ਸੁਣੋਂ ਪਿਆਜ਼ ਦੀ ਦਰਦਭਰੀ ਦਾਸਤਾਂ

08/29/2015 7:02:08 PM

ਹਰ ਇਕ ਨੂੰ ਆਪਣੀ ਦਿਲ ਦੀ ਪੀੜ ਦਿਖਾਉਣ ਦਾ ਹੱਕ ਹੈ, ਮੇਰਾ ਕੋਈ ਹੱਕ ਨਹੀਂ ਕਿ ਮੈਂ ਆਪਣੀ ਦੁੱਖਦੀ ਰੱਗ ਨਾਂ ਦਿਖਾਵਾਂ। ਅੱਜ ਕੱਲ੍ਹ ਜਿੱਥੇ ਵੀ ਦੇਖੋ ਮੇਰਾ ਹੀ ਜ਼ਿਕਰ ਹੈ, ਘਰਾਂ ,ਦਫਤਰਾਂ,ਪਾਰਕਾਂ ਵਿਚ ਤੇ ਖਾਸ ਤੌਰ ''ਤੇ ਸਬਜ਼ੀ ਦੀਆਂ ਦੁਕਾਨਾਂ ਤੇ ਮੈਨੂੰ ਹੀ ਲਭਿਆ ਜਾ ਰਿਹਾ ਹੈ। ਸਦੀਆਂ ਤੋਂ ਪਹਿਲਾਂ ਮੈਨੂੰ ਮੁੱਕੇ ਪੈਂਦੇ ਰਹੇ ਫਿਰ ਸੱਭਿਅਕ ਮਨੁੱਖ ਨੇ ਮੇਰੇ ਤੇ ਚਾਕੂ ਨਾਲ ਵਾਰ ਕਰ ਕੇ ਮੈਨੂੰ ਕਟਣਾ ਆਰੰਭ ਕਰ ਦਿੱਤਾ ਤੇ ਕਈ ਭੈਣ-ਭਰਾ ਤਾਂ ਮੇਰੀਆਂ ਪੂਛਾਂ ਹੀ ਕੱਟ ਕੇ ਖਾਣ ਲਗ ਪਏ। ਕਿਸੇ ਨੇ ਮੇਰੇ ਦਿਲ ਦੇ ਦਰਦ ਨੂੰ ਨਹੀਂ ਪਛਾਣਿਆ। ਲੋਕਾਂ ਨੂੰ ਮੇਰੀ ਸ਼ਕਤੀ ਦਾ ਨਹੀਂ ਪਤਾ, ਮੈਂ ਆਈ ਤੇ ਆ ਜਾਵਾਂ ਤਾਂ ਸਰਕਾਰਾਂ ਉਲਟਾ ਸਕਦਾ ਹਾਂ। ਰਾਜਨੀਤਿਕ  ਲੋਕਾਂ ਦੀ ਯਾਦ ਸ਼ਕਤੀ ਵੀ ਬਹੁਤ ਘੱਟ ਹੁੰਦੀ ਹੈ, ਕੁਝ ਸਾਲ ਪਹਿਲਾਂ ਜਦੋਂ ਮੈਂ ਲੋਪ ਹੋਕੇ ਸਰਕਾਰ ਉਲਟਾ ਦਿੱਤੀ ਤਾਂ ਲੋਕਾਂ ਨੂੰ ਮੇਰੀ ਸ਼ਕਤੀ ਦਾ ਪਤਾ ਚਲਿਆ, ਹੁਣ ਫਿਰ ਇਹ ਗਲਤੀ ਦੁਹਰਾਹੀ ਜਾ ਰਹੀ ਹੈ। ਮੇਰੇ ਤਾਂ ਧੁਰ ਅੰਦਰ ਦਰਦ ਭਰਿਆ ਹੋਇਆ ਹੈ, ਮੈਨੂੰ ਤਾਂ ਛਿਲਦੇ ਜਾਊ ਅਤੇ ਰੋਂਦੇ ਜਾਉ। ਕੋਈ ਇਕ ਦੁੱਖ ਹੋਵੇ ਤਾਂ ਮੈ ਦੱਸਾਂ, ਮੈਨੂੰ ਤਾਂ ਇਨਸਾਨ ਨੇ ਕਿਸੇ ਰੂਪ ਵਿਚ ਨਹੀ ਛਡਿਆ, ਕੋਈ ਸਬਜ਼ੀ ਹੋਵੇ ਤਾਂ ਮੈਨੂੰ ਪਹਿਲਾਂ ਗਰਮ ਦੇਗ ''ਤੇ ਧਰ ਦਿਉ , ਭਲਾ ਮੈ ਲੋਕਾਂ ਤੋਂ ਪੁਛਾਂ ਕਿਸੇ ਨੂੰ ਸਭ ਤੋਂ ਪਹਿਲਾਂ ਮੈਨੂੰ ਅੱਗ ਤੇ ਰਖਣਾ ਜ਼ਰੂਰੀ ਹੁੰਦਾ ਹੈ । 
ਆਲੂ ਨੂੰ ਵੀ ਤੁਸੀਂ ਕਦੇ ਮਾਫ ਕਰ ਦਿੰਦੇ ਹੋ, ਇਕ ਮੈਂ ਹੀ ਬਦਕਿਸਮਤ ਹਾਂ ਜਿਹੜਾ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਭੋਜਨਾਂ ਵਿਚ ਵਰਤਿਆ ਜਾਦਾਂ ਹਾਂ। ਕਦੇ ਮੇਰੀ ਛੁੱਟੀ ਬਾਰੇ ਵੀ ਕਿਸੇ ਨੇ ਸੋਚਿਆ ਹੈ, ਕਦੇ ਲੋਕ ਆਰਜ਼ੀ ਛੁੱਟੀ ਲੈਦੇ ਹਨ, ਕਦੇ ਇਤਫਾਕੀਆ ,ਕਦੇ ਬੀਮਾਰੀ ਦਾ ਬਹਾਨਾ ਲਾਕੇ ਘਰ ਆਰਾਮ ਕਰਦੇ ਹਨ, ਕੀ ਮੇਰੇ ਅਧਿਕਾਰ ਖੇਤਰ ਵਿਚ ਨਹੀ ਕਿ ਮੈਂ ਵੀ ਅਮਨ ਚੈਨ ਨਾਲ ਸਮਾਂ ਗੁਜ਼ਾਰ ਸਕਾਂ। ਹੁਣ ਮੈਂ ਵੀ ਹੜਤਾਲ ਤੇ ਹਾਂ, ਅਜਕਲ੍ਹ ਤਾਂ ਫੈਸ਼ਨ ਹੀ ਆਪਣੀਆਂ ਮੰਗਾਂ ਮਨਾਉਣ ਦਾ ਰੁੱਸ ਕੇ ਹੜਤਾਲ ''ਤੇ ਜਾਣ ਦਾ ਹੈ ਕਦੇ ਅਧਿਆਪਕ ਮੰਗਾਂ ਮਨਾਉਣ ਲਈ ਪਾਣੀ ਦੀਆਂ ਟੈਕੀਆਂ ਤੇ ਜਾ ਚੜ੍ਹਦੇਹਨ, ਕਦੇ ਡਾਕਟਰ, ਕਦੇ ਨਰਸਾਂ, ਹਸਪਤਾਲਾਂ ਨੂੰ ਖਾਲੀ ਕਰਕੇ, ਮਰੀਜ਼ਾਂ ਨੂੰ ਉਨ੍ਹਾਂ ਦੀ ਹੋਣੀ ਦੇ ਹਵਾਲੇ ਕਰਕੇ ਸੜਕਾਂ ਤੇ ਜਾ ਬੈਠਦੇ ਹਨ। ਮੇਰਾ ਕੋਈ ਹਕੱ ਨਹੀਂ ਕਿ ਮੈਂ ਹੜਤਾਲ ਤੇ ਨਾਂ ਜਾਵਾਂ। ਮੈਨੂੰ ਪਤਾ ਲਗਾ ਹੈ ਕਿ ਮਾਰ ਖਾਕੇ ਕੋਈ ਸੁਧਰਦਾ ਹੈ ''''ਜਬੈ ਬਾਣ ਲਾਗੈ ਤਬੈ ਰੋਸ ਜਾਗੈ'''' ਮੈਂ ਆਪਣੀ ਬੇਕਦਰੀ ਨੂੰ ਹੋਰ ਨਹੀਂ ਸਹਾਰ ਸਕਦਾ। 
ਅਜਕ੍ਹਲ ਹਰ ਕੋਈ ਸਮਾਜਵਾਦ ਦਾ ਝੰਡਾ ਚੁਕੀ ਫਿਰਦਾ ਹੈ । ਜੇ ਮੇਰੀ ਇੰਨੀ ਵਰਤੋਂ ਹੁੰਦੀਹੈ ਤਾਂ ਮੇਰਾ ਮੁੱਲ ਕਿਉਂ ਘੱਟ ਹੋਵੇ ।