ਡਰੱਗਜ਼ ਕਾਰਣ ਬਰਬਾਦ ਹੋ ਰਹੀਆਂ ਜ਼ਿੰਦਗੀਆਂ

06/13/2019 3:37:10 AM

ਦੇਵੀ ਚੇਰੀਅਨ

ਇਕ ਦਿਨ ਮੈਂ ਨੌਜਵਾਨਾਂ ਬਾਰੇ ਕੋਈ ਪ੍ਰੋਗਰਾਮ ਦੇਖ ਰਹੀ ਸੀ, ਜੋ ਉਨ੍ਹਾਂ ਨੂੰ ਡਰੱਗਜ਼ ਦੀ ਲਤ ਤੋਂ ਛੁਟਕਾਰਾ ਦਿਵਾਉਣ ਲਈ ਮਦਦ ਵਾਸਤੇ ਰੋ ਰਹੇ ਸਨ। ਉਹ ਪੰਜਾਬ ’ਚ ਹੁਸ਼ਿਆਰਪੁਰ ਨੇੜਲੇ ਕਿਸੇ ਛੋਟੇ ਜਿਹੇ ਪਿੰਡ ਨਾਲ ਸਬੰਧਤ ਸਨ। ਇਹ ਮੇਰੇ ਜੀਵਨ ਦੇ ਸਭ ਤੋਂ ਦੁਖਦਾਈ ਪਲਾਂ ’ਚੋਂ ਇਕ ਸੀ। ਜਦੋਂ ਮੈਂ ਚੰਗੇ-ਭਲੇ ਦਿਸਦੇ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਕਿਸੇ ਅੱਗੇ ਆਪਣੀ ਮਦਦ ਲਈ ਤਰਲੇ ਕਰਦੇ ਦੇਖਿਆ ਅਤੇ ਉਨ੍ਹਾਂ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਡਰੱਗਜ਼ ਦੇ ਆਦੀ ਬਣ ਚੁੱਕੇ ਹਨ।

ਇਹ ਇਕ ਮੰਨੀ-ਪ੍ਰਮੰਨੀ ਗੱਲ ਹੈ ਕਿ ਪੰਜਾਬ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਦੀਆਂ ਹੱਦਾਂ ’ਤੇ ਰਹਿੰਦੇ ਜ਼ਿਆਦਾਤਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਅਤੇ ਆਪਣੀ ਜ਼ਿੰਦਗੀ ਨਾਲ ਖੇਡ ਰਹੇ ਹਨ। ਉਨ੍ਹਾਂ ’ਚੋਂ ਇਕ ਨੌਜਵਾਨ ਦੀ ਮਾਂ ਰੋ-ਰੋ ਕੇ ਬੇਹਾਲ ਸੀ ਅਤੇ ਉਦੋਂ ਤਕ ਰੋਂਦੀ ਰਹੀ, ਜਦੋਂ ਤਕ ਉਹ ਬੇਹੋਸ਼ ਨਹੀਂ ਹੋ ਗਈ। ਕਿਸੇ ਮਾਂ ਲਈ ਇਹ ਕਬੂਲਣਾ ਬਹੁਤ ਦਿਲ-ਕੰਬਾਊ ਹੁੰਦਾ ਹੈ ਕਿ ਉਸ ਦਾ ਪੁੱਤ ਨਸ਼ਿਆਂ ਦਾ ਸ਼ਿਕਾਰ ਹੈ।

ਡਰੱਗਜ਼ ਦੀ ਇਹ ਸਮੱਸਿਆ ਪੰਜਾਬ ’ਚ ਦਹਾਕਿਆਂ ਤੋਂ ਹੈ। ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਕੋਈ ਫਾਇਦਾ ਨਹੀਂ ਹੋਇਆ। ਇਨ੍ਹਾਂ ਸਾਰੀਆਂ ਸਰਕਾਰਾਂ ਨੇ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ, ਡਰੱਗਜ਼ ਦੀ ਸਪਲਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ। ਇਹ ਡਰੱਗਜ਼ ਕਿੱਥੋਂ ਆਉਂਦੀਆਂ ਹਨ, ਇਹ ਬਣਦੀਆਂ ਕਿੱਥੇ ਹਨ ਅਤੇ ਇੰਨੀ ਆਸਾਨੀ ਨਾਲ ਕਿਵੇਂ ਮਿਲ ਜਾਂਦੀਆਂ ਹਨ?

