ਅਫਗਾਨਿਸਤਾਨ ਦੀ ਉਦਾਹਰਣ ਦੇ ਕੇ ਡ੍ਰੈਗਨ ਦੀ ਤਾਈਵਾਨ ’ਤੇ ਹਮਲੇ ਦੀ ਧਮਕੀ

09/16/2021 11:12:00 AM

ਅਜੇ ਦੁਨੀਆ ਦਾ ਧਿਆਨ ਅਫਗਾਨਿਸਤਾਨ ’ਚ ਲੱਗਾ ਹੋਇਆ ਹੈ ਅਤੇ ਓਧਰ ਚੀਨ ਇਕ ਵੱਡੀ ਖੇਡ ਖੇਡ ਗਿਆ ਹੈ ਜੋ ਤਾਈਵਾਨ ’ਤੇ ਦਿਨ-ਬ-ਦਿਨ ਆਪਣਾ ਸ਼ਿਕੰਜਾ ਕੱਸਦਾ ਰਿਹਾ ਹੈ। ਜਿਸ ਸਮੇਂ ਬਾਈਡੇਨ ਅਮਰੀਕੀ ਫੌਜ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ’ਚ ਬਿਜ਼ੀ ਸਨ, ਉਸੇ ਸਮੇਂ ਚੀਨ ਨੇ ਅਮਰੀਕਾ ਦੇ ਇਸ ਕਦਮ ਦੀ ਗੱਲ ਕਰ ਕੇ ਆਪਣੇ ਗੁਆਂਢੀ ਦੇਸ਼ ਤਾਈਵਾਨ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਸਰਕਾਰੀ ਰਿਲੀਜ਼ ’ਚ ਕਿਹਾ ਹੈ ਕਿ ਜੋ ਦੇਸ਼ ਅਮਰੀਕਾ ’ਤੇ ਭਰੋਸਾ ਕਰ ਰਹੇ ਹਨ ਉਹ ਦੇਖ ਲੈਣ ਕਿ ਅਮਰੀਕਾ ਨੇ ਅਫਗਾਨ ਜਨਤਾ ਨੂੰ ਕਿਸ ਹਾਲ ’ਚ ਛੱਡਿਆ ਹੈ। ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਧਮਕੀ ਭਰੇ ਅੰਦਾਜ਼ ’ਚ ਕਿਹਾ ਸੀ ਕਿ ਜਦੋਂ ਚੀਨੀ ਫੌਜ ਤਾਈਵਾਨ ’ਤੇ ਕਬਜ਼ਾ ਕਰਨ ਆਵੇਗੀ ਤਾਂ ਤਾਈਵਾਨ ਇਹ ਨਾ ਸੋਚੇ ਕਿ ਅਮਰੀਕੀ ਫੌਜ ਉਸ ਦੀ ਰੱਖਿਆ ਲਈ ਅੱਗੇ ਆਵੇਗੀ, ਉਹ ਤਾਈਵਾਨ ਨੂੰ ਅਫਗਾਨਿਸਤਾਨ ਵਾਂਗ ਹੀ ਛੱਡ ਕੇ ਭੱਜ ਜਾਵੇਗੀ। 
ਚੀਨ ਨੇ ਕਿਹਾ ਕਿ ਤਾਈਵਾਨ ਨੂੰ ਅਫਗਾਨਿਸਤਾਨ ਤੋਂ ਸਬਕ ਲੈਣਾ ਚਾਹੀਦਾ ਹੈ।

