ਲਵ-ਜੇਹਾਦ ਸੱਚ ਹੈ ਜਾਂ ਝੂਠ?

01/24/2020 1:41:01 AM

ਬਲਬੀਰ ਪੁੰਜ

ਬੀਤੇ ਦਿਨੀਂ ਕੈਥੋਲਿਕ ਬਿਸ਼ਪ ਦੀ ਸਰਵਉੱਚ ਸੰਸਥਾ ‘ਦਿ ਸਾਇਨਾਡ ਆਫ ਸਾਇਰੋ-ਮਾਲਾਬਾਰ ਚਰਚ’ ਨੇ ਕੇਰਲ ’ਚ ਯੋਜਨਾਬੱਧ ਢੰਗ ਨਾਲ ਇਸਾਈ ਲੜਕੀਆਂ ਦੇ ਧਰਮ ਬਦਲਣ ਦਾ ਮੁੱਦਾ ਉਠਾਇਆ। ਲੱਗਭਗ ਉਸੇ ਸਮੇਂ ਦੌਰਾਨ ਪਾਕਿਸਤਾਨ ਸਥਿਤ ਸਿੰਧ ’ਚ ਤਿੰਨ ਹੋਰ ਨਾਬਾਲਿਗ ਹਿੰਦੂ ਲੜਕੀਆਂ ਨੂੰ ਅਗਵਾ ਕਰਨ, ਜਿਨ੍ਹਾਂ ’ਚੋਂ ਇਕ ਦਾ ਧਰਮ ਬਦਲਣ ਤੋਂ ਬਾਅਦ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ। ਧਰਾਤਲ ’ਤੇ ਕਹਿਣ ਨੂੰ ਦੋਨੋਂ ਮਾਮਲੇ ਭਾਰਤੀ ਉਪ-ਮਹਾਦੀਪ ਦੇ ਦੋ ਅਲੱਗ ਹਿੱਸਿਆਂ ਤੋਂ ਸਾਹਮਣੇ ਆਏ ਹਨ ਪਰ ਇਨ੍ਹਾਂ ਦਾ ਆਪਸ ਵਿਚ ਬਹੁਤ ਹੀ ਡੂੰਘਾ ਸਬੰਧ ਹੈ। ਇਨ੍ਹਾਂ ਦੋਹਾਂ ਘਟਨਾਵਾਂ ਦੇ ਪਿੱਛੇ ਇਕ ਹੀ ਜ਼ਹਿਰੀਲੀ ਸੋਚ ਹੈ।

ਮੀਡੀਆ ਰਿਪੋਰਟ ਅਨੁਸਾਰ 19 ਜਨਵਰੀ (ਐਤਵਾਰ) ਨੂੰ ਕੇਰਲ ਸਥਿਤ ਸਾਇਰੋ-ਮਾਲਾਬਾਰ ਚਰਚ ਦੀ ਸਮੂਹਿਕ ਪ੍ਰਾਰਥਨਾ ਦੌਰਾਨ ਇਕ ਸਰਕੂਲਰ ਪੜ੍ਹਿਆ ਗਿਆ। ਇਸ ਵਿਚ ਕੇਰਲ ਸਮੇਤ ਹੋਰਨਾਂ ਸੂਬਿਆਂ ਦੀਆਂ ਇਸਾਈ ਲੜਕੀਆਂ ਨੂੰ ਪ੍ਰੇਮ ਜਾਲ ਵਿਚ ਫਸਾਉਣ ਅਤੇ ਇਸਲਾਮਿਕ ਸਟੇਟ ਵਰਗੇ ਖਤਰਨਾਕ ਅੱਤਵਾਦੀ ਸੰਗਠਨਾਂ ਵਿਚ ਭੇਜੇ ਜਾਣ ਵਿਰੁੱਧ ਚਿਤਾਵਨੀ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ‘ਦਿ ਸਾਇਨਾਡ ਆਫ ਸਾਇਰੋ-ਮਾਲਾਬਾਰ ਚਰਚ’ ਦੇ ਕਾਰਡੀਨਲ ਜਾਰਜ ਏਲਨਚੇਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਵੀ ਸੂਬੇ ਦੀ ਪੁਲਸ ’ਤੇ ‘ਲਵ-ਜੇਹਾਦ’ ਦੇ ਮਾਮਲਿਆਂ ’ਤੇ ਠੋਸ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ। ਜਿਵੇਂ ਹੀ ਲਵ-ਜੇਹਾਦ ਦਾ ਮਾਮਲਾ ਮੁੜ ਵਿਚਾਰ-ਵਟਾਂਦਰੇ ਲਈ ਆਇਆ, ਅਚਾਨਕ ਕੇਰਲ ਦੀ ਖੱਬੇਪੱਖੀ ਸਰਕਾਰ ਨੇ ਦੋਸ਼ਾਂ ਦਾ ਖੰਡਨ ਕਰ ਦਿੱਤਾ। ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਕਿਹਾ, ‘‘ਬਿਸ਼ਪ ਦੇ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਪਹਿਲਾਂ ਵੀ ਅਜਿਹੇ ਕਈ ਦੋਸ਼ ਲਗਾਏ ਗਏ ਸਨ ਪਰ ਸਰਕਾਰੀ ਜਾਂਚ ਵਿਚ ਇਨ੍ਹਾਂ ਦਾ ਕੋਈ ਆਧਾਰ ਨਹੀਂ ਮਿਲਿਆ।’’

