ਛਾਲਾਂ ਮਾਰ ਕੇ ਵਧ ਰਹੀਆਂ ਸੋਨੇ ਦੀਆਂ ਕੀਮਤਾਂ

08/14/2019 7:15:11 AM

ਡਾ. ਜੈਅੰਤੀ ਲਾਲ ਭੰਡਾਰੀ
ਹਾਲ ਹੀ ’ਚ ਪ੍ਰਕਾਸ਼ਿਤ ਵਰਲਡ ਗੋਲਡ ਕੌਂਸਲ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ਤੋਂ ਦੁਨੀਆ ਦੇ ਪ੍ਰਮੁੱਖ ਦੇਸ਼ ਅਤੇ ਵੱਡੇ ਨਿਵੇਸ਼ਕ ਸੋਨੇ ਦੀ ਰਿਕਾਰਡ ਖਰੀਦਦਾਰੀ ਕਰਦੇ ਦਿਖਾਈ ਦੇ ਰਹੇ ਹਨ। ਅਸਲ ਵਿਚ ਇਸ ਸਮੇਂ ਦੁਨੀਆ ਦੇ ਕਈ ਪ੍ਰਮੁੱਖ ਦੇਸ਼ ਅਮਰੀਕੀ ਡਾਲਰ ਦੀ ਧਮਕ ਘੱਟ ਕਰਨ ਲਈ ਆਪਣੇ ਰਿਜ਼ਰਵ ’ਚ ਡਾਲਰ ਦੇ ਮੁਕਾਬਲੇ ਸੋਨੇ ਦਾ ਨਿਵੇਸ਼ ਵਧਾ ਰਹੇ ਹਨ। ਅਜਿਹ ਹਾਲਤ ਵਿਚ ਦੁਨੀਆ ’ਚ ਸੋਨੇ ਵਿਚ ਤੂਫਾਨੀ ਤੇਜ਼ੀ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਸੋਨੇ ਦੀਆਂ ਕੀਮਤਾਂ ਭਾਰਤ ਵਿਚ ਵੀ 6 ਸਾਲ ਦੀ ਉਚਾਈ ’ਤੇ ਪਹੁੰਚ ਗਈਆਂ ਹਨ। 10 ਅਗਸਤ ਨੂੰ ਸੋਨੇ ਦੀ ਕੀਮਤ ਸੰਸਾਰਕ ਬਾਜ਼ਾਰ ’ਚ 1507 ਡਾਲਰ ਪ੍ਰਤੀ ਅੌਂਸ ਦਿਖਾਈ ਦਿੱਤੀ, ਉਥੇ ਹੀ ਇਹ ਭਾਰਤੀ ਬਾਜ਼ਾਰ ਵਿਚ 38000 ਪ੍ਰਤੀ 10 ਗ੍ਰਾਮ ਦੀ ਉਚਾਈ ’ਤੇ ਪਹੁੰਚ ਗਈ।

