ਸਥਾਪਿਤ ਧਾਰਮਿਕ ਸਿੱਖ ਮਾਨਤਾਵਾਂ ਨਾਲ ਖਿਲਵਾੜ ਸਹਿਣਯੋਗ ਨਹੀਂ

11/21/2019 1:32:40 AM

ਜਸਵੰਤ ਸਿੰਘ ‘ਅਜੀਤ’

20ਵੀਂ ਸਦੀ ਦੇ ਤੀਸਰੇ ਦਹਾਕੇ ਦੇ ਸ਼ੁਰੂ ’ਚ, ਬਹੁਤ ਹੀ ਸੋਚ-ਵਿਚਾਰ ਕਰ ਕੇ, ਧਾਰਮਿਕ ਸਿੱਖ ਸੰਸਥਾਵਾਂ, ਛੋਟੀ ਤੋਂ ਛੋਟੀ ਸਿੰਘ ਸਭਾ ਤੋਂ ਲੈ ਕੇ ਵੱਡੀ ਤੋਂ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਤਕ ਦਾ ਗਠਨ ਇਸ ਉਦੇਸ਼ ਨਾਲ ਕੀਤਾ ਗਿਆ ਸੀ ਕਿ ਇਹ ਸੰਸਥਾਵਾਂ ਅਤੇ ਇਨ੍ਹਾਂ ਦੇ ਮੈਂਬਰਾਂ ਤੋਂ ਲੈ ਕੇ ਉੱਚ ਅਹੁਦੇਦਾਰਾਂ ਤਕ ਸਾਰੇ ਨਾ ਸਿਰਫ ਖੁਦ ਸਿੱਖ ਧਰਮ ਦੀਆਂ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਪਾਲਣਾ ਪ੍ਰਤੀ ਸਮਰਪਿਤ ਰਹਿਣਗੇ ਸਗੋਂ ਇਨ੍ਹਾਂ ਦੀ ਸਮੁੱਚੇ ਤੌਰ ’ਤੇ ਰੱਖਿਆ ਕਰਨ ਪ੍ਰਤੀ ਵੀ ਆਪਣੀ ਵਚਨਬੱਧਤਾ ਬਣਾਈ ਰੱਖਣਗੇ ਪਰ ਬੀਤੇ ਇਕ ਲੰਬੇ ਸਮੇਂ ਤੋਂ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਜਦੋਂ ਤੋਂ ਰਾਜਨੀਤੀ ’ਚ ਸਥਾਪਿਤ ਹੋਣ ਦੀ ਲਾਲਸਾ ਦੇ ਸ਼ਿਕਾਰ ਪ੍ਰਮੁੱਖ ਸਿੱਖਾਂ ਨੇ ਇਨ੍ਹਾਂ ਸੰਸਥਾਵਾਂ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਦਾਗੀ ਮੈਂਬਰਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ, ਉਦੋਂ ਤੋਂ ਹੀ ਇਨ੍ਹਾਂ ਧਾਰਮਿਕ ਸੰਸਥਾਵਾਂ ਦਾ ਪਤਨ ਸ਼ੁਰੂ ਹੋ ਗਿਆ ਮਤਲਬ ਇਹ ਕਿ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਨਹੀਂ ਸਗੋਂ ਉੱਚ ਅਹੁਦੇਦਾਰਾਂ ਤਕ ਨੇ ਵੀ ਸਿੱਖ ਧਰਮ ਦੀਆਂ ਸਥਾਪਿਤ ਧਾਰਮਿਕ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਰੱਖਿਆ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ’ਤੇ ਇਨ੍ਹਾਂ ਦੀ ਅਣਡਿੱਠਤਾ ਕਰਨ ਦੇ ਨਾਲ ਹੀ ਇਨ੍ਹਾਂ ਤੋਂ ਦੂਰੀ ਬਣਾ ਲਈ। ਇਨ੍ਹਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਅਤੇ ਸਵਾਰਥ ਦੇ ਆਧਾਰ ’ਤੇ ਬਦਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਲਈ ਜੋ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਨਿਸ਼ਚਿਤ ਕੀਤੀਆਂ ਹਨ, ਉਨ੍ਹਾਂ ਦਾ ਆਪਣਾ ਹੀ ਇਕ ਵਿਸ਼ੇਸ਼ ਮਹੱਤਵ ਹੈ, ਜਿਨ੍ਹਾਂ ਸਾਹਮਣੇ ਕੋਈ ਹੋਰ ਮਾਨਤਾ, ਪ੍ਰੰਪਰਾ ਜਾਂ ਮਰਿਆਦਾ ਟਿਕ ਤਕ ਨਹੀਂ ਸਕਦੀ।