ਇਹ ਇਕ ਅਜਿਹੀ ਸਥਿਤੀ ਹੈ, ਜਿਸ ਨੇ ਪਿੰਡਾਂ ਨੂੰ ਬਰਬਾਦ ਕਰ ਦਿੱਤਾ। ਬਹੁਤ ਸਾਰੇ ਪਿੰਡਾਂ ’ਚ ਜਵਾਨ ਵਿਧਵਾਵਾਂ ਹਨ, ਬੁੱਢੇ ਮਾਂ-ਪਿਓ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਅਸਲ ’ਚ ਉਹ ਮਦਦ ਲਈ ਦੂਜਿਆਂ ਦੇ ਬੂਹੇ ਖੜਕਾ ਰਹੇ ਹਨ। ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਵੱਧ ਤੋਂ ਵੱਧ ਡਾਕਟਰ ਮੁਹੱਈਆ ਕਰਵਾਉਣੇ ਚਾਹੀਦੇ ਹਨ, ਜੋ ਪਿੰਡਾਂ ’ਚ ਘਰ-ਘਰ ਜਾ ਕੇ ਨੌਜਵਾਨਾਂ ਨੂੰ ਸਮਝਾਉਣ ਅਤੇ ਘਰ ’ਚ ਹੀ ਮੁਫਤ ਇਲਾਜ ਵੀ ਮੁਹੱਈਆ ਕਰਵਾਉਣ। ਡਰੱਗਜ਼ ਦੀ ਲਤ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਨ ਲਈ ਹਰੇਕ ਪਿੰਡ ’ਚ ਕੈਂਪ ਲਾਏ ਜਾਣੇ ਚਾਹੀਦੇ ਹਨ। ਹਰ ਕੋਈ ਅਜਿਹੇ ਕੈਂਪਾਂ ’ਚ ਨਹੀਂ ਜਾ ਸਕਦਾ ਪਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੀੜ੍ਹੀ ਨੂੰ ਬਚਾਉਣ ਲਈ ਉਹ ਰੋਜ਼ਮੱਰਾ, ਪ੍ਰਤੀ ਘੰਟੇ ਦੇ ਆਧਾਰ ’ਤੇ ਮਦਦ ਮੁਹੱਈਆ ਕਰਵਾਏ।

