ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਪੰਜਾਬ ਦੇ ਇਤਿਹਾਸ ’ਚ ਹਮੇਸ਼ਾ ਅੰਕਿਤ ਰਹੇਗੀ

07/17/2023 8:45:28 PM

97 ਸਾਲ ਪਹਿਲਾਂ ਅੱਜ ਦੇ ਹੀ ਦਿਨ 17 ਜੁਲਾਈ, 1926 ਨੂੰ ਬਰਤਾਨਵੀ ਰਾਜ ਦੇ ਜ਼ੁਲਮ ਕਾਰਨ 44 ਸਾਲ ਦੀ ਉਮਰ ’ਚ ਇਕ ਵਿਅਕਤੀ ਦੀ ਲਾਹੌਰ ਦੀ ਜੇਲ ’ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੁਖਦਾਈ ਸੀ ਪਰ ਆਪਣੀ ਜ਼ਿੰਦਗੀ ਦੇ ਕੰਮਾਂ ਕਾਰਨ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਇਕ ਅਜਿਹੀ ਵਿਰਾਸਤ ਛੱਡੀ ਜੋ ਅੱਜ ਤਕ ਕਾਇਮ ਹੈ ਅਤੇ ਪੰਜਾਬ ਦੇ ਇਤਿਹਾਸ ’ਚ ਹਮੇਸ਼ਾ ਲਈ ਅੰਕਿਤ ਰਹੇਗੀ।

ਅਜਿਹੇ ਸਮੇਂ ’ਚ ਜਦੋਂ ਸਿੱਖ ਪਛਾਣ ਅਤੇ ਵਿਆਪਕ ਭਾਰਤੀ ਰਾਸ਼ਟਰਵਾਦ ਅੰਦਰ ਇਸ ਦੀ ਥਾਂ ਸਬੰਧੀ ਬਹਿਸ ਨੇ ਨਵੇਂ ਸਿਰੇ ਤੋਂ ਧਿਆਨ ਖਿੱਚਿਆ ਹੈ, ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਸਮੇਂ ਨੂੰ ਯਾਦ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਇਕ ਇਮਾਰਤ ਹੈ ਜਿਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਜੋਂ ਜਾਣਿਆ ਜਾਂਦਾ ਹੈ। ਇਹ ਇਕੋ-ਇਕ ਅਜਿਹੀ ਇਮਾਰਤ ਹੈ ਜੋ ਕਿਸੇ ਗੈਰ-ਗੁਰੂ ਦੇ ਨਾਂ ’ਤੇ ਇਥੇ ਸਥਿਤ ਹੈ। ਨਾ ਸਿਰਫ ਪੰਜਾਬ, ਸਗੋਂ ਦੇਸ਼ ਅਤੇ ਉਸ ਤੋਂ ਅੱਗੋਂ ਦੇ ਨੌਜਵਾਨਾਂ ਨੂੰ 20ਵੀਂ ਸਦੀ ਦੇ ਸਿੱਖ ਧਰਮ ਦੇ ਖੁਸ਼ਹਾਲ ਇਤਿਹਾਸ ਅਤੇ ਰਾਸ਼ਟਰ ਨਿਰਮਾਣ ’ਚ ਇਸ ਦੀ ਭੂਮਿਕਾ ਨੂੰ ਸਮਝਣ ’ਚ ਮਦਦ ਕਰੇਗੀ।

ਸਮੁੰਦਰੀ ਦੇ ਜੀਵਨ ਦੇ ਚਾਰ ਤੱਤ ਸਪੱਸ਼ਟ ਹਨ। ਪਹਿਲਾ ਗੁਰਦੁਆਰਾ ਸੁਧਾਰ ਅੰਦੋਲਨ (ਜੀ. ਆਰ. ਐੱਮ.) ’ਚ ਉਨ੍ਹਾਂ ਦੀ ਅਗਵਾਈ ਸੀ ਜਿਸ ਨੇ ਸਿੱਖ ਧਾਰਮਿਕ ਅਦਾਰਿਆਂ ਨੂੰ ਉਨ੍ਹਾਂ ਦੀਆਂ ਸਮਤਾਵਾਦੀ ਅਤੇ ਲੋਕਰਾਜੀ ਜੜ੍ਹਾਂ ਵੱਲ ਵਾਪਸ ਕੀਤਾ। ਦੂਸਰਾ, ਧਾਰਮਿਕ ਸੁਧਾਰ ਦੇ ਅੰਦੋਲਨ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੇ ਨਾਲ ਜੋੜਨ ਦੀ ਉਨ੍ਹਾਂ ਦੀ ਸਮਰੱਥਾ ਸੀ, ਜਿਸ ਨੇ ਮਹਾਨ ਮਾਸਟਰ ਤਾਰਾ ਸਿੰਘ ਸਮੇਤ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ।

