ਵਿਦੇਸ਼ਾਂ ’ਚ ਪ੍ਰਚੱਲਿਤ ਹੁੰਦਾ ਭਾਰਤੀ ਸੱਭਿਆਚਾਰ

12/13/2020 3:39:15 AM

ਰੰਜਨਾ ਮਿਸ਼ਰਾ

ਅੱਜਕਲ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਆਪਣੇ ਤਨ-ਮਨ ਨੂੰ ਸਿਹਤਮੰਦ ਬਣਾਉਣ ਲਈ ਭਾਰਤੀ ਸੱਭਿਆਚਾਰ ਦੀਆਂ ਦੱਸੀਅਾਂ ਹੋਈਅਾਂ ਗੱਲਾਂ ਦੀ ਪਾਲਣਾ ਕਰ ਰਹੇ ਹਨ ਪਰ ਅਸੀਂ ਭਾਰਤੀ ਆਪਣੀਅਾਂ ਪ੍ਰੰਪਰਾਵਾਂ ਅਤੇ ਸੱਭਿਆਚਾਰ ਦੇ ਮਹੱਤਵ ਨੂੰ ਸਮਝ ਸਕਣ ’ਚ ਅਸਮਰੱਥ ਹਾਂ।

ਭਾਰਤ ’ਚ ਯੋਗ ਪ੍ਰਾਚੀਨ ਕਾਲ ਤੋਂ ਸਾਡੇ ਧਰਮ ਅਤੇ ਸੱਭਿਆਚਾਰ ਦੀ ਸਰਵਉੱਤਮ ਦੇਣ ਰਿਹਾ ਹੈ ਪਰ ਅਸੀਂ ਇਸ ਦੇ ਮਹੱਤਵ ਨੂੰ ਉਦੋਂ ਸਮਝਿਆ ਜਦੋਂ ਇਹ ਵਿਦੇਸ਼ਾਂ ’ਚ ਜਾ ਕੇ ਯੋਗਾ ਅਖਵਾਉਣ ਲੱਗਾ। ਅਮਰੀਕਾ ’ਚ ਪ੍ਰਾਣਾਯਾਮ ਦੀ ਟ੍ਰੇਨਿੰਗ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ।