ਇਸ ਪਿਛੋਕੜ ਵਿਚ ਸਿੱਧਾ ਜਿਹਾ ਸਵਾਲ ਹੈ ਕਿ ਕੀ ਕੇਰਲ ਵਿਚ ਚਰਚ ਜਾਂ ਕਿਸੇ ਇਸਾਈ ਸੰਗਠਨ ਨੇ ਪਹਿਲੀ ਵਾਰ ‘ਲਵ-ਜੇਹਾਦ’ ਦਾ ਮੁੱਦਾ ਉਠਾਇਆ ਹੈ?–ਨਹੀਂ। ਲੱਗਭਗ ਇਕ ਦਹਾਕਾ ਪਹਿਲਾਂ 2009 ਵਿਚ ਕੇਰਲ ਕੈਥੋਲਿਕ ਬਿਸ਼ਪ ਕੌਂਸਲ ਨੇ ਕਿਹਾ ਸੀ, ‘‘2006-09 ਦੇ ਦਰਮਿਆਨ 2800 ਤੋਂ ਵੱਧ ਇਸਾਈ ਔਰਤਾਂ ਨੂੰ ਇਸਲਾਮ ਧਰਮ ਵਿਚ ਤਬਦੀਲ ਕੀਤਾ ਗਿਆ ਸੀ।’’ ਤਾਜ਼ਾ ਮਾਮਲਿਆਂ ਨੂੰ ਲੈ ਕੇ ਵੀ ਇਕ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਨਾਲ ਗੱਲ ਕਰਦਿਆਂ ਕੇਰਲ ਦੇ ਇਸੇ ਬਿਸ਼ਪ ਕੌਂਸਲ ਦੇ ਉਪ-ਜਨਰਲ ਸਕੱਤਰ ਵਰਗੀਸ ਵਲੀਕੱਕਟ ਨੇ ਕਿਹਾ, ‘‘ਲਵ ਜੇਹਾਦ ਨੂੰ ਸਿਰਫ ਪ੍ਰੇਮ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ, ਇਸ ਦਾ ਇਕ ਵਿਆਪਕ ਦ੍ਰਿਸ਼ਟੀਕੋਣ ਹੈ। ਸੈਕੂਲਰ ਸਿਆਸੀ ਪਾਰਟੀਆਂ ਨੂੰ ਘੱਟੋ-ਘੱਟ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਲਵ-ਜੇਹਾਦ ਇਕ ਸੱਚ ਹੈ। ਸੂਬੇ ਦਾ ਇਕ ਸਮੂਹ ਕੱਟੜਪੰਥੀ ਹੋ ਰਿਹਾ ਹੈ, ਜਿਸ ਦਾ ਸਬੰਧ ਵਿਸ਼ਵ ਪੱਧਰੀ ਇਸਲਾਮ ਨਾਲ ਹੈ। ਇਨ੍ਹਾਂ ਦੇ ਨਾਂ ਬੇਸ਼ੱਕ ਵੱਖ-ਵੱਖ ਹੋਣ ਪਰ ਇਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਦਾ ਮਕਸਦ ਇਕੋ ਜਿਹਾ ਹੈ। ਇਹ ਇਕ ਵੱਡੀ ਸਮੱਸਿਆ ਹੈ, ਜਿਸ ਦਾ ਅਸੀਂ ਵਰ੍ਹਿਆਂ ਤੋਂ ਸਾਹਮਣਾ ਕਰ ਰਹੇ ਹਾਂ ਪਰ ਕੇਰਲ ਵਿਚ ਪੰਥ ਨਿਰਲੇਪ ਸਿਆਸੀ ਪਾਰਟੀਆਂ ਰਾਜਨੀਤੀ ਕਾਰਣ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨ ਤੋਂ ਬਚ ਰਹੀਆਂ ਹਨ।’’