ਪੰਜਾਬੀ ਦਾ ਇਕ ਪ੍ਰਸਿੱਧ ਕਵੀ ਮੋਹਨ ਸਿੰਘ ਪੁਰਸ਼ਾਂ ਨੂੰ ਕਹਿੰਦਾ ਹੈ ਕਿ ਸਜਣਾ ''''ਮੁੱਲ ਪਾ ਤੂੰ ਆਪਣਾ'''' ਜੇ ਇਨਸਾਨ ਆਪਣਾ ਮੁੱਲ ਨਹੀਂ ਪਾਉਂਦਾ ਅਤੇ ਚੰਦ ਸਿਕਿਆਂ ਲਈ ਵਿੱਕ ਜਾਂਦਾ ਹੈ ਤਾਂ ਮੈ ਕਿਉਂ ਨਾ ਆਪਣਾ ਮੁੱਲ ਪੁਆਵਾਂ। ਮੈਨੂੰ ਤਾਂ ਇੰ੍ਹਨਾ ਹਲਕਾ ਸਮਝਿਆ ਜਾਂਦਾ ਹੈ ਕਿ ਕੋਈ ਗੱਲ ਹੋਵੇ ਤਾਂ ਲੋਕ ਇਹ ਕਹਿਣ ਲਗ ਪਏ ਕਿ ਉਹ ਤਾਂ ਗੰਢਿਆਂ ਦੇ ਭਾਅ ਵਿਕ ਗਿਆ। ਮੇਰੇ ਨਾਲ ਸ਼ਰੀਕਾ ਰੱਖਣ ਵਾਲੇ ਸੇਬ, ਅਮਰੂਦ, ਸੰਤਰੇ, ਨਾਸ਼ਪਾਤੀ ਇਹ ਸਹਿਣ ਹੀ ਨਹੀ ਕਰ ਰਹੇ ਕਿ ਮੇਰੀ ਉਨ੍ਹਾਂ ਤੋਂ ਵਧ ਵੁਕਤ ਪੈ ਰਹੀ ਹੈ ਉਨ੍ਹਾਂ ਨੂੰ ਸਦਾ ਇਸ ਗਲ ਦਾ ਮਾਣ ਰਿਹਾ ਹੈ ਕਿ ਉਹ ਘਰਾਂ ਦੀਆਂ ਬੈਠਕਾਂ ਵਿਚ ਸੋਹਣੀਆਂ ਪਲੇਟਾਂ ਵਿਚ ਸਜਦੇ ਰਹੇ ਹਨ । ਹੁਣ ਮੇਰੇ ਸਹੀ ਮੁੱਲ ਦਾ ਲੋਕਾਂ ਨੂੰ ਪਤਾ ਲਗਿਆ ਹੈ ਹੁਣ ਸੇਬ, ਅਮਰੂਦ, ਸੰਤਰਾ, ਨਾਸ਼ਪਾਤੀ ਫਿਕੇ ਜਹੇ ਹੋਕੇ ਰਹਿ ਗਏ ਹਨ । ਹੁਣ ਤਾਂ ਨੋਟਾਂ ਨਾਲ ਭਰੀ ਹੋਈ ਟੋਕਰੀ ਲੇ ਕੇ ਜਾਉਗੇ ਤੇ ਸੋਹਣੇ ਲਫਾਫੇ ਵਿਚ ਮੈਨੂੰ ਲੈ ਕੇ ਆਉਗੇ। ਅਗੇ ਪਰ ਮੈਨੂੰ ਕਦੇ ਲੋਕ ਘਰਾਂ ਦੀਆਂ ਛੱਤਾਂ ਤੇ ਸੁਟ ਦੇ ਸਨ, ਜਿਥੇ ਕੋਈ ਨਾ ਜਾਵੈ ਉਹ ਮੇਰਾ ਰੈਣ ਬਸੇਰਾ ਬਣਾ ਦੇ ਦਿੰਦੇ ਸਨ। ਹੁਣ ਮੈਂ ਵੀ ਆਪਣੀ ਆਈ ਤੇ ਆ ਗਿਆ ਹਾਂ, ਮੈਂ ਉਨ੍ਹਾਂ ਨੂ ਦਸ ਦਿਆਂ ਕਿ ਮੈਂ ਵੀ ਹੁਣ 5 ਸਤਾਰੇ ਵਾਲੇ ਹੋਟਲਾਂ ਵਿਚ ਸਜ ਧਜਕੇ ਪਲੇਟਾਂ ਵਿਚ ਬਹਿਣਾ ਹੈ।           