ਤੀਜਾ, ਸਿੱਖਿਆ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ, ਬੇਸ਼ੱਕ ਹੀ ਰਸਮੀ ਸਿੱਖਿਆ ਤਕ ਉਨ੍ਹਾਂ ਦੀ ਪਹੁੰਚ ਮੁੱਢਲੀ ਸੀ ਅਤੇ ਚੌਥਾ, ਮਦਨ ਮੋਹਨ ਮਾਲਵੀਆ ਅਤੇ ਅਖੀਰ ਜੀ. ਡੀ. ਬਿਰਲਾ ਵਲੋਂ ਇਸ ਨੂੰ ਸੰਭਾਲਣ ਤੋਂ ਪਹਿਲਾਂ ਮੂਲ ਅਕਾਲੀ ਆਗੂਆਂ ਦੇ ਇਕ ਗਰੁੱਪ ਦੇ ਇਕ ਹਿੱਸੇ ਵਜੋਂ, ਹਿੰਦੁਸਤਾਨ ਟਾਈਮਜ਼ ਸਮੇਤ ਅਖਬਾਰਾਂ ਨੂੰ ਲਾਂਚ ਕਰਨ ’ਚ ਉਨ੍ਹਾਂ ਦੀ ਭੂਮਿਕਾ ਰਾਹੀਂ ਇਕ ਸੂਚਕ ਜਨਤਕ ਖੇਤਰ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਸੀ।

ਇਸ ਸਭ ਰਾਹੀਂ ਸਮੁੰਦਰੀ ਨੇ ਆਪਣੀ ਰੋਜ਼ੀ-ਰੋਟੀ, ਆਪਣੀ ਜਾਇਦਾਦ ਅਤੇ ਅਖੀਰ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਰਾਸ਼ਟਰ ਅਤੇ ਆਪਣੇ ਭਾਈਚਾਰੇ ਨੂੰ ਖੁਦ ਤੋਂ ਪਹਿਲਾਂ ਰੱਖਣ ’ਚ ਕਦੇ ਸੰਕੋਚ ਨਹੀਂ ਕੀਤਾ।

ਗੁਰਦੁਆਰਾ ਸੁਧਾਰ ਅੰਦੋਲਨ (ਜੀ. ਆਰ. ਐੱਮ.) : 1920 ਦੇ ਦਹਾਕੇ ਦੀ ਸ਼ੁਰੂਆਤ ਤੱਕ ਸਰਕਾਰ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਸਰਪ੍ਰਸਤਾਂ ਦੀ ਨਿਯੁਕਤੀ ਅਤੇ ਦੇਖਭਾਲ ਕਰਦੀ ਸੀ। ਹਾਲਾਂਕਿ, ਬਰਤਾਨਵੀ ਸਰਕਾਰ ਵਲੋਂ ਨਿਯੁਕਤ ਮਹੰਤਾਂ ਨੇ ਜਲਦੀ ਹੀ ਆਪਣੇ ਆਪ ਨੂੰ ਖਾਨਦਾਨੀ ਪੁਜਾਰੀਆਂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਕੋਲ ਗੁਰਦੁਆਰਿਆਂ ਦੀਆਂ ਜਾਇਦਾਦਾਂ ਦਾ ਕਾਨੂੰਨੀ ਅਧਿਕਾਰ ਸੀ। ਬਰਤਾਨਵੀ ਰਾਜ ਤੋਂ ਪਹਿਲਾਂ ਸਿੱਖ ਰਾਜ ਦੌਰਾਨ ਬੰਦੋਬਸਤੀ ਰਾਹੀਂ ਹਾਸਲ ਕੀਤੇ ਗੁਰਦੁਆਰਿਆਂ ਦੀਆਂ ਭਾਰੀ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਦੇਖਦੇ ਹੋਏ ਕਈ ਮਹੰਤਾਂ ਨੇ ਭ੍ਰਿਸ਼ਟ ਜ਼ਿਮੀਂਦਾਰਾਂ ਵਾਂਗ ਵਤੀਰਾ ਅਪਣਾਉਣਾ ਸ਼ੁਰੂ ਕਰ ਦਿੱਤਾ, ਜੋ ਉਸ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰਦੇ ਸਨ, ਜੋ ਤਪੱਸਿਆ ਅਤੇ ਸੇਵਾ ’ਚ ਮਾਣ ਮਹਿਸੂਸ ਕਰਦਾ ਸੀ।

