ਵਧਦਾ ਜਾ ਰਿਹਾ ਹੈ ਆਨਲਾਈਨ ਪਿਆਰ ਦਾ ਖੁਮਾਰ

07/05/2023 5:00:10 PM

ਅੱਜਕੱਲ ਸੋਸ਼ਲ ਮੀਡੀਆ ਪਲੇਟਫਾਰਮ ਦੱਸ ਰਹੇ ਹਨ ਕਿ ਦੇਸ਼ ’ਚ ਡੇਟਿੰਗ ਐਪਸ ਰਾਹੀਂ ਵਿਆਹੁਤਾ ਲੋਕਾਂ ’ਚ ਆਨਲਾਈਨ ਪਿਆਰ ਦਾ ਖੁਮਾਰ ਵਧਦਾ ਜਾ ਰਿਹਾ ਹੈ। ਕੁਝ ਰਿਪੋਰਟਾਂ ਅਨੁਸਾਰ, ਔਰਤਾਂ ਇਸ ’ਚ ਬਹੁਤ ਅੱਗੇ ਨਿਕਲ ਚੁੱਕੀਆਂ ਹਨ। ਮਰਿਆਦਾ ਤੋੜਨ ਦੀ ਲਲਕ, ਨਵੀਆਂ-ਨਵੀਆਂ ਜਿਗਿਆਸਾਵਾਂ ਅਤੇ ਦੱਬੀਆਂ ਇੱਛਾਵਾਂ ਅਤੇ ਕਥਿਤ ਨਿਰਾਸ਼ਾ ਨੂੰ ਭਰਨ ਲਈ ਸੌਖਾ ਸਾਧਨ ਮੁਹੱਈਆ ਕਰਾਉਣ ਦੇ ਵਾਅਦੇ ਨਾਲ ਡੇਟਿੰਗ ਐਪਸ ਦਾ ਬਾਜ਼ਾਰ ਹੁਣ ਦੇਸ਼ ਦੇ ਕਸਬਿਆਂ ਅਤੇ ਦੂਰ-ਦੁਰੇਡੇ ਇਲਾਕਿਆਂ ਤੱਕ ਫੈਲ ਚੁੱਕਾ ਹੈ।

ਹਾਲ ਦੇ ਦੌਰ ’ਚ ਗੈਰ-ਮਰਿਆਦਤ ਰਿਸ਼ਤਿਆਂ ਦੀ ਭਾਲ ਦੇ ਕਾਰੋਬਾਰੀਕਰਨ ਦਾ ਨਜ਼ਾਰਾ ਦੇਸ਼ ਦੇ ਸ਼ਹਿਰਾਂ ਅਤੇ ਰੇਲ ਲਾਈਨਾਂ ਦੇ ਕੰਢਿਆਂ ’ਤੇ ਕੰਧ ’ਤੇ ਲਿਖੇ ਇਸ਼ਤਿਹਾਰਾਂ ’ਚ ਦੇਖਿਆ ਜਾ ਸਕਦਾ ਸੀ ਕਿ ‘ਇਕ ਵਾਰ ਮਿਲ ਤਾਂ ਲਓ।’ ਹੁਣ ਕਈ ਡੇਟਿੰਗ ਐਪਸ ਨੇ ਇਸ ਨੂੰ ਬਾਕਾਇਦਾ ਸੰਗਠਿਤ ਕਾਰੋਬਾਰ ਅਤੇ ਬਾਜ਼ਾਰ ਦੀ ਸ਼ਕਲ ਦੇ ਦਿੱਤੀ ਹੈ। ਇਹ ਐਪਸ ਬਾਜ਼ਾਰ ਬਣਾਉਣ ਦੀਆਂ ਕਈ ਮਾਰਕੀਟਿੰਗ ਰਣਨੀਤੀਆਂ ਬਣਾ ਰਹੇ ਹਨ ਅਤੇ ਦੱਬੀਆਂ-ਲੁਕੀਆਂ ਲਾਲਸਾਵਾਂ, ਵਾਸਨਾਵਾਂ ਲਈ ਮੌਕੇ ਮੁਹੱਈਆ ਕਰ ਰਹੇ ਹਨ। ਵਿਆਹੁਤਾ ਲਈ ਬਣੇ ਡੇਟਿੰਗ ਐਪਸ ਉਨ੍ਹਾਂ ਲੋਕਾਂ ਲਈ ਵੀ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ ਜਿਨ੍ਹਾਂ ਨੂੰ ਹੁਣ ਤਕ ਵਿਆਹ ਸਿਰਫ ‘ਨਿਭਾਉਣ’ ਦੀ ਗੱਲ ਲੱਗਦੀ ਸੀ। ਇਹ ਪੇਸ਼ਕਸ਼ ਵੀ ਹੈ ਕਿ ਬਿਨਾਂ ਮਿਲੇ ਸਿਰਫ ਗੱਲ ਜਾਂ ਚੈਟ ਕਰ ਕੇ (ਸੈਕਸਟਿੰਗ ਜਾਂ ਫਿਰ ਸੈਕਸ ਚੈਟ) ਵੀ ਤਸੱਲੀ ਪਾ ਸਕਦੇ ਹੋ। ਇਹ ਐਪਸ ਇੰਟਰਨੈੱਟ ਅਤੇ ਸਮਾਰਟਫੋਨ ਦੇ ਦੌਰ ’ਚ ਮਹਾਨਗਰਾਂ ਤੋਂ ਅੱਗੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਅਤੇ ਦੂਰ-ਦੁਰੇਡੇ ਦੇ ਇਲਾਕਿਆਂ ’ਚ ਬਾਜ਼ਾਰ ਲੱਭ ਰਹੇ ਹਨ।

ਕੁਝ ਇਕ ਦਾਅਵਿਆਂ ਦੀ ਮੰਨੀਏ ਤਾਂ ਦੂਜੇ-ਤੀਜੇ ਦਰਜੇ ਦੇ ਸ਼ਹਿਰਾਂ ’ਚ ਵਿਆਹੁਤਾ ਸੈਕਸ ਇੱਛਾਵਾਂ ਦੀ ਪੂਰਤੀ ਦੀ ਖਿੱਚ ਤੇਜ਼ੀ ਨਾਲ ਵਧ ਰਹੀ ਹੈ। ਵਿਆਹੁਤਾ ਲੋਕਾਂ ਲਈ ਬਣਾਏ ਗਏ ਇਕ ਡੇਟਿੰਗ ਐਪ ਦਾ ਤਾਂ ਦਾਅਵਾ ਹੈ ਕਿ ਫਿਲਹਾਲ 20 ਲੱਖ ਲੋਕ ਉਸ ਦੇ ਐਕਟਿਵ ਯੂਜ਼ਰ ਹਨ। ਹਾਲ ’ਚ ਇਕ ਸਰਵੇਖਣ ਰਾਹੀਂ ਇਕ ਐਪ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਹਾਨਗਰਾਂ (ਟੀਅਰ-1) ’ਚ 58 ਫੀਸਦੀ ਲੋਕਾਂ ਨੇ ਵਿਆਹੁਤਾ ਸਬੰਧਾਂ ਦੀ ਗੱਲ ਕਬੂਲੀ ਜਦਕਿ ਟੀਅਰ-2, 3 ਸ਼ਹਿਰਾਂ ’ਚ 56 ਫੀਸਦੀ ਲੋਕ ਇਸ ਦੇ ਹੱਕ ’ਚ ਹਨ। ਕਥਿਤ ਤੌਰ ’ਤੇ 1500 ਲੋਕਾਂ ਦਾ ਇਹ ਸਰਵੇ ਦੇਸ਼ ਦੇ 12 ਸ਼ਹਿਰਾਂ ’ਚ ਕੀਤਾ ਗਿਆ। ਇਕ ਰਿਪੋਰਟ ਮੁਤਾਬਕ ਆਨਲਾਈਨ ਡੇਟਿੰਗ ਐਪਸ ਦੀ ਵਰਤੋਂ ਦੇ ਮਾਮਲੇ ’ਚ ਭਾਰਤ ਚੋਟੀ ਦੇ ਪੰਜ ਦੇਸ਼ਾਂ ’ਚ ਸ਼ਾਮਲ ਹੈ।

