ਗਾਂਧੀ ਪਰਿਵਾਰ ਸਿੰਘਾਸਣ ਦੇ ਪਿੱਛੇ ਦੀ ਤਾਕਤ ਬਣਨਾ ਪਸੰਦ ਕਰਦਾ ਹੈ

07/25/2023 6:41:51 PM

ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਨੇ ਬੈਂਗਲੁਰੂ ਜਾਂ ਉਸ ਤੋਂ ਪਹਿਲਾਂ ਪਟਨਾ ’ਚ ਵਿਰੋਧੀ ਦਲਾਂ ਦੀ ਏਕਤਾ ਮੀਟਿੰਗ ’ਚ ਜਾਣ ਬੁੱਝ ਕੇ ਲੋ-ਪ੍ਰੋਫਾਈਲ ਕਿਉਂ ਰੱਖਿਆ? ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਇਕ ਸੋਚਿਆ-ਸਮਝਿਆ ਫੈਸਲਾ ਸੀ।

ਪਾਰਟੀ ਵੱਲੋਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ’ਚ ਅਸਫਲ ਰਹਿਣ ਪਿੱਛੋਂ ਕਾਂਗਰਸ ਨੇ ਦੋ ਗੱਲਾਂ ਤੈਅ ਕੀਤੀਆਂ। ਇਕ ਤਾਂ ਵਿਰੋਧੀ ਧਿਰ ਦੀਆਂ ਮੀਟਿੰਗਾਂ ’ਚ ਲੋ-ਪ੍ਰੋਫਾਈਲ ਦੀ ਭੂਮਿਕਾ ਨਿਭਾਉਣੀ ਅਤੇ ਦੂਜਾ ਆਪਣੇ ਉੱਚੇ ਪਾਏਦਾਨ ਤੋਂ ਹੇਠਾਂ ਉੱਤਰਨਾ ਅਤੇ ਇਹ ਸਵੀਕਾਰ ਕਰਨਾ ਕਿ ਸਾਰੇ ਹਿੱਸੇਦਾਰ ਬਰਾਬਰ ਹਨ। ਲੱਖ ਟਕੇ ਦਾ ਸਵਾਲ ਇਹ ਹੈ ਕਿ ਬੈਂਗਲੁਰੂ ਸਭਾ ’ਚ ਗਾਂਧੀ ਪਰਿਵਾਰ ਨੇ ‘ਅਸੀਂ ਇਕ ਸਮਾਨ ਹਾਂ’ ਦੀ ਸਥਿਤੀ ਕਿਉਂ ਅਪਣਾਈ?

ਪਰ ਇਸ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਇਸ ਵਾਰ ਪ੍ਰਧਾਨਗੀ ਅਹੁਦੇ ਦੀ ਦਾਅਵੇਦਾਰੀ ਦੀ ਦੌੜ ’ਚ ਨਹੀਂ ਹੈ। ਅਜੇ ਤੱਕ ਕਾਂਗਰਸੀ ਆਪਣੀ ਪੁਰਾਣੀ ਸ਼ਾਨ ’ਚ ਜੀਅ ਰਹੇ ਹਨ। ਸਹਿਯੋਗੀ ਦਲਾਂ ਨੂੰ ਵੀ ਕਾਂਗਰਸ ਦਾ ਵੱਡੇ ਭਾਈ ਵਾਲਾ ਰਵੱਈਆ ਚੰਗਾ ਨਹੀਂ ਲੱਗਾ।

ਇਹ ਅੰਦਾਜ਼ਾ ਸੀ ਕਿ ਕਾਂਗਰਸ ਲੀਡਰਸ਼ਿਪ ਲਈ ਜ਼ੋਰ ਲਾਵੇਗੀ ਅਤੇ ਦਾਅਵਾ ਕਰੇਗੀ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਇਹ ਪਾਰਟੀ (ਗਾਂਧੀ ਪਰਿਵਾਰ ਦੇ ਤੌਰ ’ਤੇ) ਦਾ ਇਕ ਸੋਚਿਆ-ਸਮਝਿਆ ਫੈਸਲਾ ਸੀ। ਨਹੀਂ ਤਾਂ ਖੜਗੇ ਨੇ ਇਹ ਬਿਆਨ ਨਾ ਦਿੱਤਾ ਹੁੰਦਾ। ਇਸ ਨਾਲ ਇਕ ਸਾਕਾਰਾਤਮਕ ਮਾਹੌਲ ਬਣਿਆ ਹੈ ਕਿਉਂਕਿ ਜ਼ਿਆਦਾਤਰ ਸਾਂਝੀਦਾਰ ਕਿਸੇ ਨਾ ਕਿਸੇ ਵੇਲੇ ਕਾਂਗਰਸ ਦੇ ਵਿਰੋਧੀ ਰਹਿਣਗੇ।

