ਸੋਸ਼ਲ ਮੀਡੀਆ ਦੇ ਖਤਰਿਆਂ ਤੋਂ ਕਿਵੇਂ ਬਚੀਏ

04/24/2023 12:05:14 PM

ਜਦੋਂ ਦੇਸ਼ ’ਚ ਸੋਸ਼ਲ ਮੀਡੀਆ ਦਾ ਇੰਨਾ ਰਿਵਾਜ ਨਹੀਂ ਸੀ, ਉਦੋਂ ਜ਼ਿੰਦਗੀ ਵਧੇਰੇ ਸੁਖਮਈ ਸੀ। ਤਕਨੀਕੀ ਤਰੱਕੀ ਨੇ ਸਾਡੀ ਜ਼ਿੰਦਗੀ ਨੂੰ ਗੁੰਝਲਦਾਰ ਅਤੇ ਤਣਾਅ ਭਰਿਆ ਬਣਾ ਦਿੱਤਾ ਹੈ। ਅੱਜ ਹਰ ਵਿਅਕਤੀ ਭਾਵੇਂ ਉਹ ਫੁੱਟਪਾਥ ’ਤੇ ਸਬਜ਼ੀ ਵੇਚਦਾ ਹੋਵੇ ਜਾਂ ਮੁੰਬਈ ਦੇ ਕਿਸੇ ਕਾਰਪੋਰੇਟ ਹੈੱਡਕੁਆਰਟਰ ’ਚ ਬੈਠ ਕੇ ਅਰਬਾਂ ਰੁਪਏ ਦੇ ਕਾਰੋਬਾਰੀ ਫੈਸਲੇ ਲੈਂਦਾ ਹੋਵੇ, 24 ਘੰਟੇ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਦੇ ਮੱਕੜਜਾਲ ’ਚ ਉਲਝਿਆ ਰਹਿੰਦਾ ਹੈ।

ਨਵੀਂ ਤਕਨੀਕ ਦੇ ਆਉਣ ਨਾਲ ਸਮਾਜ ’ਚ ਉਥਲ-ਪੁਥਲ ਦਾ ਹੋਣਾ ਕੋਈ ਨਵੀਂ ਗੱਲ ਨਹੀਂ। ਕਮਿਊਨਿਸਟ ਯੁੱਗ ਤੋਂ ਜਦੋਂ ਦੁਨੀਆ ਉਦਯੋਗਿਕ ਕ੍ਰਾਂਤੀ ਵੱਲ ਵਧੀ, ਉਦੋਂ ਵੀ ਸਮਾਜ ’ਚ ਉਥਲ-ਪੁਥਲ ਮਚੀ ਹੋਈ ਸੀ। ਪੁਰਾਣੀ ਪੀੜ੍ਹੀ ਦੇ ਲੋਕ ਜ਼ਿੰਦਗੀ ’ਚ ਆਈ ਇਸ ਅਚਾਨਕ ਤਬਦੀਲੀ ਕਾਰਨ ਬਹੁਤ ਪ੍ਰੇਸ਼ਾਨ ਹੋ ਗਏ ਸਨ। ਪਿੰਡਾਂ ਤੋਂ ਸ਼ਹਿਰਾਂ ਵੱਲ ਹਿਜਰਤ ਕਰਨੀ ਪਈ, ਕਾਰਖਾਨੇ ਖੁੱਲ੍ਹੇ ਅਤੇ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ’ਚ ਮਜ਼ਦੂਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਏ।

ਇਹ ਸਿਲਸਿਲਾ ਅੱਜ ਤਕ ਨਹੀਂ ਰੁਕਿਆ। ਭਾਰਤ ਵਰਗੇ ਦੇਸ਼ ’ਚ ਤਾਂ ਅਜੇ ਵੀ ਬਹੁਗਿਣਤੀ ਸਮਾਜ, ਮੁਸ਼ਕਲਾਂ ’ਚ ਹੀ ਸਹੀ, ਕੁਦਰਤ ਦੀ ਗੋਦ ’ਚ ਜ਼ਿੰਦਗੀ ਬਿਤਾ ਰਿਹਾ ਹੈ। ਜੇ ਪਿੰਡਾਂ ’ਚ ਰੋਜ਼ਗਾਰ ਦੇ ਮੌਕੇ ਆਸਾਨ ਹੋ ਜਾਣ ਤਾਂ ਬਹੁਤ ਵੱਡੀ ਆਬਾਦੀ ਸ਼ਹਿਰਾਂ ਵੱਲ ਨਹੀਂ ਆਵੇਗੀ।

