ਇਸਰੋ ਦੇ ਕਦਮ ਹੁਣ ਸੂਰਜ ਵੱਲ

07/24/2023 7:24:08 PM

ਦੁਨੀਆ ਜਾਣਦੀ ਹੈ ਕਿ 14 ਜੁਲਾਈ 2023 ਨੂੰ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਵੱਲੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ। ਚੰਦਰ ਮਿਸ਼ਨ ਅਧੀਨ ਚੰਦਰਮਾ ’ਤੇ ਭੇਜਿਆ ਗਿਆ ਚੰਦਰਯਾਨ-3 ਆਉਣ ਵਾਲੀ 5 ਅਗਸਤ ਵਾਲੇ ਦਿਨ ਚੰਦਰਮਾ ਦੇ ਗ੍ਰਹਿ ਪੰਧ ’ਚ ਦਾਖਲ ਹੋਵੇਗਾ ਅਤੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਹਿੱਸੇ ’ਤੇ ਉਤਰ ਕੇ ਚੰਦਰਮਾ ਦੇ ਵੱਖ-ਵੱਖ ਭੇਤਾਂ ਤੋਂ ਪਰਦਾ ਹਟਾਏਗਾ।

ਚੰਦਰਯਾਨ-3 ਨੇ 14 ਜੁਲਾਈ 2023 ਨੂੰ ਬਾਅਦ ਦੁਪਹਿਰ 2.35 ਮਿੰਟ ’ਤੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ. ਡੀ. ਐੱਸ. ਸੀ.) ਤੋਂ ਉਡਾਣ ਭਰੀ ਸੀ। ਅਸਲ ’ਚ ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਭਾਰਤ ਦਾ ਨਿਸ਼ਾਨਾ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਚੀਨ ਵਰਗੇ ਵਿਕਸਿਤ ਦੇਸ਼ਾਂ ਦੀ ਕਤਾਰ ’ਚ ਸ਼ਾਮਲ ਹੋ ਕੇ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਨਾ ਹੈ।

ਚੰਦਰਯਾਨ-3 ਦੇ ਮੰਤਵਾਂ ਦੀ ਜੇ ਅਸੀਂ ਇੱਥੇ ਗੱਲ ਕਰੀਏ ਤਾਂ ਇਸ ਮਿਸ਼ਨ ਦੇ ਮੁੱਖ ਮੰਤਵ ਕ੍ਰਮਵਾਰ ਚੰਦਰਮਾ ਦੀ ਜ਼ਮੀਨ ’ਤੇ ਸੁਰੱਖਿਅਤ ਅਤੇ ਸੌਖੀ ਲੈਂਡਿੰਗ ਕਰਨੀ, ਰੋਵਰ ਨੂੰ ਚੰਦਰਮਾ ’ਤੇ ਘੁੰਮਦੇ ਹੋਏ ਪ੍ਰਦਰਸ਼ਿਤ ਕਰਨਾ ਅਤੇ ਜਿੱਥੋਂ ਤੱਕ ਹੋ ਸਕੇ, ਵਿਗਿਆਨਕ ਤਜਰਬਿਆਂ ਦਾ ਸੰਚਾਲਨ ਕਰਨਾ ਹੈ। ਇਸਰੋ ਨੇ ਬਹੁਤ ਹੀ ਥੋੜ੍ਹੇ ਸਮੇਂ ’ਚ ਅਤੇ ਬਹੁਤ ਘੱਟ ਲਾਗਤ ’ਚ ਬੇਜੋੜ ਮਿਹਨਤ ਦਾ ਪ੍ਰਦਰਸ਼ਨ ਕਰਦੇ ਹੋਏ ਚੰਦਰਯਾਨ-3 ਮਿਸ਼ਨ ਦਾ ਸਫਲ ਪ੍ਰੀਖਣ ਕਰ ਕੇ ਦੁਨੀਆ ਨੂੰ ਵਿਖਾ ਦਿੱਤਾ ਹੈ ਕਿ ਪੁਲਾੜ ਦੇ ਖੇਤਰ ’ਚ ਭਾਰਤ ਦੁਨੀਆ ਦੇ ਕਿਸੇ ਵੀ ਵਿਕਸਿਤ ਦੇਸ਼ ਤੋਂ ਘੱਟ ਨਹੀਂ ਹੈ।

ਭਾਰਤ ਦੂਜੀ ਵਾਰ ਚੰਦਰਮਾ ਦੀ ਜ਼ਮੀਨ ’ਤੇ ਲੈਂਡਿੰਗ ਦਾ ਯਤਨ ਕਰ ਰਿਹਾ ਹੈ। ਉਹ ਵੀ ਅਜਿਹੀ ਥਾਂ ਜਿੱਥੇ ਹੁਣ ਤੱਕ ਦੁਨੀਆ ਦੇ ਕਿਸੇ ਵੀ ਦੇਸ਼ ਨੇ ਲੈਂਡਿੰਗ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਨਾ ਹੀ ਹਿੰਮਤ ਜੁਟਾਈ ਹੈ। ਉਂਝ ਦੁਨੀਆ ’ਚ 11 ਦੇਸ਼ ਹਨ, ਜਿਨ੍ਹਾਂ ਨੇ ਆਪਣੇ ਮੂਨ ਮਿਸ਼ਨ ਭੇਜੇ ਹਨ। ਜੇ ਭਾਰਤ ਦਾ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਦੱਖਣੀ ਧਰੁਵ ਦੇ ਕੋਲ ਆਪਣਾ ਲੈਂਡਰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਅਤੇ ਅਜਿਹਾ ਕਰਨ ਵਾਲੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਨੀਆ ਦੀ ਪਹਿਲੀ ਸਪੇਸ ਏਜੰਸੀ ਬਣ ਜਾਵੇਗੀ।

ਇਸਰੋ ਪੁਲਾੜ ਦੇ ਖੇਤਰ ’ਚ ਨਿਤ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ ਅਤੇ ਉਚਾਈਆਂ ਨੂੰ ਛੂਹ ਰਿਹਾ ਹੈ। ਇੱਥੇ ਮੈਂ ਇਹ ਜਾਣਕਾਰੀ ਦੇਣੀ ਚਾਹਾਂਗਾ ਕਿ ਇਸਰੋ ਚੰਦਰਮਾ ਹੀ ਨਹੀਂ ਸਗੋਂ ਸੂਰਜ ’ਤੇ ਵੀ ਆਪਣਾ ਕੰਮ ਲਗਾਤਾਰ ਕਰ ਰਿਹਾ ਹੈ। ਆਪਣੇ ਸੂਰਜੀ ਮਿਸ਼ਨ ਅਧੀਨ ਇਸਰੋ ਜਲਦੀ ਹੀ ‘ਆਦਿਤਯ ਐੱਲ-1’ ਨੂੰ ਵੀ ਲਾਂਚ ਕਰਨ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪੁਲਾੜ ਗੱਡੀ ਰਾਹੀਂ ਸੂਰਜ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਦੇਖਿਆ ਜਾ ਸਕੇਗਾ। ਅਸੀਂ ਸਭ ਇਹ ਦੇਖ ਅਤੇ ਜਾਣ ਸਕਾਂਗੇ ਕਿ ਸੂਰਜ ਦੀਆਂ ਸਰਗਰਮੀਆਂ ਦਾ ਪੁਲਾੜ ਦੇ ਮੌਸਮ ’ਤੇ ਕਿਵੇਂ ਅਸਰ ਪੈਂਦਾ ਹੈ? ਮੰਨਿਆ ਜਾਂਦਾ ਹੈ ਕਿ ਭਾਰਤ ਦਾ ਪਹਿਲਾ ਸੂਰਜ ਮਿਸ਼ਨ ਆਦਿਤਯ ਐੱਲ-1 ਆਉਣ ਵਾਲੀ 26 ਅਗਸਤ ਨੂੰ ਲਾਂਚ ਕੀਤਾ ਜਾਵੇਗਾ।

ਸੱਚਾਈ ਤਾਂ ਇਹ ਹੈ ਕਿ ਇਸਰੋ ਸੂਰਜੀ ਵਾਤਾਵਰਣ ਦਾ ਡੂੰਘਾਈ ਨਾਲ ਅਧਿਐਨ ਕਰਨ ਲਈ ਧਰੁਵੀ ਉਪਗ੍ਰਹਿ ਪ੍ਰੀਖਣ ਪੁਲਾੜ ਗੱਡੀ ਭਾਵ ਪੀ. ਐੱਸ. ਐੱਲ. ਵੀ. ਰਾਕੇਟ ’ਤੇ ਆਪਣਾ ਕੋਰੋਨੋਗ੍ਰਾਫੀ ਉਪਗ੍ਰਹਿ ਆਦਿਤਯ ਐੱਲ-1 ਭੇਜੇਗਾ। ਧਰਤੀ ’ਤੇ ਊਰਜਾ ਦਾ ਇਕੋ-ਇਕ ਸੋਮਾ ਸੂਰਜ ਹੈ ਅਤੇ ਇਹੀ ਸੂਰਜ ਸਾਡੇ ਸੂਰਜੀ ਮੰਡਲ ਦਾ ਸਭ ਤੋਂ ਨੇੜੇ ਦਾ ਤਾਰਾ ਵੀ ਹੈ। ਵਿਗਿਆਨ ਦੇ ਵਿਦਿਆਰਥੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੂਰਜ ਦੀਆਂ ਕਿਰਨਾਂ 8 ਮਿੰਟ ’ਚ ਧਰਤੀ ’ਤੇ ਪਹੁੰਚ ਜਾਂਦੀਆਂ ਹਨ। ਬਾਕੀ ਤਾਰੇ ਇੰਨੀ ਦੂਰ ਹਨ ਕਿ ਉਨ੍ਹਾਂ ਦੀਆਂ ਕਿਰਨਾਂ ਨੂੰ ਧਰਤੀ ਤੱਕ ਪਹੁੰਚਣ ’ਚ 4 ਸਾਲ ਦਾ ਲੰਬਾ ਸਮਾਂ ਲੱਗ ਜਾਂਦਾ ਹੈ।

ਜਾਣਕਾਰੀ ਮਿਲਦੀ ਹੈ ਕਿ ਆਦਿਤਯ-1 ਇਸ ਦਾ ਪੇਲੋਡ ਏਕੀਕਰਨ ਅਤੇ ਪ੍ਰੀਖਣ ਅੰਤਿਮ ਪੜਾਅ ’ਚ ਹਨ। ਇਸਰੋ ਮੁਤਾਬਕ ਪੁਲਾੜ ਗੱਡੀ ਨੂੰ ਸਪੇਸ ਕ੍ਰਾਫਟ ਲੈਂਗ੍ਰੇਜ ਪੁਆਇੰਟ 1 (ਐੱਲ-1) ਹਾਲੋ ਆਰਬਿਟ ’ਚ ਸਥਾਪਿਤ ਕੀਤਾ ਜਾਵੇਗਾ। ਇਹ ਧਰਤੀ ਤੋਂ 1.5 ਮਿਲੀਅਨ ਕਿਲੋਮੀਟਰ ਦੂਰ ਹੈ। ਐੱਲ-1 ਪੁਆਇੰਟ ਹੈਲੋ ਆਰਬਿਟ ’ਤੇ ਸੈਟੇਲਾਈਟ ਸਥਾਪਿਤ ਹੋ ਸਕਦਾ ਹੈ ਅਤੇ ਇਸ ਨਾਲ ਸੂਰਜ ਬਿਨਾਂ ਕਿਸੇ ਗ੍ਰਹਿਣ ਤੋਂ ਨਜ਼ਰ ਆ ਸਕਦਾ ਹੈ। ਯੂਰਪੀਅਨ ਸਪੇਸ ਏਜੰਸੀ ਭਾਵ ‘ਈ. ਐੱਸ. ਏ.’ ਇਸਰੋ ਦੇ ਸੂਰਜੀ ਮਿਸ਼ਨ ਨੂੰ ਸਪੋਰਟ ਕਰਨ ਵਾਲੀ ਹੈ। ਇਹ ਆਦਿਤਯ ਐੱਲ-1 ਦੀ ਟ੍ਰੈਕਿੰਗ ’ਚ ਮਦਦ ਕਰੇਗੀ। ਇਸ ਤੋਂ ਇਲਾਵਾ ਗੋਨਹਿਲੀ ਅਤੇ ਕੌਰੌ ਟ੍ਰੈਕਿੰਗ ਸਰਗਰਮੀਆਂ ਵੀ ਸ਼ਾਮਲ ਹੋਣਗੀਆਂ।

ਆਦਿਤਯ ਐੱਲ-1 ਨੂੰ 7 ਪੇਲੋਡ (ਯੰਤਰਾਂ) ਨਾਲ ਲਾਂਚ ਕੀਤਾ ਜਾਵੇਗਾ। ਇਹ 7 ਪੇਲੋਡ ਹਨ- ਸੌਰ ਪਰਾਬੈਂਗਨੀ ਇਮੇਜਿੰਗ ਟੈਲੀਸਕੋਪ, ਸੋਲਰ ਲੋਅ ਐਨਰਜੀ ਐਕਸ-ਰੇ ਸਪੈਕਟ੍ਰੋਮੀਟਰ, ਆਦਿਤਯ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ, ਹਾਈ ਐਨਰਜੀ ਐੱਲ-1 ਆਰਬਿਟਿੰਗ ਐਕਸ-ਰੇ ਸਪੈਕਟ੍ਰੋਮੀਟਰ, ਆਦਿਤਯ ਲਈ ਪਲਾਜ਼ਮਾ ਵਿਸ਼ਲੇਸ਼ਕ ਪੈਕੇਜ ਅਤੇ ਉੱਨਤ ਤ੍ਰੀ-ਅਕਸ਼ੀ ਉੱਚ ਰੈਜ਼ੋਲਿਊਸ਼ਨ ਡਿਜੀਟਲ ਮੈਗਨੈਟੋਮੀਟਰ। ਦੱਸਿਆ ਜਾ ਰਿਹਾ ਹੈ ਕਿ ਪੁਲਾੜ ਗੱਡੀ ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਪਹਿਲੇ ਲੈਂਗ੍ਰੇਜ ਪੁਆਇੰਟ (ਐੱਲ-1) ਦੇ ਆਸਪਾਸ ਇਕ ਪ੍ਰਭਾਮੰਡਲ ਗ੍ਰਹਿ ਪੰਧ ’ਚ ਸਥਾਪਿਤ ਕੀਤਾ ਜਾਵੇਗਾ। ਹੁਣ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰ ਲੈਂਗ੍ਰੇਜ ਪੁਆਇੰਟ ਹੈ ਕੀ?

ਨਾਸਾ ਮੁਤਾਬਕ ਸੂਰਜ ਤਕ ਪਹੁੰਚਣ ’ਚ ਮੰਗਲ ’ਤੇ ਪਹੁੰਚਣ ਨਾਲੋਂ 55 ਗੁਣਾ ਵੱਧ ਊਰਜਾ ਲੱਗਦੀ ਹੈ। ਇਕ ਕਾਰਨ ਇਹ ਹੈ ਕਿ ਧਰਤੀ ਸੂਰਜ ਦੇ ਸਾਹਮਣੇ ਲਗਭਗ ਪੂਰੀ ਤਰ੍ਹਾਂ 67,000 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮ ਰਹੀ ਹੈ। ਸੂਰਜ ਦੀ ਰਚਨਾ ’ਚ ਅਸੀਂ ਹਾਈਡ੍ਰੋਜਨ ਅਤੇ ਹੀਲੀਅਮ ਵਰਗੇ ਬਹੁਤ ਸਾਰੇ ਤੱਤ ਵੇਖਦੇ ਹਾਂ। ਜੇ ਸਾਡੇ ਗ੍ਰਹਿ ਤੋਂ ਨਾਪ ਲਿਆ ਜਾਵੇ ਤਾਂ ਇਸ ਦਾ ਕੋਣੀ ਆਕਾਰ ਲਗਭਗ ਅੱਧਾ ਡਿਗਰੀ ਹੁੰਦਾ ਹੈ। ਜੇ ਅਸੀਂ ਸੂਰਜ ਦੇ ਆਕਾਰ ਦੀ ਤੁਲਨਾ ਆਪਣੇ ਗ੍ਰਹਿ ਦੇ ਆਕਾਰ ਨਾਲ ਕਰੀਏ ਤਾਂ ਦੇਖਾਂਗੇ ਕਿ ਇਸ ਦਾ ਆਕਾਰ ਧਰਤੀ ਦੇ ਆਕਾਰ ਦਾ ਲਗਭਗ 109 ਗੁਣਾ ਹੈ। ਸੂਰਜ ਦਾ ਅਧਿਐਨ ਇਸ ਲਈ ਵੀ ਬਹੁਤ ਔਖਾ ਹੈ ਕਿਉਂਕਿ ਇਸ ਦੀ ਪ੍ਰਭਾਵੀ ਸਤ੍ਹਾ ਦਾ ਤਾਪਮਾਨ ਲਗਭਗ 6000 ਡਿਗਰੀ ਹੈ। ਇਹ ਇਕ ਔਸਤ ਤਾਪਮਾਨ ਹੈ, ਹਾਲਾਂਕਿ ਇਸ ਦੇ ਮੂਲ ਅਤੇ ਸਿਖਰਲੇ ਖੇਤਰ ਗਰਮ ਹਨ ਅਤੇ ਕੋਈ ਵੀ ਉਪਗ੍ਰਹਿ ਸੂਰਜ ਕੋਲ ਜਾਣ ’ਤੇ ਪਿਘਲ ਸਕਦਾ ਹੈ।