ਦਿੱਲੀ, ਮੁੰਬਈ ਅਤੇ ਹੋਰ ਬਹੁਤ ਸਾਰੇ ਮਹਾਨਗਰਾਂ ’ਚ ਵੀ ਨੌਜਵਾਨਾਂ ਵਿਚ ਇਹ ਇਕ ਵਧ ਰਹੀ ਸਮੱਸਿਆ ਹੈ। ਯਕੀਨੀ ਤੌਰ ’ਤੇ ਦਿੱਲੀ ’ਚ ਡਰੱਗਜ਼ ਲੈਣਾ ਇਕ ਫੈਸ਼ਨ ਬਣ ਗਿਆ ਹੈ। ਮੈਂ ਸੁਣਿਆ ਹੈ ਕਿ ਫਾਰਮ ਹਾਊਸਾਂ ਅਤੇ ਨੌਜਵਾਨਾਂ ਦੀਆਂ ਪਾਰਟੀਆਂ ਵਿਚ ‘ਮੈਨਿਊ’ ਦੇ ਇਕ ਹਿੱਸੇ ਵਜੋਂ ਡਰੱਗਜ਼ ਪਰੋਸੀ ਜਾਂਦੀ ਹੈ। ਮੈਨੂੰ ਨਹੀਂ ਪਤਾ ਕਿ ਇਹ ਕਿੰਨੀ ਖਤਰਨਾਕ ਹੁੰਦੀ ਹੈ ਪਰ ਅਜਿਹਾ ਕਰਨਾ ਇਕ ਸਜ਼ਾਯੋਗ ਅਪਰਾਧ ਐਲਾਨਿਆ ਜਾਣਾ ਚਾਹੀਦਾ ਹੈ। ਰੋਜ਼ਮੱਰਾ ਦੇ ਆਧਾਰ ’ਤੇ ਪੁਲਸ ਵਲੋਂ ਛਾਪੇ ਮਾਰੇ ਜਾਣੇ ਚਾਹੀਦੇ ਹਨ ਤਾਂ ਕਿ ਲੋਕਾਂ ’ਚ ਡਰ ਪੈਦਾ ਹੋਵੇ।

ਸਕੂਲਾਂ ਅਤੇ ਕਾਲਜਾਂ ’ਚ ਨਸ਼ੇ ਇਕ ਜਨਤਕ ਤੱਥ ਹਨ ਪਰ ਵਿਦਿਆਰਥੀ ਇਨ੍ਹਾਂ ਨੂੰ ਕਿੱਥੋਂ ਪ੍ਰਾਪਤ ਕਰਦੇ ਹਨ? ਉਨ੍ਹਾਂ ਨੂੰ ਪੈਸਾ ਕੌਣ ਦਿੰਦਾ ਹੈ? ਮੈਂ ਨਹੀਂ ਸਮਝ ਸਕਦੀ ਪਰ ਯਕੀਨੀ ਤੌਰ ’ਤੇ ਜੋ ਬੱਚੇ ਇਸ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਕੋਲ ਨਾਖੁਸ਼ ਅਤੇ ਟੁੱਟੇ ਪਰਿਵਾਰਾਂ ਵਾਲੇ ਘਰਾਂ ’ਚੋਂ ਆਉਣ, ਸਿੱਖਿਆ ਨੂੰ ਲੈ ਕੇ ਨਿਰਾਸ਼ਾ ਅਤੇ ਬਹੁਤ ਜ਼ਿਆਦਾ ਦਬਾਅ ਦਾ ਬਹਾਨਾ ਹੁੰਦਾ ਹੈ। ਮੈਂ ਸਮਝਦੀ ਹਾਂ ਕਿ ਕੁਝ ਮਾਪੇ ਇੰਨੇ ਰੁੱਝੇ ਹੁੰਦੇ ਹਨ ਕਿ ਉਹ ਬੱਚਿਆਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦੇ। ਉਹ ਉਨ੍ਹਾਂ ਨੂੰ ਆਪਣੇ ਵਲੋਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਬਿਹਤਰ ਹੋਵੇਗਾ, ਜੇ ਬੱਚਿਆਂ ਨੂੰ ਸਹੂਲਤਾਂ ਘੱਟ ਅਤੇ ਪਿਆਰ ਜ਼ਿਆਦਾ ਦਿੱਤਾ ਜਾਵੇ। ਮਾਪੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਦੇਣ। ਇਹ ਜਾਣਨਾ ਚੰਗਾ ਹੈ ਕਿ ਸਕੂਲ ਵੀ ਜ਼ਿਆਦਾ ਚੌਕਸ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡਰੱਗ ਸਮੱਗਲਰ ਜ਼ਿਆਦਾ ਚਲਾਕ ਹਨ। ਇਹ ਹਰੇਕ ਮਾਂ-ਪਿਓ ਲਈ ਖੌਫਨਾਕ ਅਤੇ ਚਿੰਤਾਜਨਕ ਸਥਿਤੀ ਹੈ।

