ਦਿੱਲੀ ਨੂੰ ਬੀਮਾਰੀ ਵੰਡ ਰਹੀ ਹੈ ਹਿੰਡਨ ਨਦੀ

12/23/2023 4:31:45 PM

ਇਸ ਵਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਇੰਨਾ ਗੁੱਸਾ ਹੋਇਆ ਕਿ ਹਿੰਡਨ ਨਦੀ ’ਚ ਪ੍ਰਦੂਸ਼ਣ ਰੋਕਣ ’ਚ ਅਸਫਲਤਾ ਲਈ ਉੱਤਰ ਪ੍ਰਦੇਸ਼ ਦੇ 7 ਜ਼ਿਲਿਆਂ ’ਚ ਸਥਾਨਕ ਸਰਕਾਰਾਂ ਦੇ ਮੁੱਖ ਅਧਿਕਾਰੀਆਂ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦੇ ਦਿੱਤਾ। ਸ਼ਾਇਦ ਨਿਆਇਕ ਅਧਿਕਾਰੀ ਵੀ ਜਾਣਦੇ ਹੋਣਗੇ ਕਿ ਉਨ੍ਹਾਂ ਦੇ ਇਸ ਹੁਕਮ ’ਤੇ ਅਮਲ ਹੋਣਾ ਸੰਭਵ ਨਹੀਂ ਹੋਵੇਗਾ ਪਰ ਦੇਸ਼ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਗਠਿਤ ਇਸ ਅਦਾਲਤ ਦੇ ਅਧਿਕਾਰੀ ਹਿੰਡਨ ਦੀ ਵਿਗੜਦੀ ਹਾਲਤ ਅਤੇ ਸਰਕਾਰੀ ਕੋਤਾਹੀ ਤੋਂ ਇੰਨੇ ਦੁਖੀ ਹੋਏ ਕਿ ਇਸ ਹੁਕਮ ਰਾਹੀਂ ਗੁੱਸਾ ਕੱਢ ਦਿੱਤਾ।

ਦਿੱਲੀ ਨਾਲ ਲੱਗਦੇ ਪੱਛਮੀ ਉੱਤਰ ਪ੍ਰਦੇਸ਼ ’ਚ ਵਹਿਣ ਵਾਲੀ ਹਿੰਡਨ ਤੇ ਉਸ ਦੀਆਂ ਸਖਾ-ਸਹੇਲੀਆਂ ਕ੍ਰਿਸ਼ਨ ਅਤੇ ਕਾਲੀ ਨਦੀਆਂ ਦੇ ਹਾਲਾਤ ਹੁਣ ਇੰਨੇ ਖਰਾਬ ਹੋ ਗਏ ਹਨ ਕਿ ਉਸ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਸਹਾਰਨਪੁਰ, ਬਾਗਪਤ, ਮੇਰਠ, ਸ਼ਾਮਲੀ, ਮੁਜ਼ੱਫਰਨਗਰ ਅਤੇ ਗਾਜ਼ੀਆਬਾਦ ਦੇ ਪੇਂਡੂ ਇਲਾਕਿਆਂ ’ਚ ਨਦੀਆਂ ਨੇ ਭੂ-ਜਲ ਵੀ ਡੂੰਘਾਈ ਤੱਕ ਜ਼ਹਿਰ ਬਣਾ ਦਿੱਤਾ ਹੈ। ਅਕਤੂਬਰ 2016 ’ਚ ਹੀ ਐੱਨ. ਜੀ. ਟੀ. ਨੇ ਨਦੀ ਦੇ ਕਿਨਾਰੇ ਦੇ ਹਜ਼ਾਰਾਂ ਹੈਂਡਪੰਪ ਬੰਦ ਕਰ ਕੇ ਪਿੰਡਾਂ ’ਚ ਪਾਣੀ ਦੀ ਬਦਲਵੀਂ ਵਿਵਸਥਾ ਦਾ ਹੁਕਮ ਦਿੱਤਾ ਸੀ। ਹੈਂਡਪੰਪ ਤਾਂ ਕੁਝ ਬੰਦ ਵੀ ਹੋਏ ਪਰ ਬਦਲ ਨਾ ਮਿਲਣ ਤੋਂ ਮਜਬੂਰ ਪੇਂਡੂ ਉਹੀ ਜ਼ਹਿਰ ਪੀ ਰਹੇ ਹਨ। ਐੱਨ. ਜੀ. ਟੀ. ਨੇ ਇਹ ਮੰਨ ਹੀ ਲਿਆ ਹੈ ਕਿ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਧਰਾਤਲ ’ਤੇ ਕੋਈ ਕੰਮ ਹੋਇਆ ਹੀ ਨਹੀਂ।