ਅਜਿਹਾ ਨਹੀਂ ਕਿ ‘ਲਵ-ਜੇਹਾਦ’ ਦੀਆਂ ਸ਼ਿਕਾਰ ਸਿਰਫ ਇਸਾਈ ਮੁਟਿਆਰਾਂ ਹੀ ਹੋ ਰਹੀਆਂ ਹਨ। ਦਰਅਸਲ, ਸਾਰੇ ‘ਕਾਫਿਰਾਂ’ ਵਲੋਂ ਮੁਟਿਆਰਾਂ ਨੂੰ ਵੀ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤ੍ਰਾਸਦੀ ਦੇਖੋ ਕਿ ਕੇਰਲ ਦੀ ਮੌਜੂਦਾ ਖੱਬੇਪੱਖੀ ਸਰਕਾਰ ਜਿਸ ‘ਲਵ-ਜੇਹਾਦ’ ਨੂੰ ਆਧਾਰਹੀਣ ਦੱਸ ਰਹੀ ਹੈ, ਉਸੇ ਦੇ ਸੀਨੀਅਰ ਨੇਤਾ ਵੀ. ਐੱਸ. ਅਚਿਊਤਾਨੰਦਨ ਨੇ ਜੁਲਾਈ 2010 ਵਿਚ ਬਤੌਰ ਕੇਰਲ ਦੇ ਮੁੱਖ ਮੰਤਰੀ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਸੀ, ‘‘ਸਮੁੱਚੇ ਕੇਰਲ ਦੇ ਇਸਲਾਮੀਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਉਥੇ ਗਿਣੇ-ਮਿੱਥੇ ਢੰਗ ਨਾਲ ਹਿੰਦੂ ਲੜਕੀਆਂ ਨਾਲ ਮੁਸਲਿਮ ਲੜਕਿਆਂ ਦੇ ਨਿਕਾਹ ਕਰਨ ਦੀ ਸਾਜ਼ਿਸ਼ ਚਲਾਈ ਜਾ ਰਹੀ ਹੈ।

