ਮਾਂ-ਬਾਪ ਤੜਫਣ ਮੋਹ, ਪਿਆਰ ਅਤੇ ਆਦਰ ਸਤਿਕਾਰ ਨੂੰ

07/20/2016 5:41:47 PM

ਜ਼ਿੰਦਗੀ ਨੂੰ ਹੱਸਦਿਆਂ ਬਿਤਾਉਣ ਲਈ ਰਿਸ਼ਤੇ-ਨਾਤਿਆਂ ਦੀ ਬਹੁਤ ਅਹਿਮੀਅਤ ਹੈ। ਬੇਅੰਤ ਰਿਸ਼ਤੇ-ਨਾਤਿਆਂ ''ਚ ਮੋਹ ਪਿਆਰ ਦੀਆਂ ਕੱਚੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ''ਚ ਵਿਸ਼ਵਾਸ ਅਤੇ ਇਕ ਦੂਜੇ ਦੇ ਪ੍ਰਤੀ ਵਫਾਦਾਰ ਹੋਣਾ ਵੀ ਬਹੁਤ ਜ਼ਰੂਰੀ ਹੈ।ਆਪਣੇ ਤਾਂ ਆਪਣੇ ਹੀ ਹੁੰਦੇ ਹਨ ਪਰ ਪਿਆਰੇ ਬੋਲਾਂ ਨਾਲ ਬੋਲੇ ਬੋਲ ਤਾਂ ਕਈ ਬੇਗਾਨਿਆਂ ਰਿਸ਼ਤਿਆਂ ਨੂੰ ਵੀ ਆਪਣੇਪਣ ਤੋਂ ਵੀ ਵਧ ਪਿਆਰਾ ਅਤੇ ਅਤਿ ਨੇੜਤਾ ਦਾ ਅਹਿਸਾਸ ਕਰਵਾ ਜਾਂਦੇ ਹਨ। ਜੇ ਰਿਸ਼ਤੇ ਦੀ ਡੋਰ ਪੱਕੀ ਹੋਵੇ ਤਾਂ ਜ਼ਿੰਦਗੀ ਦੇ ਹਰੇਕ ਪਲਾਂ ''ਚ ਆਏ ਦੁੱਖਾਂ ਨੂੰ ਦਿਲਾਸਿਆਂ ਅਤੇ ਹੌਂਸਲੇ ਰਾਹੀਂ ਜ਼ਿੰਦਗੀ ਨੂੰ ਜਿਊਣ ਲਈ ਨਵਾਂ ਸਬਕ ਦੇ ਜਾਂਦੇ ਹਨ ਪਰ ਅਜੋਕੀ ਮਹਿੰਗਾਈ ਅਤੇ ਵੱਧ ਰਹੀਆਂ ਬੇਲੋੜੀਆਂ ਲੋੜਾਂ ਭਰੇ ਦੌਰ ''ਚ ਰੱਬੀ ਰੂਹਾਂ ਦੇ ਮਾਲਕ ਸਰੀਰਾਂ ਨੂੰ ਮਤਲਬ ਪ੍ਰਸਤ ਬਣਾ ਦਿੱਤਾ ਹੈ।ਹਰੇਕ ਰਿਸ਼ਤੇ ''ਚ ਇਹ ਲੋੜਾਂ ਹੌਲੀ-ਹੌਲੀ ਤਰੇੜਾਂ ਪਾਉਂਦੀਆਂ ਜਾ ਰਹੀਆਂ ਹਨ। 
ਕਿਸੇ ਹੋਰ ਰਿਸ਼ਤੇ ਦੀ ਗੱਲ ਨਾ ਕਰਦੇ ਹੋਇਆ ਜੇਕਰ ਇਕ ਇਹੋ ਜਿਹੇ ਰਿਸ਼ਤੇ ਦੀ ਗੱਲ ਕਰਾਂ, ਜਿਨ੍ਹਾਂ ਦੀ ਮਹਾਨ ਦੇਣ ਰਾਹੀਂ ਅਤੇ ਲੱਖਾਂ ਦੁੱਖਾਂ ਨੂੰ ਜੋ ਹੱਸਦਿਆਂ ਸਹਿ ਕੇ ਇਹ ਰੰਗਲੀ ਦੁਨੀਆ ਇਕ ਨਵ-ਜਨਮੇ ਸਰੀਰ ਨੂੰ ਦਿਖਾਉਂਦਾ ਹੈ। ਉਹ ਰਿਸ਼ਤਾ ਹੈ ਪੂਜਨੀਕ ''ਮਾਂ ਅਤੇ ਬਾਪ ਦਾ''। ਜਿਸ ਰਿਸ਼ਤੇ ਨੂੰ ਗੁਰਬਾਣੀ ''ਚ ਰੱਬ ਦਾ ਦਰਜਾ ਦਿੱਤਾ ਗਿਆ ਹੈ ਪਰ ਰੱਬ ਦੇ ਬਰਾਬਰ ਮੰਨੇ ਜਾ ਰਹੇ ਇਸ ਰਿਸ਼ਤੇ ਨਾਲ ਹੋ ਰਹੀਆਂ ਅਜੋਕੇ ਸਮੇਂ ''ਚ ਬੇਕਦਰੀਆਂ ਬਾਰੇ ਦੇਖ ਸੁਣ ਕੇ ਤਾਂ ਦਿਲ ਪਸੀਜ ਜਿਹਾ ਜਾਂਦਾ ਹੈ।
ਦੁੱਖ ਦੀਆਂ ਗੱਲਾਂ ਜੋ ਸਾਂਝੀਆਂ ਕਰਨਾ ਚਾਹ ਰਿਹਾ ਹਾਂ ਉਹ ਇਹ ਹਨ ਕਿਕਿਉਂ ਮਾਂ-ਬਾਪ ਦੇ ਪਾਕ ਪਵਿੱਤਰ ਬਿਨਾਂ ਮਤਲਬੀ ਵਾਲੇ ਰਿਸ਼ਤੇ ਦੀ ਬੇਕਦਰੀ ਕਰਨ ਵਾਲੇ ਸ਼ਖਸ ਇਹ ਭੁੱਲ ਜਾਂਦੇ ਹਨ ਕਿ ਜਦ ਧਰਤੀ ''ਤੇ ਪਹਿਲਾ ਸਾਹ ਲਿਆ ਸੀ ਤਾਂ ਮਾਂ-ਬਾਪ ਨੂੰ ਜਿੰਨੀ ਖੁਸ਼ੀ ਹੋਈ ਹੋਣੀ ਹੈ, ਉਸ ਦਾ ਅੰਦਾਜ਼ਾ ਤਾਂ ਸ਼ਾਇਦ ਸਰੀਰ ''ਚ ਸਾਹ ਰੂਪੀ ਪੂੰਝੀਆਂ ਨੂੰ ਪਾਉਣ ਵਾਲੇ ਰੱਬ ਨੂੰ ਵੀ ਨਹੀਂ ਹੋਇਆ ਹੋਣਾ ਪਰ ਅਫਸੋਸ ਅਜੋਕੇ ਸਮੇਂ ''ਚ ਜਦ ਮਾਂ-ਬਾਪ ਆਖਰੀ ਸਾਹ ਲੈਣ ਵੇਲੇ ਆਪਣੇ ਲਾਡਲਿਆਂ ਨੂੰ ਆਪਣੇ ਕੋਲ ਹੋਣ ਦੇ ਸੁਪਨੇ ਵੇਖ ਰਹੇ ਹੋਣ ਪਰ ਉਸ ਸਮੇਂ ਉਸ ਸ਼ਖਸ ਵਲੋਂ ਮੂੰਹ ਵੱਟ ਜਾਣਾ ਮਾਪਿਆਂ ਲਈ ਮੌਤ ਨਾਲੋਂ ਵੀ ਵਧ ਦੁੱਖ ਦੇਣ ਵਾਲੀ ਹੋਵੇਗੀ। 
ਜਦ ਨਿੱਕੇ ਹੁੰਦੇ ਬਿਸਤਰਾ ਗਿੱਲਾ ਹੋ ਜਾਂਦਾ ਸੀ ਤਾਂ ਮਾਂ-ਆਪ ਉਸ ਥਾਂ ''ਤੇ ਪੈ ਕੇ ਉਸ ਨੂੰ ਹਿੱਕ ''ਤੇ ਪਾ ਕੇ ਸੁੱਕੇ ਹੋਣ ਦਾ ਅਹਿਸਾਸ ਕਰਵਾ ਕੇ ਚੈਨ-ਸਕੂਨ ਦੀ ਨੀਂਦ ਪਿਆਰੀਆਂ ਲੋਰੀਆਂ ਰਾਹੀ ਸੁਣਾਉਂਦੀ ਸੀ ਪਰ ਹੁਣ ਚਾਹੇ ਮਾਂ-ਬਾਪ ਦੀਆਂ ਅੱਖਾਂ ਚੋਂ ਵੱਗ ਰਿਹਾ ਪਾਣੀ ਹੋਵੇ ਅਤੇ ਅੱਖਾਂ ਸਦਾ ਹੀ ਗਿੱਲੀਆਂ ਰਹਿੰਦੀਆਂ ਹੋਣ ਪਰ ਫਿਰ ਵੀ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਦੁੱਖ ਨਾ ਹੋ ਰਿਹਾ ਹੋਵੇ ਇਸ ਤੋਂ ਵੱਡਾ ਅਭਾਗਾ ਸਮਾਂ ਹੋਰ ਕਿਹੜਾ ਹੋਵੇਗਾ।
ਬੱਚਿਆਂ ਨੂੰ ਮਾਂ-ਬਾਪ ਦਾ ਸ਼ੱਕੀ, ਗੁੱਸੇ ਵਾਲੇ ਅਤੇ ਪੱਖਪਾਤੀ ਹੋਣਾ ਤਾਂ ਦਿੱਸ ਜਾਂਦਾ ਹੈ ਪਰ ਉਨ੍ਹਾਂ ਦਾ ਆਪਣਾ ਆਪ ਵਾਰ ਕੇ ਬੁਲੰਦੀਆਂ ''ਤੇ ਪਹੁੰਚਣ ਲਈ ਕੀਤੀਆਂ ਗਈਆਂ ਅਰਦਾਸਾਂ ਅਤੇ ਦੋਵੇਂ ਹੱਥ ਜੋੜ ਰੱਬ ਕੋਲੋਂ ਬਚਿਆਂ ਲਈ ਸੁੱਖ ਮੰਗਣਾ ਇਹ ਸਭ ਕਰਨਾ ਆਪਣੇ ਲਾਡਲੇ ਬਚਿਆਂ ਦੇ ਭਵਿੱਖ ਨੂੰ ਸੰਵਾਰਣ ਲਈ ਪ੍ਰਤੱਖ ਰੱਬੀ ਰੂਪ ਹੋਣਾ ਕਿਉਂ ਭੁੱਲ ਜਾਂਦਾ ਹੈ। ਸੱਚ ਹੀ ਤਾਂ ਕਿਹਾ ਹੈ ਕਿਸੇ ਨੇ ਕਿ ਕਿਸੇ ਸਮੇਂ ''ਚ ਮਾਂ-ਬਾਪ ਦੀਆਂ ਅੱਖਾਂ ''ਚ ਹੰਝੂ ਦੋ ਵਾਰ ਆਉਂਦੇ ਹਨ, ਇਕ ਬੇਟੀ ਦੀ ਡੋਲੀ ਵੇਲੇ ਅਤੇ ਦੂਜਾ ਜਦ ਪੁੱਤ ਲੜ ਕੇ ਮੂੰਹ ਮੋੜ ਲਏ ਪਰ ਅਜੋਕੀ ਪੀੜ੍ਹੀ ਦਾ ਆਪਣੇ ਮਾਪਿਆਂ ਦੇ ਅਰਮਾਨਾਂ ਦਾ ਗਲਾ ਘੋਟ ਕੇ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਬੇਇੱਜ਼ਤ ਕਰ ਕੇ ਮਾਪਿਆਂ ਦੀਆਂ ਅੱਖਾਂ ''ਚੋਂ ਰੋਜ਼ਾਨਾ ਹੰਝੂਆਂ ਦਾ ਦਰਿਆ ਵਹਾਉਣਾ ਮੰਨੋ ਜਿਵੇਂ ਕੋਈ ਫੈਸ਼ਨ ਹੋ ਗਿਆ ਹੈ।
