ਲਾਕਡਾਊਨ ਕੀ ਇਹ ਕਦਮ ਸਹੀ ਹੈ?

03/31/2020 2:32:20 AM

ਪੂਨਮ ਆਈ ਕੌਸ਼ਿਸ਼

ਅਸੀਂ ਬੜੇ ਔਖੇ ਹਾਲਾਤ ’ਚ ਰਹਿ ਰਹੇ ਹਾਂ। ਅਸੀਂ ਲਾਕਡਾਊਨ ਵਰਗੇ ਸ਼ਬਦਾਂ ਤੋਂ ਜਾਣੂ ਨਹੀਂ ਸੀ ਪਰ ਕੋਰੋਨਾ ਮਹਾਮਾਰੀ ਕਾਰਣ ਵਿਸ਼ਵ ਦੇ 181 ਦੇਸ਼ਾਂ ’ਚ ਭਿਆਨਕ ਸਥਿਤੀ ਕਾਰਣ ਸਾਨੂੰ ਇਨ੍ਹਾਂ ਸ਼ਬਦਾਂ ਤੋਂ ਜਾਣੂ ਹੋਣਾ ਪਿਆ ਹੈ। ਵਿਸ਼ਵ ਦੇ 195 ਦੇਸ਼ਾਂ ’ਚ ਕੋਰੋਨਾ ਮਹਾਮਾਰੀ ਨਾਲ 6.50 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ ਅਤੇ 28 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਅਤੇ ਵਿਸ਼ਵ ਦੇ ਵੱਖ-ਵੱਖ ਦੇਸ਼ ਇਸ ਸੰਕਟ ਨਾਲ ਨਜਿੱਠਣ ਲਈ ਭਰਪੂਰ ਯਤਨ ਕਰ ਰਹੇ ਹਨ। ਇਸ ਬੀਮਾਰੀ ਪ੍ਰਤੀ ਸਾਡੀਆਂ ਪ੍ਰਤੀਕਿਰਿਆਵਾਂ ਸਹੀ, ਉਚਿਤ ਇਰਾਦੇ ਅਤੇ ਆਸ ’ਤੇ ਨਿਰਦੇਸ਼ਿਤ ਹੋ ਰਹÆੀਆਂ ਹਨ। ਇਸ ਸੰਕਟ ਤੋਂ ਕਦੋਂ ਮੁਕਤੀ ਮਿਲੇਗੀ, ਕੋਈ ਨਹੀਂ ਜਾਣਦਾ ਪਰ ਅੱਜ ਹਰ ਕੋਈ ਡਰਿਆ ਹੋਇਆ ਹੈ। ਤੁਸੀਂ ਸਾਡੇ ਪ੍ਰਧਾਨ ਮੰਤਰੀ ਨਾਲ ਪ੍ਰੇਮ ਕਰੋ, ਨਫਰਤ ਕਰੋ, ਉਨ੍ਹਾਂ ਨਾਲ ਸਹਿਮਤ ਹੋਵੋ ਜਾਂ ਅਸਹਿਮਤ ਹੋਵੋ ਪਰ ਉਹ ਸਾਧੂਵਾਦ ਦੇ ਪਾਤਰ ਹਨ। ਉਨ੍ਹਾਂ ਨੇ 10 ਦਿਨ ਪਹਿਲਾਂ ਜਨਤਾ ਕਰਫਿਊ ਦਾ ਐਲਾਨ ਕੀਤਾ ਅਤੇ ਫਿਰ 130 ਕਰੋੜ ਦੇਸ਼ਵਾਸੀਆਂ ਨੂੰ 21 ਦਿਨਾਂ ਤਕ ਘਰ ’ਚ ਲਾਕਡਾਊਨ ਰਹਿਣ ਦਾ ਐਲਾਨ ਕੀਤਾ। ਰਾਮਾਇਣ ਅਤੇ ਮਹਾਭਾਰਤ ਦੇ ਪ੍ਰਸੰਗਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਘਰ ਦੀਆਂ ਦਹਿਲੀਜ਼ਾਂ ’ਤੇ ਇਕ ਲਕਸ਼ਮਣ ਰੇਖਾ ਖਿੱਚੀ ਜਾਣੀ ਚਾਹੀਦੀ ਹੈ ਅਤੇ ਜੇਕਰ ਮਹਾਭਾਰਤ ਦੀ ਜੰਗ 18 ਦਿਨ ਚੱਲੀ ਤਾਂ ਕੋਰੋਨਾ ਦੀ ਲੜੀ ਨੂੰ ਤੋੜਨ ਲਈ 21 ਦਿਨ ਦਾ ਲਾਕਡਾਊਨ ਜ਼ਰੂਰੀ ਹੈ। ਸੰਪੂਰਨ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਸਾਡੀ ਸਰਕਾਰ ਇਸ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡ ਰਹੀ। ਹੁਣ ਤਕ ਦੇਸ਼ ’ਚ ਲੱਗਭਗ 1100 ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ ਅਤੇ 28 ਮੌਤਾਂ ਹੋ ਚੁੱਕੀਆਂ ਹਨ। ਗਲੀਆਂ ਸੁੰਨੀਆਂ ਹਨ, ਰੇਲ ਗੱਡੀਆਂ, ਉਡਾਣਾਂ ਸਭ ਬੰਦ ਹਨ। ਲੱਖਾਂ ਲੋਕ ਘਰ ਤੋਂ ਕੰਮ ਕਰ ਰਹੇ ਹਨ, ਲੋਕ ਸਥਿਤੀ ਨੂੰ ਸੰਭਾਲਣਾ ਸਿੱਖ ਰਹੇ ਹਨ ਪਰ ਹਰ ਕੋਈ ਡਰਿਆ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਲਾਕਡਾਊਨ ਨੇ ਸਰਕਾਰ ਨੂੰ ਸਾਡੀ ਸਿਹਤ ਸੰਭਾਲ ਸਬੰਧੀ ਢਾਂਚੇ ’ਚ ਸੁਧਾਰ ਕਰਨ, ਹਸਪਤਾਲਾਂ ਦੀ ਉਸਾਰੀ, ਬਿਸਤਰਿਆਂ, ਯੰਤਰਾਂ, ਪ੍ਰੀਖਣ ਕੇਂਦਰਾਂ, ਪ੍ਰੀਖਣ ਕਿੱਟਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਅਤੇ ਡਾਕਟਰੀ ਕਾਮਿਆਂ ਨੂੰ ਟਰੇਂਡ ਕਰਨ ਦਾ ਮੌਕਾ ਦਿੱਤਾ ਹੈ। 17 ਤੋਂ ਵੱਧ ਸੂਬਿਆਂ ਨੇ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਹਸਪਤਾਲਾਂ ਦੀ ਚੋਣ ਕੀਤੀ ਹੈ। ਇਹ ਸਹੀ ਨਹੀਂ ਹਨ। ਸਰਕਾਰ ਨੇ ਗਰੀਬ ਲੋਕਾਂ ਨੂੰ ਅਗਲੇ 3 ਮਹੀਨਿਆਂ ਲਈ ਮੁਫਤ ਰਾਸ਼ਨ ਅਤੇ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ 1.70 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਵੀ ਕੀਤਾ ਹੈ ਪਰ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ’ਤੇ ਹਜ਼ਾਰਾਂ ਪ੍ਰਵਾਸੀ ਅਤੇ ਦਿਹਾੜੀਦਾਰ ਮਜ਼ਦੂਰ ਸ਼ਹਿਰਾਂ ਨੂੰ ਛੱਡ ਕੇ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ਵੱਲ ਜਾ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭੁੱਖੇ ਨੰਗੇ ਬੱਚੇ ਵੀ ਹਨ ਅਤੇ ਟਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਹੈ। ਇਕ ਗਰੀਬ ਮਜ਼ਦੂਰ ਦਾ ਕਹਿਣਾ ਹੈ ਕਿ ਸਾਡੇ ਸ਼ਾਸਕ ਜਾਣਦੇ ਹਨ ਕਿ ਆਮ ਜਨਤਾ ਕਿਵੇਂ ਰਹਿੰਦੀ ਹੈ। ਵਿਰੋਧੀ ਧਿਰ ਕੋਰੋਨਾ ਵਿਰੁੱਧ ਜੰਗ ਲੜ ਰਹੇ ਯੋਧਿਆਂ ਲਈ 5 ਮਿੰਟ ਥਾਲੀ ਅਤੇ ਤਾੜੀ ਵਜਾਉਣ ਨੂੰ ਮੋਦੀ ਦੀ ਡਰਾਮੇਬਾਜ਼ੀ ਕਹਿੰਦੀ ਹੈ। ਗਰੀਬ ਅਤੇ ਮਜ਼ਦੂਰਾਂ ਲਈ ਸਹੀ ਕਦਮ ਨਾ ਚੁੱਕਣ ਲਈ ਉਨ੍ਹਾਂ ਦੀ ਆਲੋਚਨਾ ਕਰਦੀ ਹੈ। ਇਕ ਸੀਨੀਅਰ ਕਾਂਗਰਸੀ ਆਗੂ ਅਨੁਸਾਰ ਜੇਕਰ ਸਾਡੇ ਸਾਬਕਾ ਵਿੱਤ ਮੰਤਰੀ ਇਕ ਦਸ ਸੂਤਰੀ ਯੋਜਨਾ ਲਿਆ ਸਕਦੇ ਹਨ ਤਾਂ ਫਿਰ ਸਰਕਾਰ ਕਿਉਂ ਨਹੀਂ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਸਪਲਾਈ ਰੁਕ ਰਹੀ ਹੈ ਕਿਉਂਕਿ ਅੰਤਰ-ਸੂਬਾ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ, ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ, ਫਲ ਅਤੇ ਸਬਜ਼ੀਆਂ ਸੜ ਰਹੀਆਂ ਹਨ ਅਤੇ ਕੀਮਤਾਂ ਵਧ ਰਹੀਆਂ ਹਨ। ਸਰਕਾਰ ਖੁਸ਼ਕਿਸਮਤ ਹੈ ਕਿ ਸਾਡਾ ਸਮਾਜ ਕਮਜ਼ੋਰ ਹੈ ਅਤੇ ਉਹ ਹਿੱਤਾਂ ਦੀ ਰੱਖਿਆ ਕਰਨ ’ਚ ਦੇਰੀ ਨਾਲ ਕਦਮ ਚੁੱਕਦਾ ਹੈ। ਪਰ ਦੇਸ਼ਵਾਸੀਆਂ ਨੇ ਇਨ੍ਹਾਂ ਆਲੋਚਨਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਇਕਜੁੱਟ ਹੋ ਕੇ ਆਪਣੇ ਡਾਕਟਰਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਆਰਥਿਕ ਟੀਚਿਆਂ ਦੀ ਬਜਾਏ ਮਨੁੱਖੀ ਜ਼ਿੰਦਗੀ ਨੂੰ ਮਹੱਤਵ ਦਿੱਤਾ ਅਤੇ ਉਸ ਦੇ ਅਨੁਸਾਰ ਕਦਮ ਚੁੱਕੇ। ਹੁਣ ਤਕ ਚੀਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ਤੋਂ ਬਾਅਦ ਭਾਰਤ ਇਸ ਸੰਕਟ ਨਾਲ ਬਾਖੂਬੀ ਨਜਿੱਠ ਰਿਹਾ ਹੈ। ਅੱਜ ਅਮਰੀਕਾ ’ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਚੀਨ ਨਾਲੋਂ ਵੱਧ ਹੋ ਗਈ ਹੈ। ਮਹਾਮਾਰੀਆਂ ਸਿਆਸੀ ਹੱਦਾਂ, ਆਸਥਾਵਾਂ, ਵਿਚਾਰਧਾਰਾਵਾਂ ਜਾਂ ਧਰਮਾਂ ਤਕ ਸੀਮਤ ਨਹੀਂ ਹੁੰਦੀਆਂ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਇਸ ਨੂੰ ਚੀਨੀ ਵਾਇਰਸ ਕਹਿੰਦੇ ਹਨ ਤਾਂ ਕੁਝ ਲੋਕ ਹਾਲੀਵੁੱਡ ਦੀ ਫਿਲਮ ‘ਕੋਂਟਾਜੀਅਨ’ ਅਤੇ ਨਾਵਲ ‘ਆਈ ਆਫ ਡਾਰਕਨੈੱਸ’ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਚੀਨ ਵਲੋਂ ਸ਼ੁਰੂ ਕੀਤੀ ਗਈ ਜੈਵਿਕ ਜੰਗ ਕਹਿ ਰਹੇ ਹਨ।

ਕੀ ਇਹ ਸਿਰਫ ਇਕ ਸੰਯੋਗ ਹੈ?