ਸਿਰਫ ਭਾਰਤ ਜਾਂ ਉਸ ਦੇ ਕਿਸੇ ਇਕ ਖੇਤਰ ਤਕ ‘ਲਵ-ਜੇਹਾਦ’ ਸੀਮਤ ਨਹੀਂ ਹੈ। ਦੁਨੀਆ ਦਾ ਸਭ ਤੋਂ ਸੰਪੰਨ, ਵਿਕਸਿਤ ਅਤੇ ਪ੍ਰਗਤੀਸ਼ੀਲ ਦੇਸ਼ ਬ੍ਰਿਟੇਨ ਵੀ ਇਸ ਤੋਂ ਨਹੀਂ ਬਚਿਆ। ਸਾਲ 2018 ਵਿਚ ਬ੍ਰਿਟੇਨ ਸਥਿਤ ਇਕ ਸਿੱਖ ਸੰਗਠਨ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਮੂਲ ਦੇ ਮੁਸਲਮਾਨ ਬੀਤੇ 50 ਸਾਲਾਂ ਤੋਂ ਭਾਰਤੀ ਮੂਲ ਦੀਆਂ ਸਿੱਖ ਮੁਟਿਆਰਾਂ ਦਾ ਯੌਨ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ’ਚੋਂ ਕਈ ਮੁਟਿਆਰਾਂ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਪਹਿਲਾਂ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਗਿਆ ਤੇ ਫਿਰ ਉਨ੍ਹਾਂ ਨੂੰ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਸਾਹਮਣੇ ਵੀ ਪਰੋਸ ਦਿੱਤਾ। ਉਥੇ ਇਸਾਈ ਮੁਟਿਆਰਾਂ ਵੀ ਦਹਾਕਿਆਂ ਤੋਂ ਜੇਹਾਦੀਆਂ ਦੇ ਨਿਸ਼ਾਨੇ ’ਤੇ ਹਨ। ਰਾਕਡੈਲ ਅਤੇ ਰਾਦਰਹੈਮ ਵਿਚ ਮੁਟਿਆਰਾਂ (ਨਾਬਾਲਗ ਸਮੇਤ) ਦਾ ਯੌਨ ਸ਼ੋਸ਼ਣ ਇਸ ਦੀ ਉਦਾਹਰਣ ਹੈ, ਜਿਸ ਵਿਚ ਪਾਕਿਸਤਾਨੀ ਅਤੇ ਅਫਗਾਨੀ ਮੂਲ ਦੇ ਮੁਸਲਮਾਨ ਦੋਸ਼ੀ ਪਾਏ ਗਏ ਸਨ। ਬ੍ਰਿਟੇਨ ਵਿਚ ਲੇਬਰ ਪਾਰਟੀ ਦੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸਾਰਹਾ ਚੈਂਪੀਅਨ ਇਨ੍ਹਾਂ ਮਾਮਲਿਆਂ ਨੂੰ ਰਾਸ਼ਟਰੀ ਪੱਧਰ ’ਤੇ ਉਠਾ ਚੁੱਕੀ ਹੈ। ‘ਲਵ-ਜੇਹਾਦ’ ਦਾ ਪਿਛੋਕੜ ਉਸ ਜ਼ਹਿਰੀਲੀ ਸੋਚ ’ਚ ਨਿਹਿਤ ਹੈ, ਜਿਸ ਵਿਚ ਵਿਸ਼ਵ ਨੂੰ ‘ਮੋਮਿਨ’ ਅਤੇ ‘ਕਾਫਿਰ’ ਦੇ ਦਰਮਿਆਨ ਵੰਡਿਆ ਗਿਆ ਹੈ। ਇਸ ਜ਼ਹਿਰੀਲੇ ਚਿੰਤਨ ਅਨੁਸਾਰ ਹਰੇਕ ਸੱਚੇ ਪੈਰੋਕਾਰ ਦਾ ਇਹ ਮਜ਼੍ਹਬੀ ਫਰਜ਼ ਹੈ ਕਿ ਉਹ ਕਾਫਿਰਾਂ ਦੀ ਝੂਠੀ ਪੂਜਾ ਪ੍ਰਣਾਲੀ ਨੂੰ ਨਸ਼ਟ ਕਰਕੇ ਤਲਵਾਰ, ਧੋਖਾ, ਫਰੇਬ ਅਤੇ ਲਾਲਚ ਨਾਲ ਉਨ੍ਹਾਂ ਦੇ ਧਰਮ ਨੂੰ ਬਦਲਣ ਲਈ ਪ੍ਰੇਰਿਤ ਕਰਨ ਜਾਂ ਫਿਰ ਮੌਤ ਦੇ ਘਾਟ ਉਤਾਰ ਦੇਣ। ਬੇਸ਼ੱਕ ਇਸ ਦੇ ਲਈ ਆਪਣੀ ਜਾਨ ਦੀ ਬਾਜ਼ੀ ਹੀ ਕਿਉਂ ਨਾ ਲਾਉਣੀ ਪਵੇ। ਇਸੇ ਮਾਨਸਿਕਤਾ ਨੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜ਼ਨਵੀ, ਗੌਰੀ, ਤੈਮੂਰ, ਬਾਬਰ, ਅਲਾਊਦੀਨ ਖਿਲਜ਼ੀ ਆਦਿ ਕਈ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ’ਤੇ ਹਮਲੇ ਲਈ ਪ੍ਰੇਰਿਤ ਕੀਤਾ। ਸੱਚ ਤਾਂ ਇਹ ਹੈ ਕਿ 1400 ਸਾਲ ਪਹਿਲਾਂ ਜਨਮੇ ਇਸਲਾਮ ਦਾ ਮੌਜੂਦਾ ਸਰੂਪ ਅਸੀਂ ਦੇਖ ਰਹੇ ਹਾਂ, ਜਿਸ ਵਿਚ ਦੁਨੀਆ ਦੀ ਕੁਲ ਆਬਾਦੀ 750 ਕਰੋੜ ’ਚੋਂ ਇਸਲਾਮ ਦੇ ਪੈਰੋਕਾਰਾਂ ਦੀ ਗਿਣਤੀ 180 ਕਰੋੜ ਹੈ ਅਤੇ ਦੁਨੀਆ ਵਿਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਅਰਬ, ਈਰਾਨ ਸਮੇਤ 50 ਤੋਂ ਵੱਧ ਐਲਾਨੇ ਇਸਲਾਮੀ ਰਾਸ਼ਟਰ ਜਾਂ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਹਨ, ਉਹ ਲੱਗਭਗ ਜੇਹਾਦ ਦੇ ਕਾਰਣ ਹੀ ਸੰਭਵ ਹੋਇਆ ਹੈ।

