ਆਪਣੀ ਮਹੱਤਤਾ ਗੁਆ ਚੁੱਕਿਐ ‘ਗਾਂਧੀ ਬ੍ਰਾਂਡ’

11/06/2019 1:52:08 AM

ਕਲਿਆਣੀ ਸ਼ੰਕਰ

‘ਗਾਂਧੀ ਬ੍ਰਾਂਡ’ ਅੱਜ ਆਪਣੀ ਇਤਿਹਾਸਿਕ ਮਹੱਤਤਾ ਗੁਆ ਚੁੱਕਿਆ ਹੈ। ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਗਾਂਧੀ ਪਰਿਵਾਰ ਤੋਂ ਬਿਨਾਂ ਵੀ ਬਚ ਸਕਦੀ ਹੈ, ਜਿਵੇਂ ਕਿ ਹੁਣੇ-ਹੁਣੇ ਹੋਈਆਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਦੇਖਿਆ ਗਿਆ। ਇਨ੍ਹਾਂ ਦੋਹਾਂ ਸੂਬਿਆਂ ਵਿਚ ਗਾਂਧੀ ਪਰਿਵਾਰ ਨੇ ਜ਼ਿਆਦਾਤਰ ਚੋਣ ਮੁਹਿੰਮ ’ਚ ਹਿੱਸਾ ਨਹੀਂ ਲਿਆ। ਇਸ ਦੇ ਬਾਵਜੂਦ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੀ।

ਹੁਣ ਉਹ ਦਿਨ ਲੱਦ ਗਏ, ਜਦੋਂ ਪਾਰਟੀ ਕਿਸੇ ਇਕ ਨੇਤਾ ਵਿਸ਼ੇਸ਼ ’ਤੇ ਨਿਰਭਰ ਹੁੰਦੀ ਸੀ। ਅਜਿਹਾ ਨਹਿਰੂ ਅਤੇ ਇੰਦਰਾ ਗਾਂਧੀ ਦੇ ਦਿਨਾਂ ਦੌਰਾਨ ਹੀ ਹੁੰਦਾ ਸੀ, ਜਦੋਂ ਉਨ੍ਹਾਂ ਦੇ ਚਹੇਤੇ ਉਮੀਦਵਾਰ ਚੁਣੇ ਜਾਂਦੇ ਸਨ। ਅੱਜ ਜ਼ਮਾਨਾ ਬਦਲ ਗਿਆ ਹੈ। ਹੁਣ ਨਿੱਜੀ ਅਕਸ ਅਤੇ ਪ੍ਰਸਿੱਧੀ ਤੋਂ ਇਲਾਵਾ ਜਾਤੀ ਅਤੇ ਸਥਾਨਕ ਮੁੱਦਿਆਂ ਨੂੰ ਉਭਾਰ ਕੇ ਚੋਣਾਂ ਜਿੱਤੀਆਂ ਜਾਂਦੀਆਂ ਹਨ।

ਹੁਣ ਗਾਂਧੀ ਪਰਿਵਾਰ ਦੀ ਭੂਮਿਕਾ ਕੀ ਹੈ

ਹੁਣ ਗਾਂਧੀ ਪਰਿਵਾਰ ਦੀ ਭੂਮਿਕਾ ਕੀ ਹੈ, ਜਿਸ ਨੇ ਵਿਧਾਨ ਸਭਾ ਚੋਣਾਂ ਵਿਚ ਆਪਣੇ ਕਦਮਾਂ ਨੂੰ ਪਿਛਾਂਹ ਖਿੱਚੀ ਰੱਖਿਆ। ਰਾਹੁਲ ਗਾਂਧੀ ਦੀ ਪਾਰਟੀ ਵਿਚ ਕੀ ਭੂਮਿਕਾ ਹੈ? ਸਾਡੇ ’ਚੋਂ ਕਈਆਂ ਦਾ ਮੰਨਣਾ ਹੈ ਕਿ ਹੁਣ ਸ਼ਾਇਦ ਗਾਂਧੀਆਂ ਦੀ ਲੋੜ ਨਹੀਂ। ਇਹ ਸਪੱਸ਼ਟ ਹੈ ਕਿ ਕਾਂਗਰਸ ਅਜੇ ਵੀ ਗਾਂਧੀਆਂ ’ਤੇ ਅਟਕੀ ਹੋਈ ਹੈ ਕਿਉਂਕਿ ਲੋਕ ਸਮਝਦੇ ਹਨ ਕਿ ਉਨ੍ਹਾਂ ਤੋਂ ਇਲਾਵਾ ਪਾਰਟੀ ਨੂੰ ਹੋਰ ਕੋਈ ਪਾਰ ਨਹੀਂ ਲਾ ਸਕਦਾ।