ਇਸ ਸਮੇਂ ਦੁਨੀਆ ’ਚ ਸੋਨੇ ਦੀਆਂ ਕੀਮਤਾਂ ਵਧਣ ਦੇ ਚਾਰ ਪ੍ਰਮੁੱਖ ਕਾਰਣ ਦਿਖਾਈ ਦੇ ਰਹੇ ਹਨ। ਇਕ, ਦੁਨੀਆ ਦੇ ਕੇਂਦਰੀ ਬੈਂਕਾਂ ਵਲੋਂ ਡਾਲਰ ਦੀ ਤੁਲਨਾ ’ਚ ਸੋਨੇ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਉਹ ਸੋਨੇ ਦੀ ਖਰੀਦਦਾਰੀ ਵਧਾ ਰਹੇ ਹਨ। ਦੋ, ਅਮਰੀਕਾ ਅਤੇ ਚੀਨ ਵਿਚਾਲੇ ਵਧਦੀ ਟ੍ਰੇਡਵਾਰ ਕਾਰਣ ਸੰਸਾਰਕ ਮੰਦੀ ਦਾ ਡਰ ਸਤਾ ਰਿਹਾ ਹੈ। ਅਜਿਹੀ ਹਾਲਤ ਵਿਚ ਨਿਵੇਸ਼ਕ ਸੋਨੇ ਦੀ ਖਰੀਦਦਾਰੀ ਨੂੰ ਢੁੱਕਵਾਂ ਮੰਨ ਰਹੇ ਹਨ। ਤਿੰਨ, ਅਮਰੀਕਾ ਵਿਚ ਵਿਆਜ ਦਰਾਂ ਘਟਣ ਦੀ ਸੰਭਾਵਨਾ ਨਾਲ ਡਾਲਰ ਕਮਜ਼ੋਰ ਹੋਇਆ ਹੈ ਅਤੇ ਇਸ ਨਾਲ ਸੋਨੇ ਦੀ ਚਮਕ ਤੇਜ਼ ਹੋਈ ਹੈ। ਚੌਥਾ, ਚੀਨੀ ਮੁਦਰਾ ਦੀ ਡੀਵੈਲਿਊਏਸ਼ਨ ਨਾਲ ਮੁਦਰਾ ਬਾਜ਼ਾਰ ’ਚ ਅਨਿਸ਼ਚਿਤਤਾ ਵਧੀ ਹੈ। ਇਨ੍ਹਾਂ ਚਾਰ ਕਾਰਣਾਂ ਤੋਂ ਇਲਾਵਾ ਭਾਰਤ ਵਿਚ ਸੋਨੇ ਦੀ ਕੀਮਤ ਵਧਣ ਦੇ ਦੋ ਹੋਰ ਕਾਰਣ ਵੀ ਹਨ। ਇਨ੍ਹਾਂ ’ਚੋਂ ਇਕ ਕਾਰਣ 5 ਜੁਲਾਈ ਨੂੰ ਐਲਾਨੇ ਸਾਲ 2019-20 ਦੇ ਬਜਟ ’ਚ ਸੋਨੇ ’ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤਾ ਜਾਣਾ ਹੈ ਅਤੇ ਦੂਜਾ ਕਾਰਣ ਕਰੰਸੀ ਮਾਰਕੀਟ ’ਚ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਇਆ ਹੈ।

ਭਾਵੇਂ ਭਾਰਤ ’ਚ ਸੋਨੇ ਦੀਆਂ ਕੀਮਤਾਂ ਹੁਣ ਤਕ ਦੇ ਸਰਵਉੱਚ ਪੱਧਰ ’ਤੇ ਪਹੁੰਚ ਗਈਆਂ ਹਨ ਪਰ ਸੋਨੇ ਦੀ ਉਚਾਈ ’ਤੇ ਪਹੁੰਚ ਗਈ ਕੀਮਤ ਕਾਰਣ ਨਵੇਂ ਸੋਨੇ ਦੀ ਮੰਗ ਜ਼ਿਆਦਾ ਨਹੀਂ ਵਧੀ ਹੈ ਅਤੇ ਸੋਨੇ ਦੀ ਜ਼ਿਆਦਾ ਕੀਮਤ ਹੋ ਜਾਣ ਕਾਰਣ ਲੋਕਾਂ ਵਲੋਂ ਪੁਰਾਣੇ ਸੋਨੇ ਅਤੇ ਗਹਿਣਿਆਂ ਦੀ ਵਿਕਰੀ ਸਰਵਉੱਚ ਪੱਧਰ ’ਤੇ ਪਹੁੰਚ ਗਈ ਹੈ। ਨਵੇਂ ਅੰਕੜੇ ਦੱਸ ਰਹੇ ਹਨ ਕਿ ਜੁਲਾਈ 2019 ’ਚ ਭਾਰਤ ਦੀ ਸੋਨੇ ਦੀ ਦਰਾਮਦ ’ਚ ਜੁਲਾਈ 2018 ਦੀ ਤੁਲਨਾ ’ਚ 55 ਫੀਸਦੀ ਦੀ ਗਿਰਾਵਟ ਆਈ ਹੈ। ਨਾਲ ਹੀ ਸੋਨੇ ਦੀ ਦਰਾਮਦ 3 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸਪੱਸ਼ਟ ਹੈ ਕਿ ਸੋਨੇ ਦੀ ਕੀਮਤ ’ਚ ਰਿਕਾਰਡ ਉਛਾਲ ਆਉਣ ਅਤੇ ਦਰਾਮਦੀ ਡਿਊਟੀ ’ਚ ਵਾਧੇ ਕਾਰਣ ਸੋਨੇ ਦੀ ਮੰਗ ਤੇਜ਼ੀ ਨਾਲ ਨਹੀਂ ਵਧੀ ਹੈ ਅਤੇ ਸੋਨੇ ਦੀ ਮੰਗ ਦਾ ਇਕ ਵੱਡਾ ਹਿੱਸਾ ਲੋਕਾਂ ਵਲੋਂ ਪੁਰਾਣੇ ਸੋਨੇ ਨੂੰ ਵੇਚਣ ਨਾਲ ਪੂਰਾ ਹੋ ਰਿਹਾ ਹੈ।

