ਪੁਲਸ ਵਾਲਿਆਂ ’ਚ ਇਨਸਾਨੀਅਤ ਅਜੇ ਜ਼ਿੰਦਾ ਹੈ

04/06/2021 3:54:25 AM

ਵਿਨੀਤ ਨਾਰਾਇਣ
ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਪੁਲਸ ਵਾਲਿਆਂ ’ਚ ਇਨਸਾਨੀਅਤ ਨਹੀਂ ਹੁੰਦੀ। ਪੁਲਸ ਵਾਲਿਆਂ ਦਾ ਜਨਤਾ ਪ੍ਰਤੀ ਸਖਤ ਵਤੀਰਾ ਅਕਸਰ ਨਿੰਦਾ ਦੇ ਘੇਰੇ ’ਚ ਆਉਂਦਾ ਰਹਿੰਦਾ ਹੈ। ਬੀਤੇ ਦਿਨੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੇਤਭਰੀ ਮੌਤ ਦੇ ਬਾਅਦ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਦਾ ਨਸ਼ੇ ਵਾਲੇ ਪਦਾਰਥਾਂ ਦੇ ਨਾਲ ਨਾਰਕੋਟਿਕ ਮਹਿਕਮੇ ਵਲੋਂ ਫੜਿਆ ਜਾਣਾ ਸਿਆਸੀ ਘਟਨਾ ਦੱਸਿਆ ਜਾ ਰਿਹਾ ਸੀ।

ਇਲਜ਼ਾਮ ਸੀ ਕਿ ਇਹ ਸਭ ਬਿਹਾਰ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਜਦਕਿ ਇਹ ਸਭ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਦੀ ਮੁਸਤੈਦੀ ਕਾਰਣ ਹੋ ਰਿਹਾ ਸੀ। ਅਸਥਾਨਾ ਦੇ ਬਾਰੇ ਇਹ ਮਸ਼ਹੂਰ ਹੈ ਕਿ ਜਦ ਕਦੇ ਉਨ੍ਹਾਂ ਨੂੰ ਕੋਈ ਸੰਗੀਨ ਮਾਮਲਾ ਸੌਂਪਿਆ ਜਾਂਦਾ ਹੈ ਤਾਂ ਉਹ ਆਪਣੀ ਪੂਰੀ ਕਾਬਲੀਅਤ ਅਤੇ ਸ਼ਿੱਦਤ ਨਾਲ ਉਸ ਨੂੰ ਸੁਲਝਾਉਣ ’ਚ ਲੱਗ ਜਾਂਦੇ ਹਨ। ਸੀ. ਬੀ. ਆਈ. ’ਚ ਰਹਿੰਦੇ ਹੋਏ ਅਸਥਾਨਾ ਨੇ ਕਥਿਤ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਲਈ ਜੋ ਭੂਮਿਕਾ ਨਿਭਾਈ ਹੈ, ਉਸਦੀ ਜਾਣਕਾਰੀ ਸੀ. ਬੀ. ਆਈ. ਦੇ ਸਾਰੇ ਅਫਸਰਾਂ ਨੂੰ ਹੈ, ਜੋ ਉਨ੍ਹਾਂ ਦੀ ਟੀਮ ’ਚ ਰਹਿ ਰਹੇ ਸਨ।