ਅਰਥਸ਼ਾਸਤਰੀ ਇਸ ਨੂੰ ਮਾਉਥਸ ਦੇ ਆਬਾਦੀ ਸਿਧਾਂਤ ਅਤੇ ‘ਗਾਈਆ ਪਰਿਕਲਪਨਾ’ ਨਾਲ ਜੋੜਦੇ ਹਨ। ਮਾਉਥਸ ਨੇ ਕਿਹਾ ਸੀ ਕਿ ਜਦੋਂ ਆਬਾਦੀ ਧਰਤੀ ਦੇ ਸਰੋਤਾਂ ਤੋਂ ਵੱਧ ਤੇਜ਼ੀ ਨਾਲ ਵਧਦੀ ਹੈ ਤਾਂ ਫਿਰ ਇਨ੍ਹਾਂ ਦੋ ਅਸਮਾਨ ਸ਼ਕਤੀਆਂ ਆਬਾਦੀ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਸਪਲਾਈ ਨੂੰ ਕਾਲ, ਰੋਗ, ਕੁਦਰਤੀ ਆਫਤਾਂ ਅਤੇ ਜੰਗ ਰਾਹੀਂ ਹਾਂ-ਪੱਖੀ ਰੋਕ ਦੁਆਰਾ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਰੋਨਾ ਇਸ ਦੀ ਪਿਰਣੀਤੀ ਹੈ। ਸਵਾਲ ਉੱਠਦਾ ਹੈ ਕਿ ਮਨੁੱਖੀ ਜਾਤੀ ਖੁਦਕੁਸ਼ੀ ਦੇ ਮੂਡ ’ਚ ਹੈ? ‘ਗਾਈਆ ਪਰਿਕਲਪਨਾ’ ਅਨੁਸਾਰ ਧਰਤੀ ਸਜੀਵ ਪ੍ਰਾਣੀਆਂ ਦਾ ਨਿਰਜੀਵ ਨਿਕਾਏ ਨਹੀਂ ਹੈ ਸਗੋਂ ਸਜੀਵ ਹੈ, ਜੋ ਸੁਧਾਰਾਤਮਕ ਯਤਨਾਂ ਦੁਆਰਾ ਆਪਣੀ ਕਿਸਮਤ ਨੂੰ ਨਿਯਮਿਤ ਅਤੇ ਕੰਟਰੋਲ ਕਰਦੀ ਹੈ। ਧਰਤੀ ਮਾਤਾ ਦੇ ਨਾਲ ਕੀਤੇ ਗਏ ਕਿਸੇ ਵੀ ਤਰ੍ਹਾਂ ਦੇ ਅਨਿਆਂ ਲਈ ਉਹ ਇਕ ਜੁਰਮ ਦੇ ਰੂਪ ’ਚ ਸਜ਼ਾ ਦਿੰਦੀ ਹੈ। ਇਸ ਲਈ ਕੁਦਰਤੀ ਆਫਤਾਂ ਦੁਰਘਟਨਾਵਾਂ ਨਹੀਂ ਹਨ ਸਗੋਂ ਧਰਤੀ ਵਲੋਂ ਆਪਣੀ ਹੋਂਦ ’ਚ ਆਈਆਂ ਤਰੁੱਟੀਆਂ ਨੂੰ ਸੁਧਾਰਨ ਲਈ ਕੀਤੇ ਗਏ ਉਪਾਅ ਹਨ। ‘ਇਕ ਬਹੁਰੂਪੀਏ’ ਅਨੁਸਾਰ ਜੇਕਰ ਅਸੀਂ ਅਜੇ ਵੀ ਹੋਸ਼ ’ਚ ਨਾ ਆਏ ਤਾਂ ਬਰਬਾਦ ਹੋ ਜਾਵਾਂਗੇ। ਸਾਡੇ ਧਾਰਮਿਕ ਭਗਤ ਵੀ ਪਿੱਛੇ ਨਹੀਂ ਹਨ। ਈਸਾਈ ਅਤੇ ਮੁਸਲਿਮ ਇਸ ਨੂੰ ਕਿਆਮਤ ਦਾ ਦਿਨ ਕਹਿ ਰਹੇ ਹਨ ਤਾਂ ਹਿੰਦੂ ਇਸ ਨੂੰ ਕਲਯੁੱਗ ਦੱਸ ਰਿਹਾ ਹੈ। ਜਿਥੇ ਸਾਡੇ ਕਰਮ ਇਸ ਧਰਤੀ ਦੇ ਵਿਨਾਸ਼ ਵੱਲ ਵਧ ਰਹੇ ਹਨ। ਇਸ ਲੜੀ ’ਚ ਅਸੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਯੁੱਧਿਆ ’ਚ ਅਸਥਾਈ ਰਾਮ ਮੰਦਿਰ ’ਚ ਪੂਜਾ ਕਰਦੇ ਦੇਖਿਆ ਤਾਂ ਮੌਲਵੀਆਂ ਨੂੰ ਮਸਜਿਦਾਂ ’ਚ ਅੱਲ੍ਹਾ ਦੀ ਇਬਾਦਤ ਕਰਦੇ ਦੇਖਿਆ। ਇਸ ਲੜੀ ’ਚ ਉਨ੍ਹਾਂ ਨੇ ਧਾਰਾ 144 ਦੀ ਉਲੰਘਣਾ ਕੀਤੀ, ਜਿਸ ਦੇ ਅਧੀਨ 5 ਤੋਂ ਵੱਧ ਲੋਕ ਇਕ ਥਾਂ ’ਤੇ ਇਕੱਠੇ ਨਹੀਂ ਹੋ ਸਕਦੇ ਅਤੇ ਸਮਾਜਿਕ ਦੂਰੀ ਨੂੰ ਨਹੀਂ ਮੰਨਿਆ। ਉਨ੍ਹਾਂ ਦਾ ਮੰਨਣਾ ਸੀ ਕਿ ਚਿੰਤਾ ਨਾ ਕਰੋ, ਭਗਵਾਨ ਸਾਨੂੰ ਬਚਾਏਗਾ ਪਰ ਕੀ ਅਸਲ ’ਚ ਅਜਿਹਾ ਹੈ? ਵਾਤਾਵਰਣ ਮਾਹਿਰ ਵਿਸ਼ਵ ਪੱਧਰੀ ਵਿਨਾਸ਼ ਦੀ ਗੱਲ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਦਰਤ ਦਾ ਬਦਲਾ ਲੈਣ ਦਾ ਤਰੀਕਾ ਹੈ। ਹੜ੍ਹ, ਸੋਕਾ, ਭੂਚਾਲ, ਚੱਕਰਵਾਤ, ਤੂਫਾਨ, ਜਲਵਾਯੂ ਪਰਿਵਰਤਨ, ਧਰਤੀ ਦੇ ਤਾਪਮਾਨ ’ਚ ਵਾਧਾ ਬਹੁਤ ਜ਼ਿਆਦਾ ਬਰਫਬਾਰੀ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਦਾ ਪੱਧਰ ਉੱਠਣਾ ਇਹ ਕੁਦਰਤ ਦੇ ਬਦਲਾ ਲੈਣ ਦੇ ਮਾਰਗ ਹਨ। ਯੂਰਪ ’ਚ ਗਰਮੀ ਵਧ ਰਹੀ ਹੈ ਤਾਂ ਆਸਟਰੇਲੀਆ ਦੇ ਜੰਗਲਾਂ ਦੀ ਅੱਗ ਨੇ ਹਜ਼ਾਰਾਂ ਏਕੜ ਜ਼ਮੀਨ ਅਤੇ ਲੱਖਾਂ ਜੰਗਲੀ ਜੀਵਾਂ ਨੂੰ ਨਸ਼ਟ ਕੀਤਾ ਹੈ। ਬਿਨਾਂ ਸ਼ੱਕ ਇਹ ਮਹਾਮਾਰੀ ਸਿਆਸੀ, ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਜ਼ਖਮ ਛੱਡ ਕੇ ਜਾਵੇਗੀ। ਇਨ੍ਹਾਂ ’ਚੋਂ ਕੁਝ ਜ਼ਖਮ ਲੰਬੇ ਸਮੇਂ ਤਕ ਬਣੇ ਰਹਿਣਗੇ। ਸਾਡੀ ਅਰਥਵਿਵਸਥਾ ਅਤੇ ਸਿਹਤ ਦੀ ਦੇਖਭਾਲ ਸਬੰਧੀ ਪ੍ਰਣਾਲੀ ਨਾਜ਼ੁਕ ਬਣ ਗਈ ਹੈ, ਜਿਸ ਨਾਲ ਇਹ ਸੰਕਟ ਹੋਰ ਵਧੇਗਾ। ਵਧੇਰੇ ਸੂਬਿਆਂ ’ਚ ਸਿਹਤ ਦੀ ਦੇਖਭਾਲ ਪ੍ਰਣਾਲੀ ਦੀ ਹਾਲਤ ਚੰਗੀ ਨਹੀਂ ਹੈ। ਬਿਹਾਰ ’ਚ ਸਰਕਾਰੀ ਹਸਪਤਾਲਾਂ ’ਚ ਇਕ ਲੱਖ ਲੋਕਾਂ ਲਈ ਇਕ ਬਿਸਤਰਾ ਹੈ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਹਸਪਤਾਲਾਂ ’ਚ ਸਿਰਫ 17 ਹਜ਼ਾਰ ਤੋਂ ਇਕ ਲੱਖ ਆਈ. ਸੀ. ਯੂ. ਬਿਸਤਰੇ ਹਨ। ਸਾਡੇ ਸਾਹਮਣੇ ਚੁਣੌਤੀਆਂ ਵੱਡੀਆਂ ਹਨ ਅਤੇ ਹਰ ਕਿਸੇ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ। ਗਰੀਬ ਅਤੇ ਦਿਹਾੜੀਦਾਰ ਮਜ਼ਦੂਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਅਰਥਵਿਵਸਥਾ ਦੀ ਹਾਲਤ ਪਹਿਲਾਂ ਹੀ ਚੰਗੀ ਨਹੀਂ ਹੈ। ਉਸ ’ਚ ਹੋਰ ਗਿਰਾਵਟ ਆਵੇਗੀ। ਸਾਡੇ ਨੇਤਾਵਾਂ ਨੂੰ ਦੂਰਦ੍ਰਿਸ਼ਟੀ ਅਤੇ ਪੂਰੀ ਤਿਆਰੀ ਦੇ ਨਾਲ ਇਸ ਮਹਾਮਾਰੀ ਦੇ ਪ੍ਰਤੱਖ ਨੁਕਸਾਨਾਂ ਨੂੰ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਪ੍ਰਤਿਭਾਵਾਂ ਨੂੰ ਇਕਜੁੱਟ ਹੋ ਕੇ ਰਾਸ਼ਟਰੀ ਆਮ ਸਹਿਮਤੀ ਬਣਾਉਣੀ ਹੋਵੇਗੀ। ਜੋ ਸਰਕਾਰ ਸਿਹਤ ਦੇਖਭਾਲ ਪ੍ਰਣਾਲੀ ’ਤੇ ਆਪਣੇ ਘਰੇਲੂ ਉਤਪਾਦ ਦਾ ਸਿਰਫ 1.28 ਫੀਸਦੀ ਖਰਚ ਕਰਦੀ ਹੈ, ਉਸ ਨੂੰ ਤੱਤਕਾਲ ਇਸ ਰਕਮ ਨੂੰ ਵਧਾਉਣਾ ਹੋਵੇਗਾ। ਨਾਲ ਹੀ ਸਰਕਾਰ ਨੂੰ ਸਿਹਤ ਸੰਕਟ ਨਾਲ ਨਜਿੱਠਣ ਲਈ ਇਕ ਨਵਾਂ ਆਫਤ ਪ੍ਰਬੰਧਨ ਪ੍ਰੋਟੋਕੋਲ ਬਣਾਉਣਾ ਹੋਵੇਗਾ ਅਤੇ ਪ੍ਰੀਖਣ ਦੇ ਢਾਂਚੇ ਦਾ ਵਿਸਤਾਰ ਕਰਨਾ ਹੋਵੇਗਾ ਤਾਂ ਕਿ ਸ਼ੱਕੀ ਲੋਕਾਂ ਦਾ ਪ੍ਰੀਖਣ ਕਰ ਕੇ ਉਨ੍ਹਾਂ ਨੂੰ ਵੱਖ ਰੱਖਿਆ ਜਾ ਸਕੇ। ਨਾਲ ਹੀ ਇਹ ਸਾਡੇ ਦ੍ਰਿਸ਼ਟੀਕੋਣ ਨੂੰ ਬਦਲਣ ਲਈ ਚਿਤਾਵਨੀ ਵੀ ਹੈ, ਖਾਸ ਕਰਕੇ ਸਾਡੇ ਨੇਤਾਵਾਂ ਨੂੰ ਜੋ ਨਿਯਮ ਤੋੜਨ ਦੇ ਆਦੀ ਬਣ ਗਏ ਹਨ। ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀਆਂ ਆਪਣੇ ਸਮਰਥਕਾਂ ਨਾਲ ਤਸਵੀਰਾਂ ਆ ਰਹੀਆਂ ਹਨ। ਭਾਜਪਾ ਦੇ ਸੈਂਕੜੇ ਵਰਕਰ ਸੜਕਾਂ ’ਤੇ ਨੱਚ ਰਹੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਦੂਰੀ ਦੇ ਨਿਯਮ ਦੀ ਉਲੰਘਣਾ ਕੀਤੀ ਹੈ। ਡਾਕਟਰਾਂ ਦੇ ਹੁਕਮ ਦੇ ਬਾਵਜੂਦ ਲੋਕ ਸਮਾਜਿਕ ਦੂਰੀ ਨਹੀਂ ਬਣਾ ਰਹੇ, ਵੀ. ਆਈ. ਪੀ. ਲੋਕ ਖੁੱਲ੍ਹੇ ਘੁੰਮ ਰਹੇ ਹਨ, ਸਮਾਰੋਹਾਂ, ਪਾਰਟੀਆਂ ਅਤੇ ਵਿਆਹਾਂ ’ਚ ਹਿੱਸਾ ਲੈ ਰਹੇ ਹਨ। ਅਸੀਂ ‘ਕੋਂਟਾਜੀਅਨ’ ਫਿਲਮ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਜਿਸ ’ਚ ਇਕ ਵਿਸ਼ਾਣੂ ਨੇ ਸੰਪੂਰਨ ਜੀਵਨ ਨਸ਼ਟ ਕਰ ਦਿੱਤਾ ਸੀ। ਅੱਜ ਸਾਡੀ ਨਵੀਂ ਕਹਾਣੀ ਹੈ। ਇਸ ਮਹਾਮਾਰੀ ਨੇ ਮਨੁੱਖੀ ਜਾਤੀ ਨੂੰ ਆਪਣੇ ਸ਼ਿਕੰਜੇ ’ਚ ਜਕੜ ਲਿਆ ਹੈ ਅਤੇ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਅਸੀਂ ਕਿੰਨੇ ਕਮਜ਼ੋਰ ਹਾਂ ਅਤੇ ਸਾਨੂੰ ਆਪਣੀ ਜੀਵਨਸ਼ੈਲੀ ਅਤੇ ਆਦਤਾਂ ’ਚ ਤਬਦੀਲੀ ਕਰਨੀ ਚਾਹੀਦੀ ਹੈ। ਇਹ ਸੌਖਾ ਨਹੀਂ ਹੈ ਪਰ ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਹੈ। ਸਮਾਂ ਆ ਗਿਆ ਹੈ ਕਿ ਅਸੀਂ ਬੁਨਿਆਦੀ ਚੀਜ਼ਾਂ ’ਤੇ ਧਿਆਨ ਦੇਈਏ। ਸਾਦਾ ਜੀਵਨ, ਉੱਚ ਵਿਚਾਰ ਦੇ ਸਿਧਾਂਤ ਨੂੰ ਅਪਣਾਈਏ, ਮਨੁੱਖੀ ਗੁਣਾਂ ਨੂੰ ਮਹੱਤਵ ਦੇਈਏ, ਦੁਨੀਆ ਨੂੰ ਇਕ ਨਵੀਂ ਐਨਕ ਨਾਲ ਦੇਖੀਏ। ਇਸ ਮਹਾਮਾਰੀ ਤੋਂ ਬਾਅਦ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ ਪਰ ਸਾਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਇਕ ਨਵੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਇਕ ਚੰਗੀ ਸ਼ੁਰੂਆਤ ਦਿੰਦੇ ਹਾਂ। ਤੁਹਾਡੀ ਕੀ ਰਾਇ ਹੈ? (ਇੰਫਾ.)

Bharat Thapa

This news is Content Editor Bharat Thapa