ਜ਼ਰਾ ਮੁਸਲਮਾਨ ਵੀ ਸੋਚਣ

12/30/2019 1:35:06 AM

ਵਿਨੀਤ ਨਾਰਾਇਣ

ਅੱਜ ਪੂਰੇ ਦੇਸ਼ ਵਿਚ ਉਥਲ-ਪੁਥਲ ਮਚੀ ਹੈ। ਇਸ ਦੇ ਕੇਂਦਰ ’ਚ ਹੈ ਮੁਸਲਮਾਨਾਂ ਨੂੰ ਲੈ ਕੇ ਭਾਜਪਾ ਦੀ ਸੋਚ, ਜੋ ਹਿੰਦੂਆਂ ਦੇ ਉਸ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਮੁਸਲਮਾਨਾਂ ਦੇ ਜਨਤਕ ਆਚਰਣ ਤੋਂ ਦੁਖੀ ਰਹੇ ਹਨ। ਦਰਅਸਲ, ਧਰਮ ਆਸਥਾ ਅਤੇ ਆਤਮਾ ਦੇ ਉੱਥਾਨ ਦਾ ਮਾਧਿਅਮ ਹੁੰਦਾ ਹੈ। ਇਸ ਦਾ ਪ੍ਰਦਰਸ਼ਨ ਜੇਕਰ ਉਤਸਵ ਦੇ ਰੂਪ ਵਿਚ ਕੀਤਾ ਜਾਵੇ ਤਾਂ ਉਹ ਇਕ ਸਮਾਜਿਕ-ਸੰਸਕ੍ਰਿਤਕ ਘਟਨਾ ਮੰਨੀ ਜਾਂਦੀ ਹੈ, ਜਿਸ ਦਾ ਸਾਰੇ ਅਨੰਦ ਮਾਣਦੇ ਹਨ।

ਭਾਵੇਂ ਅਧਰਮੀ ਹੀ ਕਿਉਂ ਨਾ ਹੋਵੇ ਦੀਵਾਲੀ, ਈਦ, ਹੋਲੀ, ਵਿਸਾਖੀ, ਕ੍ਰਿਸਮਸ, ਪੋਂਗਲ, ਮਕਰ ਸੰਕ੍ਰਾਂਤੀ ਅਤੇ ਨਵਰੋਜ਼ ਆਦਿ ਅਜਿਹੇ ਉਤਸਵ ਹਨ, ਜਿਨ੍ਹਾਂ ਵਿਚ ਦੂਜੇ ਧਰਮਾਂ ਨੂੰ ਮੰਨਣ ਵਾਲੇ ਵੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਆਪਣੇ-ਆਪਣੇ ਧਰਮਾਂ ਦੀਆਂ ਸ਼ੋਭਾ ਯਾਤਰਾਵਾਂ ਕੱਢਣਾ, ਪੰਡਾਲ ਲਾ ਕੇ ਸਤਿਸੰਗ ਜਾਂ ਪ੍ਰਵਚਨ ਕਰਵਾਉਣਾ, ਨਗਰ ਕੀਰਤਨ ਸਜਾਉਣਾ, ਮੁਹੱਰਮ ਦੇ ਤਾਜੀਏ ਕੱਢਣਾ, ਕੁਝ ਅਜਿਹੇ ਧਾਰਮਿਕ ਕੰਮ ਹਨ, ਜਿਨ੍ਹਾਂ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਬਸ਼ਰਤੇ ਕਿ ਇਨ੍ਹਾਂ ਨੂੰ ਮਰਿਆਦਿਤ ਢੰਗ ਨਾਲ ਬਿਨਾਂ ਕਿਸੇ ਨੂੰ ਕਸ਼ਟ ਪਹੁੰਚਾਏ ਆਯੋਜਿਤ ਕੀਤਾ ਜਾਵੇ।

ਪਰ ਹਰ ਸ਼ੁੱਕਰਵਾਰ ਨੂੰ ਸੜਕਾਂ, ਬਗੀਚਿਆਂ, ਬਾਜ਼ਾਰਾਂ, ਸਰਕਾਰੀ ਦਫਤਰਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ ’ਤੇ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਨ ਦੀ ਜੋ ਪ੍ਰਵਿਰਤੀ ਵਧਦੀ ਜਾ ਰਹੀ ਹੈ, ਉਸ ਨਾਲ ਆਮ ਨਾਗਰਿਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਆਵਾਜਾਈ ਰੁਕ ਜਾਂਦੀ ਹੈ। ਪੁਲਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਟਕ ਜਾਂਦੀਆਂ ਹਨ, ਜਿਸ ਨਾਲ ਐਮਰਜੈਂਸੀ ਸੇਵਾਵਾਂ ’ਚ ਵਿਘਨ ਪੈਂਦਾ ਹੈ। ਇਸ ਤਰ੍ਹਾਂ ਵੱਡੀ ਗਿਣਤੀ ਵਿਚ ਇਕੱਠਿਆਂ ਬੈਠ ਕੇ ਮਸਜਿਦ ਦੇ ਬਾਹਰ ਨਮਾਜ਼ ਪੜ੍ਹਨ ਨਾਲ ਰੂਹਾਨੀਅਤ ਨਹੀਂ ਫੈਲਦੀ, ਸਗੋਂ ਇਕ ਨਕਾਰਾਤਮਕ ਸਿਆਸੀ ਸੰਦੇਸ਼ ਜਾਂਦਾ ਹੈ, ਜੋ ਧਰਮ ਦਾ ਘੱਟ ਅਤੇ ਤਾਕਤ ਦਾ ਪ੍ਰਦਰਸ਼ਨ ਜ਼ਿਆਦਾ ਕਰਦਾ ਹੈ।

ਜ਼ਾਹਿਰ ਹੈ ਕਿ ਇਸ ਨਾਲ ਹੋਰ ਧਰਮ ਨੂੰ ਮੰਨਣ ਵਾਲਿਆਂ ਵਿਚ ਉਤੇਜਨਾ ਫੈਲਦੀ ਹੈ। ਅਜਿਹੀ ਘਟਨਾ ਸਾਲ ਵਿਚ ਇਕ-ਅੱਧੀ ਵਾਰ ਕਿਸੇ ਤਿਉਹਾਰ ਉੱਤੇ ਹੋਵੇ ਤਾਂ ਸ਼ਾਇਦ ਕਿਸੇ ਨੂੰ ਬੁਰਾ ਨਾ ਲੱਗੇ ਪਰ ਹਰ ਜੁੰਮੇ ਦੀ ਨਮਾਜ਼ ਇਸ ਤਰ੍ਹਾਂ ਪੜ੍ਹਨਾ ਦੂਜੇ ਧਰਮ ਨੂੰ ਮੰਨਣ ਵਾਲਿਆਂ ਨੂੰ ਸਵੀਕਾਰ ਨਹੀਂ ਹੈ। ਬਹੁਤ ਸਾਲ ਪਹਿਲਾਂ ਇਸ ਪ੍ਰਵਿਰਤੀ ਦਾ ਵਿਰੋਧ ਮੁੰਬਈ ਵਿਚ ਸ਼ਿਵ ਸੈਨਾ ਨੇ ਬੜੇ ਦਲੀਲੀ ਢੰਗ ਨਾਲ ਕੀਤਾ ਸੀ। ਮੁੰਬਈ ਇਕ ਸਿੱਧੀ ਲਾਈਨ ਵਾਲਾ ਸ਼ਹਿਰ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਲੀਨੀਅਰ ਸਿਟੀ’ ਕਹਿੰਦੇ ਹਨ। ਉੱਤਰ ਤੋਂ ਦੱਖਣੀ ਮੁੰਬਈ ਤਕ ਇਕ ਸਿੱਧੀ ਸੜਕ ਦੇ ਦੋਵੇਂ ਪਾਸੇ ਤਮਾਮ ਉਪਨਗਰ ਅਤੇ ਨਗਰ ਵਸਿਆ ਹੈ। ਅਜਿਹੀ ਹਾਲਤ ਵਿਚ ਮੁੰਬਈ ਦੀਆਂ ਧਮਣੀਆਂ ਵਿਚ ਖੂਨ ਵਹਿੰਦਾ ਰਹੇ, ਇਹ ਤਾਂ ਹੀ ਸੰਭਵ ਹੈ, ਜੇਕਰ ਇਸ ਸਿੱਧੀ ਸੜਕ ਦੀ ਆਵਾਜਾਈ ਵਿਚ ਕੋਈ ਰੁਕਾਵਟ ਨਾ ਹੋਵੇ।