ਸਿਆਸੀ ਮਜਬੂਰੀਆਂ ਕਾਂਗਰਸ ਨੂੰ ਇਸ ਨੂੰ ਅਪਣਾਉਣ ’ਤੇ ਮਜਬੂਰ ਕਰਦੀਆਂ ਹਨ। ਇਸ ਤੋਂ ਇਲਾਵਾ ਡਿੱਗਦੀ ਹੋਈ ਕਾਂਗਰਸ ਨੂੰ ਅਖੀਰ ਅਹਿਸਾਸ ਹੋਇਆ ਕਿ ਪਾਰਟੀ ਨੇ ਉਸ ਯੁੱਗ ’ਚ ਆਪਣੀ ਪ੍ਰਧਾਨਗੀ ਗੁਆ ਦਿੱਤੀ ਹੈ , ਜਿੱਥੇ ਇਲਾਕਾਈ ਦਲਾਂ ਦਾ ਆਪਣੀਆਂ ਜਗੀਰਾਂ ’ਤੇ ਕਬਜ਼ਾ ਸੀ।

ਰਾਹੁਲ ਦਾ ਭਵਿੱਖ ਸਾਫ ਨਾ ਹੋਣ ਅਤੇ ਸੁਪਰੀਮ ਕੋਰਟ ਉਨ੍ਹਾਂ ਦੀ ਅਯੋਗਤਾ ਬਾਰੇ ਕੀ ਕਹਿ ਸਕਦੀ ਹੈ, ਇਸ ਨੂੰ ਦੇਖਦੇ ਹੋਏ ਗਾਂਧੀ ਪਰਿਵਾਰ ਕਿਸੇੇ ਨੂੰ ਵੀ ਅੱਗੇ ਵਧਾਉਣ ਦਾ ਚਾਹਵਾਨ ਨਹੀਂ ਹੈ। ਇਸ ਲਈ ਸਦਭਾਵਨਾ ਉਪਾਅ ਦੇ ਤੌਰ ’ਤੇ ਪਾਰਟੀ ਨੇ ਕਿਹਾ ਕਿ ਉਹ ਪ੍ਰਧਾਨਗੀ ਦੀ ਮੰਗ ਨਹੀਂ ਕਰੇਗੀ।

ਸੋਨੀਆ ਨੇ ਸ਼ੁਰੂ ’ਚ 70 ਸਾਲ ਦੀ ਉਮਰ ’ਚ ਸਿਆਸਤ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾਈ ਸੀ ਪਰ ਸਿਆਸੀ ਚੁਣੌਤੀਆਂ ਕਾਰਨ ਉਹ ਅਜਿਹਾ ਨਹੀਂ ਕਰ ਸਕਦੀ। ਪਿਛਲੇ ਦੋ ਸਾਲਾਂ ’ਚ ਉਨ੍ਹਾਂ ਨੇ ਆਪਣੀ ਡਿੱਗਦੀ ਸਿਹਤ ਕਾਰਨ ਸਿਆਸਤ ’ਚ ਘੱਟ ਸਰਗਰਮ ਭੂਮਿਕਾ ਨਿਭਾਈ ਹੈ। ਹਾਲਾਂਕਿ ਉਨ੍ਹਾਂ ਨੇ ਚੋਣ ਰੈਲੀਆਂ ’ਚ ਆਪਣੀ ਹਿੱਸਦਾਰੀ ਘੱਟ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਵੱਖ-ਵੱਖ ਸਾਂਝੀਦਾਰਾਂ ਨੂੰ ਇਕਜੁੱਟ ਕਰਨ ਦੀ ਤਾਕਤ ਦੇ ਤੌਰ ’ਤੇ ਕੰਮ ਕਰਨ ਲਈ ਬੈਂਗਲੁਰੂ ਮੀਟਿੰਗ ’ਚ ਹਿੱਸਾ ਲਿਆ। ਨਾਲ ਹੀ ਇਲਾਕਾਈ ਆਗੂਆਂ ਕੋਲੋਂ ਰਾਹੁਲ ਦੇ ਅਧੀਨ ਕੰਮ ਕਰਨ ਦੀ ਉਮੀਦ ਕਰਨਾ ਵੀ ਬਹੁਤ ਆਸ਼ਾਵਾਦੀ ਹੋ ਸਕਦਾ ਹੈ। ਮਮਤਾ ਬੈਨਰਜੀ ਵਰਗੀ ਆਗੂ ਇਸ ਦੇ ਹੱਕ ’ਚ ਨਹੀਂ ਹੋਵੇਗੀ।