ਇਹ ਉਦੋਂ ਸੀ ਜਦੋਂ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਪਵਿੱਤਰ ਬਾਣੀ ਤੋਂ ਪ੍ਰੇਰਿਤ ਹੋ ਕੇ ਇਕ ਜਨ-ਅੰਦੋਲਨ ਜੀ. ਆਰ. ਐੱਮ. ਸ਼ੁਰੂ ਕੀਤਾ ਸੀ। ਦੂਜੇ ਪਾਸੇ ਬਰਤਾਨੀਆ ਹਮਾਇਤੀ ਸਿੱਖਾਂ ਦਾ ਇਕ ਵਰਗ ਸੀ ਜੋ ਆਮ ਤੌਰ ’ਤੇ ਮਹੰਤਾਂ ਦੇ ਹੱਕ ’ਚ ਸੀ। ਇਸੇ ਜਨ-ਅੰਦੋਲਨ ’ਚ ਸਿੱਖਾਂ ਨੂੰ ਤੇਜਾ ਸਿੰਘ ਸਮੁੰਦਰੀ ਵਜੋਂ ਇਕ ਨੇਤਾ ਮਿਲਿਆ।

ਤੇਜਾ ਸਿੰਘ ਸਮੁੰਦਰੀ ਦਾ ਜਨਮ ਤਰਨਤਾਰਨ ਜ਼ਿਲੇ ਦੇ ਰਾਏ ਬੁਰਜ ਕਾ (ਸਰਹਾਲੀ) ਪਿੰਡ ਦੇ ਸੰਧੂ ਜੱਟ ਸਿੱਖ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦਿਨਾਂ ’ਚ ਉਨ੍ਹਾਂ ਦੇ ਪਰਿਵਾਰ ਕੋਲ ਉਸ ਵੇਲੇ ਦੇ ਏਕੀਕ੍ਰਿਤ ਪੰਜਾਬ ਦੇ ਲਾਇਲਪੁਰ ਜ਼ਿਲੇ ਦੀ ਸਮੁੰਦਰੀ ਤਹਿਸੀਲ ’ਚ ਖੇਤੀਬਾੜੀ ਦੀ ਜ਼ਮੀਨ ਸੀ। ਇਸੇ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਨਾਂ ‘ਸਮੁੰਦਰੀ’ ਪਿਆ। ਆਪਣੇ ਪਿਤਾ ਸਰਦਾਰ ਦੇਵਾ ਸਿੰਘ ਸਮੇਤ ਆਪਣੇ ਬਜ਼ੁਰਗਾਂ ਵਾਂਗ ਸਮੁੰਦਰੀ ਬਰਤਾਨਵੀ ਭਾਰਤੀ ਫੌਜ ’ਚ ਸਨ ਪਰ ਇਕ ਧਰਮਨਿਸ਼ਠ ਸਿੱਖ ਵਜੋਂ ਉਹ ਜੀ. ਆਰ. ਐੱਮ. ਵੱਲ ਖਿੱਚੇ ਗਏ, ਜਿਸ ਦੀ ਸ਼ੁਰੂਆਤ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ ਸੀ।

