ਕੋਰੋਨਾ ਮਹਾਮਾਰੀ ਤੋਂ ਬਾਅਦ ਦੁਬਾਰਾ ਪਟੜੀ ’ਤੇ ਪਰਤਦੀ ਜ਼ਿੰਦਗੀ

02/05/2021 1:57:58 AM

ਪ੍ਰੋਫੈਸਰ ਮਨੋਜ ਡੋਗਰਾ
ਕੋਰੋਨਾ ਮਹਾਮਾਰੀ ਆਪਣੇ ਨਾਲ ਇਕ ਅਜਿਹਾ ਮੰਜ਼ਰ ਅਤੇ ਦਹਿਸ਼ਤ ਦਾ ਦੌਰ ਲਿਆਈ ਸੀ ਜਿਸਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਸੀ। ਭਾਵ ਘਰਾਂ ਦੇ ਅੰਦਰ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਸੀ, ਪੂਰੇ ਦੇਸ਼ ’ਚ ਲਾਕਡਾਊਨ ਤਕ ਦੀ ਸਥਿਤੀ ਆ ਗਈ ਪਰ ਇਹ ਇਕ ਸਮਾਂ ਸੀ ਜੋ ਬੀਤ ਗਿਆ ਅਤੇ ਕੁਝ ਬਚਿਆ ਬੀਤ ਵੀ ਰਿਹਾ ਹੈ ਪਰ ਹੁਣ ਹੌਲੀ-ਹੌਲੀ ਜ਼ਿੰਦਗੀ ਇਕ ਵਾਰ ਫਿਰ ਪਰਤਦੀ ਨਜ਼ਰ ਆ ਰਹੀ ਹੈ, ਭਾਵੇਂ ਸ਼ਹਿਰੀ ਵਾਤਾਵਰਣ ਦੀ ਗੱਲ ਹੋਵੇ ਜਾਂ ਫਿਰ ਭਾਵੇਂ ਕਿਉਂ ਨਾ ਦਿਹਾਤੀ ਵਾਤਾਵਰਣ ਦੀ ਹੀ ਗੱਲ ਹੋਵੇ।

ਕਈ ਲੋਕਾਂ ਨੇ ਕਮਾਈ ਲਈ ਇਕ ਵਾਰ ਮੁੜ ਤੋਂ ਸ਼ਹਿਰਾਂ ਦਾ ਰੁਖ ਕਰਨਾ ਆਰੰਭ ਕਰ ਦਿੱਤਾ ਹੈ ਅਤੇ ਕਈਆਂ ਨੇ ਤਾਂ ਘਰ-ਪਿੰਡ ’ਚ ਹੀ ਆਪਣੇ ਲਈ ਸ਼ਹਿਰ ਲੱਭ ਰਿਹਾ ਹੈ ਭਾਵ ਕਮਾਈ ਦਾ ਵਸੀਲਾ ਲੱਭ ਲਿਆ ਹੈ।

ਹੁਣ ਫਿਰ ਸੜਕਾਂ ’ਤੇ ਵਾਹਨ ਦੌੜਨ ਲੱਗੇ ਹਨ। ਬਾਜ਼ਾਰਾਂ ’ਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਅੱਜ ਇਕ ਵਾਰ ਫਿਰ ਤੋਂ ਸਵਾਰੀਆਂ ਲਈ ਬੱਸਾਂ ਆਪਣੀ ਮੰਜ਼ਿਲ ਵੱਲ ਜਾ ਰਹੀਆਂ ਹਨ। ਨਵੀਂ ਪਟੜੀ ’ਤੇ ਪਰਤਦੀ ਜ਼ਿੰਦਗੀ ਨਾਲ ਲੋਕਾਂ ’ਚ ਖੁਸ਼ੀ ਦੀ ਰੀਝ ਦੇਖਣ ਨੂੰ ਮਿਲ ਰਹੀ ਹੈ। ਆਉਣ ਵਾਲਾ ਸਮਾਂ ਤਿਉਹਾਰਾਂ ਦਾ ਸਮਾਂ ਹੈ ਤਾਂ ਲੋਕਾਂ ਦੇ ਚਿਹਰਿਆਂ ’ਤੇ ਤਿਉਹਾਰੀ ਖੁਸ਼ੀ ਦੇ ਨਾਲ-ਨਾਲ ਜ਼ਿੰਦਗੀ ਨੂੰ ਇਕ ਵਾਰ ਫਿਰ ਤੋਂ ਪਟੜੀ ’ਤੇ ਆਉਂਦੇ ਦੇਖਣ ਦੀ ਉਮੰਗ ਰੂਪੀ ਖੁਸ਼ੀ ਹੈ। ਇਕ ਵਾਰ ਫਿਰ ਤੋਂ ਸਕੂਲ-ਕਾਲਜ ਖੁੱਲ੍ਹ ਰਹੇ ਹਨ ਅਤੇ ਵਿਦਿਆਰਥੀ ਇਕ ਨਵੀਂ ਰੁਟੀਨ ਦੇ ਨਾਲ ਆਪਣੀ ਪੜ੍ਹਾਈ ਲਈ ਸੰਸਥਾਵਾਂ ਵੱਲ ਚੱਲ ਪਏ ਹਨ। ਬੇਸ਼ੱਕ ਮਨ ’ਚ ਅਜੇ ਵੀ ਖਤਕਨਾਕ ਬੀਮਾਰੀ ਦਾ ਡਰ ਬਣਿਆ ਹੋਇਆ ਹੈ ਪਰ ਜ਼ਿੰਦਗੀ ’ਚ ਕਈ ਸਮੱਸਿਆਵਾਂ ਅਜਿਹੀਆਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ। ਉਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਨੂੰ ਉਨ੍ਹਾਂ ਦੇ ਬਰਾਬਰ ਰਫਤਾਰ ਨਾਲ ਚੱਲ ਕੇ ਅੱਗੇ ਲੰਘਣਾ ਹੈ।

