ਕੁਰਨੂਲ ਸਕੂਲ ਵਿਚ ‘ਲੰਗੂਰ ਵਿਦਿਆਰਥੀ’ ਬਣਿਆ ਆਕਰਸ਼ਣ ਦਾ ਕੇਂਦਰ

08/07/2019 7:00:23 AM

ਡਾਇਰੀ/ਟੀ. ਵਿਦੁਰ

ਪੀਪੁਲੀ ਡਵੀਜ਼ਨ ਦੇ ਵੇਂਗਲਮਪੱਲੀ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਿਛਲੇ 15 ਦਿਨਾਂ ਤੋਂ ਇਕ ਖਾਸ ਮਹਿਮਾਨ ਆ ਰਿਹਾ ਹੈ। ਇਹ ਜ਼ਿਲਾ ਸਿੱਖਿਆ ਅਧਿਕਾਰੀ ਜਾਂ ਸਕੂਲ ਇੰਸਪੈਕਟਰ ਨਹੀਂ ਹੈ, ਜੋ ਸਰਪ੍ਰਾਈਜ਼ ਵਿਜ਼ਿਟ ’ਤੇ ਆਇਆ ਹੋਵੇ।

ਜਦੋਂ ਸਕੂਲ ’ਚ ਕਲਾਸਾਂ ਚੱਲ ਰਹੀਆਂ ਸਨ ਤਾਂ ਵਿਦਿਆਰਥੀ ਦੇ ਨਾਲ ਇਕ ਮਾਦਾ ਲੰਗੂਰ ਕਲਾਸ ’ਚ ਹਿੱਸਾ ਲੈਂਦੀ ਦੇਖੀ ਗਈ। ਹਾਲਾਂਕਿ ਸ਼ੁਰੂ ’ਚ ਵਿਦਿਆਰਥੀ ਅਤੇ ਅਧਿਆਪਕ ਉਸ ਨੂੰ ਲੈ ਕੇ ਕੁਝ ਖਦਸ਼ੇ ’ਚ ਸਨ ਪਰ ਕੁੁਝ ਦਿਨਾਂ ਬਾਅਦ ਉਹ ਪ੍ਰਾਇਮਰੀ ਸਕੂਲ ਦਾ ਅਨਿੱਖੜਵਾਂ ਹਿੱਸਾ ਬਣ ਗਈ।

ਸਕੂਲ ਦੇ ਮੁੱਖ ਅਧਿਆਪਕ ਅਬਦੁਲ ਲਤੀਫ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉਸ ਦਾ ਨਾਂ ਲਕਸ਼ਮੀ ਰੱਖਿਆ ਹੈ।

ਕੋਈ ਆਵਾਰਾਗਰਦੀ ਨਹੀਂ

ਲਕਸ਼ਮੀ ਹੋਰਨਾਂ ਬਾਂਦਰਾਂ ਅਤੇ ਲੰਗੂਰਾਂ ਵਾਂਗ ਇਧਰ-ਓਧਰ ਨਹੀਂ ਘੁੰਮਦੀ। ਇਸ ਦੀ ਬਜਾਏ ਉਹ ਇਕ ਚੰਗੇ ਵਤੀਰੇ ਵਾਲੀ, ਅਨੁਸ਼ਾਸਿਤ ਅਤੇ ਆਗਿਆਕਾਰੀ ਵਿਦਿਆਰਥਣ ਹੈ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਮੁੱਖ ਅਧਿਆਪਕ ਨੇ ਦੱਸਿਆ ਕਿ ਸਵੇਰੇ ਲਕਸ਼ਮੀ ਪ੍ਰਾਰਥਨਾ ਸਭਾ ’ਚ ਹਿੱਸਾ ਲੈਂਦੀ ਹੈ ਅਤੇ ਉਸ ਤੋਂ ਬਾਅਦ ਕਲਾਸਾਂ ਵਿਚ। ਉਹ ਵਿਦਿਆਰਥੀਆਂ ਨਾਲ ਦੁਪਹਿਰ ਦਾ ਭੋਜਨ ਕਰਦੀ ਹੈ ਅਤੇ ਉਨ੍ਹਾਂ ਨਾਲ ਹੀ ਖੇਡਦੀ ਹੈ।