1911 ’ਚ ਸ਼ਾਹੀ ਰਾਜਧਾਨੀ ਨੂੰ ਕਲਕੱਤਾ (ਹੁਣ ਕੋਲਕਾਤਾ) ਦਿੱਲੀ ਤਬਦੀਲ ਕਰਨ ਪਿੱਛੋਂ ਅੰਗਰੇਜ਼ਾਂ ਨੇ ਗੁਰਦੁਆਰੇ ਦੀ ਕੁਝ ਜ਼ਮੀਨ ’ਤੇ ਕਬਜ਼ਾ ਕਰ ਲਿਆ। ਇਸ ਪ੍ਰਕਿਰਿਆ ’ਚ ਬਰਤਾਨਵੀ ਰਾਜ ਨੇ ਸਥਾਨਕ ਮਹੰਤਾਂ ਨਾਲ ਮਿਲ ਕੇ ਇਕ ਸਮਝੌਤਾ ਕੀਤਾ ਅਤੇ ਉਸ ਦੀ ਚਾਰਦੀਵਾਰੀ ਨੂੰ ਡੇਗ ਦਿੱਤਾ। ਵਿਆਪਕ ਸਿੱਖ ਭਾਈਚਾਰੇ ਵਲੋਂ ਤੁਰੰਤ ਪ੍ਰਤੀਕਿਰਿਆ ਹੋਈ।

ਹਰਚੰਦ ਸਿੰਘ ਲਾਇਲਪੁਰੀ ਅਤੇ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ’ਚ ਪ੍ਰਦਰਸ਼ਨਕਾਰੀ ਸਿੱਖ ਜਥੇ ਦਿੱਲੀ ਗਏ। ਵਿਰੋਧ ਦੇ ਸਿੱਟੇ ਵਜੋਂ ਸਭ ਤੋਂ ਪਹਿਲਾਂ ਇਕ ਸਮਝੌਤਾ ਹੋਇਆ ਜਿਸ ਅਧੀਨ ਬਰਤਾਨਵੀ ਸਰਕਾਰ ਨੇ ਪਹਿਲੀ ਵਿਸ਼ਵ ਜੰਗ ਖਤਮ ਹੋਣ ਤਕ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਦੀ ਬੇਨਤੀ ਕੀਤੀ ਅਤੇ ਫਿਰ ਜੰਗ ਖਤਮ ਹੋਣ ਪਿੱਛੋਂ ਕੰਧ ਨੂੰ ਬਹਾਲ ਕਰ ਦਿੱਤਾ। ਇਸ ਨਾਲ ਸਿੱਖ ਭਾਈਚਾਰੇ ਦਾ ਸਵੈ-ਭਰੋਸਾ ਵਧਿਆ।

ਪਰ ਅਸਲੀ ਲੜਾਈ ਪੰਜਾਬ ’ਚ ਲੜੀ ਗਈ ਕਿਉਂਕਿ ਜੀ. ਆਰ. ਐੱਮ. ਨੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਲਈ ਆਪਣੀ ਖੋਜ ਤੇਜ਼ ਕਰ ਦਿੱਤੀ ਸੀ। ਤੇਜਾ ਸਿੰਘ ਸਮੁੰਦਰੀ ਨੇ ਅੱਗੇ ਵਧ ਕੇ ਇਸ ਲੜਾਈ ਦੀ ਅਗਵਾਈ ਕੀਤੀ। ਉਨ੍ਹਾਂ ਨਾ ਸਿਰਫ ਮਹੰਤਾਂ ਵਿਰੁੱਧ ਅੰਦੋਲਨ ਕੀਤਾ ਸਗੋਂ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ।

ਅੰਮ੍ਰਿਤਸਰ ’ਚ ਇਤਿਹਾਸਕ 1921-22 ਦੇ ਸੰਘਰਸ਼ ਦੌਰਾਨ ਜਿਸ ਨੂੰ ਗੁਰੂ ਕਾ ਬਾਗ ਦਾ ਮੋਰਚਾ ਵੀ ਕਿਹਾ ਜਾਂਦਾ ਹੈ, ਸਮੁੰਦਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਿਤ ਕੌਂਸਲ ਆਫ ਐਕਸ਼ਨ ਦੇ ਮੁਖੀ ਸਨ। ਉਨ੍ਹਾਂ ਅੱਗੇ ਹੋ ਕੇ ਅਗਵਾਈ ਕੀਤੀ। 1921 ’ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਅੰਦੋਲਨ ਸਮੇਂ ਜਦੋਂ ਸਥਾਨਕ ਮਹੰਤਾਂ ਨੇ ਆਪਣੇ ਲੋਕਾਂ ਨੂੰ ਵਿਖਾਵਾਕਾਰੀਆਂ ’ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਕਾਰਨ ਅਨੇਕਾਂ ਜਾਨਾਂ ਚਲੀਆਂ ਗਈਆਂ।