ਇਸੇ ਤਰ੍ਹਾਂ ਹਲਦੀ ਵਾਲਾ ਦੁੱਧ ਜਿਸ ਨੂੰ ਸਾਡੇ ਘਰਾਂ ’ਚ ਪ੍ਰਾਚੀਨ ਕਾਲ ਤੋਂ ਹੀ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਰਿਹਾ ਹੈ, ਅੱਜਕਲ ਵਿਦੇਸ਼ਾਂ ’ਚ ਇਹ ‘ਟਰਮਰਿਕ ਲਾਟੇ’ ਦੇ ਨਾਂ ਨਾਲ ਪ੍ਰਸਿੱਧ ਹੋ ਰਿਹਾ ਹੈ। ਇਟਾਲੀਅਨ ਭਾਸ਼ਾ ’ਚ ਲਾਟੇ ਦਾ ਮਤਲਬ ਹੁੰਦਾ ਹੈ ਦੁੱਧ। ਜਿਵੇਂ ਹੀ ਸਾਡੀ ਕਿਸੇ ਵੀ ਦੇਸੀ ਚੀਜ਼ ’ਤੇ ਵਿਦੇਸ਼ੀ ਨਾਂ ਦਾ ਠੱਪਾ ਲੱਗ ਜਾਂਦਾ ਹੈ, ਸਾਡੇ ਲਈ ਉਸ ਦੀ ਕੀਮਤ ਅਤੇ ਮਹੱਤਵ ਵੱਧ ਜਾਂਦਾ ਹੈ। ਹੁਣ ਹਲਦੀ ਵਾਲਾ ਦੁੱਧ ਫੈਸ਼ਨੇਬਲ ਹੋ ਕੇ ‘ਟਰਮਰਿਕ ਲਾਟੇ’ ਦੇ ਨਾਂ ਨਾਲ ਭਾਰਤ ਸਮੇਤ ਕਈ ਦੇਸ਼ਾਂ ’ਚ ਵੇਚਿਆ ਜਾ ਰਿਹਾ ਹੈ। ਵੱਡੀਅਾਂ-ਵੱਡੀਅਾਂ ਮਲਟੀਨੈਸ਼ਨਲ ਕੰਪਨੀਅਾਂ ਨੇ ਵੀ ਇਸ ਟਰਮਰਿਕ ਲਾਟੇ ਨੂੰ ਆਪਣੇ ਆਊਟਲੈੱਟਸ ’ਚ ਵੇਚਣਾ ਸ਼ੁਰੂ ਕਰ ਦਿੱਤਾ ਹੈ। ਹਲਦੀ ਵਾਲੇ ਦੁੱਧ ਦਾ ਇਸ ਵਿਦੇਸ਼ੀ ਨਾਮਕਰਨ ਹੋਣ ਨਾਲ ਲੋਕ ਇਸ ਦੀ ਮੂੰਹ ਮੰਗੀ ਕੀਮਤ ਦੇ ਰਹੇ ਹਨ। ਇਹ ਅਮਰੀਕਾ ਅਤੇ ਬ੍ਰਿਟੇਨ ’ਚ ਇਕ ਲੋਕਪ੍ਰਿਯ ਡ੍ਰਿੰਕ ਬਣ ਚੁੱਕਾ ਹੈ ਅਤੇ ਸਾਲ 2025 ਤਕ ਪੂਰੀ ਦੁਨੀਆ ’ਚ ਹਲਦੀ ਦਾ ਬਾਜ਼ਾਰ 14 ਹਜ਼ਾਰ 500 ਕਰੋੜ ਤੋਂ ਵੱਧ ਦਾ ਹੋਣ ਦੀ ਸੰਭਾਵਨਾ ਹੈ।

ਵਿਦੇਸ਼ਾਂ ’ਚ ਚਿਊ ਸਟਿਕ ਦੇ ਨਾਂ ਨਾਲ ਵਿਕਣ ਵਾਲੀ ਨਿੰਮ ਦੀ ਦਾਤਣ ਦੀ ਕੀਮਤ 200 ਰੁਪਏ ਤਕ ਹੁੰਦੀ ਹੈ। ਇਸ ਨੂੰ ਭਾਰਤ ਦੇ ਪਿੰਡਾਂ ’ਚ ਲੋਕ ਟੁੱਥ ਬਰੱਸ਼ ਦੀ ਜਗ੍ਹਾ ਪ੍ਰਾਚੀਨ ਸਮੇਂ ਤੋਂ ਬਿਲਕੁਲ ਮੁਫਤ ’ਚ ਇਸਤੇਮਾਲ ਕਰਦੇ ਆ ਰਹੇ ਹਨ ਅਤੇ ਇਸ ਦੀ ਵਰਤੋਂ ਨਾਲ ਉਨ੍ਹਾਂ ਦੇ ਦੰਦ ਅਤੇ ਮਸੂੜ੍ਹੇ ਸਿਹਤਮੰਦ ਅਤੇ ਨਿਰੋਗੀ ਬਣੇ ਰਹਿੰਦੇ ਹਨ।

ਇਸੇ ਤਰ੍ਹਾਂ ਸਾਡੇ ਪਿੰਡਾਂ ’ਚ ਲਗਭਗ 500 ਰੁਪਏ ’ਚ ਵਿਕਣ ਵਾਲੀ ਚਾਰਪਾਈ ਆਸਟ੍ਰੇਲੀਆ ’ਚ ਲਗਭਗ 50 ਹਜ਼ਾਰ ਰੁਪਏ ’ਚ ‘ਟ੍ਰੈਡੀਸ਼ਨਲ ਇੰਡੀਅਨ ਡੇ ਬੈੱਡ’ ਦੇ ਨਾਂ ਨਾਲ ਵਿਕ ਰਹੀ ਹੈ।

ਸਾਡੇ ਇਥੇ ਆਯੁਰਵੇਦ ’ਚ ਗਊ ਮੂਤਰ ਨੂੰ ਬਹੁਤ ਹੀ ਉਪਯੋਗੀ ਦੱਸਿਆ ਗਿਆ ਹੈ। ਕਈ ਬੀਮਾਰੀਅਾਂ ’ਚ ਇਸ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦੀ ਹੈ ਪਰ ਸਾਡੇ ਦੇਸ਼ ਦੇ ਕੁਝ ਲੋਕ ਇਸ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਇਸ ਦਾ ਮਜ਼ਾਕ ਉਡਾਉਂਦੇ ਹਨ, ਜਦਕਿ ਵਿਦੇਸ਼ਾਂ ’ਚ ਇਸ ਦੇ ਮਹੱਤਵ ਨੂੰ ਸਮਝ ਕੇ ਇਸ ’ਤੇ ਖੋਜ ਕੀਤੀ ਗਈ ਅਤੇ ਵਿਦੇਸ਼ੀ ਕੰਪਨੀਅਾਂ ਨੇ ਗਊ ਮੂਤਰ ਦੇ ਸੱਤ ਪੇਟੈਂਟ ਹਾਸਲ ਕਰ ਲਏ ਹਨ।

ਅੱਜਕਲ ਵਿਦੇਸ਼ਾਂ ’ਚ ਲੋਕ ਆਪਣੇ ਮਨ ’ਚ ਉਦਾਸੀ, ਡਿਪ੍ਰੈਸ਼ਨ ਜਾਂ ਸਟ੍ਰੈੱਸ ਨੂੰ ਦੂਰ ਕਰਨ ਲਈ ਗਾਂ ਨੂੰ ਗਲੇ ਲਗਾਉਣ ਦੀ ਥੈਰੇਪੀ ਦੀ ਵਰਤੋਂ ਕਰ ਰਹੇ ਹਨ। ਇਸ ਨੂੰ ‘ਕਾਊ ਕਡਲਿੰਗ’ ਕਹਿੰਦੇ ਹਨ। ਅਮਰੀਕਾ ’ਚ ਕਈ ਡੇਅਰੀ ਫਾਰਮਾਂ ’ਚ ਲੋਕ ਦੂਰ-ਦੂਰ ਤੋਂ ਇਸ ਥੈਰੇਪੀ ਲਈ ਆਉਂਦੇ ਹਨ ਅਤੇ ਇਸਦੇ ਲਈ ਉਹ ਹਜ਼ਾਰਾਂ ਰੁਪਏ ਖਰਚ ਕਰ ਰਹੇ ਹਨ। ਵਿਗਿਆਨਿਕਾਂ ਅਨੁਸਾਰ ਗਾਵਾਂ ਦਾ ਹਾਰਟ ਰੇਟ ਮਨੁੱਖਾਂ ਦੇ ਮੁਕਾਬਲੇ ਥੋੜ੍ਹਾ ਘੱਟ ਹੁੰਦਾ ਹੈ ਅਤੇ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਮਨੁੱਖਾਂ ਤੋਂ ਥੋੜ੍ਹਾ ਵੱਧ ਹੁੰਦਾ ਹੈ। ਮਨੋਵਿਗਿਆਨਿਕਾਂ ਅਨੁਸਾਰ ਗਾਂ ਨੂੰ ਪਿਆਰ ਨਾਲ ਛੂਹਣ, ਗਲੇ ਲਗਾਉਣ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਨਾਲ ਲੋਕਾਂ ਦੇ ਮਨ-ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਉਨ੍ਹਾਂ ਨੂੰ ਸ਼ਾਂਤੀ ਅਤੇ ਆਤਮਵਿਸ਼ਵਾਸ ਦਾ ਤਜਰਬਾ ਹੁੰਦਾ ਹੈ। ਯੂਰਪ ਅਤੇ ਅਮਰੀਕਾ ’ਚ ਇਹ ਥੈਰੇਪੀ ਨਿਰਾਸ਼ ਅਤੇ ਐਂਗਜਾਈਟੀ ਦੇ ਸ਼ਿਕਾਰ ਲੋਕਾਂ ਦੀ ਬਹੁਤ ਮਦਦ ਕਰ ਰਹੀ ਹੈ। ਅਮਰੀਕਾ ’ਚ 90 ਮਿੰਟ ਦੀ ਇਸ ਥੈਰੇਪੀ ਲਈ ਲੋਕ ਲਗਭਗ 22 ਹਜ਼ਾਰ ਰੁਪਏ ਤਕ ਦੇ ਰਹੇ ਹਨ। ਸਵਿਟਜ਼ਰਲੈਂਡ ਅਤੇ ਨੀਦਰਲੈਂਡਸ ’ਚ ਤਿੰਨ ਘੰਟੇ ਤਕ ‘ਕਾਊ ਕਡਲਿੰਗ’ ਦੇ ਲਈ ਲੋਕ ਲਗਭਗ ਚਾਰ ਹਜ਼ਾਰ ਰੁਪਏ ਤਕ ਦੇ ਰਹੇ ਹਨ ਅਤੇ ਉਥੇ ਇਸ ਪ੍ਰਕਿਰਿਆ ਨੂੰ ਇਕ ਖਾਸ ਨਾਂ ਦਿੱਤਾ ਗਿਆ ਹੈ ‘ਕਾਊ ਮੁਨੀਕੇਸ਼ਨ’, ਅੰਗਰੇਜ਼ੀ ਸ਼ਬਦ ਕਮਿਊਨੀਕੇਸ਼ਨ ਨੂੰ ‘ਕਾਊ ਮੁਨੀਕੇਸ਼ਨ’ ਕਰ ਦਿੱਤਾ ਹੈ ਭਾਵ ‘ਗਾਂ ਦੇ ਨਾਲ ਸੰਵਾਦ’।