ਅਜਿਹਾ ਅਜੇ ਨਹੀਂ ਹੋ ਰਿਹਾ। ਆਜ਼ਾਦੀ ਦੇ 75 ਸਾਲਾਂ ’ਚ ਲੋਕਾਂ ਦੇ ਟੈਕਸਾਂ ਦਾ ਖਰਬਾਂ ਰੁਪਇਆ ਪੇਂਡੂ ਵਿਕਾਸ ਦੇ ਨਾਂ ’ਤੇ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਗਿਆ।

ਪਾਠਕਾਂ ਨੂੰ ਲੱਗੇਗਾ ਕਿ ਸੋਸ਼ਲ ਮੀਡੀਆ ਦੀ ਗੱਲ ਕਰਦੇ-ਕਰਦੇ ਮੈਂ ਅਚਾਨਕ ਵਿਕਾਸ ਦੀ ਗੱਲ ਕਿਉਂ ਸ਼ੁਰੂ ਕਰ ਦਿੱਤੀ ਹੈ। ਅਸਲ ’ਚ ਦੋਹਾਂ ਦਰਮਿਆਨ ਸਿੱਧਾ ਸਬੰਧ ਹੈ। ਜਾਪਾਨ ਅਤੇ ਅਮਰੀਕਾ ਵਰਗੇ ਅਤਿਅੰਤ ਆਧੁਨਿਕ ਦੇਸ਼ਾਂ ਤੋਂ ਲੈ ਕੇ ਗਰੀਬ ਦੇਸ਼ਾਂ ਤੱਕ ਇਸ ਨਾਤੇ ਨੂੰ ਦੇਖਿਆ ਜਾ ਸਕਦਾ ਹੈ।

ਇਸ ਲਈ ਚੁਣੌਤੀ ਇਸ ਗੱਲ ਦੀ ਹੈ ਕਿ ਭੌਤਿਕਤਾ ਦੀ ਚਮਕ-ਦਮਕ ’ਚ ਵਹਿ ਕੇ ਕੀ ਅਸੀਂ, ਸਾਡੇ ਆਗੂ ਅਤੇ ਸਾਡੇ ਨੀਤੀ ਨਿਰਧਾਰਕ, ਦੇਸ਼ ਨੂੰ ਆਤਮਘਾਤੀ ਸਥਿਤੀ ’ਚ ਧੱਕਦੇ ਰਹਿਣਗੇ ਜਾਂ ਕੁਝ ਪਲ ਰੁਕ ਕੇ ਸੋਚਣਗੇ ਕਿ ਅਸੀਂ ਕਿਸ ਰਾਹ ’ਤੇ ਜਾ ਰਹੇ ਹਾਂ?

ਇਸ ਤਰ੍ਹਾਂ ਸੋਚਣ ਦੀ ਲੋੜ ਸਾਨੂੰ ਆਪਣੇ ਪੱਧਰ ’ਤੇ ਵੀ ਹੈ ਅਤੇ ਰਾਸ਼ਟਰ ਦੇ ਪੱਧਰ ’ਤੇ ਵੀ। ਯਾਦ ਕਰੋ, ਕੋਰੋਨਾ ਦੀ ਪਹਿਲੀ ਲਹਿਰ ਜਦੋਂ ਆਈ ਸੀ ਤਾਂ ਸਾਰੀ ਦੁਨੀਆ ’ਚ ਅਚਾਨਕ ਬੇਮਿਸਾਲ ਲਾਕਡਾਊਨ ਲਾ ਦਿੱਤਾ ਗਿਆ ਸੀ।

ਕੋਰੋਨਾ ਦੀ ਲਹਿਰ ਤੋਂ ਦੁਨੀਆ ਜਿਵੇਂ ਹੀ ਬਾਹਰ ਆਈ, ਫਿਰ ਪਰਨਾਲਾ ਉੱਥੇ ਦਾ ਉੱਥੇ ਹੋ ਗਿਆ। ਅੱਜ ਲਗਭਗ ਪੂਰੇ ਦੇਸ਼ ’ਚ ਭਾਰੀ ਗਰਮੀ ਪੈ ਰਹੀ ਹੈ। ਅਜੇ ਤਾਂ ਇਹ ਸ਼ੁਰੂਆਤ ਹੈ। ਜੇ ਅਸੀਂ ਇਸੇ ਤਰ੍ਹਾਂ ਲਾਪ੍ਰਵਾਹ ਬਣੇ ਰਹੇ ਤਾਂ ਲਗਾਤਾਰ ਵਧਦੀ ਗਰਮੀ ਖੇਤੀਬਾੜੀ, ਚੌਗਿਰਦਾ, ਪਾਣੀ ਅਤੇ ਜੀਵਨ ਲਈ ਬਹੁਤ ਵੱਡਾ ਖਤਰਾ ਬਣ ਜਾਵੇਗੀ।

ਇਕੱਲੇ ਭਾਰਤ ’ਚ ਅੱਜ ਘੱਟੋ-ਘੱਟ 10 ਕਰੋੜ ਰੁੱਖ ਲਾਉਣ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦੀ ਲੋੜ ਹੈ। ਜੇਕਰ ਅਸੀਂ ਸਰਗਰਮ ਨਾ ਹੋਏ ਤਾਂ ਕੋਈ ਵੀ ਸਰਕਾਰ ਇਕੱਲੀ ਇਹ ਕੰਮ ਨਹੀਂ ਕਰ ਸਕਦੀ।

ਚਲੋ ਵਾਪਸ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਜੋ ਅੱਜ ਸਾਡੇ ਜੀਵਨ ’ਚ ਨਾਸੂਰ ਬਣ ਗਿਆ ਹੈ। ਸਿਆਸੀ ਮੰਤਵ ਨਾਲ 24 ਘੰਟੇ ਝੂਠ ਪਰੋਸਿਆ ਜਾ ਰਿਹਾ ਹੈ। ਇਸ ਕਾਰਨ ਸਮਾਜ ’ਚ ਭੁਲੇਖੇ, ਨਫਰਤ ਅਤੇ ਹਿੰਸਾ ਵਧ ਗਈ ਹੈ। ਕਿਸੇ ਪ੍ਰਤੀ ਕੋਈ ਸਤਿਕਾਰ ਬਾਕੀ ਨਹੀਂ ਬਚਿਆ।

ਟ੍ਰੋਲ ਆਰਮੀ ਦੇ ਮੂਰਖ ਨੌਜਵਾਨ ਦੇਸ਼ ਦੇ ਬਜ਼ੁਰਗਾਂ ਪ੍ਰਤੀ ਜਿਸ ਅਪਮਾਨਜਨਕ ਭਾਸ਼ਾ ਦੀ ਵਰਤੋਂ ਸੋਸ਼ਲ ਮੀਡੀਆ ’ਤੇ ਕਰਦੇ ਹਨ, ਉਸ ਨਾਲ ਸਾਡਾ ਸਮਾਜ ਬਹੁਤ ਤੇਜ਼ੀ ਨਾਲ ਪਤਨ ਵੱਲ ਜਾ ਰਿਹਾ ਹੈ। ਸੋਸ਼ਲ ਮੀਡੀਆ ਦੀ ਵਧਦੀ ਦਖਲਅੰਦਾਜ਼ੀ ਨੇ ਸਾਡੇ ਰੋਜ਼ਾਨਾ ਦੇ ਕੰਮ ’ਚ ਪੜ੍ਹਾਈ, ਨਿਯਮ, ਸੰਜਮ, ਆਦਰਸ਼ ਜ਼ਾਬਤਾ ਅਤੇ ਭਜਨ-ਕੀਰਤਨ, ਧਿਆਨ ਸਭ ਕੁਝ ਖੋਹ ਲਿਆ ਹੈ।

