ਸਰਕਾਰ ਦੀ ਵਿਚਾਰਧਾਰਾ ’ਚ ਹਾਂ-ਪੱਖੀ ਪਹੁੰਚ ਦੀ ਘਾਟ

03/09/2020 2:10:39 AM

ਆਕਾਰ ਪਟੇਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਸਾਲਾਂ ਤੋਂ ਭਾਰਤ ’ਤੇ ਸ਼ਾਸਨ ਕਰ ਰਹੇ ਹਨ। ਆਪਣੀ ਵਿਚਾਰਧਾਰਾ ਲਈ ਉਨ੍ਹਾਂ ਕੋਲ ਆਖਰੀ ਮੁਕਾਮ ਕਿੱਥੇ ਹੈ ਅਤੇ ਉਹ ਭਾਰਤ ਨੂੰ ਕਿੱਥੇ ਲਿਜਾਣ ਦਾ ਇਰਾਦਾ ਰੱਖਦੇ ਹਨ?ਕੱਟੜ ਰਾਸ਼ਟਰਵਾਦੀ ਵਿਚਾਰਧਾਰਾਵਾਂ ਅੰਦਰੂਨੀ ਤੌਰ ’ਤੇ ਖੁਦ ਨੂੰ ਘੱਟਗਿਣਤੀ ਸਮੂਹਾਂ ਵਿਰੁੱਧ ਪ੍ਰਗਟਾਉਂਦੀਆਂ ਹਨ ਅਤੇ ਬਾਹਰੀ ਤੌਰ ’ਤੇ ਫੌਜੀ ਸ਼ਕਤੀ ਨੂੰ ਪ੍ਰਗਟਾਉਣਾ ਚਾਹੁੰਦੀਆਂ ਹਨ। ਐਡੋਲਫ ਹਿਟਲਰ ਵੀ ਦੂਜੀ ਸੰਸਾਰ ਜੰਗ ਸ਼ੁਰੂ ਕਰਨ ਤੋਂ ਪਹਿਲਾਂ 6 ਸਾਲਾਂ ਤੱਕ ਸੱਤਾ ’ਚ ਰਿਹਾ ਸੀ। ਇਨ੍ਹਾਂ 6 ਸਾਲਾਂ ’ਚ ਉਸ ਨੇ ਜਰਮਨੀ ਦੀ ਫੌਜ ਅਤੇ ਅਰਥਵਿਵਸਥਾ ਦਾ ਹਮਲਾਵਰ ਢੰਗ ਨਾਲ ਵਿਕਾਸ ਕੀਤਾ। ਇਸ ਤੋਂ ਬਾਅਦ ਹਿਟਲਰ ਨੇ ਪੋਲੈਂਡ ਤੋਂ ਲੈ ਕੇ ਫਰਾਂਸ ਅਤੇ ਡੈੱਨਮਾਰਕ ਤੋਂ ਲੈ ਕੇ ਸਿਸਿਲੀ ਤੱਕ ਸਭ ਨੂੰ ਜਿੱਤ ਕੇ ਉਨ੍ਹਾਂ ’ਤੇ ਕੰਟਰੋਲ ਕਰ ਲਿਆ। ਉਸ ਮਹਾਦੀਪ ਦਾ ਇੰਨਾ ਜ਼ਿਆਦਾ ਹਿੱਸਾ ਨਾ ਤਾਂ ਉਸ ਤੋਂ ਪਹਿਲਾਂ ਅਤੇ ਨਾ ਹੀ ਉਸ ਤੋਂ ਬਾਅਦ ਕਿਸੇ ਦੇ ਕੰਟਰੋਲ ’ਚ ਰਿਹਾ। ਇਸ ਤੋਂ ਬਾਅਦ ਹਿਟਲਰ ਨੇ ਸਟਾਲਿਨ ਦੇ ਰੂਸ ਨਾਲ ਜੰਗ ਲੜੀ ਅਤੇ ਹਾਰ ਗਿਆ।