ਡੇਟਿੰਗ ਵਿਵਹਾਰ ’ਤੇ ਕੀਤੇ ਗਏ ਇਕ ਹੋਰ ਸਰਵੇ ਤੋਂ ਸਾਹਮਣੇ ਆਇਆ ਹੈ ਕਿ ਦਰਮਿਆਨੇ ਅਤੇ ਛੋਟੇ ਸ਼ਹਿਰਾਂ ’ਚ ਇਸ ਦੀ ਖਿੱਚ ਵਧ ਰਹੀ ਹੈ। ਦੂਜਾ ਹੈਰਾਨ ਕਰਨ ਵਾਲਾ ਸੰਕੇਤ ਇਹ ਹੈ ਕਿ ਵਿਆਹੁਤਾ ਜਾਂ ਇਕ ਤੋਂ ਵੱਧ ਸਬੰਧਾਂ ਦੀ ਖਿੱਚ ਦੇ ਮਾਮਲੇ ’ਚ ਔਰਤਾਂ ਲਗਭਗ ਮਰਦਾਂ ਦੇ ਬਰਾਬਰ ਹਨ।

ਡੇਟਿੰਗ ਐਪਸ ਦੀ ਪਾਪੂਲੈਰਿਟੀ ’ਚ ਬੇਵਫਾਈ ਦੀ ਇਨਸਾਨੀ ਫਿਤਰਤ ਦੀ ਮਹੱਤਵਪੂਰਨ ਭੂਮਿਕਾ ਹੈ। ਮਨੋਵਿਗਿਆਨਕ ਕਹਿੰਦੇ ਹਨ ਕਿ ਬੇਵਫਾਈ ਵੱਖਰਾ ਰੋਮਾਂਚ ਅਤੇ ਦਿਲਚਸਪੀ ਜਗਾਉਂਦੀ ਹੈ। ਬਾਲੀਵੁੱਡ ਦਾ ਵੀ ਇਹ ਮਨਪਸੰਦ ਵਿਸ਼ਾ ਰਿਹਾ ਹੈ ਪਰ ਡੇਟਿੰਗ ਐਪਸ ਹੁਣ ‘ਤੁਮਨੇ ਕਿਸੀ ਸੇ ਕਭੀ ਪਿਆਰ ਕੀਯਾ ਹੈ’ ਦੇ ਪ੍ਰਗਟਾਵੇ ਨੂੰ ‘ਹਾਈਟੈੱਕ ਅਤੇ ਡਿਜੀਟਲ’ ਬਣਾ ਰਹੇ ਹਨ। ਇਨ੍ਹਾਂ ਡੇਟਿੰਗ ਐਪਸ ’ਤੇ ਵਿਆਹ ਪਿੱਛੋਂ ਕਿਸੇ ਵੀ ਕਾਰਨ ਸਾਥੀ ਨਾਲ ਤਸੱਲੀ ਨਾ ਹੋਣ ’ਤੇ ਨਿੱਜਤਾ ਦੇ ਖਿਆਲ ਦੇ ਨਾਲ-ਨਾਲ ਕਿਸੇ ਆਪਣੇ ਵਰਗੇ ਨੂੰ ਲੱਭਿਆ ਜਾ ਸਕਦਾ ਹੈ।