ਭਾਰਤ ’ਚ ਗਾਂ ਨੂੰ ਪ੍ਰਾਚੀਨ ਕਾਲ ਤੋਂ ਹੀ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਇਹ ਧਾਰਨਾ ਅਤੇ ਵਿਸ਼ਵਾਸ ਪੂਰੇ ਵਿਸ਼ਵ ’ਚ ਪ੍ਰਚੱਲਿਤ ਹੋਣ ਜਾ ਰਿਹਾ ਹੈ ਕਿ ਗਾਂ ਇਕ ਮਾਂ ਦੀ ਤਰ੍ਹਾਂ ਮਨੁੱਖਾਂ ਦਾ ਸਿਰਫ ਆਪਣੇ ਦੁੱਧ ਨਾਲ ਹੀ ਪਾਲਣ-ਪੋਸ਼ਣ ਨਹੀਂ ਕਰਦੀ ਸਗੋਂ ਆਪਣੇ ਦੈਵੀ ਗੁਣਾਂ ਕਾਰਨ ਉਨ੍ਹਾਂ ਦੀਅਾਂ ਮਾਨਸਿਕ ਪ੍ਰੇਸ਼ਾਨੀਅਾਂ ਨੂੰ ਵੀ ਦੂਰ ਕਰ ਸਕਦੀ ਹੈ। ਸਾਡੇ ਇਥੇ ਤਾਂ ਗਾਂ ਦੇ ਅੰਦਰ ਸਾਰੇ ਦੇਵੀ-ਦੇਵਤਿਅਾਂ ਭਾਵ ਹਾਂਪੱਖੀ ਊਰਜਾ ਦਾ ਵਾਸ ਕਿਹਾ ਹੀ ਗਿਆ ਹੈ। ਰਿਗਵੇਦ ’ਚ ਗਾਂ ਨੂੰ ਦੇਵੀ ਮੰਨਿਆ ਗਿਆ ਹੈ। ਗਾਂ ਤੋਂ ਪ੍ਰਾਪਤ ਹੋਣ ਵਾਲੇ ਦੁੱਧ, ਘਿਓ, ਦਹੀਂ, ਗਊ ਮੂਤਰ ਅਤੇ ਗੋਬਰ ਨੂੰ ਅਾਯੁਰਵੇਦ ’ਚ ਪੰਚਗਵਯ ਕਿਹਾ ਗਿਆ ਹੈ ਜਿਨ੍ਹਾਂ ਦੀ ਵਰਤੋਂ ਪੂਜਾ-ਪਾਠ ’ਚ ਵੀ ਹੁੰਦੀ ਹੈ। ਵਿਗਿਆਨਿਕ ਖੋਜਾਂ ਨਾਲ ਵੀ ਗਾਂ ਦੇ ਦੁੱਧ ਦੀ ਮਹੱਤਤਾ ਸਾਬਿਤ ਹੋਈ ਹੈ। ਗਾਂ ਦੇ ਦੁੱਧ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਮਿਨਰਲਸ ਅਤੇ ਵਿਟਾਮਿਨ ਡੀ ਹੁੰਦਾ ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਮਜ਼ਬੂਤੀ ਪ੍ਰਦਾਨ ਕਰਦਾ ਹੈ। ਗਾਂ ਆਰਥਿਕ ਅਤੇ ਸਮਾਜਿਕ ਤੌਰ ’ਤੇ ਦੇਸ਼ ਲਈ ਇਕ ਕਾਮਧੇਨੂ ਦੇ ਬਰਾਬਰ ਹੈ।