ਅਕਾਲੀ ਅਖਬਾਰ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਨੂੰ ਸਥਾਨਕ ਬਰਤਾਨਵੀ ਅਧਿਕਾਰੀਆਂ ਨੇ ਅਪਰਾਧ ਵਜੋਂ ਲਿਆ ਅਤੇ 40,000 ਰੁਪਏ ਦਾ ਜੁਰਮਾਨਾ ਕੀਤਾ। ਸਮੁੰਦਰੀ ਨੇ ਅਖਬਾਰ ਦੇ ਪ੍ਰਕਾਸ਼ਕਾਂ ਨੂੰ ਭਰੋਸਾ ਦਿੱਤਾ ਕਿ ਉਹ ਖੁਦ ਆਪਣੀ ਖੇਤੀਬਾੜੀ ਦੀ ਜ਼ਮੀਨ ਦੀ ਨਿਲਾਮੀ ਕਰ ਕੇ ਇਸ ਪੈਸੇ ਲਈ ਜ਼ਮਾਨਤ ਦੇਣਗੇ।

ਇਸੇ ਤਰ੍ਹਾਂ ਨਾਭਾ ’ਚ ਇਕ ਹੋਰ ਅੰਦੋਲਨ ਦੇ ਸੰਦਰਭ ’ਚ ਜੇਲ ਜਾਂਦੇ ਸਮੇਂ, ਸਮੁੰਦਰੀ ਨੇ ਇਕ ਮਾਮਲੇ ਦੀ ਗਾਰੰਟੀ ਲਈ ਸੀ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈਕੋਰਟ ’ਚ ਇਕ ਮੁਕੱਦਮਾ ਹਾਰ ਗਈ ਅਤੇ ਪ੍ਰਿਵੀ ਕੌਂਸਲ ’ਚ ਅਪੀਲ ਕਰਨ ਦੀ ਯੋਜਨਾ ਬਣਾ ਰਹੀ ਸੀ। ਇਸ ਲਈ 1,50,000 ਰੁਪਏ ਦੀ ਲੋੜ ਸੀ। ਐੱਸ. ਜੀ. ਪੀ. ਸੀ. ਸਿਰਫ 75,000 ਰੁਪਏ ਇਕੱਠੇ ਕਰਨ ’ਚ ਸਮਰੱਥ ਸੀ ਅਤੇ ਸਮੁੰਦਰੀ ਨੇ ਬਾਕੀ ਰਕਮ ਲਈ ਆਪਣੀ 50 ਏਕੜ ਜ਼ਮੀਨ ਗਿਰਵੀ ਰੱਖ ਦਿੱਤੀ ਸੀ।

ਜੀ. ਆਰ. ਐੱਮ. 1920 ਦੌਰਾਨ ਸਮੁੰਦਰੀ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਕਰੰਸੀ ਅਤੇ ਸਬੰਧਤ ਰਾਹਤ ਪ੍ਰਦਾਨ ਕਰਨ ’ਚ ਵੀ ਸਰਗਰਮ ਰੂਪ ਨਾਲ ਸ਼ਾਮਲ ਸਨ। ਇਸ ਨੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਿੱਖ ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ ਦਾ ਗਠਨ ਕੀਤਾ, ਜੋ ਜੇਲਾਂ ’ਚ ਬੰਦ ਸਨ ਜਾਂ ਜਿਨ੍ਹਾਂ ’ਤੇ ਮੁਕੱਦਮੇ ਚੱਲ ਰਹੇ ਸਨ।

ਬਾਅਦ ’ਚ ਇਸ ਸੰਸਥਾ ਦਾ ਪਸਾਰ ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ ’ਚ ਕਰ ਦਿੱਤਾ ਗਿਆ ਜਿਸ ਦੀ ਯਾਦ ’ਚ ਹੁਣ ਜਲੰਧਰ ’ਚ ਦੇਸ਼ ਭਗਤ ਯਾਦਗਾਰ ਕਮੇਟੀ ਹਾਲ ਬਣਿਆ ਹੋਇਆ ਹੈ।

