ਬੱਚਿਆਂ ਨੂੰ ਭਗਵਾਨ ਦੇ ਭਰੋਸੇ ਨਾ ਛੱਡੋ

01/05/2020 1:40:24 AM

ਰੋਹਿਤ ਕੌਸ਼ਿਕ

ਇਹ ਬੜਾ ਮੰਦਭਾਗਾ ਹੀ ਹੈ ਕਿ ਰਾਜਸਥਾਨ ਦੇ ਜੇ. ਕੇ. ਲੋਨ ਸਰਕਾਰੀ ਹਸਪਤਾਲ ’ਚ ਇਕ ਮਹੀਨੇ ਦੇ ਅੰਦਰ 106 ਬੱਚਿਆਂ ਦੀ ਮੌਤ ਹੋ ਗਈ। ਬੀਤੇ ਦਿਨੀਂ ਜਦੋਂ ਰਾਸ਼ਟਰੀ ਬਾਲ ਅਧਿਕਾਰ ਰਖਵਾਲੀ ਕਮਿਸ਼ਨ ਦੀ ਟੀਮ ਨੇ ਇਸ ਹਸਪਤਾਲ ਦਾ ਦੌਰਾ ਕੀਤਾ ਤਾਂ ਉਸ ਨੂੰ ਹਸਪਤਾਲ ’ਚ ਸੂਰ ਘੁੰਮਦੇ ਦਿਖਾਈ ਦਿੱਤੇ। ਇਸ ਹਸਪਤਾਲ ’ਚ ਡਾਕਟਰੀ ਯੰਤਰਾਂ ਦੀ ਹਾਲਤ ਵੀ ਖਰਾਬ ਮਿਲੀ। ਦੁਖਦਾਈ ਗੱਲ ਇਹ ਹੈ ਕਿ ਹਸਪਤਾਲ ਦਾ ਨਵਜੰਮੇ ਬੱਚਿਆਂ ਦਾ ਬਹੁਤ ਹੀ ਧਿਆਨ ਰੱਖਣ ਵਾਲਾ ਸੁਰੱਖਿਆ ਵਾਰਡ ਵੀ ਨਰਸਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਹ ਤ੍ਰਾਸਦੀ ਹੀ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਹਿ ਰਹੇ ਹਨ ਕਿ 2014 ਤੋਂ ਬਾਅਦ ਇਸ ਹਸਪਤਾਲ ’ਚ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ। ਸਵਾਲ ਇਹ ਹੈ ਕਿ ਕੀ ਅਜਿਹੇ ਬਿਆਨਾਂ ਨਾਲ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਬਰੀ ਹੋ ਜਾਣਗੇ? ਮੁੱਖ ਮੰਤਰੀ ਦੇ ਇਸ ਬਿਆਨ ਤੋਂ ਇਹ ਸਿੱਧ ਹੁੰਦਾ ਹੈ ਕਿ ਸੱਤਾ ਦਾ ਚਰਿੱਤਰ ਇਕੋ ਜਿਹਾ ਹੁੰਦਾ ਹੈ। ਕਾਂਗਰਸ ਹਾਈਕਮਾਨ ਵੀ ਇਸ ਮਾਮਲੇ ’ਚ ਬੜੀ ਦੇਰ ਨਾਲ ਜਾਗੀ ਹੈ। ਗੋਰਖਪੁਰ ’ਚ ਬੱਚਿਆਂ ਦੀ ਮੌਤ ’ਤੇ ਰੌਲਾ ਪਾਉਣ ਵਾਲੀ ਕਾਂਗਰਸ ਰਾਜਸਥਾਨ ’ਚ ਬੱਚਿਆਂ ਦੀ ਮੌਤ ’ਤੇ ਕਿਉਂ ਉਦਾਸੀਨ ਹੈ? ਇਸ ਮਾਮਲੇ ’ਚ ਸਥਾਨਕ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਪਿਛਲੇ ਦਿਨੀਂ ਵੱਖ-ਵੱਖ ਆਸਰਾ ਗ੍ਰਹਿਆਂ ’ਚ ਬੱਚਿਆਂ ਨਾਲ ਜਿਸ ਤਰ੍ਹਾਂ ਗੈਰ-ਮਨੁੱਖੀ ਅੱਤਿਆਚਾਰ ਦੀਆਂ ਖ਼ਬਰਾਂ ਆਈਆਂ, ਉਨ੍ਹਾਂ ਤੋਂ ਇਹ ਸਪੱਸ਼ਟ ਹੈ ਕਿ ਸਰਕਾਰ, ਸਮਾਜ ਅਤੇ ਸਰਕਾਰੀ ਏਜੰਸੀਆਂ ਬੱਚਿਆਂ ਦੇ ਮਾਮਲੇ ’ਚ ਗੰਭੀਰ ਨਹੀਂ ਹਨ।