ਭਾਰਤ ਦੇ 2 ਅਣਸੁਲਝੇ ਵਿਵਾਦ

ਭਾਰਤ ਦੇ 2 ਅਣਸੁਲਝੇ ਵਿਵਾਦ ਅਤੇ 2 ਦੁਸ਼ਮਣ ਹਨ। ਇਕ ਚੀਨ ਹੈ, ਜਿਸ ਦੀ ਅਰਥਵਿਵਸਥਾ ਭਾਰਤ ਤੋਂ 6 ਗੁਣਾ ਵੱਡੀ ਹੈ ਅਤੇ ਉਹ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ, ਜਿਸ ਦਾ ਅਰਥ ਇਹ ਹੈ ਕਿ ਉਸ ਦੇ ਕੋਲ ਵੀਟੋ ਪਾਵਰ ਹੈ, ਜਿਸ ਨਾਲ ਉਹ ਭਾਰਤ ਦੀਆਂ ਵਿਸ਼ਵ ਪੱਧਰੀ ਸਰਗਰਮੀਆਂ ’ਚ ਅੜਿੱਕਾ ਡਾਹ ਸਕਦਾ ਹੈ। ਚੀਨ ਦੇ ਨਾਲ ਸਾਡੇ ਵਿਵਾਦ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ ਅਤੇ ਇਸ ਬਾਰੇ ਉਦੋਂ ਹੀ ਖਬਰ ਆਉਂਦੀ ਹੈ, ਜਦੋਂ ਚੀਨ ਦੇ ਸਿਪਾਹੀ ਭਾਰਤੀ ਇਲਾਕੇ ’ਚ ਘੁਸਪੈਠ ਕਰਦੇ ਹਨ ਜਾਂ ਜਦੋਂ ਚੀਨ ਅਰੁਣਾਚਲ ਨੂੰ ਆਪਣਾ ਇਲਾਕਾ ਕਹਿ ਕੇ ਉਸ ’ਤੇ ਦਾਅਵਾ ਪ੍ਰਗਟਾਉਂਦਾ ਹੈ। ਭਾਰਤ ਇਸ ਮਾਮਲੇ ’ਚ ਕੋਈ ਹਮਲਾਵਰ ਰੁਖ਼ ਨਹੀਂ ਅਪਣਾਉਂਦਾ ਸਗੋਂ ਉਹ ਰੱਖਿਆਤਮਕ ਰਹਿੰਦਾ ਹੈ ਅਤੇ ਇਸ ਗੱਲ ਤੋਂ ਖੁਸ਼ ਹੈ ਕਿ ਇਥੇ ਜਿਉਂ ਦੀ ਤਿਉਂ ਸਥਿਤੀ ਬਣੀ ਰਹੇ। ਮੋਦੀ ਕੋਲ ਇਸ ਨੂੰ ਬਦਲਣ ਦੀ ਨਾ ਤਾਂ ਸ਼ਕਤੀ ਹੈ ਅਤੇ ਨਾ ਹੀ ਰੁਚੀ। ਦੂਸਰਾ ਵਿਵਾਦ ਪਾਕਿਸਤਾਨ ਨਾਲ ਹੈ, ਜਿਥੇ ਭਾਰਤ ਨੂੰ ਘੁਸਪੈਠ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਾਕਿਸਤਾਨ ਨੇ ਆਪਣੀ ਰੱਖਿਆ ਲਈ ਹਥਿਆਰਬੰਦ ਫੌਜਾਂ ਨੂੰ ਰੱਖਿਆ ਹੋਇਆ ਹੈ। ਇਹ 30 ਸਾਲ ਪੁਰਾਣਾ ਵਿਵਾਦ ਹੈ, ਜਿਸ ਨੂੰ ਭਾਰਤ ਮੈਨੇਜ ਕਰਨ ’ਚ ਅਸਮਰੱਥ ਰਿਹਾ ਹੈ ਅਤੇ ਇਸ ’ਤੇ ਉਸ ਨੂੰ ਕਾਫੀ ਸਾਧਨ ਖਰਚ ਕਰਨੇ ਪਏ। 