ਪਾਕਿਸਤਾਨੀ ਫੌਜ ਕਸ਼ਮੀਰ ਨੂੰ ਆਪਣੇ ਗਲਬੇ ਦਾ ਮੋਹਰਾ ਬਣਾਉਣਾ ਬੰਦ ਕਰੇ

02/08/2021 3:05:36 AM

ਡਾ. ਵੇਦਪ੍ਰਤਾਪ ਵੈਦਿਕ
ਪਾਕਿਸਤਾਨ ’ਚ ਹਰ ਸਾਲ 5 ਫਰਵਰੀ ਨੂੰ ਕਸ਼ਮੀਰ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਥੋੜ੍ਹਾ ਸੰਭਲ ਕੇ ਬਿਆਨ ਦਿੱਤੇ ਹਨ। ਭਾਰਤ ਦੇ ਨਾਲ ਗਾਲੀ-ਗਲੋਚ ਨਹੀਂ ਕੀਤਾ ਹੈ। ਬਾਜਵਾ ਨੇ ਕਿਹਾ ਹੈ ਕਿ ਭਾਰਤ ਕਸ਼ਮੀਰ ਦਾ ਕੋਈ ਸਨਮਾਨਪੂਰਵਕ ਹੱਲ ਕੱਢੇ ਪਰ ਇਮਰਾਨ ਖਾਨ ਨੇ ਪ੍ਰੰਪਰਾ ਤੋਂ ਹਟ ਕੇ ਕੋਈ ਗੱਲ ਨਹੀਂ ਕੀਤੀ। ਪੁਰਾਣੇ ਪ੍ਰਧਾਨ ਮੰਤਰੀਆਂ ਵਾਂਗ ਉਨ੍ਹਾਂ ਨੇ ਕਸ਼ਮੀਰ ’ਤੇ ਸੰਯੁਕਤ ਰਾਸ਼ਟਰ ਸੰਘ ਦੇ ਮਤੇ ਨੂੰ ਲਾਗੂ ਕਰਨ ਅਤੇ ਰਾਏਸ਼ੁਮਾਰੀ ਕਰਵਾਉਣ ਦੀ ਗੱਲ ਕਹੀ ਅਤੇ ਧਾਰਾ 370 ਦੁਬਾਰਾ ਲਾਗੂ ਕਰਨ ਦੀ ਬੇਨਤੀ ਕੀਤੀ।