ਸ. ਸਿਰਸਾ ਦੀ ਮੁਹਿੰਮ

ਇਨ੍ਹੀਂ ਦਿਨੀਂ ਮੀਡੀਆ ’ਚ ਖਬਰ ਆਈ, ਜਿਸ ’ਚ ਦੱਸਿਆ ਗਿਆ ਸੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸਮਰਪਿਤ ‘ਸ਼ਹੀਦੀ ਦਿਵਸ’ ਨੂੰ ਬਾਲ ਦਿਵਸ (ਜੋ ਭਾਰਤ ’ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੀ ਯਾਦ ’ਚ ਮਨਾਇਆ ਜਾਂਦਾ ਹੈ।) ਦੇ ਰੂਪ ’ਚ ਮਨਾਏ ਜਾਣ ਨੂੰ ਰਾਸ਼ਟਰੀ ਮਾਨਤਾ ਦਿਵਾਏ ਜਾਣ ਲਈ ਲੋਕ-ਰਾਇ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਮੁਹਿੰਮ ਨੂੰ 100 ਤੋਂ ਵੱਧ ਸੰਸਦ ਮੈਂਬਰਾਂ ਦਾ ਵੀ ਸਮਰਥਨ ਹਾਸਲ ਹੋ ਚੁੱਕਾ ਹੈ। ਦੱਸਿਆ ਗਿਆ ਹੈ ਕਿ ਸ. ਸਿਰਸਾ ਨੇ ਲੱਗਭਗ ਦੋ ਸਾਲ ਪਹਿਲਾਂ ਵੀ ਇਸੇ ਦਾਅਵੇ ਨਾਲ ਅਜਿਹੀ ਹੀ ਮੁਹਿੰਮ ਸ਼ੁਰੂ ਕੀਤੀ ਸੀ। ਸ਼ਾਇਦ ਉਸ ਸਮੇਂ ਵੀ ਉਨ੍ਹਾਂ ਦੀ ਇਸ ਮੁਹਿੰਮ ਨੂੰ ਸਿੱਖਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਉਹ ਉਸ ਸਮੇਂ ਆਪਣੀ ਇਸ ਮੁਹਿੰਮ ਨੂੰ ਅੱਗੇ ਨਹੀਂ ਵਧਾ ਸਕੇ। ਉਨ੍ਹਾਂ ਨੇ ਹੁਣ ਫਿਰ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੇ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਹੈ ਕਿ ਜੇਕਰ ਸਾਹਿਬਜ਼ਾਦਿਆਂ ਦੇ ‘ਸ਼ਹੀਦੀ ਦਿਵਸ’ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਏ ਜਾਣ ਦੀ ਰਾਸ਼ਟਰੀ ਮਾਨਤਾ ਮਿਲ ਜਾਂਦੀ ਹੈ ਤਾਂ ਇਸ ਨਾਲ ਭਾਰਤ ਦੇ ਸਾਰੇ ਸੂਬਿਆਂ ਦੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਪਤਾ ਲੱਗ ਜਾਵੇਗਾ। ਅਜਿਹਾ ਲੱਗਦਾ ਹੈ ਕਿ ਸ. ਸਿਰਸਾ ਨੂੰ ਸਿੱਖਾਂ ਦੀ ਇਕ ਉਚਿਤ ਧਾਰਮਿਕ ਸੰਸਥਾ, ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ ਸਿੱਖ ਧਰਮ ਦੀਆਂ ਸਥਾਪਿਤ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦਾ ਕੋਈ ਗਿਆਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਦੇ ਨਾਲ ਹੀ ਇਨ੍ਹਾਂ ਦੀ ਰੱਖਿਆ ਕਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਸ਼ਾਇਦ ਉਹ ਇਹ ਵੀ ਨਹੀਂ ਜਾਣਦੇ ਕਿ ‘ਸ਼ਹੀਦੀ’ ਅਤੇ ਸ਼ਹਾਦਤ ਨੂੰ ਸਿਰਫ ਸਿੱਖ ਇਤਿਹਾਸ ਅਤੇ ਧਰਮ ’ਚ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਧਾਰਮਿਕ ਇਤਿਹਾਸ ’ਚ ਅਜਿਹਾ ਮਹੱਤਵਪੂਰਨ ਅਤੇ ਮਹਾਨ ਸਥਾਨ ਹਾਸਲ ਹੈ, ਜਿਸ ਦੇ ਸਾਹਮਣੇ ‘ਬਾਲ ਦਿਵਸ’ ਬਹੁਤ ਹੀ ਤੁੱਛ ਦਿਖਾਈ ਦਿੰਦਾ ਹੈ। ਸ. ਸਿਰਸਾ ਨੂੰ ਉੱਚ ਧਾਰਮਿਕ ਸਿੱਖ ਸੰਸਥਾ ਦੇ ਮੁਖੀ ਹੋਣ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਅਤੇ ਸਿਆਸੀ ਸਵਾਰਥ ਅਤੇ ਸੋਚ ਤੋਂ ਉੱਪਰ ਉੱਠ ਕੇ ਸਿੱਖ ਧਰਮ ਅਤੇ ਇਤਿਹਾਸ ਦੀਆਂ ਸਥਾਪਿਤ ਮਾਨਤਾਵਾਂ ਆਦਿ ਦੀ ਪਾਲਣਾ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਪ੍ਰਤੀ ਈਮਾਨਦਾਰ ਹੋਣਾ ਚਾਹੀਦਾ ਹੈ।