ਅਸਲ ’ਚ ‘ਮੂਵ ਆਨ’ ਪੀੜ੍ਹੀ ਨੇ ਰਿਸ਼ਤੇ ਟੁੱਟਣ ਜਾਂ ਜੁੜਨ ਦੇ ਤਣਾਅ ਨੂੰ ਇਕ ਝਟਕੇ ’ਚ ਦੂਰ ਸੁੱਟ ਦਿੱਤਾ ਹੈ। ਸਿਰਫ ਅਸੰਤੁਸ਼ਟ ਵਿਆਹੁਤਾ ਲੋਕਾਂ ਲਈ ਬਾਜ਼ਾਰ ’ਚ ਉਤਾਰੇ ਗਏ ਇਕ ਐਪ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਪ੍ਰੋਫਾਈਲ ਸਿਲੈਕਸ਼ਨ ਪਾਲਿਸੀ ਬਹੁਤ ਸਖਤ ਹੈ, ਉਹ ਲੋਕ ਸਿਰਫ ਅਸਲੀ ਲੋਕਾਂ ਨੂੰ ਹੀ ਮੰਚ ਮੁਹੱਈਆ ਕਰਾਉਂਦੇ ਹਨ। ਅਜਿਹਾ ਦੇਖਿਆ ਜਾ ਰਿਹਾ ਹੈ ਕਿ ਔਰਤਾਂ ’ਤੇ ਫੋਕਸ ਰੱਖਣ ਵਾਲੇ ਅਨੇਕ ਡੇਟਿੰਗ ਐਪਸ ’ਤੇ ਨਾ ਮਿਲਣ ਵਾਲੀ ਘਬਰਾਹਟ ਹੁੰਦੀ ਹੈ, ਨਾ ਕੋਈ ਹੱਦਬੰਦੀ, ਨਾ ਪਹਿਲੀ ਨਜ਼ਰ ਦਾ ਜਨੂੰਨ, ਇਸ ਲਈ ਭਾਵੇਂ ਜਿੰਨੇ ਮਰਜ਼ੀ ਲੋਕਾਂ ਨਾਲ ਚੈਟ ਕਰੋ ਅਤੇ ਫਿਰ ਇਕ ਦਿਨ ਬੇਕਾਬੂ ਧੜਕਣਾਂ ਨਾਲ ਕਿਤੇ ਮਿਲ ਕੇ ਜੋ ਚਾਹੇ ਕਰੋ।

ਪਿਛਲੇ ਕੁਝ ਸਾਲਾਂ ’ਚ, ਖਾਸ ਕਰ ਕੇ ਕੋਵਿਡ ਮਹਾਮਾਰੀ ਪਿੱਛੋਂ, ਹੈਰਾਨੀਜਨਕ ਤੌਰ ’ਤੇ ਭੋਪਾਲ, ਗੁਰੂਗ੍ਰਾਮ, ਵਡੋਦਰਾ, ਨਵੀਂ ਮੁੰਬਈ, ਕੋਚੀ, ਠਾਣੇ, ਦੇਹਰਾਦੂਨ, ਪਟਨਾ, ਨਾਸਿਕ ਅਤੇ ਗੁਹਾਟੀ ਵਰਗੇ ਟੀਅਰ-2 ਸ਼ਹਿਰਾਂ ’ਚ ਰਿਸ਼ਤਿਆਂ ’ਚ ਰਹਿੰਦਿਆਂ ਰਿਸ਼ਤੇ ਲੱਭਣ ਦਾ ਹੜ੍ਹ ਜਿਹਾ ਆ ਗਿਆ ਹੈ। ਇਕ ਸਰਵੇ ਦੱਸਦਾ ਹੈ ਕਿ 67 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਵੀ ਇਕ ਵਾਰ ਕਿਸੇ ਹੋਰ ਨਾਲ ਜਾਣਾ ਚਾਹੁਣਗੇ। ਇਸ ’ਚ ਸਰੀਰਕ ਖਿੱਚ ਪ੍ਰਮੁੱਖ ਹੁੰਦੀ ਹੈ। ਵਿਦਵਾਨ ਕਹਿੰਦੇ ਹਨ ਕਿ ਸਰੀਰ ਦੇ ਨਾਲ ਪ੍ਰੇਮ ਹੋਵੇ, ਇਹ ਜ਼ਰੂਰੀ ਨਹੀਂ ਪਰ ਪ੍ਰੇਮ ਨਾਲ ਸਰੀਰ ਦਾ ਹੋਣਾ ਜ਼ਰੂਰੀ ਹੈ।