ਇਸ ਪ੍ਰਗਤੀਸ਼ੀਲ ਦੌਰ ’ਚ ਇਕ ਪਾਸੇ ਬੱਚੇ ਅਨੇਕਾਂ ਬੀਮਾਰੀਆਂ ਕਾਰਣ ਮੌਤ ਦੇ ਮੂੰਹ ’ਚ ਸਮਾ ਰਹੇ ਹਨ ਤਾਂ ਦੂਜੇ ਪਾਸੇ ਵੱਖ-ਵੱਖ ਵਿਗਾੜਾਂ ਕਾਰਣ ਬੱਚਿਆਂ ਦੇ ਬਚਪਨ ’ਤੇ ਇਕ ਵੱਡਾ ਖਤਰਾ ਮੰਡਰਾਅ ਰਿਹਾ ਹੈ। ਕੁਝ ਸਮਾਂ ਪਹਿਲਾਂ ਸੈਂਟਰ ਫਾਰ ਐਡਵੋਕੇਸੀ ਐਂਡ ਰਿਸਰਚ ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਟੀ. ਵੀ. ਉੱਤੇ ਦਿਖਾਈ ਜਾਣ ਵਾਲੀ ਹਿੰਸਾ ਨਾਲ ਬੱਚਿਆਂ ਦੇ ਦਿਲੋ-ਦਿਮਾਗ ’ਤੇ ਉਲਟ ਅਸਰ ਪੈ ਰਿਹਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਅੱਜ ਅਨੇਕਾਂ ਅਜਿਹੇ ਬੱਚੇ ਹਨ, ਜੋ ਭੂਤ ਅਤੇ ਕਿਸੇ ਹੋਰ ਭਟਕਦੀ ਆਤਮਾ ਦੇ ਡਰ ਕਾਰਣ ਸਹਿਮ ਦੀ ਜ਼ਿੰਦਗੀ ਜੀਅ ਰਹੇ ਹਨ। ਸੈਂਟਰ ਫਾਰ ਐਡਵੋਕੇਸੀ ਐਂਡ ਰਿਸਰਚ ਨੇ ਬੱਚਿਆਂ ’ਤੇ ਮੀਡੀਆ ਦੇ ਭੈੜੇ ਅਸਰ ਦਾ ਵਿਆਪਕ ਸਰਵੇਖਣ ਕਰਵਾਇਆ। ਪੰਜ ਸ਼ਹਿਰਾਂ ’ਚ ਕਰਵਾਏ ਗਏ ਇਸ ਸਰਵੇਖਣ ਤੋਂ ਇਹ ਸਿੱਟਾ ਸਾਹਮਣੇ ਆਇਆ ਕਿ ਹਿੰਸਾ ਅਤੇ ਡਰ ਵਾਲੇ ਪ੍ਰੋਗਰਾਮਾਂ ਕਾਰਣ ਬੱਚਿਆਂ ਦੇ ਦਿਲੋ-ਦਿਮਾਗ ’ਤੇ ਡੂੰਘਾ ਅਸਰ ਪੈ ਰਿਹਾ ਹੈ।

ਖੋਜੀਆਂ ਦਾ ਮੰਨਣਾ ਹੈ ਕਿ ਅਜਿਹੇ ਪ੍ਰੋਗਰਾਮਾਂ ’ਚ ਬੱਚਿਆਂ ’ਤੇ ਡੂੰਘਾ ਭਾਵਨਾਤਮਕ ਅਸਰ ਪੈਂਦਾ ਹੈ, ਜੋ ਅੱਗੇ ਚੱਲ ਕੇ ਉਨ੍ਹਾਂ ਦੇ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਸਰਵੇਖਣ ’ਚ ਇਹ ਸਿੱਟਾ ਕੱਢਿਆ ਗਿਆ ਕਿ 75 ਫੀਸਦੀ ਟੀ. ਵੀ. ਪ੍ਰੋਗਰਾਮ ਅਜਿਹੇ ਹਨ, ਜਿਨ੍ਹਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਜ਼ਰੂਰ ਦਿਖਾਈ ਜਾਂਦੀ ਹੈ। ਇਨ੍ਹਾਂ ਪ੍ਰੋਗਰਾਮਾਂ ਨਾਲ ਬੱਚਿਆਂ ’ਤੇ ਡੂੰਘਾ ਮਨੋਵਿਗਿਆਨਿਕ ਅਤੇ ਭਾਵਨਾਤਮਕ ਅਸਰ ਪੈਂਦਾ ਹੈ। ਸਸਪੈਂਸ, ਥ੍ਰਿਲਰ, ਹਾਰਰ ਸ਼ੋਅ ਅਤੇ ਸੋਪ ਓਪੇਰਾ ਦੇਖਣ ਵਾਲੇ ਬੱਚੇ ਗੁੰਝਲਦਾਰ ਮਨੋਵਿਗਿਆਨਿਕ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਸ ਸਮੇਂ ਭਾਰਤ ਸਮੇਤ ਦੁਨੀਆ ਭਰ ਦੇ ਬੱਚਿਆਂ ’ਤੇ ਹਰ ਕਿਸਮ ਦੇ ਖਤਰੇ ਮੰਡਰਾਅ ਰਹੇ ਹਨ। ਤ੍ਰਾਸਦੀ ਇਹ ਹੈ ਕਿ ਹੁਣ ਜਲਵਾਯੂ ਤਬਦੀਲੀ ਵੀ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਵਲੋਂ ਜਾਰੀ ਇਕ ਰਿਪੋਰਟ ਅਨੁਸਾਰ ਦੁਨੀਆ ਦੇ 2.3 ਅਰਬ ਬੱਚਿਆਂ ’ਚੋਂ ਲੱਗਭਗ 69 ਕਰੋੜ ਬੱਚੇ ਜਲਵਾਯੂ ਪਰਿਵਰਤਨ ਦੇ ਸਭ ਤੋਂ ਵੱਧ ਜੋਖ਼ਮ ਵਾਲੇ ਖੇਤਰਾਂ ’ਚ ਰਹਿੰਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਉੱਚ ਮੌਤ ਦਰ, ਗਰੀਬੀ ਅਤੇ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਗਭਗ 53 ਕਰੋੜ ਬੱਚੇ ਹੜ੍ਹ ਅਤੇ ਊਸ਼ਨਕਟੀਬੰਧੀ ਤੂਫਾਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ’ਚ ਰਹਿੰਦੇ ਹਨ। ਧਿਆਨ ਦੇਣਯੋਗ ਹੈ ਕਿ ਇਨ੍ਹਾਂ ’ਚੋਂ ਵਧੇਰੇ ਦੇਸ਼ ਏਸ਼ੀਆ ’ਚ ਹਨ। ਲੱਗਭਗ 16 ਕਰੋੜ ਬੱਚੇ ਸੋਕੇ ਨਾਲ ਗੰਭੀਰ ਤੌਰ ’ਤੇ ਪ੍ਰਭਾਵਿਤ ਇਲਾਕਿਆਂ ’ਚ ਪਲ-ਵਧ ਰਹੇ ਹਨ। ਇਨ੍ਹਾਂ ਇਲਾਕਿਆਂ ’ਚੋਂ ਵਧੇਰੇ ਅਫਰੀਕਾ ’ਚ ਹਨ।

ਵਰਣਨਯੋਗ ਹੈ ਕਿ ਅੱਜ ਦੀ ਮਹਾਨਗਰਾਂ ਦੀ ਜੀਵਨਸ਼ੈਲੀ ’ਚ ਮਾਂ ਅਤੇ ਪਿਓ ਦੋਵੇਂ ਹੀ ਆਪੋ-ਆਪਣੇ ਕੰਮਾਂ ’ਚ ਰੁੱਝੇ ਰਹਿੰਦੇ ਹਨ। ਅਜਿਹੀ ਹਾਲਤ ’ਚ ਬੱਚਿਆਂ ਦੀ ਉਚਿਤ ਅਤੇ ਸੰਪੂਰਨ ਦੇਖਭਾਲ ਪ੍ਰਭਾਵਿਤ ਹੁੰਦੀ ਹੈ। ਬੱਚਿਆਂ ਨੂੰ ਆਯਾ ਅਤੇ ਨੌਕਰ ਦੇ ਸਹਾਰੇ ਛੱਡ ਦਿੱਤਾ ਜਾਂਦਾ ਹੈ। ਕਾਰੋਬਾਰ ਦੇ ਇਸ ਦੌਰ ’ਚ ਕਿਡ ਗਾਰਡਨ ਸੱਭਿਆਚਾਰ ਵੀ ਖੂਬ ਵਧ-ਫੁੱਲ ਰਿਹਾ ਹੈ। ਨੌਕਰ ਅਤੇ ਕਿਡ ਗਾਰਡਨ ਕੁਝ ਸਮੇਂ ਤਕ ਤਾਂ ਬੱਚਿਆਂ ਦੀ ਦੇਖਭਾਲ ਕਰ ਸਕਦੇ ਹਨ ਪਰ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਬਹੁਤ ਹੀ ਰੁਝੇਵਿਆਂ ਕਾਰਣ ਮਾਂ-ਪਿਓ ਬੱਚਿਆਂ ਨੂੰ ਨਾ ਸਿਰਫ ਇਸ ਵਿਵਸਥਾ ਦੇ ਸਹਾਰੇ ਹੀ ਛੱਡ ਦਿੰਦੇ ਹਨ। ਕੁਝ ਮਾਮਲਿਆਂ ਵਿਚ ਤਾਂ ਪਤੀ ਤੇ ਪਤਨੀ ਦੋਹਾਂ ਦਾ ਕੰਮ ’ਤੇ ਜਾਣਾ ਮਜਬੂਰੀ ਹੁੰਦੀ ਹੈ ਪਰ ਮਹਾਨਗਰਾਂ ਵਿਚ ਪਤੀ ਅਤੇ ਪਤਨੀ ਦੋਵੇਂ ਹੀ ਆਪਣੀ ਵੱਖੋ-ਵੱਖ ਜ਼ਿੰਦਗੀ ਜਿਊਣਾ ਚਾਹੁੰਦੇ ਹਨ, ਅਜਿਹੀ ਹਾਲਤ ਵਿਚ ਬੱਚਿਆਂ ਨੂੰ ਭਗਵਾਨ ਦੇ ਭਰੋਸਾ ਛੱਡ ਦਿੱਤਾ ਜਾਂਦਾ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਿਰਫ ਸੁੱਖ-ਸਹੂਲਤਾਂ ਦੀ ਲੋੜ ਨਹੀਂ ਹੁੰਦੀ, ਸਗੋਂ ਸਭ ਤੋਂ ਵੱਧ ਲੋੜ ਹੁੰਦੀ ਹੈ ਉਸ ਸਨੇਹ ਦੀ, ਜੋ ਸੱਚੇ ਅਰਥਾਂ ਵਿਚ ਉਨ੍ਹਾਂ ਦੇ ਅੰਦਰ ਇਕ ਵਿਸ਼ਵਾਸ ਪੈਦਾ ਕਰਦਾ ਹੈ। ਇਹ ਬੜਾ ਮੰਦਭਾਗਾ ਹੀ ਹੈ ਕਿ ਅੱਜ ਅਸੀਂ ਹੋਰ ਪੈਸਾ ਕਮਾਉਣ ਦੀ ਹੋੜ ਅਤੇ ਆਧੁਨਿਕ ਬਣਨ ਦੇ ਚੱਕਰ ਵਿਚ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਭੁੱਲ ਗਏ ਹਾਂ।

ਅੱਜ ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਅਸੀਂ ਅਕਸਰ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝੇ ਬਿਨਾਂ ਆਪਣੀਆਂ ਇੱਛਾਵਾਂ ਉਨ੍ਹਾਂ ’ਤੇ ਥੋਪ ਦਿੰਦੇ ਹਾਂ। ਅਜਿਹੀ ਹਾਲਤ ਵਿਚ ਬੱਚੇ ਜਿਸ ਅੰਤਰ-ਵਿਰੋਧ ਦੀ ਅਵਸਥਾ ’ਚੋਂ ਲੰਘਦੇ ਹਨ, ਉਹ ਅਖੀਰ ਵਿਚ ਅਨੇਕਾਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਥੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਬੱਚਿਆਂ ਦੀਆਂ ਇੱਛਾਵਾਂ ਸਾਹਮਣੇ ਗੋਡੇ ਟੇਕ ਦਿੱਤੇ ਜਾਣਗੇ ਤਾਂ ਉਨ੍ਹਾਂ ਦੇ ਹੋਰ ਜ਼ਿਆਦਾ ਜ਼ਿੱਦੀ ਬਣਨ ਅਤੇ ਗਲਤ ਰਸਤੇ ’ਤੇ ਚੱਲਣ ਦੀ ਸੰਭਾਵਨਾ ਵਧ ਜਾਵੇਗੀ। ਯਕੀਨੀ ਤੌਰ ’ਤੇ ਅਜਿਹਾ ਹੋ ਸਕਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਬੱਚਿਆਂ ਦੀਆਂ ਇੱਛਾਵਾਂ ਨੂੰ ਕੋਈ ਮਹੱਤਵ ਹੀ ਨਾ ਦੇਈਏ। ਆਮ ਤੌਰ ’ਤੇ ਹੁੰਦਾ ਇਹ ਹੈ ਕਿ ਅਸੀਂ ਸ਼ੁਰੂ ਵਿਚ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਅਜਿਹੀ ਹਾਲਤ ਵਿਚ ਮਾਂ-ਪਿਓ ਤੋਂ ਬੱਚੇ ਦੀਆਂ ਆਸਾਂ ਵੀ ਵਧ ਜਾਂਦੀਆਂ ਹਨ। ਆਪਣੀਆਂ ਇਨ੍ਹਾਂ ਉਮੀਦਾਂ ਮੁਤਾਬਿਕ ਜਦੋਂ ਬੱਚਾ ਆਪਣੀਆਂ ਇੱਛਾਵਾਂ ਮਾਂ-ਪਿਓ ਨੂੰ ਦੱਸਦਾ ਹੈ ਤਾਂ ਉਸ ਨੂੰ ਡਾਂਟ ਅਤੇ ਫਿਟਕਾਰ ਕੇ ਚੁੱਪ ਕਰਵਾ ਦਿੰਦੇ ਹਨ। ਮਾਤਾ-ਪਿਤਾ ਦਾ ਇਹ ਵਤੀਰਾ ਹੀ ਬੱਚਿਆਂ ਨੂੰ ਵਿਦਰੋਹੀ ਅਤੇ ਚਿੜਚਿੜਾ ਬਣਾ ਦਿੰਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਦੇ ਨਾਲ ਇਕ ਸੰਤੁਲਿਤ ਵਤੀਰਾ ਅਪਣਾਈਏ। ਬੱਚਿਆਂ ਨੂੰ ਠੀਕ ਢੰਗ ਨਾਲ ਸਮਝਣ ਲਈ ਸਾਨੂੰ ਆਪਣੇ ਅੰਦਰ ਇਕ ਮਨੋਵਿਗਿਆਨਿਕ ਨਜ਼ਰੀਆ ਵੀ ਵਿਕਸਿਤ ਕਰਨਾ ਪਵੇਗਾ। ਬੱਚਿਆਂ ਦੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਮਹੱਤਵ ਦਿੰਦੇ ਹੋਏ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇਗੀ ਕਿ ਅਸਲ ਵਿਚ ਉਹ ਚਾਹੁੰਦੇ ਕੀ ਹਨ? ਜੇਕਰ ਬੱਚੇ ਆਪਣੀ ਗਲਤ ਜ਼ਿੱਦ ’ਤੇ ਅੜੇ ਹੋਏ ਹਨ ਤਾਂ ਸਾਨੂੰ ਸਿਰਫ ਡਾਂਟ-ਫਿਟਕਾਰ ਦਾ ਰਸਤਾ ਨਾ ਅਪਣਾ ਕੇ ਸਿਆਣਪ ਅਤੇ ਪਿਆਰ ਦਾ ਰਸਤਾ ਅਪਣਾਉਣਾ ਹੋਵੇਗਾ। ਸਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਅਸੀਂ ਬੱਚਿਆਂ ਨੂੰ ਭਰੋਸੇ ਵਿਚ ਲੈ ਸਕੀਏ। ਇਸ ਦੇ ਲਈ ਸਾਨੂੰ ਬਹੁਤ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਵਤੀਰੇ ਵਿਚ ਵੀ ਤਬਦੀਲੀ ਲਿਆਉਣੀ ਹੋਵੇਗੀ। ਮਾਂ-ਪਿਓ ਵਲੋਂ ਬੱਚਿਆਂ ’ਤੇ ਆਪਣੀਆਂ ਇੱਛਾਵਾਂ ਥੋਪਣ ਦੇ ਅਨੇਕਾਂ ਰੂਪ ਹੋ ਸਕਦੇ ਹਨ। ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਮਾਂ-ਪਿਓ ਖ਼ੁਦ ਜਿਸ ਟੀਚੇ ਨੂੰ ਹਾਸਿਲ ਨਹੀਂ ਕਰ ਸਕੇ, ਉਹ ਉਸ ਟੀਚੇ ਤਕ ਆਪਣੇ ਬੱਚਿਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਸ ਜਨੂੰਨ ਵਿਚ ਇਹ ਵੀ ਪਰਵਾਹ ਨਹੀਂ ਕਰਦੇ ਕਿ ਅਸਲ ਵਿਚ ਬੱਚੇ ਦੀ ਆਪਣੀ ਇੱਛਾ ਕੀ ਹੈ? ਉਹ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਬੱਚੇ ਵਿਚ ਉਸ ਟੀਚੇ ਤਕ ਪਹੁੰਚਣ ਦੀ ਸਮਰੱਥਾ ਹੈ ਵੀ ਜਾਂ ਨਹੀਂ? ਨਿਸ਼ਚਿਤ ਤੌਰ ’ਤੇ ਬੱਚੇ ਦੇ ਉੱਜਵਲ ਭਵਿੱਖ ਦਾ ਸੁਪਨਾ ਦੇਖਣਾ ਅਤੇ ਉਸ ਸੁਪਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਨਾ ਗਲਤ ਨਹੀਂ ਹੈ ਪਰ ਇਹ ਸਭ ਯਥਾਰਥ ਦੇ ਧਰਾਤਲ ’ਤੇ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਪੜ੍ਹਾਈ ਵਿਚ ਬੱਚੇ ਦਾ ਪੱਧਰ ਕੀ ਹੈ? ਇਸੇ ਆਧਾਰ ’ਤੇ ਸਾਨੂੰ ਉਸ ਦੇ ਭਵਿੱਖ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਜੀਵਨ ਦਾ ਮੂਲ ਮਕਸਦ ਹੈ ਸਨਮਾਨਪੂਰਵਕ ਜ਼ਿੰਦਗੀ ਜੀਣਾ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈੈ ਕਿ ਸਨਮਾਨ ਕਿਸੇ ਇਕ ਖੇਤਰ ਦੇ ਅਧਿਕਾਰ ਵਿਚ ਨਹੀਂ ਹੁੰਦਾ। ਜੇਕਰ ਅਸੀਂ ਈਮਾਨਦਾਰੀ ਅਤੇ ਲਗਨ ਨਾਲ ਕੰਮ ਕਰੀਏ ਤਾਂ ਕਿਸੇ ਵੀ ਖੇਤਰ ਵਿਚ ਸਨਮਾਨਪੂਰਵਕ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਇਸ ਦੇ ਲਈ ਬੱਚਿਆਂ ਦੀ ਸਮਰੱਥਾ ਨੂੰ ਨਾ ਦੇਖਦੇ ਹੋਏ ਕਿਸੇ ਇਕ ਹੀ ਕੈਰੀਅਰ ਦਾ ਜਨੂੰਨ ਪਾਲਣਾ ਗਲਤ ਤਾਂ ਹੈ ਹੀ, ਬੱਚਿਆਂ ਪ੍ਰਤੀ ਵੀ ਬੇਇਨਸਾਫੀ ਹੈ। ਆਮ ਤੌਰ ’ਤੇ ਹੁੰਦਾ ਇਹ ਹੈ ਕਿ ਮਾਂ-ਪਿਓ ਬੱਚੇ ਦੇ ਪੱਧਰ ਤੋਂ ਵੱਧ ਦੀ ਆਸ ਰੱਖਦੇ ਹਨ। ਅਜਿਹੀ ਹਾਲਤ ਵਿਚ ਆਸ ਅਨੁਸਾਰ ਨਤੀਜਾ ਨਾ ਮਿਲਣ ਕਾਰਣ ਮਾਤਾ-ਪਿਤਾ ਦੇ ਡਰੋਂ ਬੱਚੇ ਖ਼ੁਦਕੁਸ਼ੀ ਕਰਨ ’ਤੇ ਮਜਬੂਰ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਅਨੇਕ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਫਿਲਹਾਲ ਕੋਟਾ ਦੇ ਸਰਕਾਰੀ ਹਸਪਤਾਲ ਵਿਚ 106 ਬੱਚਿਆਂ ਦੀ ਮੌਤ ਦੀ ਖ਼ਬਰ ਸਾਡੀ ਪ੍ਰਗਤੀਸ਼ੀਲਤਾ ’ਤੇ ਚਪੇੜ ਮਾਰਦੀ ਹੈ। ਸਿਆਸੀ ਆਗੂਆਂ ਵਲੋਂ ਆਪਣੇ ਬਿਆਨਾਂ ਰਾਹੀਂ ਬੱਚਿਆਂ ਦੀ ਮੌਤ ’ਤੇ ਬੇਲੋੜੇ ਢੰਗ ਨਾਲ ਸਫਾਈ ਦੇਣਾ ਅਖੀਰ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਹੈ। ਕੋਟਾ ਦੇ ਕਾਂਗਰਸੀ ਮੁੱਖ ਮੰਤਰੀ ਅਤੇ ਕਾਂਗਰਸ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਸਖਤ ਕਦਮ ਚੁੱਕਣੇ ਚਾਹੀਦੇ ਹਨ। ਬੱਚਿਆਂ ਦੇ ਬਚਪਨ ਨੂੰ ਬਚਾਉਣ ਲਈ ਅੱਜ ਵੱਖ-ਵੱਖ ਪੱਧਰਾਂ ’ਤੇ ਵਿਚਾਰ-ਵਟਾਂਦਰੇ ਦੀ ਲੋੜ ਹੈ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬਚਪਨ ਨੂੰ ਭਾਸ਼ਣਬਾਜ਼ੀ ਰਾਹੀਂ ਨਹੀਂ ਬਚਾਇਆ ਜਾ ਸਕਦਾ। ਬਚਪਨ ਨੂੰ ਬਚਾਉਣ ਲਈ ਵਿਵਹਾਰਿਕ ਨਜ਼ਰੀਆ ਅਪਣਾਉਣ ਦੀ ਲੋੜ ਹੈ।

Bharat Thapa

This news is Content Editor Bharat Thapa