ਇਸੇ ਜੇਹਾਦ ਨੇ 70 ਸਾਲਾਂ ਵਿਚ ਪਾਕਿਸਤਾਨ ਦੇ ਲੋਕਾਂ ਦੀ ਆਬਾਦੀ ਨੂੰ 100 ਫੀਸਦੀ ਇਸਲਾਮ ਬਹੁਗਿਣਤੀ ਕਰ ਦਿੱਤਾ ਹੈ। ਕੀ ਇਹ ਸੱਚ ਨਹੀਂ ਕਿ ਬਟਵਾਰੇ ਦੇ ਸਮੇਂ ਜਿਸ ਪਾਕਿਸਤਾਨ ਦੀ ਕੁਲ ਆਬਾਦੀ ਵਿਚ 15-16 ਫੀਸਦੀ ਆਬਾਦੀ ਹਿੰਦੂ-ਸਿੱਖ ਅਤੇ ਜੈਨ ਆਦਿ ਪੈਰੋਕਾਰਾਂ ਦੀ ਸੀ, ਉਹ ਅੱਜ ਇਕ ਫੀਸਦੀ ਰਹਿ ਗਏ ਹਨ। ਇਹੀ ਬਾਕੀ ਗੈਰ-ਮੁਸਲਿਮ ਜੇਹਾਦ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਸਿੰਧ ਦੇ ਜੈਕੋਬਾਬਾਦ ਦਾ ਹੈ, ਜਿੱਥੇ ਮਹਿਕ ਕੁਮਾਰੀ ਨਾਂ ਦੀ ਇਕ ਹਿੰਦੂ ਨਾਬਾਲਗ 15 ਜਨਵਰੀ ਨੂੰ ਇਕਦਮ ਗਾਇਬ ਹੋ ਗਈ। ਤਿੰਨ ਦਿਨਾਂ ਬਾਅਦ ਇਕ ਵੀਡੀਓ ਰਾਹੀਂ ਖੁਲਾਸਾ ਹੋਇਆ ਕਿ ਮਹਿਕ ਦਾ ਇਸਲਾਮ ਵਿਚ ਧਰਮ ਬਦਲਣ ਤੋਂ ਬਾਅਦ ਅਲੀ ਰਜ਼ਾ ਨਾਲ ਨਿਕਾਹ ਕਰਵਾ ਦਿੱਤਾ ਗਿਆ। ਮੀਡੀਆ ਰਿਪੋਰਟ ਅਨੁਸਾਰ ਇਸ ਨੌਜਵਾਨ ਦੀਆਂ ਪਹਿਲਾਂ ਹੀ 2 ਪਤਨੀਆਂ ਤੇ 4 ਬੱਚੇ ਹਨ। ਮਹਿਕ ਦੇ ਅਗ਼ਵਾ ਤੋਂ ਇਕ ਦਿਨ ਪਹਿਲਾਂ ਹੀ 2 ਹਿੰਦੂ ਲੜਕੀਆਂ ਨੂੰ ਵੀ ਸਿੰਧ ਸਥਿਤ ਥਾਰਪਾਰਕਰ ਦੇ ਉਮਰ ਪਿੰਡ ’ਚੋਂ ਅਗਵਾ ਕਰ ਲਿਆ ਗਿਆ ਸੀ। ਇਸ ਤਰ੍ਹਾਂ ਦੀਆਂ ਦਰਜਨਾਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਸਥਾਨਕ ਹਿੰਦੂਆਂ ਨੇ ਪਾਕਿਸਤਾਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਉਹ ਪਾਕਿਸਤਾਨ ਛੱਡਣ ਲਈ ਮਜਬੂਰ ਹੋ ਜਾਣਗੇ। 1990 ਦੇ ਦਹਾਕੇ ਵਿਚ ਇਸੇ ਤਰ੍ਹਾਂ ਦੀਆਂ ਮੁਸ਼ਕਿਲ ਹਾਲਤਾਂ ਦੇ ਦਰਮਿਆਨ ਕਸ਼ਮੀਰ ਤੋਂ 4-5 ਲੱਖ ਹਿੰਦੂ ਹਿਜਰਤ ਲਈ ਮਜਬੂਰ ਹੋਏ ਸਨ।