ਅਧਿਆਪਕਾਂ ਨੇ ਦੇਖਿਆ ਕਿ ਲਕਸ਼ਮੀ ਦੀ ਹਾਜ਼ਰੀ ’ਚ ਵਿਦਿਆਰਥੀਆਂ ਦਾ ਧਿਆਨ ਭੰਗ ਹੁੰਦਾ ਹੈ, ਇਸ ਲਈ ਉਨ੍ਹਾਂ ਨੇ ਕਲਾਸ ਦੇ ਸਮੇਂ ਦਰਵਾਜ਼ਾ ਬੰਦ ਕਰਨਾ ਸ਼ੁਰੂ ਕਰ ਦਿੱਤਾ ਪਰ ਲਕਸ਼ਮੀ ਫਿਰ ਵੀ ਖਿੜਕੀ ’ਚੋਂ ਝਾਕਦੀ ਰਹਿੰਦੀ ਹੈ ਅਤੇ ਅਧਿਆਪਕਾਂ ਨੂੰ ਧਿਆਨ ਨਾਲ ਸੁਣਦੀ ਹੈ। ਇਸ ਮਾਦਾ ਲੰਗੂਰ ਬਾਰੇ ਅਬਦੁਲ ਲਤੀਫ ਨੇ ਦੱਸਿਆ ਕਿ ਉਹ ਕੁਝ ਬੀਮਾਰ ਹੋ ਗਈ ਸੀ। ਡਾਕਟਰ ਨੇ ਦੱਸਿਆ ਕਿ ਅਜਿਹਾ ਉਸ ਦੇ ਜੰਕ ਫੂਡ ਖਾਣ ਕਾਰਣ ਹੋਇਆ। ਪਸ਼ੂਆਂ ਦੇ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਉਹ ਹੁਣ ਬਿਲਕੁਲ ਠੀਕ ਹੈ।

ਹੁਣ ਲਕਸ਼ਮੀ ਨੂੰ ਭੋਜਨ ’ਚ ਸਿਰਫ ਫਲ ਹੀ ਦਿੱਤੇ ਜਾਂਦੇ ਹਨ। ਇਸ ਦੇ ਲਈ ਸਟਾਫ ਵਲੋਂ ਰੋਜ਼ਾਨਾ ਇਕ ਦਰਜਨ ਕੇਲੇ ਖਰੀਦ ਕੇ ਉਸ ਨੂੰ ਖੁਆਏ ਜਾਂਦੇ ਹਨ। ਕੁਝ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਦਾ ਤਣਾਅ ਘੱਟ ਕਰਨ ਲਈ ਚਿੜੀਆਘਰਾਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਲਕਸ਼ਮੀ ਵੀ ਇਹੀ ਭੂਮਿਕਾ ਨਿਭਾਅ ਰਹੀ ਹੈ। ਮੁੱਖ ਅਧਿਆਪਕ ਦਾ ਦਾਅਵਾ ਹੈ ਕਿ ਲਕਸ਼ਮੀ ਦੇ ਆਉਣ ਤੋਂ ਬਾਅਦ ਸਕੂਲ ’ਚ ਵਿਦਿਆਰਥੀਆਂ ਦੀ ਹਾਜ਼ਰੀ 100 ਫੀਸਦੀ ਹੋ ਗਈ ਹੈ।

ਕੀ ਪਾਲਤੂ ਜਾਨਵਰਾਂ ਦੀ ਸਕੂਲ ’ਚ ਹਾਜ਼ਰੀ ਵਿਦਿਆਰਥੀਆਂ ਨੂੰ ਜ਼ਿਆਦਾ ਪ੍ਰੋਡਕਟਿਵ ਬਣਾਉਂਦੀ ਹੈ? ਲਤੀਫ ਦਾ ਕਹਿਣਾ ਹੈ ਕਿ ਜਦੋਂ ਤਕ ਪਾਲਤੂ ਜਾਨਵਰ ਵਿਦਿਆਰਥੀਆਂ ਦੀ ਪੜ੍ਹਾਈ ’ਚ ਵਿਘਨ ਨਾ ਪਾਉਣ, ਉਦੋਂ ਤਕ ਉਨ੍ਹਾਂ ਦੀ ਹਾਜ਼ਰੀ ਪ੍ਰੋਡਕਟਿਵ ਸਾਬਿਤ ਹੋ ਸਕਦੀ ਹੈ।

Bharat Thapa

This news is Content Editor Bharat Thapa