ਲੱਗਭਗ 2 ਦਹਾਕੇ ਪਹਿਲਾਂ ਦੀ ਗੱਲ ਹੈ, ਮੁੰਬਈ ਦੇ ਮੁਸਲਮਾਨ ਭਰਾਵਾਂ ਨੇ ਮਸਜਿਦਾਂ ਦੇ ਬਾਹਰ ਮੁਸੱਲੇ ਵਿਛਾ ਕੇ ਹਰ ਜੁੰਮੇ ਨੂੰ ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੱਤਾ। ਜ਼ਾਹਿਰ ਹੈ ਇਸ ਨਾਲ ਆਵਾਜਾਈ ਵਿਚ ਰੁਕਾਵਟ ਪੈ ਗਈ। ਆਮ ਜਨਤਾ ਵਿਚ ਇਸ ਦਾ ਵਿਰੋਧ ਹੋਇਆ। ਸ਼ਿਵ ਸੈਨਿਕ ਇਸ ਮਾਮਲੇ ਨੂੰ ਲੈ ਕੇ ਬਾਲਾ ਸਾਹਿਬ ਠਾਕਰੇ ਕੋਲ ਗਏ। ਬਾਲਾ ਸਾਹਿਬ ਨੇ ਹਿੰਦੂਆਂ ਨੂੰ ਹੁਕਮ ਦਿੱਤਾ ਕਿ ਉਹ ਹਰ ਮੰਦਰ ਦੇ ਬਾਹਰ ਤਕ ਖੜ੍ਹੇ ਹੋ ਕੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੀ ਆਰਤੀ ਕਰਨ। ਜੁੰਮੇ ਦੀ ਨਮਾਜ਼ ਤਾਂ ਹਫਤੇ ਵਿਚ ਇਕ ਦਿਨ ਹੁੰਦੀ ਸੀ, ਹੁਣ ਇਹ ਆਰਤੀ ਤਾਂ ਦਿਨ ਵਿਚ ਦੋ ਵਾਰ ਹੋਣ ਲੱਗੀ। ਵਿਵਸਥਾ ਕਰਨ ਵਿਚ ਮੁੰਬਈ ਪੁਲਸ ਦੇ ਹੱਥ-ਪੈਰ ਫੁੱਲ ਗਏ। ਨਤੀਜੇ ਵਜੋਂ ਮੁੰਬਈ ਦੇ ਪੁਲਸ ਕਮਿਸ਼ਨਰ ਨੇ ਦੋਹਾਂ ਧਰਮਾਂ ਦੇ ਨੇਤਾਵਾਂ ਦੀ ਮੀਟਿੰਗ ਬੁਲਾਈ। ਪੂਰੀ ਸਦਭਾਵਨਾ ਨਾਲ ਇਹ ਸਮੂਹਿਕ ਫੈਸਲਾ ਹੋਇਆ ਕਿ ਨਾ ਤਾਂ ਮੁਸਲਮਾਨ ਸੜਕ ’ਤੇ ਨਮਾਜ਼ ਪੜ੍ਹਨਗੇ ਅਤੇ ਨਾ ਹੀ ਹਿੰਦੂ ਸੜਕ ’ਤੇ ਆਰਤੀ ਕਰਨਗੇ। ਦੋਹਾਂ ਧਰਮਾਂ ਨੂੰ ਮੰਨਣ ਵਾਲੇ ਅੱਜ ਤਕ ਆਪਣੇ ਫੈਸਲੇ ’ਤੇ ਕਾਇਮ ਹਨ।

