ਜੀ ਨੂੰ ਸੰਗਠਨ ਦੇ ਕੰਮ ਕਾਰਨ ਯਾਤਰਾਵਾਂ ਬਹੁਤ ਕਰਨੀਆਂ ਪੈਂਦੀਆਂ ਸਨ ਤੇ ਉਨ੍ਹਾਂ ਦਾ ਰੁਝੇਵਿਆਂ ਭਰਿਆ ਪ੍ਰੋਗਰਾਮ ਹੁੰਦਾ ਸੀ ਪਰ ਮੀਟਿੰਗਾਂ ਲਈ ਉਹ ਹਮੇਸ਼ਾ ਚੰਗੀ ਤਰ੍ਹਾਂ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਕਾਰਜ ਸੂਚੀ ਹਮੇਸ਼ਾ ਸਰਲ ਹੁੰਦੀ ਸੀ, ਬੋਝਲ ਨਹੀਂ, ਕਿਸੇ ਵਰਕਰ ’ਤੇ ਬੋਝ ਵੀ ਨਹੀ। ਉਨ੍ਹਾਂ ਦੀ ਇਹ ਖਾਸੀਅਤ ਅੰਤ ਤਕ ਉਨ੍ਹਾਂ ’ਚ ਅਨਿੱਖੜਵੇਂ ਤੌਰ ’ਤੇ ਬਣੀ ਰਹੀ। ਆਪਣੀਆਂ ਲੰਬੀਆਂ ਬੀਮਾਰੀਆਂ ਦਾ ਉਨ੍ਹਾਂ ਨੇ ਡਟ ਕੇ ਸਾਹਮਣਾ ਕੀਤਾ। ਜਦ ਵੀ ਮੈਂ ਉਨ੍ਹਾਂ ਨੂੰ ਪੁੱਛਦਾ ਸੀ ਤਾਂ ਕਈ ਵਾਰ ਪੁੱਛਣ ਪਿੱਛੋਂ ਹੀ ਉਹ ਬੀਮਾਰੀ ਬਾਰੇ ਗੱਲ ਕਰਦੇ ਸਨ। ਸਰੀਰਕ ਤਕਲੀਫਾਂ ਦੇ ਬਾਵਜੂਦ ਉਹ ਖੁਸ਼ ਰਹੇ। ਬੀਮਾਰੀ ਦੀ ਹਾਲਤ ’ਚ ਵੀ ਉਹ ਲਗਾਤਾਰ ਇਹੀ ਸੋਚਦੇ ਰਹਿੰਦੇ ਸਨ ਕਿ ਦੇਸ਼ ਅਤੇ ਸਮਾਜ ਲਈ ਉਹ ਕੀ ਕਰ ਸਕਦੇ ਹਨ।

ਮਦਨ ਦਾਸ ਜੀ ਦਾ ਸ਼ਾਨਦਾਰ ਅਕਾਦਮਿਕ ਰਿਕਾਰਡ ਸੀ ਅਤੇ ਉਨ੍ਹਾਂ ਦੇ ਕੰਮ ’ਚੋਂ ਇਹ ਦਿਸਿਆ ਵੀ। ਇਕ ਉਤਸ਼ਾਹੀ ਪਾਠਕ, ਜਦ ਵੀ ਕੁਝ ਚੰਗਾ ਪੜ੍ਹਦਾ ਹੈ ਤਾਂ ਉਹ ਉਸ ਸਮੱਗਰੀ ਨੂੰ ਉਸ ਖੇਤਰ ’ਚ ਕੰਮ ਕਰਨ ਵਾਲੇ ਸਬੰਧਤ ਵਿਅਕਤੀ ਨੂੰ ਭੇਜ ਦਿੰਦਾ ਹੈ। ਮੈਨੂੰ ਵੀ ਅਕਸਰ ਅਜਿਹੀ ਸਮੱਗਰੀ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਅਰਥਸ਼ਾਸਤਰ ਅਤੇ ਨੀਤੀਗਤ ਮਾਮਲਿਆਂ ਦੀ ਵੀ ਚੰਗੀ ਸਮਝ ਸੀ। ਉਨ੍ਹਾਂ ਨੇ ਇਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜਿਥੇ ਕੋਈ ਵੀ ਵਿਅਕਤੀ ਦੂਜਿਆਂ ’ਤੇ ਨਿਰਭਰ ਨਾ ਹੋਵੇ ਅਤੇ ਜਿਥੇ ਹਰ ਵਿਅਕਤੀ ਆਤਮ-ਸੁਧਾਰ ਅਤੇ ਵਿਕਾਸ ਦੇ ਮੌਕਿਆਂ ਨਾਲ ਮਜ਼ਬੂਤ ਹੋ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਮਦਨ ਦਾਸ ਜੀ ਨੇ ਇਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜਿਥੇ ਆਤਮਨਿਰਭਰਤਾ ਸਿਰਫ ਇਕ ਟੀਚਾ ਨਹੀਂ ਸਗੋਂ ਹਰ ਨਾਗਰਿਕ ਲਈ ਜਿਊਂਦੀ-ਜਾਗਦੀ ਅਸਲੀਅਤ ਹੋਵੇ। ਅਜਿਹਾ ਸਮਾਜ ਹੋਵੇ ਜੋ ਰਵਾਇਤੀ ਸਨਮਾਨ, ਸਸ਼ਕਤੀਕਰਨ ਅਤੇ ਸਾਂਝੀ ਖੁਸ਼ਹਾਲੀ ਦੇ ਸਿਧਾਂਤਾਂ ’ਤੇ ਆਧਾਰਿਤ ਹੋਵੇ।

ਹੁਣ, ਜਿਵੇਂ-ਜਿਵੇਂ ਭਾਰਤ ਵੱਖ-ਵੱਖ ਖੇਤਰਾਂ ’ਚ ਵੱਧ ਤੋਂ ਵੱਧ ਆਤਮਨਿਰਭਰ ਹੁੰਦਾ ਜਾ ਰਿਹਾ ਹੈ, ਉਨ੍ਹਾਂ ਤੋਂ ਵੱਧ ਖੁਸ਼ ਹੋਰ ਕੋਈ ਨਹੀਂ ਹੋਵੇਗਾ। ਅੱਜ ਸਾਡਾ ਲੋਕਤੰਤਰ ਜੀਵੰਤ ਹੈ, ਨੌਜਵਾਨ ਆਸਵੰਦ ਹਨ, ਸਮਾਜ ਦੂਰਦਰਸ਼ੀ ਹੈ ਅਤੇ ਰਾਸ਼ਟਰ ਆਸ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਮਦਨ ਦਾਸ ਦੇਵੀ ਜੀ ਵਰਗੇ ਲੋਕਾਂ ਨੂੰ ਯਾਦ ਕਰਨਾ ਮਹੱਤਵਪੂਰਨ ਹੋ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਰਾਸ਼ਟਰ ਦੀ ਸੇਵਾ ਲਈ ਅਤੇ ਰਾਸ਼ਟਰ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦਾ ਉਦੇਸ਼ ਸੀ ਭਾਰਤ ਦੇ ਵਿਕਾਸ ਲਈ ਕੰਮ ਕਰਨਾ।

Gurminder Singh

This news is Content Editor Gurminder Singh