ਕੋਰੋਨਾ ਮਹਾਮਾਰੀ ਵੀ ਅਜਿਹੀ ਬੀਮਾਰੀ ਹੈ ਜਿਸ ਦਾ ਅਸੀਂ ਮੁਕਾਬਲਾ ਨਹੀਂ ਕਰਨਾ ਸਗੋਂ ਇਸਦੇ ਨਾਲ-ਨਾਲ ਚੱਲ ਕੇ ਇਕ ਨਵੀਂ ਜ਼ਿੰਦਗੀ ਜਿਉਣ ਦੀ ਆਦਤ ਪਾਉਣੀ ਹੈ। ਕੋਰੋਨਾ ਮਹਾਮਾਰੀ ਦੀ ਵੈਕਸੀਨ ਤਾਂ ਆ ਗਈ ਹੈ ਪਰ ਇਸਦਾ ਪ੍ਰਭਾਵ ਕਿਹੋ ਜਿਹਾ ਰਹਿੰਦਾ ਹੈ, ਇਸਦਾ ਅਜੇ ਤਕ ਕੋਈ ਜਵਾਬ ਨਹੀਂ ਹੈ। ਇਸ ਲਈ ਇਕ ਨਵੀਂ ਰੋਜਮੱਰਾ ਜ਼ਿੰਦਗੀ ਗੁਜ਼ਾਰਨ ਲਈ ਮਹਾਮਾਰੀ ਦੇ ਨਾਲ ਚੱਲ ਕੇ ਜਿਉਣਾ ਸਿੱਖਣਾ ਹੋਵੇਗਾ। ਲੋਕ ਇਸ ਕਲਾ ਨੂੰ ਚੰਗੀ ਤਰ੍ਹਾਂ ਸਿੱਖ ਰਹੇ ਹਨ ਜਿਸ ਕਾਰਨ ਸਮਾਜਿਕ ਜ਼ਿੰਦਗੀ ਇਕ ਵਾਰ ਫਿਰ ਪਟੜੀ ’ਤੇ ਪਰਤਦੀ ਨਜ਼ਰ ਆ ਰਹੀ ਹੈ। ਭਾਰਤ ਇਕ ਸਮਾਜਿਕ ਜ਼ਿੰਦਗੀ ਬਤੀਤ ਕਰਨ ਵਾਲਾ ਸਮਾਜਿਕ ਖੇਤਰ ਹੈ। ਇਥੇ ਹਰ ਇਕ ਵਿਅਕਤੀ ਸਮਾਜ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਵਿਅਕਤੀ ਸਮਾਜ ਦੇ ਨਾਲ ਹੀ ਖੁਦ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਸਮਾਜ ਦੇ ਨਾਲ ਹੀ ਆਪਣੀ ਜ਼ਿੰਦਗੀ ਰੂਪੀ ਪਰਿਭਾਸ਼ਾ ਖਤਮ ਵੀ ਕਰ ਦਿੰਦਾ ਹੈ।

ਜ਼ਿੰਦਗੀ ਪਟੜੀ ’ਤੇ ਕਈ ਤਬਦੀਲੀਆਂ ਨਾਲ ਹੁਣ ਪਰਤ ਰਹੀ ਹੈ। ਜਿਸ ਜੇਬ ’ਚ ਕਦੀ ਮੋਬਾਇਲ ਠਾਠ ਨਾਲ ਰਹਿੰਦਾ ਹੁੰਦਾ ਸੀ, ਉਥੇ ਹੁਣ ਸੈਨੇਟਾਈਜ਼ਰ ਵੀ ਆਪਣੀ ਜਗ੍ਹਾ ਬਣਾ ਚੁੱਕਾ ਹੈ।

