ਕੇਜਰੀਵਾਲ ਦੀ ‘ਪੰਜਾਬ ਸੁਰੱਖਿਆ ਵਾਲੀ’ ਗਾਰੰਟੀ ਬਹੁਤ ਅਹਿਮ

12/26/2021 3:32:47 AM

ਦੀਪਕ ਬਾਲੀ ਸਲਾਹਕਾਰ ਕਲਾ, ਸਾਹਿਤ ਤੇ ਭਾਸ਼ਾਵਾਂ, ਦਿੱਲੀ ਸਰਕਾਰ
ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਨੂੰ ਸੁਰੱਖਿਆ ਦੀ ਗਾਰੰਟੀ ਦੇਣਾ ਪੰਜਾਬ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਸਭ ਤੋਂ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ। ਪੰਜਾਬ ਸੁਰੱਖਿਅਤ ਨਹੀਂ ਹੈ, ਪੰਜਾਬ ਖੜਗ ਭੁਜਾ ਤਾਂ ਹੈ ਪਰ ਸਮੇਂ ਦੇ ਹਾਕਮਾਂ ਨੇ ਇਹਨੂੰ ਦਿਨ-ਪ੍ਰਤੀ-ਦਿਨ ਕਮਜ਼ੋਰ ਹੀ ਕੀਤਾ। ਅਜੇ ਦੋ ਦਿਨ ਪਹਿਲਾਂ ਹੀ ਲੁਧਿਆਣਾ ’ਚ ਇਹਦੀ ਛਾਤੀ ’ਤੇ ਬੰਬ ਫਟਿਆ। ਕੇਜਰੀਵਾਲ ਦਾ ਗਾਰੰਟੀ ਸੁਰੱਖਿਆ ਦੇਣ ਵਾਲਾ ਵਾਅਦਾ ਪੰਜਾਬ ਵਾਸਤੇ ਬਹੁਤ ਵੱਡਾ ਐਲਾਨ ਹੈ। ਜੇਕਰ ਉਹ ਪੁਲਸ ਤੰਤਰ ’ਚ ਸਿਆਸੀ ਦਖਲ ਬੰਦ ਕਰਨ ਦੀ ਗਾਰੰਟੀ ਦਿੰਦੇ ਹਨ, ਤਾਂ ਇਹ ਵੀ ਸੁਰੱਖਿਆ ਦਾ ਮਾਮਲਾ ਹੀ ਹੈ। ਸਰਹੱਦ ਪਾਰੋਂ ਡਰੋਨ ਹਮਲਿਆਂ ਬਾਰੇ ਪੰਜਾਬ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਗਾਰੰਟੀ ਵੀ ਕੇਜਰੀਵਾਲ ਚੁੱਕਦੇ ਹਨ।

ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਵਿਚ ਰਿਸ਼ਵਤ ਪੰਜਾਬ ਨੂੰ ਸੁਰੱਖਿਆ ਪੱਖੋਂ ਹੋਰ ਕਮਜ਼ੋਰ ਕਰਦੀ ਹੈ। ਕੇਜਰੀਵਾਲ ਕਹਿੰਦੇ ਹਨ ਕਿ ਉਹ ਇਨ੍ਹਾਂ ’ਤੇ ਲਗਾਮ ਲਗਾਉਣਗੇ, ਗੁਰੂ ਘਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਪੈਸ਼ਲ ਫੋਰਸ ਬਣਾਏ ਜਾਣ ਦੀ ਗਾਰੰਟੀ ਪੰਜਾਬ ਲਈ ਬਹੁਤ ਅਹਿਮ ਹੈ। ਅੱਜ ਪੰਜਾਬ ਦਾ ਸਮਾਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸੁਰੱਖਿਆ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ। ਕੇਜਰੀਵਾਲ ਨੇ ਸੁਰੱਖਿਆ ਦੀ ਗਾਰੰਟੀ ਨਾਲ ਪੰਜਾਬ ਦਾ ਦਿਲ ਜਿੱਤ ਲਿਆ ਹੈ |

ਸਾਨੂੰ ਪੰਜਾਬੀਆਂ ਨੂੰ ਇਸ ਵਾਰ ਲੀਡਰਾਂ ਦੇ ਭਾਸ਼ਣਾਂ, ਵਾਅਦਿਆਂ ਤੇ ਦਾਅਵਿਆਂ ’ਚ ਪੰਜਾਬ ਦਾ ਵਿਜ਼ਨ ਦੇਖਣ ਦੀ ਜਾਗ ਲੱਗਣੀ ਚਾਹੀਦੀ ਹੈ। ਅਸੀਂ ਦੇਖਿਆ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਪੰਜਾਬੀ ਬੰਦੇ ਦਾ ਮਨ ਮੋਕਲਾ ਵੀ ਹੋਇਆ ਤੇ ਉਸਨੇ ਜਾਗਦੇ ਹੋਣ ਦਾ ਸਬੂਤ ਵੀ ਦਿੱਤਾ। ਏਕਾ ਜਿੰਨਾ ਸੰਘਰਸ਼ ਦੌਰਾਨ ਦੇਖਿਆ/ਮਹਿਸੂਸ ਕੀਤਾ ਗਿਆ, ਪਹਿਲਾਂ ਪਾਟਕ ਪਾਉਣ ਵਾਲੀਆਂ ਤਾਕਤਾਂ ਮੂਹਰੇ ਅਸੀਂ ਕਮਜ਼ੋਰ ਸਾਂ, ਪਰ ਹੁਣ ਆ ਕੇ ਅੜ ਕੇ ਖੜ੍ਹਨ ਜੋਗੇ ਵੀ ਹੋਏ ਹਾਂ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵਿਰੋਧੀ ਤਾਕਤਾਂ ਸਿਰ ਚੁੱਕਦੀਆਂ ਹੀ ਰਹਿੰਦੀਆਂ ਹਨ ਤੇ ਲੋਕਾਂ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ਭੜਕਾਉਣ/ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਲਿਹਾਜਾ ਪੰਜਾਬੀ ਬੰਦੇ ਦਾ ਜਾਗਦੇ ਰਹਿਣਾ ਬਹੁਤ ਲਾਜ਼ਮੀ ਹੈ। ਫਿਰ ਜਿਹੜੀਆਂ ਸਿਆਸੀ ਧਿਰਾਂ ਨੇ, ਉਨ੍ਹਾਂ ਨੂੰ ਜਗਾ ਕੇ ਰੱਖਣਾ ਵੀ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਅਸੀਂ ਉਨ੍ਹਾਂ ਦੇ ਮਨਸ਼ਿਆਂ ਦੀ ਨਿਸ਼ਾਨਦੇਹੀ ਨਹੀਂ ਕਰ ਲੈਂਦੇ, ਸਾਡੇ ਹੱਥੋਂ ਕਦੇ ਵੀ ਡੋਰ ਛੁੱਟ ਸਕਦੀ ਹੈ।

ਇਨ੍ਹਾਂ ਵਿਚਾਰਾਂ ਦੀ ਲੋਅ ’ਚ ਅਸੀਂ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭਾਸ਼ਾ/ਵਿਚਾਰ/ਪੰਜਾਬ ਪ੍ਰਤੀ ਪਹੁੰਚ/ਜਾਗ੍ਰਿਤ ਅਵਸਥਾ/ਪੰਜਾਬ ਦੇ ਮਸਲਿਆਂ ਦੀ ਥਾਹ ਪਾਉਣ ਦਾ ਵਿਜ਼ਨ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦਾਅਵਾ ਉਹ ਕਿਵੇਂ ਵੀ ਕਰ ਰਹੇ ਹੋਣ ਪਰ ਪੰਜਾਬ ਦੇ ਮਸਲਿਆਂ ਦੀ ਸਮਝ ਬਾਰੇ ਕੋਈ ਦੋ-ਰਾਵਾਂ ਨਹੀਂ ਬਣਾਈਆਂ ਜਾ ਸਕਦੀਆਂ। ਜਦੋਂ ਉਹ ਪੰਜਾਬ ਨੂੰ ਸੁਰੱਖਿਆ ਦੀ ਗਾਰੰਟੀ ਦੀ ਗੱਲ ਕਰ ਰਹੇ ਹਨ, ਤਾਂ ਤੁਸੀਂ ਬਾਕੀ ਲੀਡਰਾਂ ਦੇ ਵਾਰ-ਵਾਰ ਇਹੀ ਰਟ ਲਾਈ ਰੱਖਣ ਕਿ ਪੰਜਾਬ ਸਰਹੱਦੀ ਸੂਬਾ ਹੈ, ਇਥੇ ਹਮੇਸ਼ਾ ਖਤਰਾ ਹੈ ਪਰ ਕੁਝ ਵੀ ਅਜਿਹਾ ਨਾ ਕਰਨ ਦੀ ਆਦਤ, ਜਿਹਦੇ ਨਾਲ ਸੁਰੱਖਿਆ ਵਧਾਈ ਜਾ ਸਕੇ, ਸਾਡੇ ਸਭ ਦੇ ਸਾਹਮਣੇ ਹੈ।

