ਪੈਸਿਆਂ ’ਤੇ ਈਮਾਨ ਵੇਚਦੇ ਨੇਤਾ

07/19/2020 4:01:24 AM

ਡਾ. ਵੇਦਪ੍ਰਤਾਪ ਵੈਦਿਕ

ਰਾਜਸਥਾਨ ਦੇ ਸਿਆਸੀ ਦੰਗਲ ਨੇ ਹੁਣ ਇਕ ਬੜਾ ਮਜ਼ੇਦਾਰ ਮੋੜ ਲੈ ਲਿਆ ਹੈ। ਕਾਂਗਰਸ ਮੰਗ ਕਰ ਰਹੀ ਹੈ ਕਿ ਭਾਜਪਾ ਦੇ ਉਸ ਕੇਂਦਰੀ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਵੇ, ਜੋ ਰਿਸ਼ਵਤ ਦੇ ਜ਼ੋਰ ’ਤੇ ਕਾਂਗਰਸੀ ਵਿਧਾਇਕਾਂ ਨੂੰ ਰਸਤੇ ਤੋਂ ਭਟਕਾਉਣ ’ਚ ਲੱਗਾ ਹੋਇਆ ਸੀ। ਉਸ ਮੰਤਰੀ ਦੀ ਗੱਲਬਾਤ ਦੇ ਟੇਪ ਜਨਤਕ ਕਰ ਦਿੱਤੇ ਗਏ ਹਨ। ਇਕ ਦਲਾਲ ਜਾਂ ਵਿਚੋਲੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਦੂਜੇ ਪਾਸੇ ਇਹ ਹੋਇਆ ਕਿ ਵਿਧਾਨ ਸਭਾ ਦੇ ਸਪੀਕਰ ਨੇ ਸਚਿਨ ਪਾਇਲਟ ਅਤੇ ਉਸ ਦੇ ਸਾਥੀ ਵਿਧਾਇਕਾਂ ਨੂੰ ਅਹੁਦੇ ਤੋਂ ਲਾਹੁਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ’ਤੇ ਹਾਈਕੋਰਟ ’ਚ ਬਹਿਸ ਚੱਲ ਰਹੀ ਹੈ। ਪਤਾ ਨਹੀਂ, ਅਦਾਲਤ ਦਾ ਫੈਸਲਾ ਕੀ ਹੋਵੇਗਾ ਪਰ ਕਰਨਾਟਕ ’ਚ ਿਦੱਤੇ ਗਏ ਅਦਾਲਤ ਦੇ ਫੈਸਲੇ ’ਤੇ ਅਸੀਂ ਧਿਆਨ ਦੇਈਏ ਤਾਂ ਇਹ ਮੰਨ ਸਕਦੇ ਹਾਂ ਕਿ ਰਾਜਸਥਾਨ ਦੀ ਹਾਈਕੋਰਟ ਸਚਿਨ ਧੜੇ ਦੇ 19 ਵਿਧਾਇਕਾਂ ਨੰੂੰ ਵਿਧਾਨ ਸਭਾ ’ਚੋਂ ਕੱਢ ਕੇ ਬਾਹਰ ਕਰੇਗੀ।

ਇਹ ਠੀਕ ਹੈ ਕਿ ਸਚਿਨ ਦਾ ਦਾਅਵਾ ਹੈ ਕਿ ਉਹ ਅਤੇ ਉਸਦੇ ਵਿਧਾਇਕ ਅਜੇ ਵੀ ਕਾਂਗਰਸ ’ਚ ਹਨ। ਉਨ੍ਹਾਂ ਨੇ ਪਾਰਟੀ ਵ੍ਹਿਪ ਦੀ ਉਲੰਘਣਾ ਨਹੀਂ ਕੀਤੀ ਕਿਉਂਕਿ ਅਜਿਹਾ ਤਦ ਹੁੰਦਾ ਹੈ ਜਦੋਂ ਵਿਧਾਨ ਸਭਾ ਚਲ ਰਹੀ ਹੁੰਦੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਈ ਵਿਧਾਨ ਮੰਡਲ ਦੀ ਬੈਠਕ ’ਚ ਹਿੱਸਾ ਨਾ ਲੈਣ ’ਤੇ ਤੁਸੀਂ ਵ੍ਹਿਪ ਕਿਵੇਂ ਲਾਗੂ ਕਰ ਸਕਦੇ ਹੋ। ਇਸ ਆਧਾਰ ’ਤੇ ਸਚਿਨ ਧੜੇ ਨੂੰ ਦਿੱਤੇ ਗਏ ਵਿਧਾਨ ਸਭਾ ਸਪੀਕਰ ਦੇ ਨੋਟਿਸ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਗਈ ਹੈ । ਕਾਂਗਰਸ ਦੇ ਵਕੀਲਾਂ ਦਾ ਤਰਕ ਹੈ ਕਿ ਦਲ-ਬਦਲ ਵਿਰੋਧੀ ਕਾਨੂੰਨ ਅਨੁਸਾਰ ਸਪੀਕਰ ਦਾ ਫੈਸਲਾ ਇਸ ਮਾਮਲੇ ’ਚ ਸਭ ਤੋਂ ਉਪਰ ਅਤੇ ਅੰਤਿਮ ਹੁੰਦਾ ਹੈ। ਅਜੇ ਸਪੀਕਰ ਨੇ ਬਾਗੀ ਵਿਧਾਇਕਾਂ ’ਤੇ ਕੋਈ ਫੈਸਲਾ ਨਹੀਂ ਦਿੱਤਾ।

ਅਜਿਹੀ ਸਥਿਤੀ ’ਚ ਅਦਾਲਤ ਨੂੰ ਕੋਈ ਰਾਏ ਦੇਣ ਦਾ ਕੀ ਹੱਕ ਹੈ? ਇਸਦੇ ਇਲਾਵਾ ਿਜਵੇਂ ਕਿ ਕਰਨਾਟਕ ਦੇ ਮਾਮਲੇ ’ਚ ਤੈਅ ਹੋਇਆ ਸੀ ਕਿ ਉਸਦੇ ਵਿਧਾਇਕਾਂ ਨੇ ਰਸਮੀ ਤੌਰ ’ਤੇ ਅਸਤੀਫਾ ਤਾਂ ਨਹੀਂ ਦਿੱਤਾ ਸੀ ਪਰ ਉਨ੍ਹਾਂ ਦੇ ਤੇਵਰਾਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਹ ਸੱਤਾਧਾਰੀ ਪਾਰਟੀ ਦੇ ਨਾਲ ਨਹੀਂ ਹਨ। ਭਾਵ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਜੇਕਰ ਇਹ ਤਰਕ ਜੈਪੁਰ ’ਚ ਵੀ ਚੱਲ ਪਿਆ ਤਾਂ ਸਚਿਨ ਪਾਇਲਟ ਧੜਾ ਨਾ ਇਧਰ ਦਾ ਰਹੇਗਾ ਨਾ ਓਧਰ ਦਾ! ਜੇਕਰ ਅਦਾਲਤ ਦਾ ਫੈਸਲਾ ਪਾਇਲਟ ਦੇ ਪੱਖ ’ਚ ਆ ਜਾਂਦਾ ਹੈ ਤਾਂ ਰਾਜਸਥਾਨ ਦੀ ਸਿਆਸਤ ਕੁਝ ਵੀ ਪਲਟਾ ਖਾ ਸਕਦੀ ਹੈ। ਜੋ ਵੀ ਹੋਵੇ, ਰਾਜਸਥਾਨ ਦੀ ਸਿਆਸਤ ਨੇ ਅੱਜਕਲ ਬੇਹੱਦ ਸ਼ਰਮਨਾਕ ਅਤੇ ਦੁਖਦਾਈ ਰੂਪ ਧਾਰਨ ਕਰ ਲਿਆ ਹੈ। ਮੁੱਖ ਮੰਤਰੀ ਗਹਿਲੋਤ ਦੇ ਰਿਸ਼ਤੇਦਾਰਾਂ ’ਤੇ ਅਜਕਲ ਪੈ ਰਹੇ ਛਾਪੇ ਕੇਂਦਰ ਸਰਕਾਰ ਦੇ ਮੂੰਹ ’ਤੇ ਕਾਲਕ ਮਲ ਰਹੇ ਹਨ ਅਤੇ ਇਸ ਦੋਸ਼ ਨੂੰ ਮਜਬੂਤ ਕਰ ਰਹੇ ਹਨ ਕਿ ਭਾਜਪਾ ਅਤੇ ਸਚਿਨ ਰਲ ਕੇ ਗਹਿਲੋਤ ਸਰਕਾਰ ਡੇਗਣੀ ਚਾਹੁੰਦੇ ਹਨ। ਇੰਨਾ ਹੀ ਨਹੀਂ, ਕਰੋੜਾਂ ਰੁਪਏ ਲੈ ਕੇ ਵਿਧਾਇਕ ਆਪਣਾ ਵੱਕਾਰ ਦਾਅ ’ਤੇ ਲਗਾ ਰਹੇ ਹਨ। ਉਹ ਪੈਸੇ ’ਤੇ ਆਪਣਾ ਈਮਾਨ ਵੇਚ ਰਹੇ ਹਨ। ਕੀ ਇਹ ਲੋਕ ਨੇਤਾ ਅਖਵਾਉਣ ਦੇ ਲਾਇਕ ਹਨ? ਭਾਜਪਾ ਵਰਗੀ ਰਾਸ਼ਟਰਵਾਦੀ ਅਤੇ ਆਦਰਸ਼ਾਂ ਦਾ ਪਾਲਣ ਕਰਨ ਵਾਲੀ ਪਾਰਟੀ ’ਤੇ ਰਿਸ਼ਵਤ ਖੁਆਉਣ ਦਾ ਦੋਸ਼ ਲਗਾਉਣ ਵਾਲਿਆਂ ਵਿਰੱੁਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਇਹ ਦੋਸ਼ ਸੱਚ ਹਨ ਤਾਂ ਭਾਜਪਾ ਦਾ ਕੋਈ ਵੀ ਨੇਤਾ ਹੋਵੇ ਪਾਰਟੀ ਨੂੰ ਚਾਹੀਦਾ ਹੈ ਕਿ ਉਸਨੂੰ ਤਤਕਾਲ ਕੱਢ ਕੇ ਬਾਹਰ ਕਰੇ ਅਤੇ ਉਹ ਰਾਜਸਥਾਨ ਦੀ ਜਨਤਾ ਕੋਲੋਂ ਮੁਆਫੀ ਮੰਗੇ।

Bharat Thapa

This news is Content Editor Bharat Thapa