ਅਜਿਹਾ ਇਸ ਲਈ ਵੀ ਹੈ ਕਿਉਂਕਿ ਪਾਰਟੀ ਵਰਕਰ ਜਾਣਦੇ ਹਨ ਕਿ ਕਾਂਗਰਸ ਵਿਚ ਕੋਈ ਕ੍ਰਿਸ਼ਮਈ ਨੇਤਾ ਹੈ ਹੀ ਨਹੀਂ, ਜਿਹੜਾ ਪਾਰਟੀ ਨੂੰ ਸਹੀ ਢੰਗ ਨਾਲ ਚਲਾ ਸਕੇ। ਇਸ ਲਈ ਜਦੋਂ ਤਕ ਸੋਨੀਆ ਗਾਂਧੀ ਪਾਰਟੀ ਵਿਚ ਸਰਗਰਮ ਹਨ, ਉਦੋਂ ਤਕ ਉਹ ਪਾਰਟੀ ਪ੍ਰਧਾਨ ਬਣੇ ਰਹਿਣਗੇ। ਇਸੇ ਕਾਰਣ ਪਾਰਟੀ ਨੇ ਦੋਹਾਂ ਸੂਬਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਈ, ਹਾਲਾਂਕਿ ਦੋਹਾਂ ਸੂਬਿਆਂ ਵਿਚ ਸੋਨੀਆ ਗਾਂਧੀ ਸਮੇਂ ਦੀ ਘਾਟ ਕਾਰਣ ਚੋਣ ਮੁਹਿੰਮ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕੀ। ਦੋਹਾਂ ਸੂਬਿਆਂ ਵਿਚ ਕਾਂਗਰਸ ਦੇ ਸੂਬਾਈ ਪ੍ਰਧਾਨਾਂ ਨੂੰ ਹਟਾਉਣਾ ਸੋਨੀਆ ਦਾ ਸਹੀ ਫੈਸਲਾ ਸੀ ਤੇ ਨਵੇਂ ਪਾਰਟੀ ਪ੍ਰਧਾਨਾਂ ਦੀ ਨਿਯੁਕਤੀ ਕਰਨਾ ਫਾਇਦੇਮੰਦ ਰਿਹਾ।

ਹਾਲ ਹੀ ਦੀਆਂ ਚੋਣਾਂ ਵਿਚ ਸੋਨੀਆ ਗਾਂਧੀ ਜ਼ਿਆਦਾ ਚੋਣ ਦੌਰੇ ਨਹੀਂ ਕਰ ਸਕੀ ਤੇ ਹਰਿਆਣਾ ਵਿਚ ਵੀ ਉਨ੍ਹਾਂ ਦੀ ਇਕੋ-ਇਕ ਚੋਣ ਰੈਲੀ ਸਿਹਤ ਖਰਾਬ ਹੋਣ ਕਰਕੇ ਰੱਦ ਹੋ ਗਈ ਅਤੇ ਆਖਰੀ ਪਲਾਂ ਵਿਚ ਰਾਹੁਲ ਗਾਂਧੀ ਨੂੰ ਉਤਰਨਾ ਪਿਆ। ਅਸਲ ਵਿਚ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਕਿਸੇ ਵੀ ਸਟਾਰ ਪ੍ਰਚਾਰਕ ਨੂੰ ਚੋਣ ਮੁਹਿੰਮ ਵਿਚ ਨਹੀਂ ਉਤਾਰਿਆ। ਅਜੇ ਵੀ ਗਾਂਧੀਆਂ ਦੇ ਭਰੋਸੇਮੰਦ ਸੋਨੀਆ ਨੂੰ ਦੋਸ਼ ਨਹੀਂ ਦੇ ਸਕਦੇ।

ਪ੍ਰਿਯੰਕਾ ਗਾਂਧੀ ਵਢੇਰਾ, ਜੋ ਇਸੇ ਸਾਲ ਸਿਆਸਤ ਵਿਚ ਸਰਗਰਮ ਹੋਈ, ਨੇ ਯੂ. ਪੀ. ਵਿਚ ਸੂਬਾ ਪ੍ਰਧਾਨ ਹੋਣ ਦੇ ਨਾਤੇ ਖੁਦ ਨੂੰ ਸੀਮਤ ਰੱਖਿਆ। ਕੁਝ ਚੋਣਵੇਂ ਟਵੀਟਾਂ ਜ਼ਰੀਏ ਪ੍ਰਿਯੰਕਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਯੂ. ਪੀ. ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਆਲੋਚਨਾ ਕੀਤੀ, ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਕਰ ਸਕੀ। ਯੂ. ਪੀ. ਸੂਬੇ ਦੀ ਇਕਾਈ ਮੁਖੀ ਹੋਣ ਦੇ ਨਾਤੇ ਪ੍ਰਿਯੰਕਾ ਕਿੰਨਾ ਕੁਝ ਸੰਭਵ ਕਰ ਸਕੀ, ਇਹ ਅਜੇ ਸਪੱਸ਼ਟ ਨਹੀਂ ਹੈ।

ਜਿਥੋਂ ਤਕ ਰਾਹੁਲ ਗਾਂਧੀ ਦਾ ਸਵਾਲ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਨੂੰ ਲੈ ਕੇ ਉਹ ਆਪਣੇ ਕੁਝ ਘਾਗ ਨੇਤਾਵਾਂ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਅਜੇ ਤਕ ਮੁਆਫ ਨਹੀਂ ਕਰ ਸਕੇ। ਅਸਤੀਫਾ ਦੇ ਕੇ ਰਾਹੁਲ ਨੇ ਆਪਣੀ ਭੜਾਸ ਕੱਢ ਲਈ, ਜੋ ਜਗ ਜ਼ਾਹਿਰ ਵੀ ਹੋ ਗਈ। ਚਾਹੇ ਉਹ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਾਰਟੀ ਪ੍ਰਧਾਨ ਬਣਾਉਣ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਸਨ, ਫਿਰ ਵੀ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ। ਬਿਨਾਂ ਕਿਸੇ ਅਧਿਕਾਰਿਤ ਜ਼ਿੰਮੇਵਾਰੀ ਦੇ ਰਾਹੁਲ ਗਾਂਧੀ ਦੇਸ਼ ਭਰ ਵਿਚ ਘੁੰਮ ਕੇ, ਬਿਆਨ ਦੇ ਕੇ ਅਤੇ ਟਵੀਟ ਕਰ ਕੇ ਪਾਰਟੀ ਨੂੰ ਅੱਗੇ ਵਧਾ ਰਹੇ ਹਨ।

ਚੋਣਾਂ ਤੋਂ ਬਾਅਦ ਬ੍ਰੇਕ ਲੈਂਦੇ ਨੇ ਰਾਹੁਲ

ਹਰ ਵਾਰ ਵਾਂਗ ਰਾਹੁਲ ਗਾਂਧੀ ਚੋਣਾਂ ਤੋਂ ਬਾਅਦ ਬ੍ਰੇਕ ਲੈ ਲੈਂਦੇ ਹਨ। ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਰਾਹੁਲ ਮੈਡੀਟੇਸ਼ਨ ਕਰਨ ਲਈ ਵਿਦੇਸ਼ ਗਏ ਹੋਏ ਹਨ। ਰਾਹੁਲ ਵਿਦੇਸ਼ ਦੌਰੇ ’ਤੇ ਹਨ, ਇਸ ਲਈ ਕਾਂਗਰਸ ਦੀ ਯੋਜਨਾ ਹੈ ਕਿ 5 ਤੋਂ 15 ਨਵੰਬਰ ਤਕ ਆਰਥਿਕ ਮੰਦੀ, ਬੇਰੋਜ਼ਗਾਰੀ ਅਤੇ ਖੇਤੀ ਸੰਕਟ ਨੂੰ ਲੈ ਕੇ ਇਕ ਰਾਸ਼ਟਰਵਿਆਪੀ ਅੰਦੋਲਨ ਚਲਾਇਆ ਜਾਵੇ।

ਕੋਈ ਤਾਕਤਵਰ ਪ੍ਰਧਾਨ ਨਾ ਹੋਣ ਕਰਕੇ ਪਾਰਟੀ ‘ਅਪਾਹਜ’ ਹੋ ਗਈ ਲੱਗਦੀ ਹੈ। ਪ੍ਰਿਯੰਕਾ ਗਾਂਧੀ ਵਢੇਰਾ ਵੀ ਜ਼ਿਆਦਾ ਅਸਰਦਾਰ ਨਹੀਂ। ਰਾਹੁਲ ਦੀ ਚਿੰਤਾ ਨਾ ਕਰੋ, ਉਹ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣ ਕੇ ਪਰਤਣਗੇ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗਾਂਧੀ ਪਰਿਵਾਰ ਦੇ ਭਰੋਸੇਮੰਦ ਏ. ਕੇ. ਐਂਟੋਨੀ ਦਾ ਦਾਅਵਾ ਹੈ ਕਿ ਕਾਂਗਰਸ ਆਸਮਾਨ ਵਿਚ ਮੁੜ ਅਚੰਭਾ ਕਰ ਕੇ ਚਮਕੇਗੀ।

ਜ਼ਿਆਦਾਤਰ ਫੈਸਲਿਆਂ ’ਤੇ ਰਾਹੁਲ ਦੀ ਮੋਹਰ

ਤਕਨੀਕੀ ਤੌਰ ’ਤੇ ਰਾਹੁਲ ਗਾਂਧੀ ਨੂੰ ਕਿਸੇ ਨੂੰ ਵੀ ਸਵਾਲ ਨਹੀਂ ਪੁੱਛਣਾ ਚਾਹੀਦਾ ਕਿਉਂਕਿ ਹੁਣ ਪਾਰਟੀ ਵਿਚ ਉਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੈ, ਹਾਲਾਂਕਿ ਜ਼ਿਆਦਾਤਰ ਫੈਸਲਿਆਂ ’ਤੇ ਉਨ੍ਹਾਂ ਦੀ ਮੋਹਰ ਲੱਗਣੀ ਜ਼ਰੂਰੀ ਹੁੰਦੀ ਹੈ। ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹੁਣ ਹਰਿਆਣਾ ਤੇ ਮਹਾਰਾਸ਼ਟਰ ਵਿਚ ਕਾਂਗਰਸ ਉੱਭਰੀ ਹੈ ਅਤੇ ਉਸ ਦਾ ਗਲਬਾ ਫਿਰ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਨੂੰ ਸੂਬਿਆਂ ਵਿਚ ਕੋਈ ਮਜ਼ਬੂਤ ਨੇਤਾ ਨਹੀਂ ਮਿਲੇ। ਇਹ ਕਾਂਗਰਸ ਲਈ ਮੁਸ਼ਕਿਲ ਵਾਲੀ ਗੱਲ ਹੈ ਕਿ ਜਿਹੜੇ ਨੇਤਾਵਾਂ ਨੂੰ ਰਾਹੁਲ ਗਾਂਧੀ ਨੇ ਸੂਬਿਆਂ ਵਿਚ ਲੀਡ ਕਰਨ ਲਈ ਬਿਠਾਇਆ, ਉਹ ਅਸਰਦਾਰ ਨਹੀਂ ਰਹੇ, ਜਿਵੇਂ ਕਿ ਹਰਿਆਣਾ ’ਚ ਅਸ਼ੋਕ ਤੰਵਰ ਅਤੇ ਮਹਾਰਾਸ਼ਟਰ ਵਿਚ ਸੰਜੇ ਨਿਰੂਪਮ ਦੇ ਰੂਪ ਵਿਚ ਦਿਖਾਈ ਦਿੱਤੇ।

ਲੀਡਰਸ਼ਿਪ ਦਾ ਅਜਿਹਾ ਸੰਕਟ ਪਾਰਟੀ ਨੂੰ ਪਹਿਲਾਂ ਕਦੇ ਵੀ ਨਹੀਂ ਝੱਲਣਾ ਪਿਆ। ਸਾਰੀਆਂ ਗੱਲਾਂ ਦੀ ਕਮੀ ਦੇ ਬਾਵਜੂਦ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਲੱਗਭਗ 12 ਕਰੋੜ ਵੋਟਾਂ ਹਾਸਿਲ ਕੀਤੀਆਂ। ਇਹ ਗੱਲ ਦਰਸਾਉਂਦੀ ਹੈ ਕਿ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਜੇ ਮਹਾਰਾਸ਼ਟਰ ਅਤੇ ਹਰਿਆਣਾ ਵਾਲੇ ਰੁਝਾਨ ਜਾਰੀ ਰਹੇ ਤਾਂ ਕਾਂਗਰਸ ਕੇਂਦਰੀ ਲੀਡਰਸ਼ਿਪ ਨਾਲੋਂ ਜ਼ਿਆਦਾ ਸਥਾਨਕ ਇਕਾਈਆਂ ਵਿਚ ਹੋਰ ਵੀ ਮਜ਼ਬੂਤੀ ਨਾਲ ਉੱਭਰੇਗੀ।

ਇਸ ਸਾਲ ਦੇ ਅਖੀਰ ਤਕ ਝਾਰਖੰਡ ਅਤੇ ਦਿੱਲੀ ਵਿਚ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿਚ ਕਾਂਗਰਸ ਦੀ ਜ਼ਿਆਦਾ ਹਿੱਸੇਦਾਰੀ ਹੋਵੇਗੀ। ਇਕ ਗੱਲ ਸਪੱਸ਼ਟ ਹੈ ਕਿ ਪਾਰਟੀ ’ਤੇ ਗਾਂਧੀ ਪਰਿਵਾਰ ਦਾ ਗਲਬਾ ਕਾਇਮ ਰਹੇਗਾ। ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਹੁਣੇ-ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਪਾਰਟੀ ਆਪਣੀ ਕਾਰਜਸ਼ੈਲੀ ਦਾ ਅੰਦਾਜ਼ ਬਦਲੇਗੀ ਅਤੇ ਖ਼ੁਦ ਨੂੰ ਨਵੀਂ ਸਥਿਤੀ ਮੁਤਾਬਿਕ ਢਾਲੇਗੀ।

(kalyani60@gmail.com)

Bharat Thapa

This news is Content Editor Bharat Thapa