2020 ’ਚ ਵੀ ਜੰਮੂ-ਕਸ਼ਮੀਰ ਨੂੰ ਆਪਣੇ ਕੰਟਰੋਲ ’ਚ ਰੱਖਣ ਲਈ ਉਸ ਨੂੰ ਕਸ਼ਮੀਰ ਦੀ ਪੂਰੀ ਸਿਆਸੀ ਲੀਡਰਸ਼ਿਪ ਨੂੰ ਨਜ਼ਰਬੰਦ ਕਰ ਕੇ ਰੱਖਣਾ ਪੈ ਰਿਹਾ ਹੈ। ਭਾਰਤ ਦੇ ਮੁਕਾਬਲੇ ਪਾਕਿਸਤਾਨ ਇੰਨਾ ਹੀ ਛੋਟਾ ਹੈ, ਜਿੰਨਾ ਭਾਰਤ ਚੀਨ ਦੇ ਮੁਕਾਬਲੇ ’ਚ ਹੈ ਪਰ ਇਸ ਮਾਮਲੇ ’ਚ ਵੀ ਭਾਰਤ ਦਾ ਵਤੀਰਾ ਰੱਖਿਆਤਮਕ ਹੈ ਅਤੇ ਉਹ ਵੱਧ ਗਿਣਤੀ ਅਤੇ ਵੱਧ ਹਾਰਡਵੇਅਰ ਹੋਣ ਦੇ ਬਾਵਜੂਦ ਫੌਜੀ ਤੌਰ ’ਤੇ ਪਾਕਿਸਤਾਨ ਨੂੰ ਕੰਟਰੋਲ ’ਚ ਰੱਖਣ ਵਿਚ ਅਸਫਲ ਰਿਹਾ ਹੈ। ਇਸ ਦਾ ਅਰਥ ਇਹ ਹੈ ਕਿ ਬਾਹਰੀ ਤੌਰ ’ਤੇ ਭਾਰਤ ਕੋਲ ਉਹ ਸਭ ਕੁਝ ਕਰਨ ਦੀ ਸਮਰੱਥਾ ਹੈ, ਜੋ ਕੱਟੜ ਰਾਸ਼ਟਰਵਾਦ ਇਸ ਤੋਂ ਚਾਹੁੰਦਾ ਹੈ ਭਾਵ ਦੁਸ਼ਮਣ ਨੂੰ ਗੋਡੇ ਟੇਕਣ ਲਈ ਮਜਬੂਰ ਕਰਨਾ ਹੈ। ਇਸ ਲਈ ਹਿੰਦੂ ਧਰਮ ਦੇ ਤਹਿਤ ਅੰਦਰੂਨੀ ਕੱਟੜ ਰਾਸ਼ਟਰਵਾਦ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਭਾਰਤ ’ਚ ਹਿੰਦੂਤਵ ਵਾਂਗ ਨਾਜ਼ੀ ਜਰਮਨੀ ਵੀ ਇਕ ਘੱਟਗਿਣਤੀ ਨੂੰ ਪਸੰਦ ਨਹੀਂ ਕਰਦਾ ਸੀ ਪਰ ਯਹੂਦੀ (ਜੋ 1933 ’ਚ 5.65 ਲੱਖ ਸਨ) ਜਰਮਨੀ ਦੀ ਜਨਸੰਖਿਆ ਦੇ 1 ਫੀਸਦੀ ਤੋਂ ਘੱਟ ਸਨ।

ਮੁਸਲਮਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਦੇਸ਼ਹਿੱਤ ’ਚ ਨਹੀਂ

ਭਾਰਤ ’ਚ ਮੁਸਲਮਾਨ 20 ਕਰੋੜ ਹਨ। ਉਨ੍ਹਾਂ ਨੂੰ ਦੇਸ਼ ਨੂੰ ਨੁਕਸਾਨ ਪਹੁੰਚਾਏ ਬਿਨਾਂ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ ਨਾਲ ਦੇਸ਼ ਦਾ ਅਕਸ ਵੀ ਖਰਾਬ ਹੋਵੇਗਾ, ਜਿਵੇਂ ਕਿ ਦਿੱਲੀ ’ਚ ਹੋਈਆਂ ਹਿੰਸਕ ਘਟਨਾਵਾਂ ਦਰਸਾਉਂਦੀਆਂ ਹਨ। ਇਸ ਰਸਤੇ ’ਤੇ ਚੱਲਣ ਨਾਲ ਭਾਰਤ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਕਿਸੇ ਵੀ ਭਾਈਚਾਰੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਰਾਸ਼ਟਰ ਨੂੰ ਤਾਂ ਬਿਲਕੁਲ ਵੀ ਨਹੀਂ।ਸ਼ੁੱਕਰਵਾਰ 6 ਮਾਰਚ ਨੂੰ ਇਕ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣਾ ਚਾਹੁੰਦੇ ਹਨ ਪਰ ਸਰਕਾਰ ਦੇ ਆਲੋਚਕ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ। ਉਦਾਹਰਣ ਵਜੋਂ 3 ਤਲਾਕ ਦੇ ਅਪਰਾਧੀਕਰਨ, ਧਾਰਾ 370 ਨੂੰ ਹਟਾਉਣ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਜ਼ਿਕਰ ਕੀਤਾ। ਉਹ ਜੋ ਕੁਝ ਕਹਿ ਰਹੇ ਹਨ, ਉਨ੍ਹਾਂ ’ਚ ਸਮੱਸਿਆ ਇਹ ਹੈ ਕਿ ਭਾਰਤੀ ਤਾਂ ਇਹ ਵੀ ਨਹੀਂ ਚਾਹੁੰਦੇ ਕਿ ਭਾਰਤ ਦੀ ਜਿਉਂ ਦੀ ਤਿਉਂ ਸਥਿਤੀ ਇਕ ਧਰਮ-ਨਿਰਪੱਖ ਅਤੇ ਬਹੁਲਤਾਵਾਦੀ ਰਾਸ਼ਟਰ ਤੋਂ ਇਕ ਕੱਟੜ ਰਾਸ਼ਟਰਵਾਦੀ ਦੇਸ਼ ਵੱਲ ਬਦਲੇ, ਜੋ ਆਪਣੇ ਹੀ ਨਾਗਰਿਕਾਂ ’ਤੇ ਤਸ਼ੱਦਦ ਕਰਦਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਹਾਈ ਕਮਿਸ਼ਨਰ ਨੇ ਸੀ. ਏ. ਏ. ਨੂੰ ਸਾਡੀ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ ਅਤੇ ਉਹ ਇਸ ਮਾਮਲੇ ’ਚ ਪਾਰਟੀ ਬਣਨਾ ਚਾਹੁੰਦੇ ਹਨ। ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਕੋਲ ਹਿੰਦੂਆਂ ਨੂੰ ਪੇਸ਼ ਕਰਨ ਲਈ ਕੁਝ ਵੀ ਹਾਂ-ਪੱਖੀ ਨਹੀਂ ਹੈ। ਉਹ ਮੁਸਲਮਾਨਾਂ ਕੋਲੋਂ ਬਾਬਰੀ ਮਸਜਿਦ, ਉਨ੍ਹਾਂ ਦੇ ਪਰਸਨਲ ਲਾਅਜ਼, ਕਸ਼ਮੀਰ ਦੀ ਖੁਦਮੁਖਤਿਆਰੀ ਲੈਣਾ ਚਾਹੁੰਦੇ ਹਨ। ਇਸ ਦੇ ਕੋਲ ਆਪਣੇ ਸਮਰਥਕਾਂ ਨੂੰ ਨਫਰਤ ਤੋਂ ਇਲਾਵਾ ਦੇਣ ਲਈ ਕੁਝ ਨਹੀਂ ਹੈ। ਇਸ ਨੂੰ ਹੋਰ ਭਾਰਤੀਆਂ ਅਤੇ ਦੁਨੀਆ ਵਲੋਂ ਚੁਣੌਤੀ ਦਿੱਤੀ ਜਾਵੇਗੀ ਅਤੇ ਇਸ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ’ਚ ਅਤੇ ਭਾਰਤ ਨੂੰ ਬਰਬਾਦੀ ਦੇ ਰਸਤੇ ’ਤੇ ਹੋਰ ਅੱਗੇ ਲਿਜਾਏ ਜਾਣ ਦਾ ਮਾਣ ਕਰਨਯੋਗ ਕੁਝ ਵੀ ਨਹੀਂ। ਕਾਫੀ ਹੱਦ ਤੱਕ ਮੋਦੀ ਨੇ ਖੁਦ ਹੀ ਕੱਟੜ ਰਾਸ਼ਟਰਵਾਦ ਨੂੰ ਭਾਰਤ ਅਤੇ ਦੁਨੀਆ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕ ਲਿਆ ਹੈ। ਇਹ ਸਮਰੱਥ ਤਰੀਕੇ ਨਾਲ ਅਰਥਵਿਵਸਥਾ ਦਾ ਪ੍ਰਬੰਧਨ ਨਹੀਂ ਕਰ ਸਕੇ ਹਨ।