ਅਸੀਂ ਸਭ ਇਸ ਦੇ ਗੁਲਾਮ ਬਣ ਚੁੱਕੇ ਹਾਂ। ਤਕਨੀਕ ਜੇ ਸਾਡੀ ਸੇਵਕ ਹੋਵੇ ਤਾਂ ਸੁਖ ਦਿੰਦੀ ਹੈ ਅਤੇ ਜੇ ਮਾਲਕ ਬਣ ਜਾਵੇ ਤਾਂ ਸਾਨੂੰ ਤਬਾਹ ਕਰ ਦਿੰਦੀ ਹੈ। ਕੁਝ ਜਾਣਕਾਰ ਮਾਤਾ-ਪਿਤਾ ਇਸ ਗੱਲ ਪ੍ਰਤੀ ਚੌਕਸ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਇਕ ਹੱਦ ਤੋਂ ਵੱਧ ਇਨ੍ਹਾਂ ਵਸਤਾਂ ਦੀ ਵਰਤੋਂ ਨਹੀਂ ਕਰਨ ਦਿੰਦੇ।

ਅਕਸਰ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਸਮਾਰਟਫੋਨ ਦੀ ਇੱਛਾ ਕਾਰਨ ਨੌਜਵਾਨ ਵਰਗ ਚੋਰੀ, ਹਿੰਸਾ ਅਤੇ ਆਤਮਹੱਤਿਆ ਤੱਕ ਦੇ ਕਦਮ ਚੁੱਕ ਰਿਹਾ ਹੈ। ਸਮਾਜ ਅਜਿਹਾ ਵਿਗੜ ਜਾਵੇ ਤਾਂ ਡਿਜੀਟਲ ਇੰਡੀਆ ਬਣਨ ਦਾ ਕੀ ਲਾਭ?

ਇਸ ਲਈ ਲੋੜ ਇਸ ਗੱਲ ਦੀ ਹੈ ਕਿ ਅਸੀਂ ਖੁਦ ਤੋਂ ਸ਼ੁਰੂ ਕਰ ਕੇ ਆਪਣੇ ਸੰਦਰਭ ’ਚ ਕੁਝ ਪਹਿਲਕਦਮੀਆਂ ਨੂੰ ਮੁੜ ਤੋਂ ਦਰਜਾ ਦੇਈਏ।

ਆਪਣੇ ਅਤੇ ਆਪਣੇ ਪਰਿਵਾਰ ਦੀ ਇਕ ਅਨੁਸ਼ਾਸਿਤ ਰੋਜ਼ਾਨਾ ਦੀ ਜ਼ਿੰਦਗੀ ਨੂੰ ਨਿਰਧਾਰਿਤ ਕਰੀਏ ਜਿਸ ’ਚ ਭੋਜਨ, ਭਜਨ, ਪੜ੍ਹਾਈ, ਕਸਰਤ, ਮਨੋਰੰਜਨ ਅਤੇ ਸਮਾਜਿਕ ਸਬੰਧਾਂ ਆਦਿ ਲਈ ਵੱਖ-ਵੱਖ ਸਮਾਂ ਨਿਰਧਾਰਿਤ ਹੋਵੇ।

ਇਸੇ ਤਰ੍ਹਾਂ ਸਮਾਰਟਫੋਨ, ਇੰਟਰਨੈੱਟ ਅਤੇ ਟੀ. ਵੀ. ਲਈ ਵੀ ਇਕ ਸਮਾਂ-ਹੱਦ ਨਿਰਧਾਰਿਤ ਕੀਤੀ ਜਾਵੇ। ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ ਤਕਨੀਕ ਦੇ ਇਸ ਮੱਕੜਜਾਲ ’ਚੋਂ ਬਾਹਰ ਕੱਢ ਕੇ ਸਿਹਤਮੰਦ ਜ਼ਿੰਦਗੀ ਬਿਤਾ ਸਕੀਏ।

