ਹਾਸੇ ਤੇ ਹੰਝੂ

04/07/2017 6:00:36 PM

 ਹਾਸੇ ਤੇ ਹੰਝੂ
ਰਿਸ਼ਮਾ ਵੰਡਦੇ ਸੂਰਜ ਨਵੇਂ-ਨਵੇਂ ਸਵੇਰਿਆਂ ਦੇ 
     ਪੰਜਾਬੀ ਸਾਹਿਤ ਦੀਆਂ ਰਿਸ਼ਮਾਂ ਅੱਜ ਵੀ ਸਾਰੇ ਜਗਤ ''ਚ ਖਿੱਲਰੀਆਂ ਪਈਆਂ ਹਨ। ਪੰਜਾਬੀ ਸਾਹਿਤ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਇਸ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ ਹੈ। ਇਸ ''ਚ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਭਾਵੇਂ ਇਸ ਅਕਾਦਮੀ ਦੀ ਸਥਾਪਨਾ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ''ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੀ ਗਈ ਸੀ ਪਰ ਇਸ ਅਕਾਦਮੀ ਨੇ ਸਮੁੱਚੇ ਜਗਤ ''ਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪੰਜਾਬੀ ਸਾਹਿਤ ਦਾ ਇਤਿਹਾਸ ਜਿੱਥੇ ਪਾਠਕਾਂ ਅਤੇ ਵਿਦਿਆਰਥੀਆਂ ਲਈ ਲੋਕ ਧਰਾਈ ਪਿਛੋਕੜ, ਸੂਫੀ ਕਾਵਿ, ਕਿੱਸਾ, ਵਾਰ ਕਾਵਿ, ਪੁਰਾਤਨ ਪੰਜਾਬੀ ਵਾਰਤਕ, ਆਧੁਨਿਕ ਪੰਜਾਬੀ ਕਵਿਤਾ, ਪੰਜਾਬੀ ਨਾਵਲ ਕਹਾਣੀ ਅਤੇ ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ ਜਾਨਣ ਲਈ ਲਾਹੇਵੰਦ ਹੈ, ਉੱਥੇ ਵੱਖ-ਵੱਖ ਵਿਧਾਵਾਂ ਦੇ ਇਤਿਹਾਸ ਦਾ ਅਧਿਐਨ ਕਰਨ ''ਚ ਵੀ ਮਦਦ ਕਰਦਾ ਹੈ। 
ਸੁਹਿਰਦ ਇਨਸਾਨ ਨੂੰ ਆਪਣੀ ਬੋਲੀ ਦੀ ਦੁਰਦਸ਼ਾ ਜਾਂ ਬੇਇਨਸਾਫੀ ਤੋਂ ਚਿੰਤਤ ਹੋਣਾ ਚਾਹੀਦਾ ਹੈ। ਆਧੁਨਿਕ ਦੌਰ ''ਚ ਭਾਸ਼ਾ ਦੀ ਦੁਰਵਰਤੋਂ ਇੰਟਰਨੈੱਟ ''ਤੇ ਹੋ ਰਹੀ ਹੈ। ਪੰਜਾਬੀ ਭਾਸ਼ਾ ''ਚ ਛੱਪਦੀਆਂ ਕਿਤਾਬਾਂ ਅਤੇ ਰਸਾਲਿਆਂ ''ਚ ਸ਼ਬਦ-ਜੋੜਾਂ, ਵਾਕ-ਬਣਤਰ ਦੀਆਂ ਗਲਤੀਆਂ ਲੱਭਣਾ ਪਾਠਕਾਂ ਦੀ ਹੀ ਨਹੀਂ ਸਗੋਂ ਲੇਖਕਾਂ ਅਤੇ ਪ੍ਰਕਾਸ਼ਕਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ।
ਪੰਜਾਬੀ ਭਾਸ਼ਾ ਦੇ ਹੁਕਮਰਾਨ ਤਾਂ ਵਿਦੇਸ਼ੀ ਤਰਜ਼ਾਂ ਦੇ ਧਾਰਨੀ ਅਤੇ ਤੌਰ-ਤਰੀਕਿਆਂ ਦੇ ਸ਼ੁਕੀਨ ਹਨ। ਪੰਜਾਬੀ ਭਾਸ਼ਾ ਦੀ ਮਿਠਾਸ ਬਣੀ ਰਹੇ ਤਾਂ ਚੰਗੀ ਹੈ। ਲੇਖਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸ਼ਬਦ ਕੋਸ਼ ''ਚ ਨਵੀਆਂ ਕਾਢਾਂ ਮੁਤਾਬਕ ਨਵੇਂ ਸ਼ਬਦਾਂ ਨੂੰ ਸੁਚੱਜੇ ਢੰਗ ਨਾਲ ਲਿਖਿਆ ਜਾਵੇ। ਸ਼ਬਦ ਉਹੀ ਹੁੰਦੇ ਹਨ ਸਿਰਫ ਉਨ੍ਹਾਂ ਦੇ ਲਿਖਣ ਦੇ ਢੰਗ ''ਚ ਸੁਧਾਰ ਲਿਆਂਦਾ ਜਾਵੇ। 
ਵਿਦੇਸ਼ਾਂ ''ਚ ਬੱਚਿਆਂ ਵੱਲੋਂ ਸਾਹਿਤ ਰਚਨਾ ਦੀ ਉਮੀਦ ਘੱਟ ਹੀ ਹੈ ਪਰ ਸਿਖਾਉਣ ''ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ।
ਜ਼ਰੂਰੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਸਾਹਿਤ ਅਤੇ ਲੇਖਕਾਂ ਨੂੰ ਕਦੇ ਵੀ ਉਤਸ਼ਾਹ ਨਹੀਂ ਦਿੱਤਾ ਗਿਆ। ਮੇਰੀ ਹੀ ਨਹੀਂ ਸਗੋਂ ਸਾਰੇ ਲੇਖਕਾਂ ਦੀ ਪਰਜ਼ੋਰ ਅਪੀਲ ਹੈ ਕਿ ਭਾਸ਼ਾ ਦੇ ਇਨ੍ਹਾਂ ਰਚਣਹਾਰਿਆਂ ਦੀ ਦੇਖਭਾਲ ਕੀਤੀ ਜਾਵੇ।  ਇਹ ਵੀ ਸਰਕਾਰੀ ਸਨਮਾਨ, ਪੈਨਸ਼ਨ ਦੇ ਦਾਅਵੇਦਾਰ ਹਨ। ਪੰਜਾਬੀ ਦਾ ਸਾਹਿਤ ਛਪਵਾਓ ਅਤੇ ਸਿਨੇਮਾ ''ਚ ਵੀ ਇਸ ਦੇ ਤਗਮੇ ਟੰਗੋ।
ਡਾਇਰੈਕਟਰ, ਵਿਸ਼ਵ ਪੰਜਾਬੀ ਸਾਹਿੱਤ-ਪੀਠ
(ਡਾ. ਅਮਰਜੀਤ ਟਾਂਡਾ)