ਹਿੰਡਨ ਨਦੀ ਬੇਸ਼ੱਕ ਹੀ ਉੱਤਰ ਪ੍ਰਦੇਸ਼ ’ਚ ਵਹਿੰਦੀ ਹੋਵੇ ਅਤੇ ਉਸ ਦੇ ਜ਼ਹਿਰੀਲੇ ਪਾਣੀ ਨੇ ਕੰਢੇ ’ਤੇ ਵਸੇ ਪਿੰਡਾਂ ’ਚ ਤਬਾਹੀ ਤਾਂ ਮਚਾ ਹੀ ਰੱਖੀ ਹੈ ਪਰ ਹੁਣ ਦਿੱਲੀ ਵੀ ਇਸ ਦੇ ਪ੍ਰਕੋਪ ਤੋਂ ਅਛੂਤੀ ਨਹੀਂ ਹੈ। ਅਗਸਤ 2018 ’ਚ ਐੱਨ. ਜੀ. ਟੀ. ਦੇ ਸਾਹਮਣੇ ਬਾਗਪਤ ਜ਼ਿਲੇ ਦੇ ਗਾਂਗਨੋਲੀ ਪਿੰਡ ਬਾਰੇ ਇਕ ਅਧਿਐਨ ਪੇਸ਼ ਕੀਤਾ ਗਿਆ ਜਿਸ ’ਚ ਦੱਸਿਆ ਗਿਆ ਕਿ ਪਿੰਡ ’ਚ ਹੁਣ ਤੱਕ 71 ਲੋਕ ਕੈਂਸਰ ਕਾਰਨ ਮਰ ਚੁੱਕੇ ਹਨ ਅਤੇ 47 ਹੋਰ ਅਜੇ ਵੀ ਇਸ ਦੀ ਲਪੇਟ ’ਚ ਹਨ। ਪਿੰਡ ’ਚ ਹਜ਼ਾਰ ਤੋਂ ਵੱਧ ਲੋਕ ਪੇਟ ਦੇ ਗੰਭੀਰ ਰੋਗਾਂ ਤੋਂ ਗ੍ਰਸਤ ਹਨ ਅਤੇ ਇਸ ਦਾ ਮੁੱਖ ਕਾਰਨ ਹਿੰਡਨ ਦਾ ਜ਼ਹਿਰ ਹੀ ਹੈ। ਇਸ ’ਤੇ ਐੱਨ. ਜੀ. ਟੀ. ਨੇ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਜਿਸ ਦੀ ਰਿਪੋਰਟ ਫਰਵਰੀ 2019 ’ਚ ਪੇਸ਼ ਕੀਤੀ ਗਈ।

ਇਸ ਰਿਪੋਰਟ ’ਚ ਦੱਸਿਆ ਗਿਆ ਕਿ ਹਿੰਡਨ ਤੇ ਉਸ ਦੀਆਂ ਸਹਾਇਕ ਨਦੀਆਂ ਦੇ ਪ੍ਰਦੂਸ਼ਣ ਲਈ ਮੁਜ਼ੱਫਰਨਗਰ, ਸ਼ਾਮਲੀ, ਮੇਰਠ, ਬਾਗਪਤ, ਗਾਜ਼ੀਆਬਾਦ ਅਤੇ ਗੌਤਮਬੁੱਧ ਨਗਰ ਜ਼ਿਲਿਆਂ ’ਚ ਅਣਸੋਧਿਆ ਸੀਵਰੇਜ ਅਤੇ ਉਦਯੋਗਿਕ ਕੂੜਾ ਜ਼ਿੰਮੇਵਾਰ ਹੈ। ਐੱਨ. ਜੀ. ਟੀ. ਨੇ ਉਦੋਂ ਹੁਕਮ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਿੰਡਨ ਦਾ ਪਾਣੀ ਘੱਟ ਤੋਂ ਘੱਟ ਨਹਾਉਣ ਦੇ ਕਾਬਲ ਤਾਂ ਹੋਵੇ। ਮਾਰਚ 2019 ’ਚ ਕਿਹਾ ਗਿਆ ਕਿ ਇਸ ਲਈ ਇਕ ਠੋਸ ਕਾਰਜ ਯੋਜਨਾ 6 ਮਹੀਨੇ ’ਚ ਪੇਸ਼ ਹੋਵੇ। ਸਮਾਂ ਹੱਦ ਨਿਕਲਿਆਂ 3 ਸਾਲ ਬੀਤ ਗਏ, ਗੱਲ ਕਾਗਜ਼ੀ ਘੋੜਿਆਂ ਤੋਂ ਅੱਗੇ ਵਧੀ ਹੀ ਨਹੀਂ।