ਹੁਣ ਦੇਸ਼ ਦੀ ਤਾਜ਼ਾ ਸਥਿਤੀ ’ਤੇ ਗੌਰ ਕਰ ਲਈਏ। ਬੀਤੇ ਦਿਨੀਂ ਭਾਜਪਾ ਅਤੇ ਸਹਿਯੋਗੀ ਸੰਗਠਨਾਂ ਦੇ ਵਰਕਰਾਂ ਨੇ ਦੇਸ਼ ਵਿਚ ਕਈ ਜਗ੍ਹਾ ਸੜਕਾਂ ’ਤੇ ਨਮਾਜ਼ ਦਾ ਖੁੱਲ੍ਹ ਕੇ ਵਿਰੋਧ ਕੀਤਾ। ਨਤੀਜਾ ਇਹ ਨਿਕਲਿਆ ਕਿ ਹਰਿਆਣਾ ਸਰਕਾਰ ਨੇ ਮਸਜਿਦਾਂ ਦੇ ਬਾਹਰ ਨਮਾਜ਼ ਪੜ੍ਹਨ ’ਤੇ ਪਾਬੰਦੀ ਲਾ ਦਿੱਤੀ। ਇਸ ਦਾ ਅਸਰ ਆਸ-ਪਾਸ ਦੇ ਸੂਬਿਆਂ ਵਿਚ ਵੀ ਹੋਇਆ। ਪਿਛਲੇ ਸਾਲ 11 ਮਈ ਨੂੰ ਸ਼ੁੱਕਰਵਾਰ ਸੀ, ਆਮ ਤੌਰ ’ਤੇ ਦਿੱਲੀ ਦੀਆਂ ਕਈ ਮਸਜਿਦਾਂ ਦੇ ਬਾਹਰ ਦੂਰ ਤਕ ਨਮਾਜ਼ੀ ਫੈਲ ਜਾਂਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਕ ਸਾਥੀ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਆਸਥਾਵਾਨ ਵਿਅਕਤੀ ਹੋ, ਕੀ ਤੁਸੀਂ ਸੜਕ ’ਤੇ ਨਮਾਜ਼ ਪੜ੍ਹਨ ਨੂੰ ਉਚਿਤ ਮੰਨਦੇ ਹੋ? ਮੇਰਾ ਜਵਾਬ ਸੀ–ਬਿਲਕੁਲ ਨਹੀਂ, ਇਸ ’ਤੇ ਉਹ ਉੱਛਲ ਪਏ ਅਤੇ ਬੋਲੇ ਕਿ ਜਿਸ ਹਿੰਦੂ ਤੋਂ ਵੀ ਇਹ ਸਵਾਲ ਪੁੱਛ ਰਿਹਾ ਹਾਂ, ਉਸ ਦਾ ਜਵਾਬ ਇਹੀ ਹੈ। ਇਸ ਦਾ ਮਤਲਬ ਮੋਦੀ ਅਤੇ ਅਮਿਤ ਸ਼ਾਹ ਦਾ ਚੋਣ ਏਜੰਡਾ ਤੈਅ ਹੋ ਗਿਆ।

ਮੈਂ ਪੁੱਛਿਆ, ‘‘ਕਿਵੇਂ’’? ਤਾਂ ਉਨ੍ਹਾਂ ਦਾ ਜਵਾਬ ਸੀ–ਭਾਜਪਾ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਨੇ ਸੜਕਾਂ ’ਤੇ ਨਮਾਜ਼ ਦਾ ਵਿਰੋਧ ਸ਼ੁਰੂ ਹੀ ਇਸ ਲਈ ਕੀਤਾ ਹੈ ਕਿ ਇਸ ਨਾਲ ਹਿੰਦੂ ਅਤੇ ਮੁਸਲਮਾਨਾਂ ਦਾ ਸਿਆਸੀ ਧਰੁਵੀਕਰਨ ਹੋ ਜਾਵੇ ਅਤੇ ਭਾਜਪਾ ਨੂੰ ਵਿਸ਼ੇਸ਼ ਤੌਰ ’ਤੇ ਉੱਤਰ ਭਾਰਤ ਵਿਚ ਹਿੰਦੂ ਵੋਟਾਂ ਹਾਸਿਲ ਕਰਨੀਆਂ ਆਸਾਨ ਹੋ ਜਾਣ। ਹੁਣ ਭਾਜਪਾ ਵਾਲੇ ਅਗਲੀਆਂ ਲੋਕ ਸਭਾ ਚੋਣਾਂ ਤਕ ਅਜਿਹੇ ਹੀ ਮੁੱਦੇ ਉਛਾਲਦੇ ਰਹਿਣਗੇ, ਜਿਵੇਂ ਤਿਰੰਗਾ ਲਿਜਾ ਕੇ ਮੁਸਲਮਾਨਾਂ ਦੇ ਮੁਹੱਲਿਆਂ ਵਿਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਣਾ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਜਿੱਨਾਹ ਦਾ ਚਿੱਤਰ ਹਟਵਾਉਣਾ ਆਦਿ, ਜਿਸ ਨਾਲ ਲਗਾਤਾਰ ਹਿੰਦੂ ਵੋਟਾਂ ਇਕਜੁੱਟ ਹੁੰਦੀਆਂ ਜਾਣ।