ਕੌੜੀ ਗੱਲ ਕਹਾਂਗਾ ਕਿ ਭਾਰਤ ’ਚ ਵਿਆਹੁਤਾ ਲੋਕਾਂ ਲਈ ਬਣੇ ਡੇਟਿੰਗ ਐਪਸ ਨੇ ਜਿਸ ਤਰ੍ਹਾਂ ਇੱਥੇ ਲੋਕਾਂ ਦੇ ਮੋਬਾਈਲ ’ਚ ਥਾਂ ਬਣਾਈ ਹੈ, ਜਿਸ ਲਈ ਵਿਆਹ ਤੋਂ ਪੈਦਾ ਬੋਰਿੰਗ ਵੱਡੀ ਭੂਮਿਕਾ ਨਿਭਾਅ ਰਹੀ ਹੈ, ਯਕੀਨ ਮੰਨੋ, ਹੁਣ ਤਾਂ ਦਿਲ ’ਚ ਉਸੇ ਲਈ ਥਾਂ ਹੁੰਦੀ ਹੈ ਜਿਸ ਲਈ ਮੋਬਾਈਲ ’ਚ ਥਾਂ ਹੈ। ਜਿਨ੍ਹਾਂ ਲੋਕਾਂ ਲਈ ਵਿਆਹੁਤਾ ਸਬੰਧ ਰੱਖਣਾ ਇੱਥੇ ਹੁਣ ਸਾਥੀ ਨੂੰ ਧੋਖਾ ਦੇਣਾ ਨਹੀਂ ਰਹਿ ਗਿਆ, ਅਜਿਹੇ ਲੋਕਾਂ ਲਈ ਡੇਟਿੰਗ ਐਪਸ ਮਾਸਟਰ ਚਾਬੀਆਂ ਹਨ।

ਸਮਾਜ ਸ਼ਾਸਤਰੀਆਂ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਕੀ ਅਸੀਂ ਮੰਨ ਸਕਦੇ ਹਾਂ ਕਿ ਡੇਟਿੰਗ ਐਪਸ ਰਾਹੀਂ ਸੱਚਾ ਪਿਆਰ ਮਿਲ ਸਕਦਾ ਹੈ? ਕਈ ਮਨੋਵਿਗਿਆਨੀ ਤਾਂ ਇਸ ਗੱਲ ’ਤੇ ਸਹਿਮਤ ਨਹੀਂ ਹਨ। ਉਨ੍ਹਾਂ ਮੁਤਾਬਕ ਆਨਲਾਈਨ ਸੱਚਾ ਪ੍ਰੇਮ ਇਕ ‘ਯੂਟੋਪੀਆ’ ਹੈ। ਯੂਟੋਪੀਆ ਇਕ ਅਜਿਹੇ ਬਦਲਵੇਂ ਸਮਾਜ ਨੂੰ ਕਿਹਾ ਜਾਂਦਾ ਹੈ ਜਿੱਥੇ ਸਭ ਕੁਝ ਪਰਫੈਕਟ (ਉੱਤਮ) ਹੋਵੇ। ਬਸ ਇੱਥੇ ਸਬੰਧਾਂ ਦੀਆਂ ਰੇਖਾਵਾਂ ਧੁੰਦਲੀਆਂ ਹੋਣ ਲੱਗਦੀਆਂ ਹਨ। ਆਨਲਾਈਨ ਮਿਲਣ ਵਾਲਾ ਪ੍ਰੇਮ ਅਤੇ ਚੰਗੀਆਂ-ਮਿੱਠੀਆਂ ਗੱਲਾਂ, ਵਾਅਦੇ ਸੁਰੱਖਿਆ ਦੀ ਅਜਿਹੀ ਭਾਵਨਾ ਭਰ ਦਿੰਦੇ ਹਨ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੁੰਦੀ। ਇਸ ’ਚ ਜ਼ਰਾ ਵੀ ਸ਼ਰਮ ਨਹੀਂ ਹੁੰਦੀ ਕਿਉਂਕਿ ਸ਼ਾਇਦ ਆਨਲਾਈਨ ਪ੍ਰੇਮ ਦਾ ਇਜ਼ਹਾਰ ਇਕ ਦਿਮਾਗੀ ਫਤੂਰ ਦੇ ਸਿਵਾਏ ਕੁਝ ਵੀ ਨਹੀਂ।

ਡਾ. ਵਰਿੰਦਰ ਭਾਟੀਆ

Rakesh

This news is Content Editor Rakesh