ਸਲੋਅਡਾਊਨ ਦੀ ਸਥਿਤੀ

ਭਾਰਤ ਸਲੋਅਡਾਊਨ ਦੀ ਸਥਿਤੀ ’ਚ ਹੈ ਅਤੇ ਇਸ ਦੀ ਵਿਕਾਸ ਦਰ ’ਚ ਪਿਛਲੇ 2 ਸਾਲਾਂ ਤੋਂ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੀਆਂ 2 ਤਿਮਾਹੀਆਂ ’ਚ ਇਸ ਦੀਆਂ ਸੂਚੀਬੱਧ ਕੰਪਨੀਆਂ ਦੀ ਵਿਕਰੀ ’ਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ, ਜੋ ਮੰਦੀ ਦਾ ਸੰਕੇਤ ਹੈ। ਭਾਰਤ ਵੱਡੀ ਆਰਥਿਕ ਸ਼ਕਤੀ ਨਹੀਂ ਹੈ ਅਤੇ ਨਾ ਹੀ ਨੇੜ-ਭਵਿੱਖ ’ਚ ਬਣਨ ਜਾ ਰਹੀ ਹੈ। ਇਸ ਦਾ ਨਿਵੇਸ਼ ਮੋਦੀ ਦੇ ਪੂਰੇ ਕਾਰਜਕਾਲ ’ਚ ਸਥਿਰ ਰਿਹਾ। ਜੀ. ਡੀ. ਪੀ. ’ਚ ਨਿਰਮਾਣ ਖੇਤਰ ਦਾ ਯੋਗਦਾਨ ਘਟਿਆ ਹੈ ਅਤੇ ਬੇਰੋਜ਼ਗਾਰੀ ਪਿਛਲੇ 50 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਇਹ ਹੈ ਉਹ ਜਿਉਂ ਦੀ ਤਿਉਂ ਸਥਿਤੀ, ਜਿਸ ਨੂੰ ਬਦਲਣ ਦੀ ਲੋੜ ਹੈ ਪਰ ਮੋਦੀ ਦਾ ਅਰਥ : ਇਸ ਨੂੰ ਬਦਲਣ ਤੋਂ ਨਹੀਂ ਹੈ। ਆਪਣੇ ਕਾਰਜਕਾਲ ਦੇ ਸ਼ੁਰੂ ’ਚ ਹੀ ਆਪਣੀਆਂ ਸਨਕੀ ਆਰਥਿਕ ਸਰਗਰਮੀਆਂ ਨਾਲ ਭਾਰਤ ਨੂੰ ਲੰਗੜਾ ਬਣਾ ਕੇ ਹੱਥ ਸਾੜਨ ਤੋਂ ਬਾਅਦ ਹੁਣ ਉਨ੍ਹਾਂ ਨੇ ਅਰਥਵਿਵਸਥਾ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਦੀ ਆਸ ਛੱਡ ਦਿੱਤੀ ਹੈ। ਉਨ੍ਹਾਂ ਨੇ ਘੱਟੋ-ਘੱਟ ਸਰਕਾਰ ਦਾ ਵਾਅਦਾ ਕੀਤਾ ਸੀ ਪਰ ਨਿੱਜੀਕਰਨ ਦੀ ਬਜਾਏ ਯੈੱਸ ਬੈਂਕ ਅਤੇ ਪੀ. ਐੱਮ. ਸੀ. ਬੈਂਕ ਜਨਤਕ ਖੇਤਰ ਦੀ ਇਕਾਈ ਵਾਂਗ ਬਣ ਗਏ ਹਨ। ਮੋਦੀ ਨੇ ਉਸ ਕੱਟੜ ਰਾਸ਼ਟਰਵਾਦ ਦੀ ਪ੍ਰਧਾਨਗੀ ਕੀਤੀ ਹੈ, ਜਿਸ ਨੇ ਭਾਰਤ ਦੇ ਵਿਕਾਸ ਨੂੰ ਰੋਕਿਆ ਹੈ, ਉਹ ਦੇਸ਼ ਦੀ ਬਾਹਰੀ ਸਥਿਤੀ ਨੂੰ ਬਦਲਣ ’ਚ ਅਸਫਲ ਰਹੇ ਹਨ, ਭਾਰਤ ਦੇ ਅੰਦਰੂਨੀ ਮਾਮਲੇ ’ਚ ਵਿਦੇਸ਼ੀ ਦਖਲ ਹੋਇਆ ਅਤੇ ਬਿਨਾਂ ਸ਼ੱਕ ਭਾਰਤ ਦੇ ਮੁਸਲਮਾਨਾਂ ਨੂੰ ਹੋਣ ਵਾਲੇ ਨੁਕਸਾਨ ’ਚ ਤੇਜ਼ੀ ਆਈ ਹੈ। ਇਹ ਹੈ ਉਹ ਅਸਲੀ ਜਿਉਂ ਦੀ ਤਿਉਂ ਸਥਿਤੀ, ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਜਿਸ ਦਾ ਵਿਰੋਧ ਕੀਤਾ ਜਾਵੇਗਾ।

 

Bharat Thapa

This news is Content Editor Bharat Thapa