ਹਿੰਦੂ ਸ਼ਰਨਾਰਥੀਆਂ ਨੂੰ ਮਨੁੱਖੀ ਸਹਾਇਤਾ ਦੀ ਲੋੜ

01/03/2020 1:37:33 AM

ਵਿਸ਼ਨੂੰ ਗੁਪਤ

ਹੁਣੇ-ਹੁਣੇ ਦਿੱਲੀ ਵਿਚ ਮੈਨੂੰ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਦੀ ਇਕ ਛੋਟੀ ਜਿਹੀ ਬਸਤੀ ਵਿਚ ਜਾਣ ਦਾ ਮੌਕਾ ਮਿਲਿਆ, ਇਹ ਬਸਤੀ ਦਿੱਲੀ ਦੇ ਪ੍ਰਹਲਾਦ ਨਗਰ ਵਿਚ ਹੈ, ਜੋ ਇਕ ਅਸ਼ੋਕ ਕੁਮਾਰ ਸੋਲੰਕੀ ਨਾਂ ਦੇ ਸਮਾਜ ਸੇਵੀ ਨੇ ਆਪਣੀ ਜ਼ਮੀਨ ’ਤੇ ਵਸਾਈ ਹੈ। ਅੱਜ ਤੋਂ ਕੋਈ 9 ਸਾਲ ਪਹਿਲਾਂ ਇਨ੍ਹਾਂ ਨੂੰ ਜੰਤਰ-ਮੰਤਰ ’ਤੇ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਮਿਲੇ ਸਨ, ਜੋ ਭੁੱਖ ਨਾਲ ਪ੍ਰੇਸ਼ਾਨ ਸਨ, ਉਨ੍ਹਾਂ ਕੋਲ ਅਗਲੀ ਜ਼ਿੰਦਗੀ ਲਈ ਕੋਈ ਸਾਧਨ ਨਹੀਂ ਸਨ ਅਤੇ ਨਾ ਹੀ ਕੋਈ ਆਸ ਸੀ। ਉਨ੍ਹਾਂ ਦੀ ਜ਼ਿੰਦਗੀ ਹਨੇਰ ਭਰੀ ਸੀ। ਸਮਾਜ ਸੇਵੀ ਅਸ਼ੋਕ ਕੁਮਾਰ ਸੋਲੰਕੀ ਨੂੰ ਤਰਸ ਆ ਗਿਆ ਅਤੇ ਉਨ੍ਹਾਂ ਨੇ ਆਪਣੀ ਕਰੋੜਾਂ ਦੀ ਕੀਮਤੀ ਜ਼ਮੀਨ ਇਨ੍ਹਾਂ ਨੂੰ ਦਾਨ ਕਰ ਦਿੱਤੀ, ਸਿਰਫ ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਇਸ ਜ਼ਮੀਨ ’ਤੇ ਰਹਿਣ ਲਈ ਮੁੱਢਲੇ ਜ਼ਰੂਰੀ ਪ੍ਰਬੰਧ ਵੀ ਕਰ ਦਿੱਤੇ ਸਨ। ਹੁਣ ਇਨ੍ਹਾਂ ਨੂੰ ਇਸ ਜ਼ਮੀਨ ’ਤੇ ਵਸਿਆਂ ਕੋਈ 9 ਸਾਲ ਹੋ ਗਏ ਹਨ। ਅਜਿਹੀਆਂ ਹੀ ਹੋਰਨਾਂ ਥਾਵਾਂ ’ਤੇ ਵਸੇ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਦੀ ਸਥਿਤੀ ਹੈ। ਅਜੇ ਵੀ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਲਈ ਕੁਝ ਵੀ ਨਹੀਂ ਬਦਲਿਆ। ਹਾਲਾਤ ਜਿਉਂ ਦੇ ਤਿਉਂ ਹਨ। ਇਨ੍ਹਾਂ ਦੀਆਂ ਬਸਤੀਆਂ ਵਿਚ ਸਰਕਾਰੀ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ, ਬਿਜਲੀ ਵੀ ਨਹੀਂ, ਪਖਾਨੇ ਵੀ ਨਹੀਂ, ਸੜਕਾਂ ਵੀ ਨਹੀਂ, ਕੋਈ ਸਕੂਲ ਵੀ ਨਹੀਂ ਹੈ, ਨਾਲੀਆਂ ਵੀ ਨਹੀਂ ਹਨ। ਕਹਿਣ ਦਾ ਭਾਵ ਹੈ ਕਿ ਦਿੱਲੀ ਸਰਕਾਰ ਦੀ ਕੋਈ ਹੋਂਦ ਹੀ ਨਹੀਂ ਦਿਸਦੀ। ਸਰਕਾਰਾਂ ਦਾ ਮਨੁੱਖੀ ਆਧਾਰ ਹੀ ਨਹੀਂ ਦਿਸਦਾ। ਇਹ ਸ਼ਰਨਾਰਥੀ ਹਨ, ਸ਼ਰਨਾਰਥੀ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਭਾਰਤ ਸਰਕਾਰ ਵੀ ਇਨ੍ਹਾਂ ਨੂੰ ਘੁਸਪੈਠੀਏ ਨਹੀਂ, ਸਗੋਂ ਸ਼ਰਨਾਰਥੀ ਮੰਨਦੀ ਹੈ। ਸੰਯੁਕਤ ਰਾਸ਼ਟਰ ਸੰਘ ਵਲੋਂ ਐਲਾਨੀਆਂ ਸ਼ਰਨਾਰਥੀ ਸਹੂਲਤਾਂ ਲੈਣ ਦੇ ਇਹ ਅਧਿਕਾਰ ਰੱਖਦੇ ਹਨ ਪਰ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਸੰਘ ਵਲੋਂ ਐਲਾਨੀਆਂ ਸ਼ਰਨਾਰਥੀ ਸਹੂਲਤਾਂ ਨਹੀਂ ਮਿਲ ਰਹੀਆਂ, ਇਸ ਦਾ ਜਵਾਬ ਕੌਣ ਦੇਵੇਗਾ? ਇਨ੍ਹਾਂ ਨੂੰ ਕੌਣ ਦਿਵਾਏਗਾ ਸੰਯੁਕਤ ਰਾਸ਼ਟਰ ਸੰਘ ਦੀਆਂ ਐਲਾਨੀਆਂ ਸ਼ਰਨਾਰਥੀ ਸਹੂਲਤਾਂ? ਕੀ ਸੰਯੁਕਤ ਰਾਸ਼ਟਰ ਸੰਘ ਵੀ ਹਿੰਸਕ ਅਤੇ ਭਸਮਾਸੁਰ ਮਾਨਸਿਕਤਾ ਵਾਲੇ ਸ਼ਰਨਾਰਥੀਆਂ ਨੂੰ ਹੀ ਸੁਣਦਾ ਹੈ, ਮਦਦ ਕਰਦਾ ਹੈ?