ਕੇਜਰੀਵਾਲ ਜੇਕਰ ਸੁਰੱਖਿਆ ਦੀ ਗੱਲ ਕਰ ਰਹੇ ਹਨ, ਤਾਂ ਪੰਜਾਬੀ ਭੁਗਤ ਰਹੇ ਨੇ ਇਸ ਮਾਮਲੇ ’ਚ, ਕੌਣ ਨਹੀਂ ਜਾਣਦਾ? ਅਜੇ ਦੋ ਦਿਨ ਪਹਿਲਾਂ ਤਾਂ ਲੁਧਿਆਣਾ ਕਚਹਿਰੀ ਕੰਪਲੈਕਸ ’ਚ ਬੰਬ ਧਮਾਕਾ ਝੱਲਿਆ ਹੈ ਪੰਜਾਬੀਆਂ ਨੇ। ਪਠਾਨਕੋਟ ਏਅਰਬੇਸ ਵਾਲਾ ਬੰਬ, ਜਲੰਧਰ ਦੇ ਮਕਸੂਦਾਂ ਥਾਣੇ ’ਤੇ ਹਮਲਾ, ਪਟਿਆਲਾ ਵਾਲਾ ਧਮਾਕਾ, ਟਿਫਿਨ ਬੰਬ ਵੀ ਝੱਲ ਲਏ। ਫਿਰ ਸੁਰੱਖਿਆ ਦੀ ਗੱਲ ਕਰਨ ਵਾਲਾ ਇਹਦਾ ਭਾਵ ਵੀ ਸਮਝਦਾ ਹੈ ਤੇ ਪੰਜਾਬ ਸਰਕਾਰ ਦੀ ਅੰਦਰੂਨੀ ਹਾਲਤ ਵੀ, ਉਹ ਭਾਵੇਂ ਕੈਪਟਨ ਦਾ ਸਮਾਂ ਹੋਵੇ, ਪ੍ਰਕਾਸ਼ ਸਿੰਘ ਬਾਦਲ ਦਾ, ਚਰਨਜੀਤ ਸਿੰਘ ਚੰਨੀ ਦਾ, ਹਾਲਤ ਹਰ ਵਕਤ ਇਕੋ ਜਿਹੀ ਹੀ ਰਹੀ ਆ। ਇਹ ਮਸਲਾ ਬਹੁਤ ਗੰਭੀਰ ਹੈ। ਕੇਜਰੀਵਾਲ ਨੇ ਇਹਦੇ ਵੱਲ ਤਵੱਜੋਂ ਦਿੱਤੀ ਹੈ, ਪੰਜਾਬੀ ਮਨ ਨੂੰ ਪੜ੍ਹਿਆ ਹੈ।