ਜਿਸ ਮੰੂਹ ਨੂੰ ਸੁੰਦਰ ਦਿਖਾਉਣ ਲਈ ਰੰਗ-ਰੋਗਨ ਕੀਤਾ ਜਾਂਦਾ ਸੀ, ਅੱਜ ਉਸ ਮੂੰਹ ਨੂੰ ਮਾਸਕ ਨਾਲ ਲੁਕਾਉਣਾ ਪੈ ਰਿਹਾ ਹੈ। ਜਿਥੇ ਲੋਕ ਗਲੇ ਮਿਲਣ ਤੋਂ ਨਹੀਂ ਰੁਕ ਸਕਦੇ ਸਨ, ਉਥੇ ਇਕ ਸਰੀਰਕ ਦੂਰੀ ਹੈ। ਜ਼ਰੂਰੀ ਵਰਗੀਆਂ ਧਾਰਨਾਵਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ।

ਜਿਥੇ ਮਿਲਣ ਮੌਕੇ ਸਤਿਕਾਰ ਵਜੋਂ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਸਵਾਗਤ ਕੀਤਾ ਜਾਂਦਾ ਸੀ, ਉਥੇ ਹੁਣ ਹੱਥ ਜੋੜੇ ਜਾ ਰਹੇ ਹਨ ਪਰ ਕੁਝ ਵੀ ਹੋਵੇ ਇਹ ਜ਼ਿੰਦਗੀ ਰੂਪੀ ਟ੍ਰੇਨ ਇਕ ਮੋੜ ’ਤੇ ਜਾ ਕੇ ਹੁਣ ਫਿਰ ਤੋਂ ਨਵੀਂ ਤਬਦੀਲੀ ਦੇ ਨਾਲ ਪਟੜੀ ’ਤੇ ਚੱਲਣ ਲਈ ਤਿਆਰ ਹੈ।

ਸੱਚ ’ਚ ਹੁਣ ਇਕ ਵੱਖਰੀ ਜਿਹੀ ਜ਼ਿੰਦਗੀ ਜਿਊਂਦੇ ਜਾਪ ਰਿਹਾ ਹੈ ਪਰ ਲੋਕਾਂ ਦਾ ਜ਼ਿੰਦਗੀ ਨੂੰ ਉਤਸ਼ਾਹ ਅਤੇ ਉਮੰਗ ਨਾਲ ਜਿਉਣ ਦਾ ਉਹ ਤਰੀਕਾ ਨਹੀਂ ਬਦਲਿਆ ਹੈ ਉਹ ਉਵੇਂ ਹੀ ਬਰਕਰਾਰ ਹੈ, ਜਿਥੋਂ ਛੱਡਿਆ ਸੀ।

ਹੌਲੀ-ਹੌਲੀ ਦੇਸ਼ ਦੀ ਅਰਥਵਿਵਸਥਾ ’ਚ ਸੁਧਾਰ ਆ ਰਿਹਾ ਹੈ, ਮਜ਼ਦੂਰਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਅਤੇ ਸਿਖਿਆਰਥੀਆਂ ਨੂੰ ਸੰਸਥਾਵਾਂ ’ਚ ਸਿੱਖਿਆ ਪ੍ਰਾਪਤ ਹੋ ਰਹੀ ਹੈ।

ਦੁਕਾਨਦਾਰਾਂ ਨੂੰ ਖਰੀਦਦਾਰ ਮਿਲ ਰਹੇ ਹਨ, ਬੱਸਾਂ ਨੂੰ ਸਵਾਰੀਆਂ ਮਿਲ ਰਹੀਆਂ ਹਨ। ਇਹੀ ਤਾਂ ਹੈ ਇਕ ਵਾਰ ਫਿਰ ਤੋਂ ਪਟੜੀ ’ਤੇ ਪਰਤਦੀ ਜ਼ਿੰਦਗੀ।

ਪਰ ਇਸ ਅਚਾਨਕ ਮੋੜ ਤੋਂ ਪਟੜੀ ’ਤੇ ਪਰਤੀ ਜ਼ਿੰਦਗੀ ਨੂੰ ਹੁਣ ਸਾਵਧਾਨੀਪੂਰਵਕ, ਸੰਵੇਦਨਸ਼ੀਲਤਾ ਦੇ ਨਾਲ ਲਾਪ੍ਰਵਾਹੀ ਨੂੰ ਭੁਲਾ ਕੇ ਜਿਉਣਾ ਹੋਵੇਗਾ, ਨਹੀਂ ਤਾਂ ਪਤਾ ਨਹੀਂ ਇਹ ਜ਼ਿੰਦਗੀ ਕਹਿ ਦੇਵੇ ਪਿੱਛੇ ਮੁੜ। ਜੇਕਰ ਅਜਿਹਾ ਹੋਇਆ ਤਾਂ ਫਿਰ ਉਥੋਂ ਮੁੜਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ।

Bharat Thapa

This news is Content Editor Bharat Thapa