ਸਮੁੱਚੀ ਦੁਨੀਆ ’ਚ ਮੰਡਰਾਅ ਰਹੇ ਪਾਣੀ ਦੇ ਸੰਕਟ ਨੂੰ ਧਿਆਨ ’ਚ ਰੱਖ ਕੇ ਪਾਣੀ ਦੀ ਇਕ-ਇਕ ਬੂੰਦ ਦੀ ਕਫਾਇਤੀ ਵਰਤੋਂ ਕਰੀਏ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਉਣ ਲਈ ਹਰ ਸੰਭਵ ਕਦਮ ਚੁੱਕੀਏ।

ਚੰਗਾ ਜੀਵਨ ਬਿਤਾਉਣ ਦੀ ਸਭ ਤੋਂ ਵਧੀਆ ਉਦਾਹਰਣ ਉੱਜੈਨ ਦੇ ਇਕ ਉਦਯੋਗਪਤੀ ਸਵ. ਅਰੁਣ ਰਿਸ਼ੀ ਦੀ ਹੈ ਜਿਨ੍ਹਾਂ ਦੇ ਭਾਸ਼ਣ ਅਤੇ ਇੰਟਰਵਿਊ ਦੇਸ਼ ਦੀਆਂ ਵੱਖ-ਵੱਖ ਅਖਬਾਰਾਂ ’ਚ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਹਮੇਸ਼ਾ ਖੁਸ਼ ਰਹਿਣ ਵਾਲੇ ਗੁਲਾਬੀ ਚਿਹਰੇ ਵਾਲੇ ਅਰੁਣ ਰਿਸ਼ੀ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਅੱਜ ਤੱਕ ਨਾ ਤਾਂ ਕੋਈ ਦਵਾਈ ਲਈ ਅਤੇ ਨਾ ਹੀ ਕਿਸੇ ਕਾਸਮੈਟਿਕ ਦੀ ਵਰਤੋਂ ਕੀਤੀ। ਇਸੇ ਕਾਰਨ ਉਹ ਸਾਰੀ ਉਮਰ ਬੀਮਾਰ ਨਹੀਂ ਹੋਏ।

ਪਿਛਲੇ ਦਿਨੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਡਾਕਟਰਾਂ ਨੂੰ ‘ਸੈਲਫ ਮੈਨੇਜਮੈਂਟ’ (ਆਪਣੇ ਸਰੀਰ ਦਾ ਖੁਦ ਪ੍ਰਬੰਧ ਕਰਨਾ) ਵਿਸ਼ੇ ’ਤੇ ਇਕ ਵਿਖਿਆਨ ਦਿੰਦਿਆਂ ਡਾ. ਰਿਸ਼ੀ ਨੇ ਡਾਕਟਰਾਂ ਕੋਲੋਂ ਪੁੱਛਿਆ ਸੀ ਕਿ ਕੀ ਉਹ ਖੁਦ ਸਿਹਤਮੰਦ ਹਨ?

ਜਵਾਬ ’ਚ ਜਦੋਂ ਸਰੋਤੇ ਡਾਕਟਰਾਂ ਦੀਆਂ ਨਜ਼ਰਾਂ ਹੇਠਾਂ ਵੱਲ ਹੋ ਗਈਆਂ ਤਾਂ ਉਨ੍ਹਾਂ ਫਿਰ ਪੁੱਛਿਆ ਕਿ ਜਦੋਂ ਤੁਸੀਂ ਖੁਦ ਹੀ ਸਿਹਤਮੰਦ ਨਹੀਂ ਹੋ ਤਾਂ ਆਪਣੇ ਮਰੀਜ਼ਾਂ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ? ਮਤਲਬ ਇਹ ਹੈ ਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਬਿਤਾ ਕੇ ਹੀ ਅਸੀਂ ਸਿਹਤਮੰਦ ਅਤੇ ਲੰਬੀ ਉਮਰ ਬਿਤਾ ਸਕਦੇ ਹਾਂ।

ਵਿਨੀਤ ਨਾਰਾਇਣ

Rakesh

This news is Content Editor Rakesh