ਡਰੱਗਜ਼ ਦੀ ਇਸ ਲਤ ਕਾਰਣ ਮੇਰੀ ਇਕ ਸਹੇਲੀ ਨੇ ਆਪਣਾ ਬੇਟਾ ਗੁਆ ਲਿਆ। ਜੋ ਇਸ ਸਥਿਤੀ ’ਚ ਪਹੁੰਚ ਗਿਆ ਸੀ ਅਤੇ ਡਰੱਗਜ਼ ਖਰੀਦਣ ਲਈ ਉਹ ਘਰ ’ਚੋਂ ਚੀਜ਼ਾਂ ਚੋਰੀ ਕਰਨ ਲੱਗ ਪਿਆ ਸੀ। ਉਸ ਨੂੰ ਕਿਸੇ ਤੋਂ ਮਦਦ ਨਹੀਂ ਮਿਲੀ–ਨਾ ਕੋਈ ਡਾਕਟਰ ਅਤੇ ਨਾ ਮੁੜ-ਵਸੇਬਾ ਕੇਂਦਰ, ਜਿਸ ਕਾਰਣ ਸਾਰਾ ਪਰਿਵਾਰ ਬਰਬਾਦ ਹੋ ਗਿਆ। ਮਾਂ ਟੁੱਟ ਚੁੱਕੀ ਹੈ ਅਤੇ ਪਿਤਾ ਆਪਣੇ ਜਵਾਨ ਪੁੱਤ ਦੀ ਮੌਤ ਦੇ ਸਦਮੇ ’ਚ ਹੈ।

ਇਹ ਹਰ ਕਿਸੇ ਲਈ ਇਕ ਸਬਕ ਹੋਣਾ ਚਾਹੀਦਾ ਹੈ ਪਰ ਅਜਿਹਾ ਹੈ ਨਹੀਂ। ਲੋਕ ਸਿਰਫ ਕਿਸਮਤ ਨੂੰ ਦੋਸ਼ ਦਿੰਦੇ ਹਨ। ਪੰਜਾਬ ਅਤੇ ਕਈ ਹੋਰ ਥਾਵਾਂ ’ਤੇ ਡਰੱਗਜ਼ ਆਸਾਨੀ ਨਾਲ ਮੁਹੱਈਆ ਹਨ। ਜੇ ਇਕ ਵਾਰ ਤੁਹਾਨੂੰ ਇਸ ਦੀ ਲਤ ਲੱਗ ਗਈ ਤਾਂ ਚਾਹੇ ਉਹ ਕਿੰਨੀ ਵੀ ਮਹਿੰਗੀ ਹੋਵੇ, ਤੁਸੀਂ ਖਰੀਦਣ ਲਈ ਹੱਥ-ਪੈਰ ਮਾਰੋਗੇ ਹੀ। ਇਸ ਲਈ ਜੇ ਪੈਸਾ ਨਾ ਮਿਲੇ ਤਾਂ ਚੋਰੀ ਇਕ ਆਸਾਨ ਕੰਮ ਹੈ।

ਮੈਂ ਚਾਹੁੰਦੀ ਹਾਂ ਕਿ ਜਿੰਨੀ ਛੇਤੀ ਹੋ ਸਕੇ ਸਰਕਾਰ ਇਸ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਏ। ਡਰੱਗਜ਼ ਸਮੱਗਲਰਾਂ ਨੂੰ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਅਤੇ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਮੁਫਤ ਡਾਕਟਰੀ ਸਹਾਇਤਾ ਤੇ ਨੌਕਰੀਆਂ ਦਿੱਤੀਆਂ ਜਾਣ, ਲੋਕਾਂ ’ਚ ਜਾਗਰੂਕਤਾ ਫੈਲਾਈ ਜਾਵੇ।

Bharat Thapa

This news is Content Editor Bharat Thapa