ਉਸ ਪੱਤਰਕਾਰ ਦਾ ਇਹ ਮੁਲਾਂਕਣ ਸਹੀ ਹੋ ਸਕਦਾ ਹੈ। ਰਾਜਨੀਤੀ ਵਿਚ ਚੋਣ ਜਿੱਤਣ ਲਈ ਨਵੇਂ-ਨਵੇਂ ਮੁੱਦੇ ਲੱਭਣ ਦਾ ਕੰਮ ਹਰ ਪਾਰਟੀ ਕਰਦੀ ਹੈ, ਇਸ ਵਿਚ ਕੁਝ ਗਲਤ ਨਹੀਂ ਹੈ। ਹੁਣ ਇਹ ਤਾਂ ਵੋਟਰ ਦੇ ਵਿਵੇਕ ’ਤੇ ਹੈ ਕਿ ਉਹ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਸਿਆਸੀ ਪਾਰਟੀ ਦਾ ਜਾਇਜ਼ਾ ਕਿਸ ਆਧਾਰ ’ਤੇ ਕਰਦਾ ਹੈ, ਸਿਰਫ ਭਾਵਨਾ ਦੇ ਆਧਾਰ ’ਤੇ ਜਾਂ ਉਸ ਵਲੋਂ ਵਿਕਾਸ ਕਰ ਸਕਣ ਦੀਆਂ ਸੰਭਾਵਨਾਵਾਂ ਦੇ ਆਧਾਰ ’ਤੇ। ਚੋਣ ਬਹਿਸ ਨੂੰ ਛੱਡ ਦੇਈਏ, ਤਾਂ ਵੀ ਇਹ ਸਵਾਲ ਮਹੱਤਵਪੂਰਨ ਹੈ ਕਿ ਧਰਮ ਦਾ ਇਸ ਤਰ੍ਹਾਂ ਸਿਆਸੀ ਪ੍ਰਯੋਗ ਕਿੱਥੋਂ ਤਕ ਉਚਿਤ ਹੈ, ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕਹੇ। ਇਸ ਵਿਚ ਸ਼ੱਕ ਨਹੀਂ ਹੈ ਕਿ ਘੱਟਗਿਣਤੀਆਂ ਨੇ ਸਿਆਸੀ ਦਲਾਂ ਦਾ ਮੋਹਰਾ ਬਣ ਕੇ ਆਪਣੇ ਵਤੀਰੇ ਨਾਲ ਲਗਾਤਾਰ ਦੂਜੇ ਧਰਮ ਨੂੰ ਮੰਨਣ ਵਾਲਿਆਂ ਨੂੰ ਉਤੇਜਿਤ ਕੀਤਾ ਹੈ।