ਦੇਖ ਲਿਆ ਹੈ ਤੁਹਾਡਾ ਸਬਰ ਸੰਤੋਖ ਵੀ, ਅਗੇ ਜਦੋਂ ਮੈਨੂੰ ਛਿਲਦੇ ਸੀ ਤਾਂ ਤੁਹਾਡੀਆਂ ਅੱਖਾਂ ਵਿਚ ਅਥਰੂ ਆਊਂਦੇ ਸਨ ਹੁਣ ਦੇਖ ਕੇ ਅੱਖਾਂ ਸਿਮਟ ਆਉਂਦੀਆਂ ਹਨ, ਤੁਹਾਡੇ ਗੁੱਸੇ ਦੀ ਕੋਈ ਹੱਦ ਨਹੀਂ, ਮੈਨੂੰ ਪਤਾ ਹੈ ਕਿ ਕੁਝ ਲੋਕਾਂ ਨੈ ਮੇਰਾ ਬਾਈ ਕਾਟ ਕਰਨ ਦਾ ਪੂਰਾ ਨਿਰਣਾ ਕਰ ਲਿਆ ਹੈ ਕੋਈ ਕਹਿੰਦਾ ਹੈਕਿ ਗੋਭੀ ਆਲੂ ਬਣਾ ਲਉ, ਪਿਆਜ਼ ਪਾਉ ਹੀ ਨਾ, ਕੋਈ ਕਹਿੰਦਾ ਹੈਕਿ ਇਸ ਕਰਮਾਂ ਸੜੇ ਪਿਆਜ਼ ਤੋਂ ਕੀ ਸਰਿਆ ਹੈ। ਜੇ ਇਹ ਰੁੱਸ ਕੇ ਲੋਪ ਹੋ ਗਿਆ ਹੈਤਾਂ ਅੱਧਰਕ ਅਤੇ ਲਸਣ ਦਾ ਤੜਕਾ ਲਾ ਦਿਉ ਪਰ ਕਿੰਨਾ ਕੁ ਚਿਰ ਤੁਸੀਂ ਇਹ ਵਤੀਰਾ ਧਾਰਨ ਕਰੋਗੇ ਫਿਰ ਮੇਰੀਯਾਦ ਤੁਹਾਨੂੰ ਸਤਾਉਣ ਲਗੇਗੀ । ਮੇਰੇ ਕੋਲੋਂ ਕੀ ਕਸੂਰ ਹੋ ਗਿਆ ਹੈ ਕਿ ਲੋਕ ਮੈਨੂੰ ਧਰਮ ਨਾਲ ਜੋੜਨ ਲਗ ਪਏ , ਅਖੇ ਮੈ ਧਰਮ ਭ੍ਰਿਸ਼ਟ ਕਰਦਾਂਹਾਂ,ਅਗੇ ਕਰਵਾ ਚੌਥ, ਦਿਵਾਲੀ  ਵਰਗੇ ਤਿਉਹਾਰ ਆਰਹੇ ਹਨ, ਕੱਝ ਲੋਕ ਇਹ ਕਹਿੰਦੇ ਹਨ ਕਿ ਪਿਆਜ਼ ਨੂੰ ਰਸੌਈ ਵਿਚ ਹੀ ਨਹੀਂ ਵਾੜਨਾ ।
ਮੈਂ ਤਾਂ ਸਦਾ ਲੋਕ ਪੱਖੀ ਰਿਹਾਂ ਹਾਂ, ਝੁੱਗੀਆਂ ,ਝੋਪੜੀਆਂ ਮਧ ਵਰਗੀ ਲੋਕਾਂ ਵਿਚ ਸਦਾ ਖੁਸ਼ ਰਹਿੰਦਾਂ ਹਾਂ ਪਰ ਮੱਧ ਵਰਗ ਦੀ ਕੋਈ ਮਾਨਸਿਕਤਾ ਨਹੀਂ ਹੁੰਦੀ,ਇਨ੍ਹਾਂ ਦੇ ਮੱਧਵਰਗ ਦਾ ਸਮਾਜਵਾਦੀ ਗੁਰੂ  ਕਾਰਲ ਮਾਰਕਸ ਕਹਿੰਦਾ ਹੈ ਕਿ ਮਧ ਸ਼੍ਰੇਣੀ ਦਾ ਕਦੇ ਇਤਬਾਰ ਨਾ ਕਰੋ  ਇਹ ਬੜੇ ਖਤਰਨਾਕ ਹੁੰਦੇ ਹਨ ਪਤਾ ਹੀਨਹੀਂ ਚਲਦਾ ਕਦੋਂ ਉਪਰਲੀ ਸ਼੍ਰੇਣੀ ਵਿਚ ਰਲ ਜਾਣ। ਹੁਣ ਮੇਰਾ ਮੁੱਲ ਵਧ ਹੋਣ ਕਰਕੇ ਮੈਨੂੰ ਤੋਹਫੇ ਵਜੋਂ ਦੇਣ ਲਗ ਪਏ ਹਨ। ਮੈਂ ਤਾਂ ਸਾਰਿਆਂ ਦਾ ਸਾਂਝਾ ਹਾਂ, ਪੈਦਾ ਮੈਂ ਨਾਸਿਕ ਤੇ ਮਹਾਂਰਾਸ਼ਟਰ ਵਿਚ ਹੁੰਦਾ ਹਾਂ ਪਰ ਕਦੇ ਇਹ ਨਹੀ ਹੋਇਆ ਕਿ ਮੈਂ ਬਾਕੀ ਸੂਬਿਆਂ ਨਾਲ ਨਾਤਾ ਤੋੜਿਆ ਹੋਵੇ। ਇਹ ਮੱਨੁਖ ਇੰਨਾ ਸੁਆਰਥੀ ਹੈ ਕਿ ਕਿਸੇ ਕਾਰਨ ਮੌਸਮ ਦੀ ਖਰਾਬੀ ਜਾਂ ਬਾਰਸ਼ ਨਾਲ ਦੇਰੀ ਹੋਣ ਕਰਕੇ ਮੈਂ ਸਮੇਂ ਸਿਰ ਹਾਜ਼ਰ ਨਾ ਹੋ ਸਕਿਆ ਤਾਂ ਖੁਦਗਰਜ਼ ਮਨੁੱਖ ਨੇ ਮੈਨੂੰ ਗੁਦਾਮਾਂ ਵਿਚ ਸੁਟ ਦਿਤਾ ਤੇ ਆਪਣੀ ਮਰਜ਼ੀ ਕਰਨ ਲਗ ਪਏ। ਉਦੋਂ ਤਾਂ ਮੇਰਾ ਦਿਲ ਛਲਣੀ-ਛਲਣੀ ਹੋ ਗਿਆ ਜਦੋਂ ਕੁਝ ਸਮਾਂ ਪਹਿਲਾਂ ਮੈਂ ਲੋਪ ਹੋਇਆ ਸੀ ਤਾਂ ਲੁਧਿਆਣੇ ਇਕ ਕਿਸਾਨ ਮੇਲੇ ਤੇ ਇਕ ਮੰਤਰੀ ਨੇ ਇਥੋਂ ਤਕ ਕਹਿ ਦਿੱਤਾ ਕਿ ਪੰਜਾਬ ਦੇ ਕਿਸਾਨ ਮੇਰੇ ਮਹਿੰਗੇ ਮੁੱਲ ਕਾਰਨ ਖੁਸ਼ ਹੋ ਗਏ ਹਨ, ਮੈਂ ਵਧ ਮੁੱਲ ਨਾਲ ਉਨ੍ਹਾਂ ਦੇ ਘਰ ਭਰ ਦਿਤੇ ਹਨ। ਇਹ ਹੀ ਉਨ੍ਹਾਂ ਦੀ ਜਾਣਕਾਰੀ ਰਹਿ ਗਈ ਹੈ, ਮੇਰੀਆਂ ਤਾਂ ਸਧਰਾਂ ਦਾ ਖੁਨ ਇਨ੍ਹਾ ਵਿਪਾਰੀਆਂ ਨੇ ਕੀਤਾ ਹੈ, ਮੈਨੂੰ ਲੁਕਾ ਕੇ ਇਨ੍ਹਾਂ ਆਪਣੇ ਘਰ ਭਰੇ ਹਨ ਕਿਰਸਾਨਾਂ ਦੇ ਨਹੀਂ। ਕਿਸਾਨ ਤਾਂ ਮੇਰੇ ਮਾਤਾ ਪਿਤਾ ਹਨ, ਉਨ੍ਹਾਂ ਨੇ ਮੈਨੂੰ ਕਦੇ ਭੀ ਸਟੋਰਾਂ ਵਿਚ ਕੈਦ ਨਹੀ ਕੀਤਾ। ਮੈਨੁੰ ਤਾਂ ਬਾਬਾ ਬੁੱਢਾ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਹੈ । ਮੈਂ ਆਪਣਾ ਕੰਮ ਛੇਤੀ ਹੀ ਤੁਹਾਡੇ ਕੋਲ ਪਹੁੰਚ ਕੇ ਪੂਰਾ ਕਰਾਂਗਾ ।     

ਜਤਿੰਦਰ ਬੀਰ ਸਿੰਘ ਨੰਦਾ                                                                              


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।