ਅਸਲ ਵਿਚ ਪਿਛਲੇ ਕਈ ਸਾਲਾਂ ’ਚ ਸੋਨੇ ਤੋਂ ਦੂਰੀ ਬਣਾਈ ਰੱਖਣ ਵਾਲੇ ਕੇਂਦਰੀ ਬੈਂਕਾਂ ਲਈ ਸੋਨਾ ਇਕ ਵਾਰ ਫਿਰ ਤੋਂ ਮਹੱਤਵਪੂਰਨ ਹੋ ਗਿਆ ਹੈ। ਰੂਸ, ਚੀਨ ਅਤੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਪਿਛਲੇ ਕੁਝ ਮਹੀਨਿਆਂ ’ਚ ਕਾਫੀ ਮਾਤਰਾ ’ਚ ਸੋਨਾ ਖਰੀਦਿਆ ਹੈ। 613 ਟਨ ਦੇ ਸੋਨੇ ਦੇ ਭੰਡਾਰ ਦੇ ਨਾਲ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਮਾਮਲੇ ’ਚ 10ਵਾਂ ਸਭ ਤੋਂ ਵੱਡਾ ਸੋਨੇ ਦੇ ਭੰਡਾਰ ਵਾਲਾ ਕੇਂਦਰੀ ਬੈਂਕ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸੋਨੇ ਦੀਆਂ ਕੀਮਤਾਂ ’ਚ ਨਵੀਂ ਤੇਜ਼ੀ ਦੀਆਂ ਜੜ੍ਹਾਂ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਵਲੋਂ ਡਾਲਰ ਦੇ ਨਵੇਂ ਬਦਲ ਦੀ ਭਾਲ ’ਚ ਅੱਗੇ ਵਧਣਾ ਵੀ ਹੈ। ਚੀਨ ਅਮਰੀਕੀ ਡਾਲਰ ਦੀ ਤੁਲਨਾ ’ਚ ਸੋਨੇ ਦੀ ਖਰੀਦਦਾਰੀ ’ਤੇ ਵਧੇਰੇ ਜ਼ੋਰ ਦੇ ਰਿਹਾ ਹੈ। ਕੱਚੇ ਤੇਲ ਦੇ ਭੰਡਾਰ ਰੱਖਣ ਵਾਲੇ ਕਈ ਖਾੜੀ ਦੇਸ਼ ਵੀ ਸੋਨਾ ਖਰੀਦ ਰਹੇ ਹਨ। ਅਜਿਹੇ ਦ੍ਰਿਸ਼ ’ਚ ਨੇੜ- ਭਵਿੱਖ ’ਚ ਸੋਨਾ ਮਜ਼ਬੂਤ ਬਣਿਆ ਰਹਿ ਸਕਦਾ ਹੈ। ਚੀਨ ਅਤੇ ਰੂਸ ਦੇ ਨਾਲ-ਨਾਲ ਅਮਰੀਕਾ ਦਾ ਵਿਰੋਧ ਕਰਨ ਵਾਲੇ ਦੇਸ਼ਾਂ ਵਲੋਂ ਡਾਲਰ ਦੀ ਧਾਰ ਨੂੰ ਖੁੰਡਾ ਕਰਨਾ ਵੀ ਸੋਨੇ ਦੀਆਂ ਕੀਮਤਾਂ ਦੀ ਤੇਜ਼ੀ ਦਾ ਇਕ ਕਾਰਣ ਹੈ। ਇਹ ਦੇਸ਼ ਡਾਲਰ ਦੀ ਤੁਲਨਾ ’ਚ ਸੋਨੇ ਨੂੰ ਮਹੱਤਵ ਦੇ ਰਹੇ ਹਨ।