ਭਾਵੇਂ ਫਿਰ ਉਸ ਬਰਾਬਰ ਨਾਗਰਿਕਤਾ ਕਾਨੂੰਨ ਦੀ ਗੱਲ ਹੋਵੇ, ਮਦਰੱਸਿਆਂ ਵਿਚ ਧਾਰਮਿਕ ਸਿੱਖਿਆ ਅਤੇ ਸਿਆਸੀ ਪ੍ਰਵਚਨਾਂ ਦੀ ਗੱਲ ਹੋਵੇ ਜਾਂ ਫਿਰ ਸੜਕ ’ਤੇ ਜੁੰਮੇ ਦੀ ਨਮਾਜ਼ ਪੜ੍ਹਨ ਦੀ ਗੱਲ ਹੋਵੇ। ਕੁਝ ਲੋਕ ਮੰਨਦੇ ਹਨ ਕਿ ਹਿੰਦੂਵਾਦੀਆਂ ਦਾ ਮੌਜੂਦਾ ਗੁੱਸਾ ਉਨ੍ਹਾਂ ਦੇ ਸਦੀਆਂ ਦੇ ਇਕੱਠੇ ਹੋਏ ਰੋਸ ਦਾ ਨਤੀਜਾ ਹੈ। ਦੂਸਰੇ, ਅਜਿਹਾ ਮੰਨਦੇ ਹਨ ਕਿ ਆਪਣੀ ਰਾਜਨੀਤੀ ਲਈ ਭਾਜਪਾ ਇਸ ਨੂੰ ਬਿਨਾਂ ਕਿਸੇ ਕਾਰਣ ਦੇ ਹੀ ਤੂਲ ਦੇ ਰਹੀ ਹੈ ਪਰ ਸਾਡੇ ਵਰਗੇ ਨਿਰਪੱਖ ਨਾਗਰਿਕ ਨੂੰ ਫਿਰ ਉਹ ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਪਾਰਸੀ ਹੋਵੇ, ਜੋ ਵੀ ਹੋਵੇ, ਉਸ ਨੂੰ ਸੋਚਣਾ ਚਾਹੀਦਾ ਹੈ ਕਿ ਧਰਮ ਦੀ ਉਸ ਦੇ ਜੀਵਨ ਵਿਚ ਕੀ ਸਾਰਥਿਕਤਾ ਹੈ?

ਜੇਕਰ ਧਰਮ ਅਨੁਸਾਰ ਵਤੀਰਾ ਕਰਨ ਨਾਲ ਉਸ ਦੇ ਪਰਿਵਾਰ ਵਿਚ ਸੁੱਖ, ਸ਼ਾਂਤੀ ਅਤੇ ਰੂਹਾਨੀਅਤ ਆਉਂਦੀ ਹੈ ਤਾਂ ਧਰਮ ਉਸ ਦੇ ਲਈ ਗਹਿਣਾ ਹੈ ਪਰ ਜੇਕਰ ਧਰਮ ਦੇ ਠੇਕੇਦਾਰਾਂ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਦੇ ਇਸ਼ਾਰਿਆਂ ’ਤੇ ਨੱਚ ਕੇ ਅਸੀਂ ਵਿਵੇਕਹੀਣ ਵਤੀਰਾ ਕਰਦੇ ਹਾਂ ਤਾਂ ਉਹ ਕਥਿਤ ਧਰਮ ਸਾਡੇ ਲਈ ਸਮਾਜਿਕ ਨਫਰਤ ਦਾ ਕਾਰਣ ਬਣ ਜਾਂਦਾ ਹੈ, ਜਿਸ ਤੋਂ ਸਾਨੂੰ ਬਚਣਾ ਹੋਵੇਗਾ। ਭਾਰਤ ਵਿਚ ਸਦੀਆਂ ਤੋਂ ਸਾਰੇ ਧਰਮ ਪਣਪਦੇ ਰਹੇ ਹਨ। ਜੇਕਰ ਅਸੀਂ ਸਨਮਾਨ ਤੇ ਸਹਿਯੋਗ ਦੀ ਭਾਵਨਾ ਨਹੀਂ ਰੱਖਾਂਗੇ ਤਾਂ ਸਮਾਜ ਟੁਕੜੇ-ਟੁਕੜੇ ਹੋ ਜਾਵੇਗਾ। ਅਸ਼ਾਂਤੀ ਅਤੇ ਤਣਾਅ ਵਧੇਗਾ ਅਤੇ ਵਿਕਾਸ ਰੁਕ ਜਾਵੇਗਾ।

(www.vineetnarain.net)

Bharat Thapa

This news is Content Editor Bharat Thapa