ਦੂਜੀ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਸਮੇਂ ਦੀ ਮੰਗ ਕਰ ਰਿਹਾ ਹੈ। ਭਾਜਪਾ ਦਾ ਮੁਕਾਬਲਾ ਕਰਨ ’ਚ ਮਦਦ ਲਈ ਵਿਰੋਧੀ ਧਿਰ ਦੀ ਪੂਰੀ ਤਾਕਤ ਦੀ ਲੋੜ ਹੈ। ਮੰਨ ਲਓ ਕਿ ਅਯੋਗਤਾ ਮਾਮਲੇ ’ਚ ਸਿਖਰਲੀ ਅਦਾਲਤ ਦਾ ਫੈਸਲਾ ਰਾਹੁਲ ਦੇ ਹੱਕ ’ਚ ਹੁੰਦਾ ਹੈ ਤਾਂ ਇਹ ਇਕ ਆਸ਼ਾਵਾਦੀ ਦ੍ਰਿਸ਼ ਹੋਵੇਗਾ।

ਰਾਹੁਲ ਦੀ ਕਾਨੂੰਨੀ ਟੀਮ ਨੂੰ ਉਮੀਦ ਹੈ ਕਿ ਫੈਸਲੇ ਨੂੰ ਬਦਲ ਕੇ ਜਾਂ ਉਨ੍ਹਾਂ ਦੀ ਸਜ਼ਾ ਨੂੰ ਦੋ ਸਾਲ ਤੋਂ ਘੱਟ ਕਰ ਕੇ ਪਾਬੰਦੀ ਨੂੰ ਰੱਦ ਕਰ ਦਿੱਤਾ ਜਾਵੇਗਾ। ਜੇ ਰਾਹੁਲ ਕੋਰਟ ਕੇਸ ਜਿੱਤ ਜਾਂਦੇ ਹਨ ਤਾਂ ਉਹ 2024 ਦੀ ਚੋਣ ’ਚ ਪ੍ਰਧਾਨ ਮੰਤਰੀ ਨੂੰ ਟੱਕਰ ਦੇ ਸਕਦੇ ਹਨ। ਜੇ ਅਦਾਲਤ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੀ ਹੈ ਤਾਂ ਉਹ ਹਮੇਸ਼ਾ ਗੱਠਜੋੜ ਲਈ ਪ੍ਰਚਾਰ ਕਰ ਸਕਦੇ ਹਨ ਅਤੇ ਰਾਹੁਲ ਨੂੰ ਹਮਦਰਦੀ ਮਿਲੇਗੀ।

ਤੀਸਰੀ ਗੱਲ ਇਹ ਕਿ ਗਾਂਧੀ ਪਰਿਵਾਰ ਸਿੰਘਾਸਨ ਦੇ ਪਿੱਛੇ ਦੀ ਸ਼ਕਤੀ ਬਣਨਾ ਪਸੰਦ ਕਰਦਾ ਹੈ। ਇਹ ‘ਤਿਆਗ’ ਜਨਤਾ ਨੂੰ ਰਾਸ ਨਹੀਂ ਆਇਆ। 2004 ’ਚ ਸੋਨੀਆ ਨੇ ਪ੍ਰਧਾਨ ਮੰਤਰੀ ਅਹੁਦਾ ਠੁਕਰਾ ਦਿੱਤਾ ਸੀ। ਰਾਹੁਲ ਗਾਂਧੀ ਨਾਲ ਵੀ ਅਜਿਹਾ ਹੀ ਸੀ, ਉਨ੍ਹਾਂ ਨੇ ਹੈਦਰਾਬਾਦ ‘2005’ਚ ਏ. ਆਈ. ਸੀ. ਸੀ. ਦੀ ਮੀਟਿੰਗ ’ਚ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਉਹ ਨੌਕਰੀ ਲਈ ਤਿਆਰ ਨਹੀਂ ਹਨ। ਜਦਕਿ ਪਾਰਟੀ ਉਨ੍ਹਾਂ ਨੂੰ ਏ. ਆਈ. ਸੀ. ਸੀ. ’ਚ ਇਕ ਅਹੁਦਾ ਦੇਣ ਦੀ ਮੰਗ ਕਰ ਰਹੀ ਸੀ ਪਰ ਬਾਅਦ ’ਚ ਕਾਂਗਰਸ ਪ੍ਰਧਾਨ ਬਣੇ ਪਰ ਅਸਤੀਫਾ ਦੇਣ ਲਈ । 2024 ’ਚ ਭਾਜਪਾ ਨਾਲ ਮੁਕਾਬਲਾ ਕਰਨਾ ਇਕਜੁੱਟ ਵਿਰੋਧੀ ਧਿਰ ਲਈ ਵੀ ਇਕ ਮੁਸ਼ਕਿਲ ਚੁਣੌਤੀ ਹੋਵੇਗੀ।