ਅਮਰੀਕਾ ਨੇ ਜਿਸ ਤਰ੍ਹਾਂ ਨਾਲ ਅਫਗਾਨਿਸਤਾਨ ਨੂੰ ਮੰਝਧਾਰ ’ਚ ਛੱਡਿਆ ਹੈ, ਉਸ ਨੂੰ ਦੇਖਦੇ ਹੋਏ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵਨ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੇ ਅਚਾਨਕ ਚਲੇ ਜਾਣ ਨਾਲ ਉੱਥੇ ਪੈਦਾ ਹੋਏ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਤਾਈਵਾਨ ਨੂੰ ਆਪਣਾ ਰੱਖਿਆ ਤੰਤਰ ਹੋਰ ਮਜ਼ਬੂਤ ਕਰਨਾ ਪਵੇਗਾ।ਉੱਥੇ ਚੀਨ ਇਸ ਮੌਕੇ ਦਾ ਖੂਬ ਫਾਇਦਾ ਚੁੱਕਣਾ ਚਾਹੁੰਦਾ ਹੈ ਕਿਉਂਕਿ ਉਹ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ। ਚੀਨ ਨੇ ਤਾਈਵਾਨ ਨੂੰ ਧਮਕਾਉਣ ਦੇ ਲਈ ਹਾਲ ਹੀ ’ਚ ਆਪਣੇ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਪ੍ਰਮਾਣੂ ਬੰਬ ਦਾਗਣ ਵਾਲੇ ਜਹਾਜ਼ ਨੂੰ ਵੀ ਤਾਈਵਾਨ ਦੀ ਸਰਹੱਦ ’ਚ ਭੇਜਿਆ ਸੀ ਤਾਂ ਬਦਲੇ ’ਚ ਤਾਈਵਾਨ ਨੇ ਵੀ ਆਪਣੀਆਂ ਮਿਜ਼ਾਈਲਾਂ ਚੀਨੀ ਲੜਾਕੂ ਜਹਾਜ਼ਾਂ ’ਤੇ ਤਾਣ ਦਿੱਤੀਆਂ ਸਨ। ਇਸ ਦੇ ਬਾਅਦ ਚੀਨੀ ਲੜਾਕੂ ਜਹਾਜ਼ ਵਾਪਸ ਚਲੇ ਗਏ। ਇਸ ਵਾਰ ਚੀਨ ਨੇ ਕੁਲ 19 ਲੜਾਕੂ ਜਹਾਜ਼ਾਂ ਨੂੰ ਤਾਈਵਾਨ ਭੇਜਿਆ ਸੀ, ਜਿਨ੍ਹਾਂ ’ਚੋਂ 10 ਜੇ-16 ਲੜਾਕੂ ਜਹਾਜ਼, 4 ਸੁਖੋਈ ਐੱਸ. ਯੂ. 30, 4 ਸ਼ਿਆਨ ਐੱਚ 6 ਬੰਬ ਵਰ੍ਹਾਊ ਜਹਾਜ਼ ਅਤੇ ਇਕ ਐਂਟੀ ਸਬਮਰੀਨ ਬੰਬ ਵਰਾਊ ਜਹਾਜ਼ ਸੀ।

ਉਂਝ ਤਾਈਵਾਨ ਕੋਲ ਇਸ ਸਮੇਂ ਕੁਲ 4 ਪਣਡੁੱਬੀਆਂ ਹਨ ਜੋ ਤਾਈਵਾਨ ਨੇ 70 ਦੇ ਦਹਾਕੇ ’ਚ ਅਮਰੀਕਾ ਤੋਂ ਖਰੀਦੀਆਂ ਸਨ। ਇਹ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਨਿਰਮਾਣ 1940 ਦੇ ਦਹਾਕੇ ਦਾ ਦੱਸਿਆ ਜਾਂਦਾ ਹੈ ਪਰ ਚੀਨ ਦਾ ਮੁਕਾਬਲਾ ਕਰਨ ਲਈ ਤਾਈਵਾਨ ਸਭ ਤੋਂ ਵੱਧ ਜਿਸ ਹਥਿਆਰ ’ਤੇ ਭਰੋਸਾ ਕਰਦਾ ਹੈ, ਉਹ ਹੈ ਮਿਜ਼ਾਈਲ। ਤਾਈਵਾਨ ਕੋਲ ਇੰਨੀਆਂ ਮਿਜ਼ਾਈਲਾਂ ਹਨ, ਜਿਸ ਦੇ ਕਾਰਨ ਚੀਨ ਤਾਈਵਾਨ ਨੂੰ ਆਪਣੇ ਲੜਾਕੂ ਜਹਾਜ਼ਾਂ ਰਾਹੀਂ ਘੁਰਕੀਆਂ ਤਾਂ ਦਿੰਦਾ ਰਹਿੰਦਾ ਹੈ ਪਰ ਕਦੇ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕਿਆ।ਉਂਝ ਚੀਨ ਵੱਲੋਂ ਤਾਈਵਾਨ ਦੀ ਸਰਹੱਦ ’ਚ ਹੋਈ ਇਹ ਪਹਿਲੀ ਘੁਸਪੈਠ ਨਹੀਂ ਸੀ। ਇਸ ਤੋਂ ਪਹਿਲਾਂ ਵੀ ਚੀਨ ਨੇ ਜਨਵਰੀ, ਅਪ੍ਰੈਲ ਅਤੇ ਜੂਨ ਦੇ ਮਹੀਨੇ ’ਚ ਤਾਈਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ।ਹਾਲਾਂਕਿ ਤਾਈਵਾਨ ਦੇ ਰਾਡਾਰ ਸਿਸਟਮ ’ਤੇ ਸੁਰੱਖਿਆ ਵਿਭਾਗ ਨੇ ਚੀਨ ਦੇ ਜਹਾਜ਼ਾਂ ਨੂੰ ਚਿਤਾਵਨੀ ਜਾਰੀ ਕੀਤੀ ਸੀ ਪਰ ਇਸ ਗੱਲ ’ਤੇ ਚੀਨ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ’ਚ ਕੋਈ ਨਵੀਂ ਗੱਲ ਨਹੀਂ ਹੈ। ਚੀਨ ਹਮੇਸ਼ਾ ਹਰ ਕੰਮ ਚੁੱਪ-ਚੁਪੀਤੇ ਕਰਦਾ ਹੈ ਅਤੇ ਅਧਿਕਾਰਕ ਤੌਰ ’ਤੇ ਕਿਸੇ ਦੇਸ਼ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਨਹੀਂ ਦਿੰਦਾ।