ਗੌਰ ਕਰਨ ਵਾਲੀ ਗੱਲ ਹੈ ਕਿ ਹਿੰਡਨ ਦਾ ਜ਼ਹਿਰ ਹੁਣ ਦਿੱਲੀ ਲਈ ਵੀ ਕਾਲ ਬਣ ਰਿਹਾ ਹੈ। ਗੰਗਾ-ਯਮੁਨਾ ਦੀ ਦੋਆਬ ਦੀ ਉਪਜਾਊ ਜ਼ਮੀਨ ਤੋਂ ਹੀ ਦਿੱਲੀ ਦੀ ਸੁਰਸਾਮੁਖ ਆਬਾਦੀ ਦੀਆਂ ਫਲ-ਸਬਜ਼ੀ, ਅਨਾਜ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਸਿੰਚਾਈ ’ਚ ਵਰਤੇ ਜਾਂਦੇ ਹਿੰਡਨ ਦੇ ਜ਼ਹਿਰੀਲੇ ਪਾਣੀ ਨਾਲ ਖਾਧ ਪਦਾਰਥਾਂ ਰਾਹੀਂ ਦਿੱਲੀ ਵਾਲਿਆਂ ਤੱਕ ਕਈ ਬੀਮਾਰੀਆਂ ਪਹੁੰਚ ਰਹੀਆਂ ਹਨ।

ਅਜਿਹੀਆਂ ਕਈ ਰਿਪੋਰਟਾਂ ਸਰਕਾਰੀ ਬਸਤਿਆਂ ’ਚ ਜਜ਼ਬ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਹਿੰਡਨ ਨਦੀ ਦੇ ਪਾਣੀ ਨੂੰ ਪਾਣੀ ਨਹੀਂ ਸਗੋਂ ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਨ ਕਹਿਣਾ ਬਿਹਤਰ ਹੋਵੇਗਾ। ਪਾਣੀ ’ਚ ਆਕਸੀਜਨ ਜ਼ੀਰੋ ਹੈ। ਪਾਣੀ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜੀਵ-ਜੰਤੂ ਬਚਿਆ ਨਹੀਂ ਹੈ। ਜੇ ਪਾਣੀ ’ਚ ਆਪਣਾ ਹੱਥ ਡੁਬੋ ਦੇਈਏ ਤਾਂ ਇਸ ਨਾਲ ਚਮੜੀ ਰੋਗ ਹੋ ਸਕਦਾ ਹੈ ਅਤੇ ਜੇ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਹੈਪੇਟਾਈਟਿਸ ਜਾਂ ਕੈਂਸਰ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਹਿੰਡਨ ਨੂੰ ਸੀਵਰ ਤੋਂ ਰਿਵਰ ਬਣਾਉਣ ਲਈ ਭਾਵੇਂ ਹੀ ਐੱਨ. ਜੀ. ਟੀ. ਖੂਬ ਹੁਕਮ ਦੇਵੇ ਪਰ ਨੀਤੀ-ਨਿਰਮਾਤਾਵਾਂ ਨੂੰ ਹਿੰਡਨ ਦੀਆਂ ਮੂਲ ਸਮੱਸਿਆਵਾਂ ਨੂੰ ਸਮਝਣਾ ਪਵੇਗਾ। ਇਕ ਤਾਂ ਇਸ ਦੇ ਕੁਦਰਤੀ ਮਾਰਗ ਨੂੰ ਬਦਲਣਾ, ਦੂਜਾ ਇਸ ’ਚ ਸ਼ਹਿਰੀ ਅਤੇ ਉਦਯੋਗਿਕ ਨਾਲਿਆਂ ਦਾ ਮਿਲਣਾ, ਤੀਜਾ ਇਸ ਦੇ ਜਲਗ੍ਰਹਿਣ ਖੇਤਰ ਨੂੰ ਸੰਭਾਲਣਾ ਇਨ੍ਹਾਂ ਤਿੰਨਾਂ ’ਤੇ ਇਕੱਠੇ ਕੰਮ ਕੀਤੇ ਬਗੈਰ ਨਦੀ ਦਾ ਬਚਣਾ ਮੁਸ਼ਕਲ ਹੈ।

ਪੰਕਜ ਚਤੁਰਵੇਦੀ

Tanu

This news is Content Editor Tanu