ਪਾਕਿਸਤਾਨ ਵਿਚ ਗੈਰ-ਮੁਸਲਮਾਨਾਂ ਪ੍ਰਤੀ ਜੇਹਾਦ ਆਸਾਨ ਹੈ ਕਿਉਂਕਿ ਉਸ ਦੀ ਵਿਚਾਰਕ ਸੋਚ, ਵਿਵਸਥਾ ਅਤੇ ਇਕੋ ਸਿਸਟਮ ‘ਕਾਫਿਰ’ ਵਿਰੋਧੀ ਸੋਚ ’ਤੇ ਆਧਾਰਿਤ ਹੈ। ਇਸ ਲਈ ਅਜਿਹੇ ਮਾਮਲਿਆਂ ਵਿਚ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦਾ ਵੀ ਸਮਰਥਨ ਮਿਲਦਾ ਰਹਿੰਦਾ ਹੈ। ਹੁਣ ਕਿਉਂਕਿ ਸਾਡਾ ਦੇਸ਼ ਹਿੰਦੂ ਬਹੁਗਿਣਤੀ ਹੈ, ਜਿੱਥੇ 79 ਫੀਸਦੀ ਆਬਾਦੀ ਹਿੰਦੂਆਂ ਦੀ ਹੈ, ਇਸ ਲਈ ਇਥੇ ਪਾਕਿਸਤਾਨ ਵਰਗੇ ਤੌਰ-ਤਰੀਕੇ ਅਪਣਾ ਕੇ ਗੈਰ-ਮੁਸਲਮਾਨਾਂ ਦਾ ਧਰਮ ਬਦਲਣਾ ਔਖਾ ਹੈ। ਇਸੇ ਕਾਰਣ ਇਥੇ ਜੇਹਾਦ ਲਈ ਅਖੌਤੀ ਪ੍ਰੇਮ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਕੋਈ ਦੋ ਬਾਲਗਾਂ ਦਰਮਿਆਨ ਪਿਆਰ ਦਾ ਮਾਮਲਾ ਨਹੀਂ, ਸਿਰਫ ਮਜ਼੍ਹਬੀ ਜ਼ਿੰਮੇਵਾਰੀ ਦੀ ਪੂਰਤੀ ਹੈ, ਜਿਸ ਦੀ ਪਾਲਣਾ ਕਰਨ ਨਾਲ ‘ਸੱਚੇ’ ਮੁਸਲਮਾਨ ਨੂੰ ਜੰਨਤ ਵਿਚ ਸਥਾਨ ਮਿਲਣ ਬਾਰੇ ਕਿਹਾ ਜਾਂਦਾ ਹੈ। ਫਿਰ ਵੀ ਭਾਰਤ ਵਿਚ ਕਈ ਧਿਰਾਂ ਵਲੋਂ ਉਠਾਏ ਜਾ ਰਹੇ ‘ਲਵ-ਜੇਹਾਦ’ ਨੂੰ ਦੇਸ਼ ਦੀਆਂ ਅਖੌਤੀ ਸਿਆਸੀ ਪਾਰਟੀਆਂ ਅਤੇ ਖੱਬੇਪੱਖੀਆਂ ਦਾ ਸਮੂਹ ਫਿਰਕੂਪੁਣੇ ਦੀ ਅਣਖ ਨਾਲ ਦੇਖ ਕੇ ਮਿੱਥਕ ਜਾਂ ਕਾਲਪਨਿਕ ਦੱਸਦਾ ਹੈ। ਕੀ ਇਹ ਸੱਚ ਨਹੀਂ ਕਿ ਅਦਾਲਤਾਂ ਨੇ ਵੀ ਰਾਸ਼ਟਰੀ ਸੁਰੱਖਿਆ ਲਈ ਇਸ ਦਾ ਨੋਟਿਸ ਸਮੇਂ-ਸਮੇਂ ਉੱਤੇ ਲਿਆ। ਸਾਲ 2006 ਵਿਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਅਤੇ ਦਸੰਬਰ 2009 ਵਿਚ ਕੇਰਲ ਹਾਈਕੋਰਟ ਦੀਆਂ ਟਿੱਪਣੀਆਂ ਇਸ ਦਾ ਪ੍ਰਮਾਣ ਹਨ।

