ਸ਼੍ਰੀ ਪ੍ਰਣਬ ਮੁਖਰਜੀ ਦੀਆਂ ਖਰੀਆਂ-ਖਰੀਆਂ

07/25/2019 7:33:17 AM

ਬਚਨ ਸਿੰਘ ਸਰਲ
2014 ’ਚ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਸ਼੍ਰੀ ਨਰਿੰਦਰ ਮੋਦੀ ਨੇ ਐੱਨ. ਡੀ. ਏ. ਦੀ ਸਰਕਾਰ ਬਣਾਈ, ਜਿਸ ਨੇ ਪੂਰੇ ਪੰਜ ਸਾਲ ਰਾਜ ਕੀਤਾ। 2019 ’ਚ ਭਾਰਤੀ ਜਨਤਾ ਪਾਰਟੀ ਫਿਰ ਜਿੱਤ ਗਈ। ਇਸ ਵਾਰ ਭਾਵੇਂ ਭਾਜਪਾ ਦਾ ਐੱਨ. ਡੀ. ਏ. ਗੱਠਜੋੜ ਕਾਇਮ ਸੀ ਪਰ ਉਸ ਨੂੰ ਇਕੱਲਿਆਂ ਹੀ ਬਹੁਮਤ ਪ੍ਰਾਪਤ ਹੋ ਗਿਆ, ਇਸ ਦੇ ਬਾਵਜੂਦ ਭਾਜਪਾ ਨੇ ਐੱਨ. ਡੀ. ਏ. ਨੂੰ ਤੋੜਿਆ ਨਹੀਂ, ਬਲਕਿ ਉਸ ਵਿਚ ਸ਼ਾਮਲ ਦੂਜੀਆਂ ਪਾਰਟੀਆਂ ਨੂੰ ਵੀ ਕੇਂਦਰੀ ਸਰਕਾਰ ’ਚ ਥਾਂ ਦਿੱਤੀ। ਸਭ ਤੋਂ ਅਹਿਮ ਜਿਹੜੀ ਗੱਲ ਵੇਖਣ ਨੂੰ ਮਿਲੀ, ਉਹ ਸੀ ਭਾਜਪਾ ਦੇ ਵੱਡੇ ਅਤੇ ਜ਼ਿੰਮੇਵਾਰ ਆਗੂਆਂ ਦਾ ਦਾਅਵਾ ਕਿ ਭਾਜਪਾ ਅਗਲੇ 50 ਸਾਲ ਰਾਜ ਕਰੇਗੀ। ਭਾਜਪਾ ਦੇ ਆਗੂਆਂ ਦਾ ਇਹ ਹੰਕਾਰ ਬੋਲ ਰਿਹਾ ਸੀ। ਰਾਜਨੀਤੀ ਕਿਵੇਂ ਰੰਕ ਨੂੰ ਰਾਜਾ ਤੇ ਰਾਜੇ ਨੂੰ ਰੰਕ ਬਣਾ ਦਿੰਦੀ ਹੈ, ਇਹ ਆਗੂ ਇਸ ਗੱਲ ਨੂੰ ਭੁੱਲ ਗਏ। ਪੱਛਮੀ ਬੰਗਾਲ ’ਚ ਸੀ. ਪੀ. ਐੱਮ. ਦੀ ਅਗਵਾਈ ’ਚ ਖੱਬੇ ਮੋਰਚੇ ਨੇ ਲਗਾਤਾਰ 35 ਸਾਲ ਰਾਜ ਕੀਤਾ। ਸੀ. ਪੀ. ਐੱਮ. ਵਾਲੇ ਵੀ ਉਸੇ ਤਰ੍ਹਾਂ ਦੀ ਹੀ ਬੋਲੀ ਬੋਲਿਆ ਕਰਦੇ ਸਨ, ਜੋ ਸੱਤਾ ’ਚ ਆਉਣ ਮਗਰੋਂ ਹੁਣ ਭਾਜਪਾ ਵਾਲੇ ਬੋਲਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤਾਂ ਇਹ ਵੀ ਕਹਿੰਦੇ ਹਨ ਕਿ ਦੇਸ਼ ਨੇ ਤਰੱਕੀ ਕੀਤੀ ਹੈ ਤਾਂ ਉਨ੍ਹਾਂ ਦੇ ਰਾਜ ਵਿਚ ਹੀ ਕੀਤੀ ਹੈ। ਮੋਦੀ ਜੀ ‘ਸਬ ਕਾ ਸਾਥ, ਸਬ ਕਾ ਵਿਕਾਸ’ ਨਾਅਰਾ ਲਾਉਂਦੇ ਥੱਕਦੇ ਨਹੀਂ, ਜਦਕਿ ਵਿਕਾਸ ਕਿੱਧਰੇ ਵੇਖਣ ਨੂੰ ਨਹੀਂ ਮਿਲਦਾ। ਮੋਦੀ ਸਰਕਾਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਸਰਕਾਰ ਦਾ ਬਜਟ ਲੋਕ ਸਭਾ ’ਚ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਬਜਟ ਦੇਸ਼ ਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾਵੇਗਾ ਤੇ 2024 ਤਕ ਦੇਸ਼ ਦੀ ਅਰਥ ਵਿਵਸਥਾ 5 ਟ੍ਰਿਲੀਅਨ ਡਾਲਰ ਤਕ ਪਹੁੰਚ ਜਾਵੇਗੀ। ਮੋਦੀ ਸਰਕਾਰ ਦੇ ਇਸ ਦਾਅਵੇ ’ਤੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਬੜੀਆਂ ਖਰੀਆਂ-ਖਰੀਆਂ ਸੁਣਾਈਆਂ ਹਨ। ਇਕ ਸਮਾਰੋਹ ’ਚ ਬੋਲਦਿਆਂ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ, ‘‘5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਆਕਾਸ਼ ’ਚੋਂ ਨਹੀਂ ਡਿਗਣੀ। ਇਸ ਲਈ ਮਜ਼ਬੂਤ ਨੀਂਹ ਰੱਖੀ ਗਈ ਹੈ ਅਤੇ ਇਹ ਨੀਂਹ ਅੰਗਰੇਜ਼ਾਂ ਨੇ ਨਹੀਂ, ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਭਾਰਤੀਆਂ ਨੇ ਰੱਖੀ ਹੈ। ਗੱਲ ਕਰਨ ਸਮੇਂ ਸੰਜਮ ’ਚ ਰਹਿਣ ਵਾਲੇ ਸ਼੍ਰੀ ਪ੍ਰਣਬ ਮੁਖਰਜੀ ਨੇ ਦੇਸ਼ ਆਜ਼ਾਦ ਹੋਣ ’ਤੇ ਇਕ ਤੋਂ ਬਾਅਦ ਇਕ ਬਣੀਆਂ ਕਾਂਗਰਸ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਸਫਲਤਾਵਾਂ ਦੀ ਹਾਮੀ ਭਰੀ ਹੈ, ਜਦਕਿ ਭਾਜਪਾ ਵੱਲੋਂ ਉਨ੍ਹਾਂ ਦੀ ਤੀਬਰ ਆਲੋਚਨਾ ਕੀਤੀ ਜਾਂਦੀ ਹੈ। ਸ਼੍ਰੀ ਪ੍ਰਣਬ ਮੁਖਰਜੀ ਖੁਦ ਕਾਂਗਰਸੀ ਸਰਕਾਰਾਂ ’ਚ ਅਹਿਮ ਅਹੁਦਿਆਂ ’ਤੇ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਜਿਹੜੇ ਲੋਕ 55 ਸਾਲਾਂ ਦੇ ਕਾਂਗਰਸੀ ਸ਼ਾਸਨ ਦੀ ਆਲੋਚਨਾ ਕਰਦੇ ਹਨ, ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਜ਼ਾਦ ਹੋਣ ਸਮੇਂ ਭਾਰਤ ਕਿੱਥੇ ਸੀ ਅਤੇ ਅਸੀਂ ਕਿੱਥੋਂ ਚੱਲ ਕੇ ਕਿੱਥੇ ਪਹੁੰਚੇ ਹਾਂ। ਉਹ ਭੁੱਲ ਗਏ ਕਿ ਅਸੀਂ ਕਿੱਥੋਂ ਸ਼ੁਰੂ ਕੀਤਾ ਸੀ ਤੇ ਕਿੱਥੇ ਛੱਡਿਆ। ਜੇਕਰ ਭਾਰਤ ਦੀ ਅਰਥ ਵਿਵਸਥਾ 5 ਟ੍ਰਿਲੀਅਨ ਡਾਲਰ ਦੀ ਬਣਾਉਣੀ ਹੈ ਤਾਂ ਅਸੀਂ 1.8 ਟ੍ਰਿਲੀਅਨ ਦੀ ਮਜ਼ਬੂਤ ਬੁਨਿਆਦ ਤਿਆਰ ਕਰ ਕੇ ਛੱਡੀ। ਅਸੀਂ ਉਦੋਂ ਸਿਫਰ ਤੋਂ ਸ਼ੁਰੂਆਤ ਕੀਤੀ ਸੀ। ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਵਾਲਾ ਦੇਸ਼ ਬਣਾਉਣ ਲਈ ਜਵਾਹਰ ਲਾਲ ਨਹਿਰੂ, ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਓ ਆਦਿ ਦੀਆਂ ਬਣੀਆਂ ਕਾਂਗਰਸੀ ਸਰਕਾਰਾਂ ਨੇ ਨੀਂਹ ਰੱਖੀ ਸੀ।

ਸ਼੍ਰੀ ਪ੍ਰਣਬ ਮੁਖਰਜੀ ਨੇ ਦੇਸ਼ ਦੇ ਵਿਕਾਸ ਸਬੰਧੀ ਸੱਚਾਈ ਬਿਆਨ ਕੀਤੀ ਹੈ। ਇਸ ਸੱਚਾਈ ਦੀ ਗਵਾਹੀ ਭਰਦੇ ਹਨ ਦੇਸ਼ ਦੇ ਤਿੰਨ ਵੱਡੇ ਸਟੀਲ ਪਲਾਂਟ-ਦੁਰਗਾਪੁਰ, ਰੁੜਕੇਲਾ ਅਤੇ ਭਿਲਾਈ। ਇਹ ਤਿੰਨੋਂ ਸਟੀਲ ਪਲਾਂਟ ਪੰਡਿਤ ਜਵਾਹਰ ਲਾਲ ਨਹਿਰੂ ਦੀ ਸੋਚ ਹਨ। ਉੱਚ ਵਿੱਦਿਆ ਲਈ ਆਈ. ਆਈ. ਟੀ. ਇੰਸਟੀਚਿਊਟ ਬਣਾਏ ਗਏ। ਖੇਤੀ ਦੇ ਵਿਕਾਸ ਲਈ ਡੈਮ ਬਣਾਏ ਗਏ। ਭਾਰਤ ਦੇ ਆਜ਼ਾਦ ਹੋਣ ਦੇ ਨਾਲ-ਨਾਲ ਕੁਝ ਹੋਰ ਦੇਸ਼ ਵੀ ਆਜ਼ਾਦ ਹੋਏ। ਭਾਰਤ ਨੇ ਕੋਸ਼ਿਸ਼ ਕੀਤੀ ਕਿ ਗਰੀਬੀ ਨੂੰ ਖਤਮ ਕਰਨ ਲਈ ਸੰਸਾਰ ਅੰਦਰ ‘ਸ਼ਾਂਤੀ’ ਜ਼ਰੂਰੀ ਹੈ। ਸੰਸਾਰ ਅੰਦਰ ਠੰਡੀ ਜੰਗ ਨੂੰ ਰੋਕਣ ਲਈ ਭਾਰਤ ਨੇ ਪੰਚਸ਼ੀਲ ਦੇ ਆਧਾਰ ’ਤੇ ਯੂਗੋਸਲਾਵੀਆ, ਮਿਸਰ, ਇੰਡੋਨੇਸ਼ੀਆ ਅਤੇ ਚੀਨ ਨੂੰ ਲੈ ਕੇ ਨਿਰਪੱਖ ਦੇਸ਼ਾਂ ਦਾ ਇਕ ਸੰਗਠਨ ਬਣਾਇਆ। ਉਸ ਸਮੇਂ ਮਾਰਸ਼ਲ ਟੀਟੋ ਯੂਗੋਸਲਾਵੀਆ, ਕਰਨਲ ਨਾਸਿਰ ਮਿਸਰ, ਚਾਓ ਇਨ ਲਾਈ ਚੀਨ ਅਤੇ ਡਾ. ਸੁਕਾਰਨੋ ਇੰਡੋਨੇਸ਼ੀਆ ਦੇ ਪ੍ਰਧਾਨ ਹੁੰਦੇ ਸਨ। ਇਹ ਪੰਜੇ ਨੇਤਾ ਆਪਸ ’ਚ ਸਲਾਹ-ਮਸ਼ਵਰੇ ਨਾਲ ਜਿਥੇ ਸੰਸਾਰ ਅੰਦਰ ਯਤਨ ਕਰਦੇ, ਉਥੇ ਹੀ ਆਪੋ-ਆਪਣੇ ਦੇਸ਼ ਦੇ ਵਿਕਾਸ ਲਈ ਵੀ ਯਤਨਸ਼ੀਲ ਸਨ। ਸ਼ਾਂਤੀ ਦੇ ਮਾਹੌਲ ’ਚ ਭਾਰਤ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੇਜ਼ੀ ਨਾਲ ਤੁਰਨ ਦਾ ਮੌਕਾ ਮਿਲਿਆ। ਇਸ ਦੌਰਾਨ ਹੀ ਭਾਰਤ ਦੀ ਤਰੱਕੀ ਚੀਨ ਦੀਆਂ ਅੱਖਾਂ ਵਿਚ ਰੜਕਣ ਲੱਗੀ। ਜਿਹੜਾ ਚਾਓ ਇਨ ਲਾਈ ‘ਭਾਰਤ-ਚੀਨ ਭਾਈ-ਭਾਈ’ ਦੇ ਨਾਅਰੇ ਲਾਉਂਦਾ ਸੀ ਅਤੇ ਜਿਸ ਦਾ ਭਾਰਤ ਦੌਰੇ ’ਤੇ ਆਉਣ ’ਤੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ, ਉਸੇ ਚੀਨ ਨੇ 1962 ’ਚ ਅਚਾਨਕ ਉੱਤਰ-ਪੂਰਬੀ ਖੇਤਰ ’ਚ ਭਾਰਤ ’ਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਚੀਨ ਨੇ ਧੋਖੇ ਨਾਲ ਦੋਸਤੀ ਨੂੰ ਦੁਸ਼ਮਣੀ ’ਚ ਬਦਲ ਦਿੱਤਾ। ਚੀਨ ਨੇ ਸਿਰਫ ਭਾਰਤ ਉੱਤੇ ਹੀ ਹਮਲਾ ਨਹੀਂ ਕੀਤਾ ਬਲਕਿ ਗਾਹੇ-ਬਗਾਹੇ ਪਾਕਿਸਤਾਨ ਨੂੰ ਭਾਰਤ ਵਿਰੁੱਧ ਉਕਸਾਉਂਦਾ ਰਿਹਾ ਅਤੇ ਅੱਜ ਵੀ ਉਕਸਾ ਰਿਹਾ ਹੈ। ਭਾਰਤ ਜੇਕਰ ਮਜ਼ਬੂਤ ਨਾ ਹੁੰਦਾ ਤਾਂ ਬੰਗਲਾਦੇਸ਼ ਵਾਲੀ ਜੰਗ ਕਦੇ ਵੀ ਨਾ ਜਿੱਤੀ ਜਾਂਦੀ। ਹਾਲਾਤ ਦੱਸਦੇ ਹਨ ਕਿ ਪੱਛਮੀ ਖੇਤਰ ਅਤੇ ਪੂਰਬੀ ਖੇਤਰ ’ਚ ਚੀਨ ਨੇ ਪਾਕਿਸਤਾਨ ਦੀ ਮਦਦ ਕੀਤੀ। ਇਹ ਮਜ਼ਬੂਤ ਭਾਰਤ ਹੀ ਸੀ ਕਿ ਬੰਗਲਾਦੇਸ਼ ਦੀ ਜੰਗ ’ਚ ਪਾਕਿਸਤਾਨ ਦੇ 90 ਹਜ਼ਾਰ ਫੌਜੀ ਭਾਰਤ ਨੇ ਬੰਦੀ ਬਣਾਏ। ਅੱਜ ਜਿਹੜੇ ਲੋਕ ਕਹਿ ਰਹੇ ਹਨ ਕਿ ਭਾਰਤ ਨੇ ਪਿਛਲੇ ਸਮੇਂ ਦੌਰਾਨ ਕੋਈ ਤਰੱਕੀ ਨਹੀਂ ਕੀਤੀ ਅਤੇ ਜੇਕਰ ਵਿਕਾਸ ਹੋਇਆ ਹੈ ਤਾਂ ਸਿਰਫ ਪਿਛਲੇ ਪੰਜ ਸਾਲਾਂ ਦੌਰਾਨ ਹੀ ਹੋਇਆ ਹੈ, ਦੀਆਂ ਅੱਖਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਸ਼ਾਸਨ ਵੇਲੇ ਦੇਸ਼ ਦੇ ਵਿੱਤ ਮੰਤਰੀ ਰਹਿ ਚੁੱਕੇ ਸ਼੍ਰੀ ਪ੍ਰਣਬ ਮੁਖਰਜੀ ਵਲੋਂ ਬਿਆਨ ਕੀਤੀ ਗਈ ਸੱਚਾਈ ਨਾਲ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ।

–ਬਚਨ ਸਿੰਘ ਸਰਲ\
 

Bharat Thapa

This news is Content Editor Bharat Thapa