ਪਰ ਅੱਜ ਅਸੀਂ ਇਕ ਅਨੋਖੇ ਕੇਸ ਦੀ ਗੱਲ ਕਰਾਂਗੇ। ਪੁਲਸ ਹੋਵੇ ਜਾਂ ਕੋਈ ਹੋਰ ਜਾਂਚ ਏਜੰਸੀ, ਉਹ ਹਮੇਸ਼ਾ ਬੇਗੁਨਾਹਾਂ ਨੂੰ ਝੂਠੇ ਕੇਸ ’ਚ ਫਸਾ ਕੇ ਤਸ਼ੱਦਦ ਕਰਨ ਵਰਗੇ ਦੋਸ਼ਾਂ ਨਾਲ ਘਿਰੀ ਰਹਿੰਦੀ ਹੈ ਪਰ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦ ਵਿਦੇਸ਼ ’ਚ ਇਕ ਬੇਗੁਨਾਹ ਜੋੜੇ ਨੂੰ ਬੇਗੁਨਾਹ ਸਾਬਿਤ ਕਰ ਕੇ ਭਾਰਤ ਵਾਪਸ ਲਿਆਉਣ ’ਚ ਨਾਰਕੋਟਿਕਸ ਬਿਊਰੋ ਕਾਮਯਾਬ ਰਿਹਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਮਾਮਲਾ 2019 ਦਾ ਹੈ ਜਦ ਉਸੇ ਸਾਲ 6 ਜੁਲਾਈ ਨੂੰ ਕਤਰ ਦੇ ਹਵਾਈ ਅੱਡੇ ’ਤੇ ਮੁੰਬਈ ਦੇ ਇਕ ਜੋੜੇ ਨੂੰ 4 ਕਿਲੋ ਚਰਸ ਨਾਲ ਫੜਿਆ ਗਿਆ ਸੀ। ਮਾਮਲਾ ਕਤਰ ਦੀ ਅਦਾਲਤ ’ਚ ਪੁੱਜਾ ਅਤੇ ਮੁੰਬਈ ਦੇ ਓਨਿਬਾ ਅਤੇ ਸ਼ਰੀਕ ਨੂੰ ਉਥੋਂ ਦੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ। ਓਨਿਬਾ ਅਤੇ ਸ਼ਰੀਕ ਨੇ ਆਪਣੀ ਸਜ਼ਾ ਦੌਰਾਨ ਆਪਣੀ ਧੀ ਨੂੰ ਜੇਲ ’ਚ ਹੀ ਜਨਮ ਦਿੱਤਾ। ਇਨ੍ਹਾਂ ਦੋਵਾਂ ਨੇ ਆਉਣ ਵਾਲੇ 10 ਸਾਲਾਂ ਲਈ ਖੁਦ ਨੂੰ ਜੇਲ ’ਚ ਹੀ ਕੈਦ ਮੰਨ ਲਿਆ ਸੀ ਪਰ ਕਤਰ ਤੋਂ ਦੂਰ ਮੁੰਬਈ ’ਚ ਇਨ੍ਹਾਂ ਦੋਵਾਂ ਦੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਦੋਵਾਂ ਦੀ ਬੇਗੁਨਾਹੀ ਦਾ ਪੂਰਾ ਯਕੀਨ ਸੀ।

ਲਿਹਾਜ਼ਾ, ਉਨ੍ਹਾਂ ਨੇ ਮੁੰਬਈ ਪੁਲਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਦਰਵਾਜ਼ਾ ਖੜਕਾਇਆ। ਉਹ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ਅਤੇ ਵਿਦੇਸ਼ ਮੰਤਰਾਲੇ ਤੋਂ ਵੀ ਮਦਦ ਮੰਗੀ । ਹਾਲਾਂਕਿ ਓਨਿਬਾ ਅਤੇ ਸ਼ਰੀਕ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ ਪਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਇੰਨੀ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਉਨ੍ਹਾਂ ਦੇ ਬੈਗ ’ਚ ਕਿੰਝ ਆਏ।

ਕਿਸੇ ਨੇ ਕੀ ਖੂਬ ਕਿਹਾ ਹੈ ਕਿ ‘ਸੱਚ ਪ੍ਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ’। ਇਕ ਪਾਸੇ ਜਿੱਥੇ ਓਨਿਬਾ ਅਤੇ ਸ਼ਰੀਕ ਹਿੰਮਤ ਹਾਰ ਚੁੱਕੇ ਸਨ, ਉਥੇ ਸ਼ਰੀਕ ਦੀ ਫੋਨ ਰਿਕਾਰਡਿੰਗ ’ਚੋਂ ਇਕ ਅਜਿਹਾ ਸਬੂਤ ਮਿਲਿਆ ਜਿਸਨੇ ਇਸ ਸਾਰੇ ਮਾਮਲੇ ਦਾ ਸੱਚ ਜ਼ਾਹਿਰ ਕਰ ਦਿੱਤਾ। ਦਰਅਸਲ ਸ਼ਰੀਕ ਦੀ ਭੂਆ ਤਬੱਸੁਮ ਨੇ ਸ਼ਰੀਕ ਦੇ ਮਨ੍ਹਾ ਕਰਨ ਦੇ ਬਾਵਜੂਦ ਸ਼ਰੀਕ ਅਤੇ ਓਨਿਬਾ ਨੂੰ ਹਨੀਮੂਨ ਪੈਕੇਜ ਤੋਹਫੇ ’ਚ ਦਿੱਤਾ ਸੀ। ਇਸ ਤੋਹਫੇ ’ਚ ਕਤਰ ਦੀ ਟਿਕਟ ਅਤੇ ਉਥੇ ਰਹਿਣ ਅਤੇ ਘੁੰਮਣ ਦਾ ਪੂਰਾ ਪੈਕੇਜ ਸੀ। ਇਸ ਪੈਕੇਜ ਦੇ ਨਾਲ ਹੀ ਤਬੱਸੁਮ ਨੇ ਸ਼ਰੀਕ ਨੂੰ ਇਕ ਪੈਕੇਟ ਵੀ ਦਿੱਤਾ, ਜਿਸ ’ਚ ਤਬੱਸੁਮ ਨੇ ਆਪਣੇ ਰਿਸ਼ਤੇਦਾਰਾਂ ਲਈ ਪਾਨ ਮਸਾਲਾ ਭੇਜਿਆ ਸੀ। ਅਸਲ ’ਚ ਉਹ ਪਾਨ ਮਸਾਲਾ ਨਹੀਂ ਸੀ ਸਗੋਂ ਚਰਸ ਸੀ।