ਭਾਈਚਾਰੇ ਨੇ ਉਨ੍ਹਾਂ ਨੂੰ ਕਿੰਨਾ ਸਨਮਾਨ ਦਿੱਤਾ, ਇਸ ਦੀ ਸਭ ਤੋਂ ਸਪੱਸ਼ਟ ਉਦਾਹਰਣ ਉਦੋਂ ਸੀ ਜਦੋਂ 17 ਜੂਨ, 1923 ਨੂੰ ਸਮੁੰਦਰੀ ਨੂੰ ਸਰੋਵਰ ਦੀ ਸਫਾਈ ਸ਼ੁਰੂ ਕਰਨ ਲਈ ਕਾਰ ਸੇਵਾ ਦੀ ਅਗਵਾਈ ਕਰਨ ਲਈ ‘ਪੰਜ ਪਿਆਰਿਆਂ’ ਵਿਚੋਂ ਇਕ ਵਜੋਂ ਚੁਣਿਆ ਗਿਆ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ 1842 ’ਚ ਪੰਜਾਬ ’ਚ ਸਿੱਖ ਰਾਜ ਦੀ ਸਮਾਪਤੀ ਪਿੱਛੋਂ ਪਹਿਲੀ ਵਾਰ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ।

ਧਾਰਮਿਕ ਸੁਧਾਰ ਅਤੇ ਰਾਸ਼ਟਰਵਾਦ ਦਾ ਮਿਸ਼ਰਣ : ਇਥੋਂ ਤੱਕ ਕਿ ਜਦੋਂ ਸਿੱਖ ਧਾਰਮਿਕ ਸੁਧਾਰ ਲਈ ਅੰਗਰੇਜ਼ਾਂ ਵਿਰੁੱਧ ਅੰਦੋਲਨ ਚਲਾ ਰਹੇ ਸਨ, ਉਦੋਂ ਵੀ ਉਹ ਸਪੱਸ਼ਟ ਰੂਪ ਨਾਲ ਦੇਖ ਸਕਦੇ ਸਨ ਕਿ ਇਸਨੇ ਉਸੇ ਵਿਰੋਧੀ ਵਿਰੁੱਧ ਵਿਆਪਕ ਆਜ਼ਾਦੀ ਅੰਦੋਲਨ ਨੂੰ ਕਿਵੇਂ ਪ੍ਰਭਾਵਿਤ ਕੀਤਾ। ਤੇਜਾ ਸਿੰਘ ਸਮੁੰਦਰੀ ਨੇ ਸਤੰਬਰ 1923 ’ਚ ਭਾਰਤੀ ਰਾਸ਼ਟਰੀ ਕਾਂਗਰਸ ਵਲੋਂ ਆਯੋਜਿਤ ਅਖਿਲ ਭਾਰਤੀ ਵਿਸ਼ਾ ਕਮੇਟੀ ’ਚ ਆਪਣੀ ਭਾਈਵਾਲੀ ਦੇ ਨਾਲ ਹੀ ਇਸ ਸੰਬੰਧ ਨੂੰ ਸ਼ੁਰੂ ਤੋਂ ਹੀ ਦੇਖ ਲਿਆ ਸੀ।

ਅੰਗਰੇਜ਼ਾਂ ਨੇ ਸਮੁੰਦਰੀ ਸਮੇਤ ਜੀ. ਆਰ. ਐੱਮ. ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਅੰਦੋਲਨ ਅਖੀਰ ਸਫਲ ਹੋਇਆ ਅਤੇ 1925 ਦੇ ਐੱਸ. ਜੀ. ਪੀ. ਸੀ. ਐਕਟ ਨੂੰ ਲਾਗੂ ਕੀਤਾ ਗਿਆ, ਜਿਸ ਅਧੀਨ ਧਾਰਮਿਕ ਥਾਵਾਂ ਦਾ ਕੰਟਰੋਲ ਕਮੇਟੀ ਨੂੰ ਸੌਂਪ ਦਿੱਤਾ ਗਿਆ। ਬਦਲੇ ’ਚ ਬਰਤਾਨਵੀ ਰਾਜ ਅੰਦੋਲਨਕਾਰੀਆਂ ਕੋਲੋਂ ਲਿਖਤੀ ਵਾਅਦਾ ਲੈਣਾ ਚਾਹੁੰਦਾ ਸੀ ਕਿ ਉਹ ਹੁਣ ਅੰਦੋਲਨ ਨਹੀਂ ਕਰਨਗੇ ਅਤੇ ਨਾ ਹੀ ਐਕਟ ਦੀ ਕਿਸੇ ਵੀ ਵਿਵਸਥਾ ’ਤੇ ਸਵਾਲ ਉਠਾਉਣਗੇ।

ਇਸ ਨਾਲ ਜੇਲ ’ਚ ਬੰਦ ਜੀ. ਆਰ. ਐੱਮ. ਦੇ 31 ਚੋਟੀ ਦੇ ਆਗੂਆਂ ’ਚ ਫੁੱਟ ਪੈ ਗਈ। ਲਗਭਗ 20 ਵਿਅਕਤੀਆਂ ਦਾ ਇਕ ਗਰੁੱਪ ਸਰਕਾਰ ਦੀਆਂ ਮੰਗਾਂ ਨੂੰ ਮੰਨਣ ਲਈ ਸਹਿਮਤ ਹੋ ਗਿਆ ਪਰ ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਸਮੇਤ 11 ਨੇ ਸਰਕਾਰ ਨਾਲ ਸਮਝੌਤਾ ਕਰਨ ਤੋਂ ਨਾਂਹ ਕਰ ਦਿੱਤੀ। ਸਮੁੰਦਰੀ ਨੇ ਕਿਹਾ ਕਿ ਉਹ ਅਜਿਹੇ ਅਪਮਾਨਜਨਕ ਸ਼ਬਦਾਂ ਨੂੰ ਆਪਣੀ ਜੁੱਤੀ ਨਾਲ ਮਾਰਨਾ ਪਸੰਦ ਕਰਨਗੇ। ਇਸ ਗਰੁੱਪ ਨੂੰ ਜੇਲ ਤੋਂ ਰਿਹਾਅ ਨਹੀਂ ਕੀਤਾ ਗਿਆ ਅਤੇ 17 ਜੁਲਾਈ, 1926 ਨੂੰ ਲਾਹੌਰ ’ਚ ਸਮੁੰਦਰੀ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ।

ਉਨ੍ਹਾਂ ਦੀ ਮੌਤ ਤੋਂ ਬਾਅਦ ਅਕਾਲੀ ਅੰਦੋਲਨ ਤੇਜ਼ ਹੋ ਗਿਆ ਅਤੇ ਅੰਗਰੇਜ਼ਾਂ ਨੇ ਹੋਰਨਾਂ ਸਭ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਬਰਤਾਨਵੀ ਸਰਕਾਰ ਨੇ ਤੁਰੰਤ ਨਵੀਂ ਬਣੀ ਐੱਸ. ਜੀ. ਪੀ. ਸੀ. ਲਈ ਆਮ ਚੋਣਾਂ ਦਾ ਐਲਾਨ ਕਰ ਦਿੱਤਾ। ਸਮੁੰਦਰੀ ਦੇ ਵਫਾਦਾਰਾਂ ਨੇ ਚੋਣਾਂ ’ਚ ਜਿੱਤ ਹਾਸਲ ਕੀਤੀ ਜੋ ਉਨ੍ਹਾਂ ਦੇ ਬਲਿਦਾਨ ਪ੍ਰਤੀ ਲੋਕਾਂ ਦੇ ਉੱਚ ਸਨਮਾਨ ਨੂੰ ਦਰਸਾਉਂਦੀ ਹੈ।