ਇਥੇ ਇਮਰਾਨ ਖਾਨ ਨੂੰ ਮੇਰਾ ਪਹਿਲਾ ਸਵਾਲ ਇਹ ਹੈ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੰਘ ਦਾ 1948 ਦਾ ਕਸ਼ਮੀਰ ਮਤਾ ਪੜ੍ਹਿਆ ਵੀ ਹੈ ਜਾਂ ਨਹੀਂ? ਜਦੋਂ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ’ਚ ਇਹੀ ਗੱਲ ਇਸਲਾਮਾਬਾਦ ’ਚ ਮੈਨੂੰ ਕਹੀ ਸੀ, ਉਦੋਂ ਮੈਂ ਉਨ੍ਹਾਂ ਤੋਂ ਇਹੀ ਸਵਾਲ ਪੁੱਛਿਆ ਸੀ। ਉਨ੍ਹਾਂ ਨੂੰ ਸ਼ਸ਼ੋਪੰਜ ’ਚ ਪਈ ਦੇਖ ਕੇ ਮੈਂ ਉਸ ਦਾ ਮੂਲ ਪਾਠ, ਜੋ ਮੈਂ ਆਪਣੇ ਨਾਲ ਲੈ ਗਿਆ ਸੀ, ਉਨ੍ਹਾਂ ਨੂੰ ਪੜ੍ਹਵਾ ਦਿੱਤਾ। ਉਸ ਦੀ ਪਹਿਲੀ ਧਾਰਾ ਕਹਿੰਦੀ ਹੈ ਕਿ ਰਾਏਸ਼ੁਮਾਰੀ ਤੋਂ ਪਹਿਲਾਂ ਅਖੌਤੀ ‘ਆਜ਼ਾਦ ਕਸ਼ਮੀਰ’ ’ਚੋਂ ਹਰੇਕ ਪਾਕਿਸਤਾਨੀ ਨਾਗਰਿਕ ਨੂੰ ਹਟਾਇਆ ਜਾਏ। ਕੀ ਇਸ ਧਾਰਾ ਦੀ ਅੱਜ ਤਕ ਪੂਰੀ ਤਰ੍ਹਾਂ ਉਲੰਘਣਾ ਨਹੀਂ ਹੋ ਰਹੀ ਹੈ? ਪਾਕਿਸਤਾਨੀ ਨਾਗਰਿਕ ਹੀ ਨਹੀਂ, ਫੌਜ ਦੇ ਹਜ਼ਾਰਾਂ ਜਵਾਨਾਂ ਨੇ ਉਸ ‘ਆਜ਼ਾਦ’ ਕਸ਼ਮੀਰ ਨੂੰ ਗੁਲਾਮ ਬਣਾਇਆ ਹੋਇਆ ਹੈ। 1983 ’ਚ ਜਦੋਂ ਇਸਲਾਮਾਬਾਦ ਦੇ ‘ਇੰਸਟੀਟਿਊਟ ਆਫ ਸਟ੍ਰੇਟਜਿਕ ਸਟੱਡੀਜ਼’ ਵਿਚ ਮੇਰਾ ਭਾਸ਼ਣ ਹੋਇਆ ਤਾਂ ਉਸ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਸਿੱਧ ਨੇਤਾ ਆਗਾ ਸ਼ਾਹੀ ਕਰ ਰਹੇ ਸਨ। ਉਥੇ ਵੀ ਇਹੀ ਸਵਾਲ ਉੱਠਿਆ ਤਾਂ ਮੈਂ ਉਨ੍ਹਾਂ ਨੂੰ ਉਸ ਆਜ਼ਾਦ ਕਸ਼ਮੀਰੀ ਲੇਖਕ ਦੀ ਤਾਜ਼ਾ ਕਿਤਾਬ ਪੜ੍ਹਨ ਨੂੰ ਕਿਹਾ, ਜਿਸ ਦੇ ਅਨੁਸਾਰ ‘ਪਾਕਿਸਤਾਨੀ ਕਸ਼ਮੀਰ’ ਗਰਮੀਆਂ ਦੇ ਦਿਨਾਂ ’ਚ ਇਕ ਵੱਡਾ ਵੇਸ਼ਵਾਘਰ ਬਣ ਜਾਂਦਾ ਹੈ। ਅੱਜ ਅਸਲੀਅਤ ਤਾਂ ਇਹ ਹੈ ਕਿ ਪਾਕਿਸਤਾਨ ਦੀ ਫੌਜ ਅਤੇ ਨੇਤਾ ਕਸ਼ਮੀਰ ਨੂੰ ਲੈ ਕੇ ਥੱਕ ਗਏ ਹਨ। ਉਨ੍ਹਾਂ ਨੇ ਹਰ ਪੈਂਤੜਾ ਅਜ਼ਮਾ ਲਿਆ ਹੈ। ਜੰਗ, ਅੱਤਵਾਦ, ਕੌਮਾਂਤਰੀ ਦਬਾਅ, ਇਸਲਾਮ ਨੂੰ ਖਤਰੇ ਦਾ ਨਾਅਰਾ ਆਦਿ। ਹੁਣ ਉਹ ਗੱਲਬਾਤ ਦਾ ਨਾਅਰਾ ਲਗਾ ਰਹੇ ਹਨ। ਗੱਲਬਾਤ ਕਿਉਂ ਨਹੀਂ ਹੋ ਸਕਦੀ? ਜ਼ਰੂਰ ਹੋਵੇ। ਕਸ਼ਮੀਰ ਉਸੇ ਤਰ੍ਹਾਂ ਆਜ਼ਾਦ ਹੋਣਾ ਚਾਹੀਦਾ ਹੈ ਜਿਵੇਂ ਦਿੱਲੀ ਅਤੇ ਲਾਹੌਰ ਹੈ ਪਰ ਉਸ ਨੂੰ ਵੱਖ ਕਰਨ ਦੀ ਗੱਲ ਸਭ ਤੋਂ ਵੱਧ ਕਸ਼ਮੀਰੀਆਂ ਲਈ ਹੀ ਹਾਨੀਕਾਰਕ ਹੋਵੇਗੀ। ਕੀ ਪਾਕਿਸਤਾਨ ਆਪਣੇ ਕਸ਼ਮੀਰ ਨੂੰ ਵੱਖ ਕਰੇਗਾ? ਕਦੇ ਨਹੀਂ। ਭਾਰਤ-ਪਾਕਿ ਨਾਲ ਘਿਰੇ ਵੱਖਰੇ ਕਸ਼ਮੀਰ ਦਾ ਦਮ ਘੁੱਟ ਜਾਏਗਾ। ਕਸ਼ਮੀਰ ਦੇ ਸ਼ਾਨਦਾਰ ਅਤੇ ਖੂਬਸੂਰਤ ਲੋਕ ਪੂਰੀ ਤਰ੍ਹਾਂ ਆਜ਼ਾਦੀ ਦਾ ਆਨੰਦ ਲੈ ਸਕਣ, ਇਸ ਦੇ ਲਈ ਜ਼ਰੂਰੀ ਹੈ ਕਿ ਪਾਕਿਸਤਾਨੀ ਫੌਜ ਉਸ ਨੂੰ ਆਪਣੇ ਗਲਬੇ ਦਾ ਮੋਹਰਾ ਬਣਾਉਣਾ ਬੰਦ ਕਰੇ। ਧਾਰਾ 370 ਤਾਂ ਅਸਲ ’ਚ ਕਦੋਂ ਦੀ ਖਤਮ ਹੋ ਚੁੱਕੀ ਸੀ। ਹੁਣ ਉਸ ਦਾ ਰੋਣਾ ਰੋਣ ਨਾਲ ਕੋਈ ਫਾਇਦਾ ਨਹੀਂ ਹੈ। ਭਾਰਤ ਅਤੇ ਪਾਕਿ ਇਸ ਕਸ਼ਮੀਰ ਦੀ ਗੁੱਥੀ ਨੂੰ ਕਿਵੇਂ ਸੁਲਝਾਉਣ, ਇਸ ’ਤੇ ਵਿਸਥਾਰ ਨਾਲ ਫਿਰ ਕਦੇ।

(ਲੇਖਕ, ਭਾਰਤੀ ਵਿਦੇਸ਼ ਨੀਤੀ ਪ੍ਰੀਸ਼ਦ ਦੇ ਪ੍ਰਧਾਨ ਹਨ)

Bharat Thapa

This news is Content Editor Bharat Thapa