ਭਾਰਤ ਵਿਚ ਸੋਨੇ ਦੀ 90 ਫੀਸਦੀ ਮੰਗ ਗਹਿਣਿਆਂ ਜਾਂ ਭਗਵਾਨ ਨੂੰ ਚੜ੍ਹਾਉਣ ਲਈ ਹੁੰਦੀ ਹੈ। ਵੱਡੀ ਗਿਣਤੀ ’ਚ ਲੋਕ ਮੰਦਰਾਂ ਵਿਚ ਸੋਨਾ ਧਾਰਮਿਕ ਆਸਥਾ ਕਾਰਣ ਚੜ੍ਹਾਉਂਦੇ ਹਨ। ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਪਹਿਨਣਾ ਸਾਡੀ ਸੰਸਕ੍ਰਿਤੀ ਦਾ ਅੰਗ ਵੀ ਹੈ। ਸੋਨੇ ’ਚ ਅਮੀਰਾਂ ਵਲੋਂ ਤਾਂ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ ਪਰ ਦੇਸ਼ ਦੇ ਕਰੋੜਾਂ ਲੋਕ ਸੋਨੇ ਦੀ ਜ਼ਿਆਦਾ ਕੀਮਤ ਕਾਰਣ ਛੋਟੀ-ਛੋਟੀ ਰਾਸ਼ੀ ਦਾ ਹੀ ਸੋਨੇ ’ਚ ਕੁਝ ਨਿਵੇਸ਼ ਕਰ ਰਹੇ ਹਨ। ਸਾਡੇ ਦੇਸ਼ ’ਚ ਇਸ ਸਮੇਂ ਸੋਨੇ ਦੀ ਖਰੀਦਦਾਰੀ ਦਾ ਇਕ ਵੱਡਾ ਕਾਰਣ ਇਹ ਵੀ ਹੈ ਕਿ ਵੱਖ-ਵੱਖ ਬੱਚਤ ਯੋਜਨਾਵਾਂ ’ਚ ਬੱਚਤ ਕਰਨ ਵਾਲਿਆਂ ਨੂੰ ਢੁੱਕਵਾਂ ਲਾਭ ਹਾਸਿਲ ਨਹੀਂ ਹੋ ਰਿਹਾ। ਪਿਛਲੀ 1 ਜੁਲਾਈ ਤੋਂ ਵਿੱਤ ਮੰਤਰਾਲੇ ਨੇ ਵੱਖ-ਵੱਖ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ’ਚ ਕਮੀ ਕੀਤੀ ਹੈ। ਅਜੇ ਵੀ ਦੇਸ਼ ਦੇ ਜ਼ਿਆਦਾਤਰ ਲੋਕ ਸ਼ੇਅਰ ਬਾਜ਼ਾਰ ’ਚ ਨਿਵੇਸ਼ ਤੋਂ ਦੂਰ ਹਨ। ਅਜਿਹੀ ਹਾਲਤ ’ਚ ਇਸ ਸਮੇਂ ਕੋਈ ਵੀ ਵਿਅਕਤੀ ਜੋ ਆਪਣਾ ਪੈਸਾ ਬੈਂਕ ਦੀ ਸਮਾਂਬੱਧ ਜਮ੍ਹਾ ਯੋਜਨਾ, ਕਿਸੇ ਮਿਊਚੁਅਲ ਫੰਡ ਜਾਂ ਪ੍ਰੋਵੀਡੈਂਟ ਫੰਡ ਯੋਜਨਾ ’ਚ ਲਾਉਣ ਦੀ ਇੱਛਾ ਰੱਖ ਰਿਹਾ ਹੈ, ਉਸ ਨੂੰ ਮੌਜੂਦਾ ਦ੍ਰਿਸ਼ ’ਚ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਸੋਨੇ ’ਚ ਨਿਵੇਸ਼ ਕਿਸੇ ਹੋਰ ਬੱਚਤ ਯੋਜਨਾ ਦੀ ਤੁਲਨਾ ’ਚ ਜ਼ਿਆਦਾ ਲਾਹੇਵੰਦ ਅਤੇ ਭਰੋਸੇਯੋਗ ਬਣਿਆ ਹੋਇਆ ਹੈ।