ਉਹ ਸੰਘਰਸ਼ ਕਰਦੇ-ਕਰਦੇ ਥੱਕ ਚੁੱਕੇ ਹਨ, ਕਦੀ ਇਨ੍ਹਾਂ ’ਤੇ ਪੁਲਸ ਦੀ ਮਾਰ ਅਤੇ ਕਦੇ ਇਨ੍ਹਾਂ ’ਤੇ ਪ੍ਰਸ਼ਾਸਨ ਦੀ ਮਾਰ, ਕਦੇ ਇਨ੍ਹਾਂ ’ਤੇ ਜ਼ਮੀਨ ਮਾਫੀਆ ਦੀ ਮਾਰ ਪੈਂਦੀ ਰਹਿੰਦੀ ਹੈ। ਹੁਣ ਤਾਂ ਇਨ੍ਹਾਂ ਨੂੰ ਜ਼ਮੀਨ ਮਾਫੀਆ ਵੀ ਬੇਘਰ ਕਰਨ ’ਤੇ ਤੁਲੇ ਹੋਏ ਹਨ। ਇਹ ਅਨਪੜ੍ਹ ਵੀ ਹਨ, ਇਸ ਲਈ ਸ਼ਰਨਾਰਥੀ ਹੱਕਾਂ ਪ੍ਰਤੀ ਵੀ ਇਨ੍ਹਾਂ ਦੀ ਜਾਣਕਾਰੀ ਬੜੀ ਕਮਜ਼ੋਰ ਹੈ। ਹੁਣ ਤਕ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਲਈ ਕਿਸੇ ਅਰਥ ਦੀਆਂ ਨਹੀਂ ਰਹੀਆਂ ਹਨ।

ਹਿੰਦੂ ਸ਼ਰਨਾਰਥੀਆਂ ਦੀ ਪੀੜ ਵੀ ਘੱਟ ਨਹੀਂ ਹੈ। ਹਿੰਦੂ ਸ਼ਰਨਾਰਥੀ ਕਹਿੰਦੇ ਹਨ ਕਿ ਅਸੀਂ ਪਾਕਿਸਤਾਨ ਨਹੀਂ ਮੰਗਿਆ ਸੀ, ਜਦੋਂਕਿ ਮਜ਼੍ਹਬ ਦੇ ਆਧਾਰ ’ਤੇ ਪਾਕਿਸਤਾਨ ਬਣ ਗਿਆ, ਤਦ ਭਾਰਤ ਅਤੇ ਪਾਕਿਸਤਾਨ ਨਾਲ ਆਬਾਦੀ ਤਬਾਦਲਾ ਕਿਉਂ ਨਹੀਂ ਹੋਇਆ? ਸਾਡੇ ਲਈ ਵੰਡ ਤੋਂ ਪਹਿਲਾਂ ਹੀ ਤਜਵੀਜ਼ਤ ਪਾਕਿਸਤਾਨ ਤੋਂ ਭਾਰਤੀ ਇਲਾਕੇ ਵਿਚ ਵਸਣ ਦਾ ਪ੍ਰਬੰਧ ਕਿਉਂ ਨਹੀਂ ਹੋਇਆ। ਸਾਨੂੰ ਭੇੜੀਆਂ ਦੇ ਦਰਮਿਆਨ ਰਹਿਣ ਲਈ ਛੱਡ ਦਿੱਤਾ ਗਿਆ ਸੀ। ਅਸੀਂ ਲੱਗਭਗ 73 ਸਾਲ ਇਨ੍ਹਾਂ ਭੇੜੀਆਂ ਦੇ ਦਰਮਿਆਨ ਕਿਵੇਂ ਰਹੇ ਹਾਂ, ਅਸੀਂ ਕਿਸ ਤਰ੍ਹਾਂ ਦੇ ਤਸ਼ੱਦਦ ਝੱਲੇ ਹਨ, ਅਸੀਂ ਕਿਸ ਤਰ੍ਹਾਂ ਤੰਗ-ਪ੍ਰੇਸ਼ਾਨ ਹੋਏ ਹਾਂ, ਸਾਡੇ ਲੱਖਾਂ-ਭੈਣਾਂ-ਭਰਾਵਾਂ ਨੂੰ ਕਿਸ ਤਰ੍ਹਾਂ ਆਪਣੇ ਧਰਮ ਤੋਂ ਬੇਮੁਖ ਹੋਣ ਲਈ ਮਜਬੂਰ ਕੀਤਾ ਗਿਆ, ਆਪਣੇ ਧਰਮ ਤੋਂ ਬੇਮੁਖ ਹੋਣ ਤੋਂ ਨਾਂਹ ਕਰਨ ਉੱਤੇ ਕਿਸ ਤਰ੍ਹਾਂ ਅੰਗ-ਭੰਗ ਕੀਤਾ ਗਿਆ, ਇੱਜ਼ਤ ਲੁੱਟੀ ਗਈ, ਇਹ ਵੀ ਦੁਨੀਆ ਤੋਂ ਲੁਕੀ ਹੋਈ ਗੱਲ ਨਹੀਂ ਹੈ। ਇਹ ਇਨ੍ਹਾਂ ਦੇ ਚਿੱਤ-ਚੇਤੇ ਵੀ ਨਹੀਂ ਹੈ। ਇਨ੍ਹਾਂ ਚੇਤਿਆਂ ਵਿਚ ਸੌ ਫੀਸਦੀ ਸੱਚਾਈ ਹੈ, ਇਕ ਮਜ਼੍ਹਬੀ ਦੇਸ਼ ਕਿਸ ਤਰ੍ਹਾਂ ਹਿੰਸਕ ਹੁੰਦਾ ਹੈ, ਕਿਸ ਤਰ੍ਹਾਂ ਗੈਰ-ਮਨੁੱਖੀ ਹੁੰਦਾ ਹੈ, ਕਿਸ ਤਰ੍ਹਾਂ ਏਕਾਤਮਕ ਸੋਚ ਨਾਲ ਗ੍ਰਸਤ ਹੁੰਦਾ ਹੈ, ਇਸ ਦਾ ਪ੍ਰਮਾਣ ਹੈੈ। ਵੰਡ ਦੇ ਸਮੇਂ ਕਤਲੇਆਮ ਨੂੰ ਕੌਣ ਭੁੱਲ ਸਕਦਾ ਹੈ? ਸਵਤੰਤਰ ਇਤਿਹਾਸਕਾਰ ਦੱਸਦੇ ਹਨ ਕਿ ਪਾਕਿਸਤਾਨ ਦੇ ਅੰਦਰ ਕੋਈ 8 ਲੱਖ ਤੋਂ ਵੱਧ ਹਿੰਦੂਆਂ ਦਾ ਕਤਲੇਆਮ ਹੋਇਆ ਸੀ। ਵੰਡ ਦੇ ਸਮੇਂ ਹਿੰਦੂਆਂ ਨੂੰ ਕਤਲੇਆਮ ਦਾ ਸ਼ਿਕਾਰ ਹੋਣ ਜਾਂ ਫਿਰ ਆਪਣਾ ਧਰਮ ਛੱਡ ਕੇ ਪਾਕਿਸਤਾਨ ਦਾ ਧਰਮ ਅਪਣਾਉਣ ਦਾ ਬਦਲ ਸੀ। ਇਸ ਦਾ ਬੁਰਾ ਨਤੀਜਾ ਇਹ ਹੋਇਆ ਕਿ ਲੱਖਾਂ ਹਿੰਦੂ ਡਰ-ਡਰ ਕੇ ਇਸਲਾਮ ਨੂੰ ਪ੍ਰਵਾਨ ਕਰਨ ਲਈ ਮਜਬੂਰ ਹੋਏ ਸਨ। ਜਦੋਂ ਮੈਂ ਪਾਕਿਸਤਾਨੀ ਿਹੰਦੂ ਸ਼ਰਨਾਰਥੀਆਂ ਦੇ ਮੂੰਹ ’ਚੋਂ ਭੇੜੀਆ ਸ਼ਬਦ ਸੁਣਿਆ, ਤਦ ਮੈਨੂੰ ਖਾਨ ਅਬਦੁਲ ਗੱਫਾਰ ਖਾਨ ਦੀ ਯਾਦ ਆਈ ਅਤੇ ਉਨ੍ਹਾਂ ਦੀ ਚਿੰਤਾ ਅਤੇ ਉਨ੍ਹਾਂ ਦੇ ਸ਼ਬਦ ਯਾਦ ਆ ਗਏ, ਜੋ ਮੈਂ ਇਤਿਹਾਸ ਵਿਚ ਪੜ੍ਹਿਆ ਸੀ। ਖਾਨ ਅਬਦੁਲ ਗੱਫਾਰ ਖਾਨ ਨੂੰ ਸਰਹੱਦੀ ਗਾਂਧੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਮਹਾਤਮਾ ਗਾਂਧੀ ਦੇ ਸਹਿਯੋਗੀ ਅਤੇ ਮਹਾਤਮਾ ਗਾਂਧੀ ਦੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਨਿਸ਼ਠਾ ਰੱਖਦੇ ਸਨ ਅਤੇ ਉਹ ਭਾਰਤ ਦੀ ਵੰਡ ਦੇ ਵਿਰੋਧੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮਜ਼੍ਹਬ ਦੇ ਆਧਾਰ ’ਤੇ ਬਣਿਆ ਪਾਕਿਸਤਾਨ ਕਿਤਿਓਂ ਵੀ ਨਿਆਂ-ਪਸੰਦ ਦੇਸ਼ ਨਹੀਂ ਬਣ ਸਕਦਾ ਸੀ। ਸਭ ਤੋਂ ਪਹਿਲਾਂ ਪਾਕਿਸਤਾਨ ਵਿਰੁੱਧ ਭੇੜੀਆ ਸ਼ਬਦ ਦੀ ਵਰਤੋਂ ਸਰਹੱਦੀ ਗਾਂਧੀ ਨੇ ਹੀ ਕੀਤੀ ਸੀ। ਉਦੋਂ ਮਹਾਤਮਾ ਗਾਂਧੀ ਸਮੇਤ ਹੋਰਨਾਂ ਆਗੂਆਂ ਦੇ ਵਿਰੁੱਧ ਗੁੱਸਾ ਪ੍ਰਗਟ ਕਰਦੇ ਹੋਏ ਸਰਹੱਦੀ ਗਾਂਧੀ ਨੇ ਕਿਹਾ ਸੀ ਕਿ ਸਾਨੂੰ ਭੇੜੀਆਂ ਦੇ ਦਰਮਿਆਨ ਛੱਡ ਦਿੱਤਾ ਗਿਆ। ਜਿਸ ਭੇੜੀਆ ਸ਼ਬਦ ਦੀ ਵਰਤੋਂ ਸਰਹੱਦੀ ਗਾਂਧੀ ਨੇ ਪਾਕਿਸਤਾਨੀ ਹੁਕਮਰਾਨਾਂ ਲਈ ਕੀਤੀ ਸੀ, ਉਹ ਭੇੜੀਆ ਵਾਲਾ ਸੱਚ ਸਾਬਿਤ ਹੋਇਆ। ਸਰਹੱਦੀ ਗਾਂਧੀ ਹੀ ਨਹੀਂ, ਸਗੋਂ ਪਾਕਿਸਤਾਨ ਦੀ ਧਾਰਨਾ ’ਚ ਠੀਕ ਨਾ ਬੈਠਣ ਵਾਲੇ ਦਾ ਹਿੰਸਕ ਭੈੜਾ ਨਤੀਜਾ ਝੱਲਣ ਲਈ ਮਜਬੂਰ ਹੋਣਾ ਪਿਆ। ਸਰਹੱਦੀ ਗਾਂਧੀ ਦੇ ਪੈਰੋਕਾਰਾਂ ਸਮੇਤ ਅਨੇਕਾਂ ਲੋਕਾਂ ਦੀ ਤਬਾਹੀ ਹੋਈ, ਖਾਸ ਕਰਕੇ ਹਿੰਦੂਆਂ ਦਾ ਕਤਲੇਆਮ ਹੋਇਆ, ਹਿੰਦੂਆਂ ਦੇ ਸਾਰੇ ਪ੍ਰਤੀਕਾਂ ਨੂੰ ਮਿਟਾਉਣ ਲਈ ਜੇਹਾਦ ਹੋਇਆ। ਇਹ ਜੇਹਾਦ ਸਿਰਫ ਮਜ਼੍ਹਬੀ ਸੰਗਠਨਾਂ ਦਾ ਨਹੀਂ ਸੀ, ਸਗੋਂ ਇਸ ਦੇ ਇਲਾਵਾ ਪਾਕਿਸਤਾਨ ਦੀ ਫੌਜ ਅਤੇ ਪਾਕਿਸਤਾਨ ਦੀ ਸਰਕਾਰ ਦੀ ਵੀ ਵੱਡੀ ਭੂਮਿਕਾ ਸੀ। ਇਹੀ ਕਾਰਣ ਹੈ ਕਿ ਗੈਰ-ਮੁਸਲਮਾਨਾਂ ਲਈ ਪਾਕਿਸਤਾਨ ਕਬਰਗਾਹ ਸਾਬਿਤ ਹੋਇਆ। ਜਦੋਂ ਪਾਕਿਸਤਾਨ ਬਣਿਆ ਸੀ, ਉਦੋਂ ਪਾਕਿਸਤਾਨ ਦੇ ਅੰਦਰ ਹਿੰਦੂਆਂ ਦੀ ਆਬਾਦੀ ਕੋਈ 30 ਫੀਸਦੀ ਦੇ ਲੱਗਭਗ ਸੀ, ਇਨ੍ਹਾਂ ’ਚੋਂ ਕੁਝ ਲੋਕ, ਜੋ ਬੜੇ ਰੱਜੇ-ਪੁੱਜੇ ਸਨ, ਉਹ ਬਟਵਾਰੇ ਤੋਂ ਪਹਿਲਾਂ ਹੀ ਭਾਰਤੀ ਇਲਾਕੇ ਵਿਚ ਆ ਕੇ ਵਸ ਗਏ ਸਨ ਪਰ ਬਹੁਤ ਸਾਰੇ ਹਿੰਦੂ ਭਾਰਤ ਨਹੀਂ ਆ ਸਕੇ ਸਨ। ਅੱਜ ਪਾਕਿਸਤਾਨ ਦੇ ਅੰਦਰ ਹਿੰਦੂ 2 ਫੀਸਦੀ ਤੋਂ ਵੀ ਘੱਟ ਹਨ। ਪਾਕਿਸਤਾਨ ਵਿਚ ਹਿੰਦੂਆਂ ਦੀ ਗਿਣਤੀ ਦਾ ਪਤਨ ਕੀ ਇਹ ਵਿਸ਼ਵਾਸ ਨਹੀਂ ਦਿੰਦਾ ਕਿ ਇਕ ਇਸਲਾਮਿਕ ਦੇਸ਼ ਵਿਚ ਗੈਰ-ਮੁਸਲਿਮ ਆਬਾਦੀ ਲਈ ਕੋਈ ਥਾਂ ਨਹੀਂ ਹੁੰਦੀ। ਇਸ ਦੇ ਉਲਟ ਭਾਰਤ ਵਿਚ ਦੇਖ ਲਓ। ਭਾਰਤ ਵਿਚ ਮੁਸਲਮਾਨਾਂ ਦੀ ਆਬਾਦੀ ਘਟਣ ਦੀ ਥਾਂ ਵਧੀ ਹੈ। ਬਟਵਾਰੇ ਦੇ ਸਮੇਂ ਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ ਮੁਸ਼ਕਿਲ ਨਾਲ 7 ਫੀਸਦੀ ਸੀ ਪਰ ਅੱਜ ਇਨ੍ਹਾਂ ਦੀ ਗਿਣਤੀ 20 ਫੀਸਦੀ ਉੱਤੇ ਪਹੁੰਚ ਚੁੱਕੀ ਹੈ।

ਅਜੇ ਪਾਕਿਸਤਾਨੀ ਹਿੰਦੂਆਂ ਨਾਲ ਜੁੜੇ ਹੋਏ 2 ਪ੍ਰਸੰਗ ਕਾਫੀ ਚਰਚਿਤ ਹੋਏ ਸਨ ਪਰ ਜੇਹਾਦੀ ਪਾਕਿਸਤਾਨ ਦਾ ਅਸਲੀ ਚਰਿੱਤਰ ਉਜਾਗਰ ਹੋਇਆ ਸੀ। ਇਕ ਪ੍ਰਸੰਗ ਕ੍ਰਿਕਟਰ ਦਾਨਿਸ਼ ਕਨੇਰੀਆ ਨਾਲ ਜੁੜਿਆ ਹੋਇਆ ਹੈ। ਕਨੇਰੀਆ ਦਾ ਹਿੰਦੂ ਹੋਣਾ ਉਨ੍ਹਾਂ ਲਈ ਕਾਲ ਹੋ ਗਿਆ ਸੀ, ਪਾਕਿਸਤਾਨ ਕ੍ਰਿਕਟ ਵਿਚ ਉਨ੍ਹਾਂ ਨੂੰ ਵਧਣ ਨਹੀਂ ਦਿੱਤਾ ਗਿਆ। ਪਾਕਿਸਤਾਨੀ ਕ੍ਰਿਕਟ ਟੀਮ ਦੇ ਮੈਂਬਰ ਉਨ੍ਹਾਂ ਨਾਲ ਅਪਮਾਨਜਨਕ ਵਤੀਰਾ ਕਰਦੇ ਸਨ ਜਾਂ ਸਲੂਕ ਕਰਦੇ ਸਨ। ਦੂਸਰਾ ਕਾਂਡ ਪਾਕਿਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਦੇ ਪਹਿਲੇ ਕਾਨੂੰਨ ਮੰਤਰੀ ਜੋਗਿੰਦਰ ਨਾਥ ਮੰਡਲ ਸਨ। ਇਹ ਵੰਡ ਦੀ ਥਿਊਰੀ ਨੂੰ ਪੂਰਾ ਕਰਨ ਵਾਲੇ ਮੁਹੰਮਦ ਜਿੱਨਾਹ ਦੇ ਸਹਿਯੋਗੀ ਸਨ। ਜੋਗਿੰਦਰ ਨਾਥ ਮੰਡਲ ਬੜੇ ਅਰਮਾਨ ਨਾਲ ਪਾਕਿਸਤਾਨ ਗਏ ਸਨ ਅਤੇ ਉਹ ਦਲਿਤ ਸਨ ਪਰ ਉਨ੍ਹਾਂ ਦਾ ਅਰਮਾਨ ਜੇਹਾਦੀ ਪਾਕਿਸਤਾਨੀ ਧਾਰਨਾ ਨੇ ਤੋੜ ਦਿੱਤਾ ਸੀ। ਕਾਨੂੰਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਹਰ ਥਾਂ ਨਿਰਾਦਰ ਹੁੰਦਾ ਸੀ, ਜੇਹਾਦੀ ਆਬਾਦੀ ਉਨ੍ਹਾਂ ਦੀ ਜਾਨ ਦੀ ਦੁਸ਼ਮਣ ਬਣ ਗਈ ਸੀ। ਹਾਰ ਕੇ ਜੋਗਿੰਦਰ ਨਾਥ ਮੰਡਲ ਨੂੰ ਪਾਕਿਸਤਾਨ ਤੋਂ ਭੱਜਣਾ ਪਿਆ ਸੀ ਅਤੇ ਉਹ ਜਿਸ ਇਸਲਾਮ ਵਿਚ ਸਹਿਣਸ਼ੀਲਤਾ ਦੇਖਦੇ ਸਨ, ਉਸੇ ਇਸਲਾਮ ਵਿਚ ਉਸ ਨੇ ਖੂਨੀ ਜੇਹਾਦ ਦੇਖਿਆ ਸੀ। ਜੋਗਿੰਦਰ ਨਾਥ ਮੰਡਲ ਦਾ ਪ੍ਰਸੰਗ ਪਾਕਿਸਤਾਨੀ ਬੁੱਧੀਜੀਵੀ ਅਤੇ ਪਾਕਿਸਤਾਨ ਦੇ ਜੇਹਾਦੀ ਅੱਤਵਾਦ ਅਤੇ ਖੂਨ-ਖਰਾਬੇ ਨੂੰ ਉਜਾਗਰ ਕਰਨ ਵਾਲੇ ਤਾਰੇਕ ਫਤਿਹ ਵਾਰ-ਵਾਰ ਉਠਾਉਂਦੇ ਹਨ।

ਸਵਾਲ ਇਹ ਨਹੀਂ ਹੈ ਕਿ ਨਰਿੰਦਰ ਮੋਦੀ ਦੇ ਨਵੇਂ ਨਾਗਰਿਕਤਾ ਕਾਨੂੰਨ ਨਾਲ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਵਿਚਾਲੇ ਖੁਸ਼ੀ ਦੀ ਲਹਿਰ ਹੈ, ਇਹ ਆਸ ਦਾ ਸੰਚਾਰ ਹੋਇਆ ਹੈ। ਇਕ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਨੇ ਆਪਣੀ ਬੱਚੀ ਦਾ ਨਾਂ ਨਾਗਰਿਕਤਾ ਵੀ ਰੱਖਿਆ ਹੈ, ਪਾਕਿਸਤਾਨ ਹਿੰਦੂ ਸ਼ਰਨਾਰਥੀ ਵਲੋਂ ਆਪਣੀ ਬੱਚੀ ਦਾ ਨਾਂ ਨਾਗਰਿਕਤਾ ਰੱਖਣ ਦਾ ਪ੍ਰਸੰਗ ਪੂਰੀ ਦੁਨੀਆ ’ਚ ਚਰਚਿਤ ਹੋਇਆ ਹੈ ਪਰ ਸਵਾਲ ਇਹ ਹੈ ਕਿ ਹੁਣ ਤਕ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਦੇ ਪ੍ਰਤੀ ਸੰਯੁਕਤ ਰਾਸ਼ਟਰ ਸੰਘ ਦਾ ਸ਼ਰਨਾਰਥੀ ਕਾਨੂੰਨ ਕਿਉਂ ਨਹੀਂ ਜਾਗਿਆ? ਸੰਯੁਕਤ ਰਾਸ਼ਟਰ ਸੰਘ ਇਨ੍ਹਾਂ ਨੂੰ ਸ਼ਰਨਾਰਥੀ ਦਾ ਅਧਿਕਾਰ ਦਿਵਾਉਣ ਲਈ ਕਿਉਂ ਨਹੀਂ ਅੱਗੇ ਆਇਆ? ਕੀ ਸੰਯੁਕਤ ਰਾਸ਼ਟਰ ਸੰਘ ਸਿਰਫ ਅਤੇ ਸਿਰਫ ਹਿੰਸਕ ਭਸਮਾਸੁਰ ਮਾਨਸਿਕਤਾ ਵਾਲੇ ਸ਼ਰਨਾਰਥੀਆਂ ਦੇ ਅੱਗੇ ਹੀ ਚਰਨ-ਵੰਦਨਾ ਕਰਦਾ ਹੈ? ਉਨ੍ਹਾਂ ਨੂੰ ਸ਼ਰਨਾਰਥੀ ਅਧਿਕਾਰ ਦਿਵਾਉਂਦਾ ਹੈ? ਪਾਕਿਸਤਾਨੀ ਹਿੰਦੂ ਸ਼ਰਨਾਰਥੀ ਸ਼ਾਂਤੀਪੂਰਵਕ ਰਹਿਣ ਵਾਲੇ ਹਨ, ਇਹ ਹਿੰਸਾ ਦੇ ਹੱਕ ਵਿਚ ਨਹੀਂ, ਇਹ ਹਿੰਸਕ ਹੋ ਕੇ ਦੂਜੇ ਧਰਮਾਂ ਦੇ ਲੋਕਾਂ ਦਾ ਸ਼ਿਕਾਰ ਨਹੀਂ ਕਰਦੇ, ਇਹ ਰੋਹਿੰਗਿਆ-ਬੰਗਲਾਦੇਸ਼ੀ ਘੁਸਪੈਠੀਆਂ ਵਾਂਗ ਚੋਰੀ, ਡਕੈਤੀ ਅਤੇ ਹੋਰ ਅਪਰਾਧਿਕ ਕਾਰਜ ਵਿਚ ਸ਼ਾਮਿਲ ਨਹੀਂ, ਇਸ ਲਈ ਇਨ੍ਹਾਂ ਦੀ ਅਣਦੇਖੀ ਹੋਈ ਹੈ, ਇਨ੍ਹਾਂ ਨੂੰ ਸ਼ਰਨਾਰਥੀ ਹੱਕਾਂ ਤੋਂ ਵਾਂਝਿਆਂ ਕੀਤਾ ਗਿਆ ਹੈ। ਮਨੁੱਖੀ ਆਧਾਰ ’ਤੇ ਇਨ੍ਹਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਪਰ ਦਿੱਲੀ ਦੀ ਸਰਕਾਰ ਅਤੇ ਕੇਂਦਰੀ ਸਰਕਾਰ ਨੇ ਵੀ ਅਜੇ ਤਕ ਕੋਈ ਮਨੁੱਖੀ ਪਹਿਲ ਤਕ ਨਹੀਂ ਕੀਤੀ। ਜ਼ਰੂਰੀ ਤੌਰ ’ਤੇ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ।

(guptvishnu@gmail.com)

Bharat Thapa

This news is Content Editor Bharat Thapa