ਇੱਥੇ ਪਾਠਕਾਂ ਨੂੰ ਇਹ ਜਾਣਕਾਰੀ ਵੀ ਦੇਣੀ ਚਾਹਾਂਗਾ ਕਿ ਸੂਰਜ ਦੀਆਂ ਸਰਗਰਮੀਆਂ ਸਬੰਧੀ ਅੱਜ ਤਕ ਕਿਸੇ ਨੇ ਵੀ ਪੇਸ਼ਗੀ ਅਨੁਮਾਨ ਨਹੀਂ ਲਾਇਆ। ਇਹ ਠੀਕ ਹੈ ਕਿ ਸਮੁੱਚੀ ਦੁਨੀਆ ਤੋਂ ਹੁਣ ਤਕ 22 ਸੂਰਜੀ ਮਿਸ਼ਨ ਭੇਜੇ ਗਏ ਹਨ। ਇਨ੍ਹਾਂ ’ਚੋਂ ਨਾਸਾ ਨੇ ਸਭ ਤੋਂ ਵੱਧ 14 ਮਿਸ਼ਨ ਭੇਜੇ ਹਨ। ਆਮ ਤੌਰ ’ਤੇ ਆਦਮੀ 45 ਤੋਂ 50 ਡਿਗਰੀ ਤਕ ਦਾ ਤਾਪਮਾਨ ਹੀ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ।

ਇਸ ਤੋਂ ਵੱਧ ਤਾਪਮਾਨ ਸਹਿਣ ਕਰਨਾ ਆਮ ਆਦਮੀ ਲਈ ਬਹੁਤ ਹੀ ਔਖਾ ਹੋ ਜਾਂਦਾ ਹੈ। ਇਸ ਲਈ ਇਸ ਸੰਦਰਭ ’ਚ ਦੇਖਿਆ ਜਾਵੇ ਤਾਂ ਇਸਰੋ ਦਾ ਸੂਰਜ ਮਿਸ਼ਨ ਬਹੁਤ ਹੀ ਅਹਿਮ ਕਿਹਾ ਜਾ ਸਕਦਾ ਹੈ ਕਿਉਂਕਿ ਇਸਰੋ ਸੂਰਜ ਦੇ ਗਰਮ ਗੋਲੇ ਦਾ ਅਧਿਐਨ ਕਰਨ ਵਾਲਾ ਹੈ ਜਿੱਥੇ ਪਹੁੰਚਣਾ ਆਮ ਆਦਮੀ ਦੇ ਵੱਸ ਤੋਂ ਲਗਭਗ ਬਾਹਰ ਹੀ ਮੰਨਿਆ ਜਾਂਦਾ ਹੈ।

ਸੁਨੀਲ ਕੁਮਾਰ ਮਹਲਾ

Rakesh

This news is Content Editor Rakesh