ਇੰਨੇ ਗੰਭੀਰ ਮਾਮਲੇ ਦੇ ਬਾਵਜੂਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਜਾਪਿਆ ਕਿ ਇਹ ਮਾਮਲਾ ਇੰਨਾ ਸੌਖਾ ਨਹੀਂ, ਜਿੰਨਾ ਕਿ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੂੰ ਇਸ ’ਚ ਕੁਝ ਘੁੰਢੀ ਨਜ਼ਰ ਆਈ। ਇਸ ਲਈ ਅਸਥਾਨਾ ਨੇ ਇਕ ਵਿਸ਼ੇਸ਼ ਟੀਮ ਗਠਿਤ ਕੀਤੀ। ਇਸ ਟੀਮ ਦੀ ਅਗਵਾਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਨੇ ਕੀਤੀ।

ਜਾਂਚ ਹੋਈ ਤਾਂ ਪਤਾ ਲੱਗਿਆ ਕਿ ਸ਼ਰੀਕ ਦੀ ਭੂਆ ਤਬੱਸੁਮ ਇਕ ਕਥਿਤ ਗੈਂਗ ਦਾ ਹਿੱਸਾ ਹੈ, ਜੋ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਦਾ ਹੈ। ਇਸ ਗੈਂਗ ਦਾ ਸਰਗਣਾ (ਮੁਖੀ) ਮੁੰਬਈ ਦਾ ਨਿਜ਼ਾਮ ਕਾਰਾ ਹੈ, ਜਿਸ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ’ਚ ਹੀ ਇਹ ਸਾਹਮਣੇ ਆਇਆ ਕਿ ਓਨਿਬਾ ਅਤੇ ਸ਼ਰੀਕ ਬੇਗੁਨਾਹ ਹਨ।

ਕਿਉਂਕਿ ਮਾਮਲਾ ਵਿਦੇਸ਼ ’ਚ ਸੀ, ਜਿੱਥੇ ਬੇਗੁਨਾਹ ਜੋੜਾ ਜੇਲ ’ਚ ਬੰਦ ਸੀ ਅਤੇ ਅਸਲੀ ਮੁਲਜ਼ਮ ਭਾਰਤ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹਿਰਾਸਤ ’ਚ।

ਤਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮਹਾਨਿਰਦੇਸ਼ਕ ਨੇ ਇਹ ਤੈਅ ਕੀਤਾ ਕਿ ਓਨਿਬਾ ਅਤੇ ਸ਼ਰੀਕ ਨੂੰ ਬਾਇੱਜ਼ਤ ਭਾਰਤ ਲਿਆਂਦਾ ਜਾਵੇ। ਅਸਥਾਨਾ ਨੇ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਕਤਰ ’ਚ ਭਾਰਤੀ ਦੂਤਘਰ ਰਾਹੀਂ ਕਤਰ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਸਾਰੇ ਸਬੂਤ ਭਿਜਵਾਏ। ਕਤਰ ਦੀ ਅਦਾਲਤ ’ਚ ਇਨ੍ਹਾਂ ਸਾਰੇ ਸਬੂਤਾਂ ’ਤੇ ਫਿਰ ਸੁਣਵਾਈ ਹੋਈ ਅਤੇ ਇਸ ਸਾਲ ਜਨਵਰੀ ’ਚ ਇਸ ਮਾਮਲੇ ’ਤੇ ਦੁਬਾਰਾ ਵਿਚਾਰ ਕੀਤਾ ਗਿਆ। 29 ਮਾਰਚ, 2021 ਨੂੰ ਆਖਿਰਕਾਰ ਕਤਰ ਦੀ ਅਦਾਲਤ ਨੇ ਓਨਿਬਾ ਅਤੇ ਸ਼ਰੀਕ ਨੂੰ ਬੇਗੁਨਾਹ ਮੰਨ ਲਿਆ ਅਤੇ ਬਾਇੱਜ਼ਤ ਰਿਹਾਅ ਕਰ ਦਿੱਤਾ।