ਇਸੇ ਗੱਲ ਦਾ ਅਗਲਾ ਪਹਿਲੂ ਵੀ ਵਿਚਾਰਨ ਵਾਲਾ ਹੈ ਕਿ ਉਨ੍ਹਾਂ ਕਿਹਾ ਹੈ ਕਿ ਪੁਲਸ ’ਚ ਸਿਆਸੀ ਦਖਲ ਬੰਦ ਕਰਵਾਵਾਂਗੇ। ਇਹ ਵੀ ਬਹੁਤ ਮਹੱਤਵਪੂਰਨ ਪਹਿਲੂ ਹੈ। ਬੇਅਦਬੀ ਮਾਮਲਿਆਂ ’ਚ ਅਸੀਂ ਕੀ ਨਹੀਂ ਦੇਖਿਆ। ਡਰੱਗ ਮਾਮਲਿਆਂ ’ਚ ਕੀ ਨਹੀਂ ਕੀਤਾ ਜਾ ਰਿਹਾ? ਸਾਰਾ ਪੰਜਾਬ ਦੇਖ ਰਿਹੈ ਪਰ ਕਹਿ ਕੋਈ ਵੀ ਨਹੀਂ ਰਿਹਾ। ਅਸੀਂ ਮਸਲਿਆਂ ਦੀ ਨਿਸ਼ਾਨਦੇਹੀ ਤਾਂ ਕਰੀਏ, ਫਿਰ ਹਿਸਾਬ ਵੀ ਪੁੱਛਾਂਗੇ ਕਿ ਕਿਹੜੀ ਪਾਰਟੀ ਕਿਹੜੇ ਮਸਲੇ ਦਾ ਹੱਲ ਕਰ ਰਹੀ ਹੈ। ਸਾਨੂੰ ਤਸਵੀਰ ਸਪੱਸ਼ਟ ਹੀ ਨਹੀਂ ਦਿਖਾਈ ਜਾ ਰਹੀ। ਇਹ ਤਸਵੀਰ ਦਿਖਾਉਣੀ ਇਸ ਵੇਲੇ ਬਹੁਤ ਜ਼ਰੂਰੀ ਹੈ। ਕੇਜਰੀਵਾਲ ਦਰਅਸਲ ਇਹ ਤਸਵੀਰ ਹੀ ਦਿਖਾ ਰਹੇ ਹਨ ਪਰ ਜਦੋਂ ਉਹ ਅਜਿਹੀ ਤਸਵੀਰ ਦੇ ਬਦਲਣ ਦੀ ਗਾਰੰਟੀ ਦੀ ਗੱਲ ਕਰਦੇ ਹਨ ਤਾਂ ਸਾਨੂੰ ਫਿਰ ਸਾਫ ਹੋ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਫਿਰ ਸਵਾਲ ਕਰਨ ਵਾਲਾ ਵੀ ਹੋਵੇਗਾ। ਅਸੀਂ ਪੁੱਛਣ ਵਾਲੇ ਬਣਾਂਗੇ ਕਿ ਤੁਸੀਂ ਇਸ ਗੱਲ ਦੀ ਗਾਰੰਟੀ ਦਿੱਤੀ ਸੀ? ਇਹ ‘ਗਾਰੰਟੀ’ ਸ਼ਬਦ ਦਰਅਸਲ ਬਹੁਤ ਭਿਆਨਕ ਸ਼ਬਦ ਹੈ। ਇਹ ਸਾਰੀਆਂ ਪਾਰਟੀਆਂ ਬੰਨ੍ਹਣ ਵਾਲਾ ਇਕ ਤਰ੍ਹਾਂ ਦਾ ਬਾਣ ਹੀ ਹੈ। ਪਾਰਟੀਆਂ ਇਸ ਸ਼ਿਕੰਜੇ ’ਚ ਕੱਸ ਕੇ ਘਾਬਰਨਗੀਆਂ। ਇਨ੍ਹਾਂ ਨੂੰ ਜਵਾਬ ਨਹੀਂ ਲੱਭਣੇ। ਸਾਡਾ ਮੰਨਣਾ ਹੈ ਕਿ ਕੇਜਰੀਵਾਲ ਪੰਜਾਬੀਆਂ ਨੂੰ ਉਨ੍ਹਾਂ ਦੇ ਹੀ ਮੁੱਦੇ ਦੇ ਰਿਹਾ ਹੈ, ਜਿਹੜੇ ਉਨ੍ਹਾਂ ਚੋਣਾਂ ਦੌਰਾਨ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਪੁੱਛਣੇ ਹਨ।

ਇਉਂ ਹੀ ਉਨ੍ਹਾਂ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਵੀ ਲਲਕਾਰਾ ਮਾਰਿਆ ਹੈ। ਅਸੀਂ ਜਦੋਂ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਸਾਡੇ ਲੀਡਰ ਸੌਖਿਆਂ ਹੀ ਕਹਿ ਦਿੰਦੇ ਨੇ ਕਿ ਸਰਹੱਦੋਂ ਪਾਰ ਦੀਆਂ ਤਾਕਤਾਂ ਦਾ ਕਾਰਾ ਹੈ ਪਰ ਇਹ ਕੋਈ ਨਹੀਂ ਕਹਿੰਦਾ ਕਿ ਸਰਹੱਦੋਂ ਪਾਰ ਦੀਆਂ ਵਿਰੋਧੀ ਤਾਕਤਾਂ ਨੂੰ ਠੱਲ੍ਹਣ ਦੀ ਜ਼ਿੰਮੇਵਾਰੀ ਕਿਹਦੀ ਹੈ? ਇਹ ਤਾਂ ਸਰਕਾਰਾਂ ਨੇ ਹੀ ਕਰਨਾ ਹੁੰਦਾ ਹੈ। ਲੋਕ ਇਸ ਮਾਮਲੇ ’ਚ ਕੀ ਕਰ ਸਕਦੇ ਨੇ? ਫਿਰ ਸਰਕਾਰਾਂ ਸਿਰਫ ਉਂਗਲ ਕਰਨ ਲਈ ਹੀ ਹੁੰਦੀਆਂ ਨੇ? ਕਿਸੇ ਵਿਰੋਧੀ ਦੀ ਕੀਤੀ ਉਂਗਲ ’ਤੇ ਗੁੱਟ ਨਹੀਂ ਲਾਹ ਦਿੰਦੀਆਂ! ਪਰ ਇਹਦੇ ਵਾਸਤੇ ਸਿਆਸੀ ਮਨਸ਼ਾ/ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਇਨ੍ਹਾਂ ਕੋਲ ਨਾ ਵਿਜ਼ਨ ਹੈ, ਨਾ ਇੱਛਾ ਸ਼ਕਤੀ। ਫਿਰ ਕੇਜਰੀਵਾਲ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਾਸਤੇ ਸਪੈਸ਼ਲ ਪੁਲਸ ਫੋਰਸ ਦੇ ਗਠਨ ਦੀ ਗਾਰੰਟੀ ਵੀ ਦੇ ਚੁੱਕੇ ਹਨ। ਇਨ੍ਹਾਂ ਮਾਮਲਿਆਂ ਨੇ ਸਾਡੇ 2015 ਤੋਂ ਹੀ ਸਾਹ ਸੂਤ ਰੱਖੇ ਨੇ। ਲੋਕ ਕਦੇ ਵੀ ਭੜਕਾਹਟ ’ਚ ਆ ਕੇ ਕੋਈ ਵੀ ਕਦਮ ਚੁੱਕ ਸਕਦੇ ਨੇ। ਸਰਕਾਰਾਂ ਨੂੰ ਚਾਹੀਦੈ ਕਿ ਇਨ੍ਹਾਂ ਮਾਮਲਿਆਂ ਦੀ ਸੰਵੇਦਨਾ ਸਮਝਣ। ਸਾਡੇ ਲੋਕਾਂ ਨੂੰ ਵੀ ਚਾਹੀਦੈ ਕਿ ਸਬਰ ਤੇ ਧੀਰਜ ਤੋਂ ਕੰਮ ਲੈਣ ਤੇ ਸਮਾਜਿਕ ਭਾਈਚਾਰਾ ਕਾਇਮ ਰੱਖਣ।

Bharat Thapa

This news is Content Editor Bharat Thapa