ਨਿਸ਼ਚਿਤ ਤੌਰ ’ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਸੋਨੇ ’ਚ ਨਿਵੇਸ਼ ਉਤਪਾਦਕ ਨਹੀਂ ਹਨ। ਹਰ ਸਾਲ ਦੇਸ਼ ’ਚ ਕੁਲ ਘਰੇਲੂ ਉਤਪਾਦ ਜੀ. ਡੀ. ਪੀ. ਦਾ ਕਰੀਬ 3 ਫੀਸਦੀ ਸੋਨੇ ਦੀ ਖਰੀਦ ਦੇ ਰੂਪ ’ਚ ਅਨੁਪਾਦਕ ਪੂੰਜੀ ’ਚ ਬਦਲ ਰਿਹਾ ਹੈ। ਅਜਿਹੀ ਹਾਲਤ ਵਿਚ ਸੋਨੇ ਦੀ ਮੰਗ ਘਟਾਉਣ ਦੇ ਸਾਰਥਕ ਯਤਨ ਕੀਤੇ ਜਾਣੇ ਜ਼ਰੂਰੀ ਹਨ। ਸੋਨੇ ਦੀ ਮੰਗ ਘਟਾਉਣ ਲਈ ਲੋਕਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਰੂਪ ਵਿਚ ਬਦਲਾਅ ਲਿਆਉਣਾ ਜ਼ਰੂਰੀ ਹੈ। ਇਹ ਧਿਆਨ ਦੇਣਯੋਗ ਤੱਥ ਹੈ ਕਿ ਸਾਡੇ ਦੇਸ਼ ਵਿਚ ਜੋ ਬੱਚਤ ਅਜੇ ਵੀ ਸਮਾਜਿਕ ਸੁਰੱਖਿਆ ਦਾ ਪ੍ਰਮੁੱਖ ਆਧਾਰ ਬਣੀ ਹੋਈ ਹੈ, ਉਹ ਬੱਚਤ ਘੱਟ ਵਿਆਜ ਦਰ ਨਾਲ ਘਟਦੀ ਜਾ ਰਹੀ ਹੈ। ਭਾਵੇਂ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰ ਵਿਚ ਕਮੀ ਆਈ ਹੈ ਪਰ ਦੇਸ਼ ਦੇ ਛੋਟੇ ਨਿਵੇਸ਼ਕਾਂ ਅਤੇ ਬੱਚਤਕਰਤਾਵਾਂ ਨੂੰ ਇਹ ਸਮਝਾਇਆ ਜਾਣਾ ਚਾਹੀਦਾ ਹੈ ਕਿ ਅਜੇ ਵੀ ਛੋਟੀਆਂ ਬੱਚਤ ਯੋਜਨਾਵਾਂ ’ਚ ਦਮ ਹੈ। ਸੀਨੀਅਰ ਨਾਗਰਿਕ ਬੱਚਤ ਯੋਜਨਾ, ਸੁਕੰਨਿਆ ਸਮ੍ਰਿਧੀ ਯੋਜਨਾ ਵਰਗੀਆਂ ਬੱਚਤ ਯੋਜਨਾਵਾਂ ਆਕਰਸ਼ਕ ਅਤੇ ਲਾਹੇਵੰਦ ਬਣੀਆਂ ਹੋਈਆਂ ਹਨ। ਇਸ ਦੇ ਲਈ ਜਿਹੜੇ ਲੋਕਾਂ ਦੀ ਪਸੰਦ ਸੋਨੇ ਦੀ ਖਰੀਦਦਾਰੀ ਹੀ ਹੋਵੇ, ਤਾਂ ਫਿਰ ਉਨ੍ਹਾਂ ਨੂੰ ਸੋਨੇ ਦੇ ਬਾਂਡ ਦੀ ਖਰੀਦ ਵੱਲ ਪ੍ਰੇਰਿਤ ਕਰਨਾ ਢੁੱਕਵਾਂ ਹੋਵੇਗਾ। ਸੋਨੇ ਦੇ ਬਾਂਡ ਵਿਚ ਨਿਵੇਸ਼ ’ਤੇ ਸਰਕਾਰ ਨੇ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ’ਚ ਨਿਵੇਸ਼ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਤਹਿਤ 1 ਗ੍ਰਾਮ ਸੋਨੇ ਦੇ ਮੁੱਲ ਦੇ ਬਰਾਬਰ ਘੱਟੋ-ਘੱਟ ਬਾਂਡ ਵਿਚ ਨਿਵੇਸ਼ ਕਰ ਸਕਦੇ ਹਾਂ। ਸੋਨੇ ਦੇ ਬਾਂਡ ਦੀ ਵਿਕਰੀ ’ਤੇ ਹੋਣ ਵਾਲੇ ਲਾਭ ’ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗਦਾ। ਅਸੀਂ ਆਸ ਕਰੀਏ ਕਿ ਸਰਕਾਰ ਸੋਨੇ ’ਚ ਨਿਵੇਸ਼ ਕਰਨ ਵਾਲਿਆਂ ਦੇ ਕਦਮ ਸ਼ੇਅਰ ਬਾਜ਼ਾਰ ਵੱਲ ਮੋੜਨ ਲਈ ਲੋਕਾਂ ਦਾ ਸ਼ੇਅਰ ਬਾਜ਼ਾਰ ’ਚ ਭਰੋਸਾ ਵਧਾਉਣ ਲਈ ਸੇਬੀ ਦੀ ਭੂਮਿਕਾ ਨੂੰ ਵੀ ਪ੍ਰਭਾਵੀ ਬਣਾਏਗੀ।

Bharat Thapa

This news is Content Editor Bharat Thapa