ਹੁਣ ਬਸ ਉਸ ਦਿਨ ਦੀ ਉਡੀਕ ਹੈ ਜਦ ਸਾਰੀਆਂ ਕਾਨੂੰਨੀ ਕਾਗਜ਼ੀ ਕਾਰਵਾਈਆਂ ਤੋਂ ਬਾਅਦ ਓਨਿਬਾ ਅਤੇ ਸ਼ਰੀਕ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਇਸ ਖਬਰ ਨੂੰ ਸੁਣ ਕੇ ਓਨਿਬਾ ਅਤੇ ਸ਼ਰੀਕ ਦੇ ਰਿਸ਼ਤੇਦਾਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ ਅਤੇ ਖਾਸ ਤੌਰ ’ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਉਨ੍ਹਾਂ ਦੀ ਇਸ ਗੱਲ ’ਤੇ ਯਕੀਨ ਕੀਤਾ ਕਿ ਓਨਿਬਾ ਅਤੇ ਸ਼ਰੀਕ ਬੇਗੁਨਾਹ ਹਨ ਅਤੇ ਇਸ ਲਈ ਇਸ ਕੇਸ ’ਚ ਅੱਗੇ ਵਧ ਕੇ ਸਾਡੀ ਮਦਦ ਕੀਤੀ। ਨਹੀਂ ਤਾਂ ਇਹ ਜੋੜਾ 10 ਸਾਲ ਤੱਕ ਕਤਰ ਦੀ ਜੇਲ ’ਚ ਸੜਦਾ ਰਹਿੰਦਾ।

ਇਸ ਪੂਰੇ ਹਾਦਸੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੇਕਰ ਕੋਈ ਉੱਚ ਅਧਿਕਾਰੀ ਨਿਰਪੱਖਤਾ, ਪਾਰਦਰਸ਼ਿਤਾ ਅਤੇ ਮਨੁੱਖੀ ਹਮਦਰਦੀ ਨਾਲ ਕੰਮ ਕਰੇ ਤਾਂ ਉਹ ਜਨਤਾ ਲਈ ਇਕ ਮਸੀਹੇ ਤੋਂ ਘੱਟ ਨਹੀਂ ਹੁੰਦਾ। ਇਸ ਮਾਮਲੇ ’ਚ ਸਰਗਰਮੀ ਵਿਖਾ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਆਪਣੇ ਅਕਸ ਨੂੰ ਕਾਫੀ ਸੁਧਾਰਿਆ ਹੈ।

ਇਹ ਉਦਾਹਰਣ ਕੇਂਦਰ ਅਤੇ ਰਾਜ ਦੀਆਂ ਹੋਰਨਾਂ ਜਾਂਚ ਏਜੰਸੀਆਂ ਲਈ ਇਕ ਮਿਸਾਲ ਹੈ। ਉਨ੍ਹਾਂ ਨੂੰ ਇਸ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਉਨ੍ਹਾਂ ਦੀ ਦੁਰਵਰਤੋਂ ਨਿੱਜੀ ਸਵਾਰਥ ਜਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਨਾ ਕਰੇ, ਸਗੋਂ ਸਾਰੀਆਂ ਜਾਂਚ ਏਜੰਸੀਆਂ ਆਪਣੇ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਕਰਨ ਅਤੇ ਈਰਖਾ ਤੋਂ ਮੁਕਤ ਹੋਣ। ਇਸ ਨਾਲ ਉਨ੍ਹਾਂ ਦੀ ਇਮੇਜ (ਅਕਸ) ਜਨਤਾ ਦੇ ਦਿਮਾਗ ’ਚ ਬਿਹਤਰ ਬਣੇਗੀ ਅਤੇ ਇਹ ਜਾਂਚ ਏਜੰਸੀਆਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਅਤੇ ਬੇਗੁਨਾਹਾਂ ਨੂੰ ਬਚਾਉਣ ਲਈ ਨਵੇਂ ਪੈਮਾਨੇ ਸਥਾਪਿਤ ਕਰਨਗੀਆਂ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਜਾਂਚ ਏਜੰਸੀਆਂ ਦੀ ਟੀਮ ’ਚ ਤਾਇਨਾਤ ਅਧਿਕਾਰੀ ਆਪਣੀ ਤਨਖਾਹ ਅਤੇ ਭੱਤੇ ’ਚ ਸੰਤੁਸ਼ਟ ਰਹਿ ਕੇ, ਬਿਨਾਂ ਕਿਸੇ ਲਾਲਚ ’ਚ ਫਸੇ, ਆਪਣੇ ਫਰਜ਼ ਨੂੰ ਪੂਰਾ ਕਰਨ ਤਾਂ ਇਸ ਨਾਲ ਸਾਡੇ ਸਮਾਜ ਅਤੇ ਦੇਸ਼ ਨੂੰ ਲਾਭ ਹੋਵੇਗਾ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਆਤਮਿਕ ਸੰਤੁਸ਼ਟੀ ਮਿਲੇਗੀ।

Bharat Thapa

This news is Content Editor Bharat Thapa