ਕਾਂਗਰਸ 80 ਸੰਸਦ ਮੈਂਬਰਾਂ (ਲੋਕ ਸਭਾ ’ਚ 49 ਅਤੇ ਰਾਜ ਸਭਾ ’ਚ 31) ਨਾਲ ਵਿਰੋਧੀ ਧਿਰ ’ਚ ਸਭ ਤੋਂ ਵੱਡੀ ਪਾਰਟੀ ਹੈ। ਪਾਰਟੀ ਚਾਰ ਸੂਬਿਆਂ ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ’ਚ ਸੱਤਾ ’ਚ ਹੈ। ਇਹ ਬਿਹਾਰ, ਤਾਮਿਲਨਾਡੂ ਅਤੇ ਝਾਰਖੰਡ ’ਚ ਸੱਤਾਧਾਰੀ ਗੱਠਜੋੜ ਦੀ ਮੈਂਬਰ ਵੀ ਹੈ। ਵਿਰੋਧੀ ਧਿਰ ਨੇ ਦੋ ਮੀਟਿੰਗਾਂ ਸਫਲਤਾਪੂਰਵਕ ਕੀਤੀਆਂ ਹਨ। ਲੀਡਰਸ਼ਿਪ ਦੇ ਮੁੱਦੇ ’ਤੇ ਵੀ ਅਜੇ ਤੱਕ ਫੈਸਲਾ ਨਹੀਂ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਵੀ ਅਜਿਹਾ ਹੀ ਹੈ ਕਿਉਂਕਿ ਸਾਂਝੀਦਾਰਾਂ ਨੇ ਫੈਸਲਾ ਕੀਤਾ ਹੈ ਕਿ ਇਹ ਚੋਣਾਂ ਪਿੱਛੋਂ ਕੀਤਾ ਜਾਵੇਗਾ। ਜਿਹੜੀ ਵੀ ਪਾਰਟੀ ਸਭ ਤੋਂ ਵੱਧ ਗਿਣਤੀ ’ਚ ਜਿੱਤੇਗੀ ਉਹ ਦਾਅਵਾ ਪੇਸ਼ ਕਰੇਗੀ।

ਕੋਈ ਅਧਿਕਾਰਤ ਅਹੁਦਾ ਨਾ ਹੋਣ ਦੇ ਬਾਵਜੂਦ ਰਾਹੁਲ ਹੁਣ ਮਾਂ ਸੋਨੀਆ ਅਤੇ ਪਾਰਟੀ ਪ੍ਰਮੁੱਖ ਖੜਗੇ ਨਾਲ ਇਕ ਪ੍ਰਮੁੱਖ ਵਿਰੋਧੀ ਗੱਠਜੋੜ ਦੇ ਮੈਂਬਰ ਹਨ। ਮੰਨ ਲਓ ਕਿ ਸੋਨੀਆ ਨਵੇਂ ਗੱਠਜੋੜ ਦੀ ਪ੍ਰਧਾਨ ਬਣ ਜਾਂਦੀ ਹੈ ਤਦ ਵੀ ਰਾਹੁਲ ਪਾਰਟੀ ਵੱਲੋਂ ਫੈਸਲਾ ਲੈਣਾ ਚਾਹੁਣਗੇ ਕਿ ਉਹ ਚੋਣ ਲੜਨ ਜਾਂ ਨਾ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਹਾਰਨ ਪਿੱਛੋਂ ਕਾਂਗਰਸ ਨਿਰਾਸ਼ ਹੈ ਇਸ ਲਈ 2024 ’ਚ ਜਿੱਤਣਾ ਕਾਂਗਰਸ ਲਈ ਜ਼ਰੂਰੀ ਹੈ। ਹਾਲ ਹੀ ’ਚ ਹੋਈ ਭਾਰਤ ਜੋੜੋ ਯਾਤਰਾ ਪਿੱਛੋਂ ਰਾਹੁਲ ਗਾਂਧੀ ਦੇ ਅਕਸ ’ਚ ਸੁਧਾਰ ਹੋਇਆ ਹੈ। ਭਵਿੱਖ ਅਜੇ ਵੀ ਨਿਰਧਾਰਤ ਕੀਤਾ ਜਾ ਰਿਹਾ ਹੈ ਪਰ ਜੇ ਵਿਰੋਧੀ ਧਿਰ ਗੱਠਜੋੜ ਸਫਲ ਹੁੰਦਾ ਹੈ ਤਾਂ ਇਹ ਕਾਂਗਰਸ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਹਰ ਹਿੱਸੇਦਾਰ ਨੂੰ ਵਾਰੋ-ਵਾਰੀ ਮੀਟਿੰਗ ਆਯੋਜਿਤ ਕਰਨੀ ਚਾਹੀਦੀ ਹੈ।

ਕਲਿਆਣੀ ਸ਼ੰਕਰ

Rakesh

This news is Content Editor Rakesh