‘ਲਵ-ਜੇਹਾਦ’ ਨਾ ਹੀ ਕਾਲਪਨਿਕ ਹੈ ਅਤੇ ਨਾ ਹੀ ਇਹ ਕੇਰਲ ਵਿਚ ਹਿੰਦੂਆਂ ਤਕ ਸੀਮਤ। ਇਹ ਠੀਕ ਹੈ ਕਿ ਇਸ ਸਮੱਸਿਆ ਵੱਲ ਧਿਆਨ ਦਿਵਾਉਣ ਦਾ ਕੰਮ ਅਜੇ ਤਕ ਕੁਝ ਹਿੰਦੂ ਅਤੇ ਇਸਾਈ ਸੰਗਠਨਾਂ ਨੇ ਕੀਤਾ ਹੈ। ਦਰਅਸਲ ‘ਲਵ-ਜੇਹਾਦ’ ਦੇਸ਼ ਦੀ ਬਹੁਲਤਾਵਾਦੀ ਅਤੇ ਪੰਥਨਿਰਪੱਖਤਾ ਲਈ ਬਹੁਤ ਵੱਡਾ ਖਤਰਾ ਹੈ। ਦੋ ਬਾਲਗ ਪ੍ਰੇਮੀਆਂ ਦਰਮਿਆਨ ਮਜ਼੍ਹਬ ਦੀ ਦੀਵਾਰ ਕਦੇ ਨਹੀਂ ਬਣਨੀ ਚਾਹੀਦੀ ਪਰ ਜੇਕਰ ਅਖੌਤੀ ‘ਪਿਆਰ’ ਦੇ ਰਾਹੀਂ ਇਕ ਬਾਲਗ ਮਜ਼੍ਹਬੀ ਕਾਰਣਾਂ ਕਰਕੇ ਦੂਜੇ ਨੂੰ ਆਪਣੇ ਪ੍ਰੇਮ ਦੇ ਢਕਵੰਜ ਵਿਚ ਫਸਾਵੇ ਤਾਂ ਉਸ ਨੂੰ ਧੋਖਾ ਹੀ ਕਿਹਾ ਜਾਵੇਗਾ। ਕੀ ਇਸ ਤਰ੍ਹਾਂ ਦੇ ਧੋਖੇ ਨੂੰ ਪ੍ਰਵਾਨ ਕਰਨ ਨਾਲ ਸੱਭਿਅਕ ਸਮਾਜ ਤੰਦਰੁਸਤ ਰਹਿ ਸਕਦਾ ਹੈ?

(punjbalbir@gmail.com)

Bharat Thapa

This news is Content Editor Bharat Thapa