ਮਾਂ ਗਰਭ ''ਚ ਆਪਣੇ ਬੱਚੇ ਨੂੰ ਲੱਖਾਂ ਹੀ ਅਸਹਿਣੀਏ ਦੁੱਖਾਂ ਨੂੰ ਸਹਿ ਕੇ ਸੰਭਾਲ ਕੇ ਰੱਖਦੀ ਹੈ ਪਰ ਮੁੱਖ ਤੋਂ ਕਦੇ ਦੁਖੀ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦੀ…। ਜੇ ਪੰਜ ਸਾਲ ਦਾ ਲਾਡਲਾ ਆਪਣੇ ਮਾਪਿਆਂ ਤੋਂ ਮੋਹ ਪਿਆਰ ਦੀ ਆਸ ਰੱਖਦਾ ਹੈ ਤਾਂ ਕਿ 50 ਸਾਲ ਤੋਂ ਉੱਪਰ ਦੇ ਮਾਂ-ਬਾਪ ਵੀ ਆਪਣੇ ਬੱਚੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਨਹੀਂ ਰੱਖਦੇ ਹੋਣਗੇ? ਤਾਂ ਜੁਆਬ ਹੋਵੇਗਾ ਕਿ ਬਿਲਕੁਲ ਰੱਖਦੇ ਹੋਣਗੇ
ਬਚਪਨ ਵਿਚ ਗੋਦੀ ਵਿਚ ਖਿਡਾਉਣ ਵਾਲੇ ਮਾਂ ਬਾਪ ਨੂੰ ਧੋਖਾ ਦੇਣ ਤੋਂ ਵੱਡਾ ਇਸ ਦੁਨੀਆ
 ''ਤੇ ਕੋਈ ਪਾਪ ਮੇਰੀ ਨਜ਼ਰ ਵਿਚ ਨਹੀਂ। ਹੋਰ ਦੁਨਿਆਵੀ ਰਿਸ਼ਤਿਆਂ ਦਾ ਮਿਲਣਾ ਤਾਂ ਪਸੰਦ ਨਾਲ ਹੁੰਦਾ ਹੈ ਪਰ ਮਾਂ-ਬਾਪ ਦਾ ਰੂਹਾਨੀ ਰਿਸ਼ਤਾ ਤਾਂ ਕਰਮਾਂ ਨਾਲ ਮਿਲਦਾ ਹੈ, ਜਿੰਨਾ ਦੇ ਮਾਂ-ਬਾਪ ਨਾ ਹੋਣ ਉਨ੍ਹਾਂ ਨੂੰ ਇਸ ਦੁੱਖ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਕਿਵੇਂ ਦੁਨਿਆਵੀ ਰਿਸ਼ਤੇ ਪਾਸਾ ਵਟਦੇ ਹਨ। ਮੇਰੀ ਬੇਨਤੀ ਹੈ ਕਿ ਕਦੇ ਪਸੰਦ ਨਾਲ ਬਣੇ ਰਿਸ਼ਤਿਆਂ ਕਰਕੇ ਆਪਣੇ ਰੱਬੀ ਮਾਪਿਆਂ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਬੱਚਿਆਂ ਦਾ ਮੁੱਢਲਾ ਫਰਜ਼ ਆਪਣੇ ਮਾਪਿਆਂ ਦੀ ਤਨ-ਮਨ-ਧਨ ਨਾਲ ਸੇਵਾ ਕਰਨਾ ਹੀ ਸੱਚੀ ਭਗਤੀ ਅਤੇ ਪ੍ਰਭੂ ਪ੍ਰਾਪਤੀ ਦਾ ਅਹਿਸਾਸ ਹੈ। 

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) 
99140-62205