ਇਸ ਦੇ ਬਾਅਦ ਜੀ-7 ਦੇਸ਼ਾਂ ਦੀ ਇਕ ਬੈਠਕ ਹੋਈ, ਜਿਸ ’ਚ ਕਈ ਦੇਸ਼ਾਂ ਨੇ ਚੀਨ ਦੇ ਹਮਲਾਵਰਪੁਣੇ ਦੀ ਆਲੋਚਨਾ ਕੀਤੀ ਅਤੇ ਤਾਈਵਾਨ ਜਲਡਮਰੂ ਮੱਧ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਗੱਲ ਕਹੀ। ਉੱਥੇ ਚੀਨ ਅਫਗਾਨਿਸਤਾਨ ਦੇ ਤਾਜ਼ਾ ਹਾਲ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਕਿਉਂਕਿ ਅਫਗਾਨਿਸਤਾਨ ’ਚ ਉਸ ਦੀ ਮਨਪਸੰਦ ਤਾਲਿਬਾਨ ਸਰਕਾਰ ਬਣ ਚੁੱਕੀ ਹੈ ਅਤੇ ਇਸ ਦੇ ਬਾਅਦ ਚੀਨ ਦਾ ਸਿੱਧਾ ਗਲਬਾ ਮੱਧ ਏਸ਼ੀਆਈ ਦੇਸ਼ਾਂ ’ਤੇ ਹੋਵੇਗਾ। ਚੀਨ ਨੂੰ ਮੌਜੂਦਾ ਸਮੇਂ ’ਚ ਤਾਈਵਾਨ ’ਤੇ ਦਬਾਅ ਬਣਾਉਣ ਦਾ ਸੁਨਹਿਰਾ ਪਲ ਨਜ਼ਰ ਆ ਰਿਹਾ ਹੈ ਕਿਉਂਕਿ ਅਮਰੀਕਾ ਦੇ ਅਫਗਾਨਿਸਤਾਨ ਤੋਂ ਚਲੇ ਜਾਣ ਨੂੰ ਚੀਨ ਅਮਰੀਕਾ ਦੀ ਹਾਰ ਮੰਨ ਰਿਹਾ ਹੈ ਅਤੇ ਕਿਤੇ ਨਾ ਕਿਤੇ ਖੁਦ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਮੰਨੀ ਬੈਠਾ ਹੈ।ਓਧਰ ਤਾਈਵਾਨ ਨੇ ਚੀਨ ਦੀ ਧਮਕੀ ਦਾ ਸਿੱਧਾ ਜਵਾਬ ਦਿੱਤਾ ਹੈ। ਤਾਈਵਾਨ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਜੇਕਰ ਚੀਨ ਉਸ ਨੂੰ ਘੱਟ ਸ਼ਕਤੀਸ਼ਾਲੀ ਦੇਸ਼ ਸਮਝਦਾ ਹੈ ਤਾਂ ਉਹ ਬਹੁਤ ਵੱਡੀ ਗਲਤੀ ਕਰ ਰਿਹਾ ਹੈ। ਤਾਈਵਾਨ ਚੀਨ ਦੀ ਹਰ ਹਰਕਤ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਬੈਠਾ ਹੈ। ਤਾਈਵਾਨ ਕਿਸੇ ਵੀ ਹਾਲ ’ਚ ਚੀਨ ਦਾ ਗਲਬਾ ਆਪਣੇ ਉਪਰ ਸਹਿਣ ਨਹੀਂ ਕਰੇਗਾ। ਉਂਝ ਤਾਈਵਾਨ ਕੋਲ ਚੀਨ ਦੇ ਮੁਕਾਬਲੇ ਬੇਸ਼ੱਕ ਹੀ ਫੌਜ ਬਹੁਤ ਘੱਟ ਹੈ ਪਰ ਤਾਈਵਾਨ ਨੇ ਆਪਣੇ ਮਿਜ਼ਾਈਲ ਸਿਸਟਮ ਨੂੰ ਬੜਾ ਉੱਨਤ ਕੀਤਾ ਹੋਇਆ ਹੈ।