ਸਥਿਤੀ ਨੂੰ ਸਮਝਣ ਦੀ ਲੋੜ

ਇਸ ਸਥਿਤੀ ਨੂੰ ਦੇਖਦੇ ਹੋਏ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਜਿਹੜੇ ਲੋਕਾਂ ਨੇ ਸਾਹਿਬਜ਼ਾਦਿਆਂ ਦੇ ‘ਸ਼ਹੀਦੀ ਦਿਵਸ’ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਹ ਸਿੱਖ ਧਰਮ ਅਤੇ ਉਸ ਦੇ ਇਤਿਹਾਸ ਦੀਆਂ ਵੱਡਮੁੱਲੀਆਂ ਮਾਨਤਾਵਾਂ ਤੋਂ ਅਣਜਾਣ ਹਨ ਜਾਂ ਜਾਣਬੁੱਝ ਕੇ ਉਨ੍ਹਾਂ ਨੂੰ ਮੂਲ ਰੂਪ ’ਚ ਬਣਾਈ ਰੱਖਣ ਪ੍ਰਤੀ ਈਮਾਨਦਾਰ ਨਹੀਂ ਰਹਿ ਰਹੇ। ਉਨ੍ਹਾਂ ਵਲੋਂ ‘ਸ਼ਹੀਦੀ ਦਿਵਸ’ ਨੂੰ ‘ਬਾਲ ਦਿਵਸ’ ਦੇ ਰੂਪ ’ਚ ਮਨਾਏ ਜਾਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਉਹ ਜਾਣੇ-ਅਣਜਾਣੇ ਇਸ ਸ਼ਹਾਦਤ ਦੇ ਮਹੱਤਵ ਨੂੰ ਘੱਟ ਕਰਨ ਦੀ ਸੋਚ ਦੇ ਅਧੀਨ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨਾ ਚਾਹੁੰਦੇ ਹਨ।

ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸਿਹਰਾ

ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹ ਗਿਆ ਹੈ ਅਤੇ ਸੰਗਤਾਂ ਨੇ ਉਸ ਦੇ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਇਹ ਗੱਲ ਵੱਖਰੀ ਹੈ ਕਿ ਕੋਰੀਡੋਰ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀਆਂ ਸ਼ਰਤਾਂ ਦੇ ਸਪੱਸ਼ਟ ਨਾ ਹੋਣ ਕਾਰਣ ਕੁਝ ਦੁਬਿਧਾ ਬਣੇ ਰਹਿਣ ਕਾਰਣ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਆਵਾਜਾਈ ਓਨੀ ਨਹੀਂ ਹੋ ਸਕੀ, ਜਿੰਨੀ ਕਿ ਆਸ ਕੀਤੀ ਜਾ ਰਹੀ ਸੀ। ਆਸ ਹੈ ਕਿ ਦੋਵਾਂ ਭਾਰਤ-ਪਾਕਿ ਸਰਕਾਰਾਂ ਦੇ ਪ੍ਰਤੀਨਿਧੀ ਜਲਦ ਹੀ ਆਪਸ ’ਚ ਮਿਲ-ਬੈਠ ਕੇ ਇਸ ਦੁਬਿਧਾ ਨੂੰ ਦੂਰ ਕਰ ਲੈਣਗੇ, ਜਿਸ ਨਾਲ ਸੰਗਤਾਂ ਦੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ-ਜਾਣ ਦੀ ਗਿਣਤੀ ’ਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਇਧਰ ਇਨ੍ਹੀਂ ਦਿਨੀਂ ਕੋਰੀਡੋਰ ਨੂੰ ਖੋਲ੍ਹੇ ਜਾਣ ਲਈ ਕੁਝ ਸਿੱਖ ਧੜਿਆਂ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਹੀ ਸਿਹਰਾ ਦਿੱਤੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਦਕਿ ਆਮ ਸਿੱਖਾਂ ਦੀ ਮਾਨਤਾ ਹੈ ਕਿ ਅਸਲ ’ਚ ਇਸ ਦਾ ਸਿਹਰਾ ਉਸ ਅਰਦਾਸ ਨੂੰ ਜਾਂਦਾ ਹੈ, ਜੋ ਕਈ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਜਦੋਂ ਸ. ਸਿੱਧੂ ਇਮਰਾਨ ਦੇ ਤਾਜਪੋਸ਼ੀ ਸਮਾਰੋਹ ’ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਨੇ ਆਪਣੇ ਦੋਸਤ ਇਮਰਾਨ ਖਾਨ ਸਾਹਮਣੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ ਰੱਖੀ ਸੀ ਅਤੇ ਉਨ੍ਹਾਂ ਦੋਸਤ ਦੀ ਮੰਗ ਪੂਰੀ ਕਰਨ ਦਾ ਨਾ ਸਿਰਫ ਭਰੋਸਾ ਹੀ ਦਿੱਤਾ ਸਗੋਂ ਉਸ ਨੂੰ ਪੂਰਾ ਕਰਨ ਵੱਲ ਵੀ ਕਦਮ ਵਧਾ ਦਿੱਤਾ ਪਰ ਇਸ ਦੀ ਸਫਲਤਾ ’ਚ ਭਾਰਤ ਦੀ ਮੋਦੀ ਸਰਕਾਰ ਵਲੋਂ ਸਾਰਥਕ ਭੂਮਿਕਾ ਨਿਭਾਏ ਜਾਣ ਦੀ ਵੀ ਅਣਡਿੱਠਤਾ ਨਹੀਂ ਕੀਤੀ ਜਾ ਸਕਦੀ। ਹਰ ਕੋਈ ਜਾਣਦਾ ਹੈ ਕਿ ਇਸ ਕੋਰੀਡੋਰ ਨੂੰ ਖੋਲ੍ਹੇ ਜਾਣ ਦੇ ਰਸਤੇ ’ਚ ਸਮੇਂ-ਸਮੇਂ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਵਲੋਂ ਪਾਕਿਸਤਾਨ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਕਈ ਬੈਠਕਾਂ ਕੀਤੀਆਂ ਗਈਆਂ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ, ਦੋਵਾਂ ਦੇਸ਼ਾਂ ’ਚ ਆਮ ਸਹਿਮਤੀ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਗਈ।

...ਅਤੇ ਅਾਖਿਰ ’ਚ

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਨਾ ਭਰਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਦਲ ਵਲੋਂ ਗੁਰਦੁਆਰਾ ਨਾਨਕ ਪਿਆਊ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਸਜਾਏ ਗਏ ਕੌਮਾਂਤਰੀ ਨਗਰ ਕੀਰਤਨ ਅਤੇ ਉਸ ਦੇ ਨਾਲ ਲਿਜਾਈ ਗਈ ਸੁਨਹਿਰੀ ਪਾਲਕੀ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਉਸ ਦੇ ਕਨਵੀਨਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਅਤੇ ਤਰਲੋਚਨ ਸਿੰਘ ਵਲੋਂ ਬਹੁਤ ਹੀ ਸ਼ਰਮਨਾਕ ਭੂਮਿਕਾ ਨਿਭਾਈ ਗਈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਤਾਂ ਆਪਣੇ ਇਸ ਨਾਪਾਕ ਉਦੇਸ਼ ਨੂੰ ਪੂਰਾ ਕਰਨ ਲਈ ਹਰ ਜਾਇਜ਼-ਨਾਜਾਇਜ਼ ਸਾਧਨ ਦੀ ਵਰਤੋਂ ਕੀਤੀ ਸੀ ਪਰ ਸਤਿਗੁਰੂ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਕਾਰਣ ਇਹ ਲੋਕ ਆਪਣੀ ਨਾਪਾਕ ਸਾਜ਼ਿਸ਼ ’ਚ ਸਫਲ ਨਹੀਂ ਹੋ ਸਕੇ।

Bharat Thapa

This news is Content Editor Bharat Thapa