ਲੰਬੇ ਸਮੇਂ ਦੀ ਵਿਰਾਸਤ : ਸ਼ੁਰੂ ਤੋਂ ਹੀ ਰਸਮੀ ਸਿੱਖਿਆ ਦੀ ਸਭ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਅਤੇ ਸਿਰਫ ਆਪਣੀ ਮੂਲ ਭਾਸ਼ਾ ’ਚ ਮਾਹਿਰ ਹੋਣ ਦੇ ਬਾਵਜੂਦ ਸਮੁੰਦਰੀ ਨੇ ਲੋਕਾਂ ਦਰਮਿਆਨ ਸਿੱਖਿਆ ਨੂੰ ਵਧਾਉਣ ’ਚ ਡੂੰਘੀ ਦਿਲਚਸਪੀ ਲਈ। ਉਨ੍ਹਾਂ ਲਾਇਲਪੁਰ ’ਚ ਖਾਲਸਾ ਹਾਈ ਸਕੂਲ, ਚੱਕ ਨੰ. 41 ’ਚ ਖਾਲਸਾ ਹਾਈ ਸਕੂਲ, ਸਮੁੰਦਰੀ ’ਚ ਚੱਕ ਨੰ. 140 ’ਚ ਖਾਲਸਾ ਮਿਡਲ ਸਕੂਲ ਅਤੇ ਸਰਹਾਲੀ ’ਚ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਦੀ ਸਥਾਪਨਾ ਕੀਤੀ। ਉਹ ਬੱਚਿਆਂ ਦੀ ਸਿੱਖਿਆ ਲਈ ਵਿੱਤੀ ਮਦਦ ਕਰਨ ’ਤੇ ਵੀ ਸਭ ਤੋਂ ਅੱਗੇ ਸਨ। ਇਸ ਮੰਤਵ ਲਈ ਪੈਸਾ ਇਕੱਠਾ ਕਰਨ ਲਈ ਉਹ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ।

ਸਮੁੰਦਰੀ ਨੇ ਜੀ. ਆਰ. ਐੱਮ.-1920 ਲਈ ਪੰਜਾਬੀ ਅਤੇ ਉਰਦੂ ਦੋਹਾਂ ਭਾਸ਼ਾਵਾਂ ’ਚ ਪ੍ਰਕਾਸ਼ਨ ਸ਼ੁਰੂ ਕਰਨ ਲਈ ਵੀ ਗੰਭੀਰ ਯਤਨ ਕੀਤੇ। ਸੁੰਦਰ ਸਿੰਘ ਲਾਇਲਪੁਰੀ ਅਤੇ ਹੋਰ ਅਕਾਲੀ ਆਗੂਆਂ ਨਾਲ ਸਮੁੰਦਰੀ ਨੇ ਪੈਸੇ ਇਕੱਠੇ ਕਰਨ ਅਤੇ 1924 ’ਚ ਇਸ ਅਖਬਾਰ ਦੀ ਸਥਾਪਨਾ ਕਰਨ ਦੀ ਪਹਿਲ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਈ।

ਪਰ ਭਾਈਚਾਰੇ ਅਤੇ ਵਿਆਪਕ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੀ ਸ਼ਾਨਦਾਰ ਵਿਰਾਸਤ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਬਿਸ਼ਨ ਸਿੰਘ ਸਮੁੰਦਰੀ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ। ਉਹ ਬਾਅਦ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਬਣੇ। ਬਿਸ਼ਨ ਸਿੰਘ ਸਮੁੰਦਰੀ ਦੀ ਪਤਨੀ ਜਗਜੀਤ ਸੰਧੂ ਵੀ ਅੰਮ੍ਰਿਤਸਰ ’ਚ ਸਰਕਾਰੀ ਮਹਿਲਾ ਕਾਲਜ ਦੀ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਈ ਹੈ। ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਤਰਨਜੀਤ ਸਿੰਘ ਸੰਧੂ ਇਸ ਸਮੇਂ ਅਮਰੀਕਾ ’ਚ ਭਾਰਤ ਦਾ ਰਾਜਦੂਤ ਹੈ। ਅੱਜ ਦੇ ਨੌਜਵਾਨਾਂ ਨੂੰ ਤੇਜਾ ਸਿੰਘ ਸਮੁੰਦਰੀ ਵਰਗੇ ਸੱਚੇ ਮਹਾਨ ਨਾਇਕਾਂ ਅਤੇ ਸ਼ਹੀਦਾਂ ਵੱਲ ਪਰਤਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਵਰਗੇ ਜੀਵਨ ਨੇ ਹੀ ਭਾਰਤ ਅਤੇ ਪੰਜਾਬ ਦੇ ਵਿਚਾਰ ਨੂੰ ਬੇਮਿਸਾਲ ਬਣਾਇਆ ਹੈ।

- ਪ੍ਰੋ. ਹਰਮੀਤ ਸਿੰਘ

Anmol Tagra

This news is Content Editor Anmol Tagra