ਸਮੁੰਦਰੀ ਦੂਰੀ ’ਚ ਨਾਪਿਆ ਜਾਵੇ ਤਾਂ ਤਾਈਵਾਨ ਚੀਨ ਦੇ ਫੁਚਯੇਨ ਸੂਬੇ ਦੀ ਨੇੜਲੀ ਸਰਹੱਦ ਤੋਂ ਸਿਰਫ 160 ਕਿਲੋਮੀਟਰ ਦੂਰ ਹੈ, ਜਿਸ ਕੋਲ ਅਜਿਹੀਆਂ ਮਿਜ਼ਾਈਲਾਂ ਹਨ ਜੋ ਚੀਨ ਦੇ ਫੁਚਯੇਨ, ਚਚਯਾਂਗ, ਚਯਾਂਗਸ਼ੀ, ਹੂਨਾਨ, ਕਵੇਈਚੋ, ਹੇਨਾਨ, ਆਨਹੁੂਈ, ਸ਼ਾਨਤੁੰਗ, ਛੋਂਗਛਿੰਗ, ਕਵਾਂਗਸ਼ੀ ਅਤੇ ਕਵਾਂਤਤੁੰਗ ਸੂਬੇ ਨੂੰ ਆਪਣੀਆਂ ਮਿਜ਼ਾਈਲਾਂ ਨਾਲ ਪੂਰੀ ਤਰ੍ਹਾਂ ਨਸ਼ਟ ਕਰ ਸਕਦਾ ਹੈ ਪਰ ਤਾਈਵਾਨ ਆਪਣੇ ਗੁਆਂਢੀਆਂ ਤੋਂ ਸ਼ਾਂਤੀਪੂਰਨ ਅਤੇ ਸਥਿਰ ਸਬੰਧਾਂ ਦੀ ਆਸ ਰੱਖਦਾ ਹੈ।ਚੀਨ ਦਾ ਹਮਲਾਵਰ ਵਤੀਰਾ ਖਾਸ ਕਰਕੇ ਗੁਆਂਢੀ ਦੇਸ਼ਾਂ ਲਈ ਚਿੰਤਾ ਦਾ ਸਬੱਬ ਹੈ, ਖਾਸ ਕਰ ਕੇ ਉਸ ਸਮੇਂ ਜਦੋਂ ਅਜੇ ਦੁਨੀਆ ਕੋਰੋਨਾ ਮਹਾਮਾਰੀ ਤੋਂ ਉੱਭਰ ਨਹੀਂ ਸਕੀ ਹੈ, ਓਧਰ ਅਫਗਾਨਿਸਤਾਨ ਦੀ ਸਮੱਸਿਆ ਸਿਰ ਉਠਾ ਚੁੱਕੀ ਹੈ। ਅਜਿਹੇ ’ਚ ਚੀਨ ਦੀਆਂ ਖਤਰਨਾਕ ਚਾਲਾਂ ਤੋਂ ਦੁਨੀਆ ਨੂੰ ਸੁਚੇਤ ਰਹਿਣ ਦੀ ਲੋੜ ਹੈ। ਚੀਨ ਨੇ ਕਈ ਦਹਾਕਿਆਂ ਤੋਂ ਜੋ ਵਿਸਤਾਰਵਾਦ ਦੀ ਯੋਜਨਾ ਬਣਾਈ ਸੀ ਉਸ ’ਤੇ ਉਹ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਹਾਲ ਹੀ ਦੇ ਦਿਨਾਂ ’ਚ ਦੁਨੀਆ ਨੇ ਦੇਖਿਆ ਕਿ ਚੀਨ ਦੇ ਕੂਟਨੀਤਕਾਂ ਦੀ ਭਾਸ਼ਾ ’ਚ ਵੀ ਤਿੱਖਾਪਨ ਖੁੱਲ੍ਹ ਕੇ ਸਾਹਮਣੇ ਆਇਆ ਹੈ ਜੋ ਪਹਿਲਾਂ ਚੀਨੀਆਂ ’ਚ ਨਹੀਂ ਦੇਖਿਆ ਗਿਆ ਸੀ। ਇਸ ਲਈ ਪੂਰੀ ਦੁਨੀਆ ਨੂੰ ਚੀਨ ਦੀ ਹਰ ਇਕ ਹਰਕਤ ’ਤੇ ਤਿੱਖੀ ਨਜ਼ਰ ਰੱਖਣੀ ਬੜੀ ਜ਼ਰੂਰੀ ਹੈ।

Vandana

This news is Content Editor Vandana