ਇਸੇ ਤਰ੍ਹਾਂ ਹੁਣ ਭਾਰਤ ਦੀ ਪੂਜਾ ਪ੍ਰਣਾਲੀ ਵੀ ਵਿਦੇਸ਼ਾਂ ’ਚ ਪ੍ਰਚੱਲਿਤ ਹੋ ਰਹੀ ਹੈ। ਹਿੰਦੂ ਸੱਭਿਆਚਾਰ ’ਚ ਦੱਸੀਆਂ ਗਈਆਂ ਮਾਨਵਤਾ ਪੂਰਨ ਗੱਲਾਂ ਅਤੇ ਪ੍ਰੇਮ ਅਤੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਗਿਆਨ ਹੁਣ ਵਿਦੇਸ਼ੀਅਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਥੋਂ ਤਕ ਕਿ ਸਾਡੇ ਇਥੇ ਕੀਤੀ ਜਾਣ ਵਾਲੀ ਮੂਰਤੀ ਪੂਜਾ ਨੂੰ ਵੀ ਹੁਣ ਅਮਰੀਕਾ ’ਚ ‘ਗ੍ਰੇਟੀਟਿਊਡ ਰੌਕ’ ਦਾ ਨਾਂ ਦੇ ਕੇ ਅਪਣਾਇਆ ਜਾ ਰਿਹਾ ਹੈ ਤੇ ਇਸ ਨੂੰ ਕੁਦਰਤ ਨਾਲ ਜੁੜਨ ਦਾ ਇਕ ਮਾਧਿਅਮ ਮੰਨਿਆ ਜਾ ਰਿਹਾ ਹੈ।

ਅਸਲ ’ਚ ਭਾਰਤ ਦਾ ਪ੍ਰਾਚੀਨ ਗਿਆਨ ਵਿਗਿਆਨ ’ਤੇ ਆਧਾਰਿਤ ਹੈ ਅਤੇ ਹੁਣ ਵਿਗਿਆਨਿਕ ਖੋਜਾਂ ਨਾਲ ਇਸ ਦੀ ਸੱਚਾਈ ਉਜਾਗਰ ਹੋ ਰਹੀ ਹੈ ਪਰ ਅਸੀਂ ਭਾਰਤ ਵਾਸੀ ਪਤਾ ਨਹੀਂ ਇਸ ਸੱਚਾਈ ਨੂੰ ਕਦੋਂ ਸਮਝਾਂਗੇ ਅਤੇ ਕਦੋਂ ਸਵੀਕਾਰ ਕਰਾਂਗੇ?

Bharat Thapa

This news is Content Editor Bharat Thapa