ਕੀ ਭਾਰਤ ਦਾ ਅਮਰੀਕਾ ਦੇ ਨਾਲ ਫੌਜੀ ਅਤੇ ਰਣਨੀਤਕ ਗਠਜੋੜ ਹੈ

08/30/2021 3:37:37 AM

ਆਕਾਰ ਪਟੇਲ 
ਇਸ ਸਾਲ ਜਨਵਰੀ ’ਚ ਅਮਰੀਕਾ ਨੇ 2018 ਦੇ ਇਕ ਦਸਤਾਵੇਜ਼ ਨੂੰ ਅਵਰਗੀਕ੍ਰਿਤ ਕੀਤਾ ਜੋ ਕਹਿੰਦਾ ਹੈ ਕਿ ਇਸ ਦੀ ਰਾਸ਼ਟਰੀ ਸੁਰੱਖਿਆ ਚੁਣੌਤੀ ‘ਅਮਰੀਕੀ ਰਣਨੀਤਕ ਪ੍ਰਭੂਸੱਤਾ ਨੂੰ ਬਣਾਈ ਰੱਖਣਾ... ਜਦੋਂ ਵੀ ਚੀਨ ਨੂੰ ਨਵੇਂ ਪ੍ਰਭਾਵ ਬਣਾਉਣ ਤੋਂ ਰੋਕਣਾ ਹੈ।’

ਇਸ ਤੋਂ ਇਹ ਪਤਾ ਲੱਗਦਾ ਹੈ ਕਿ ਚੀਨ ਦੀ ਤਰੱਕੀ ਕਿਵੇਂ ਵਿਸ਼ਵ ਪੱਧਰ ’ਤੇ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦੇਵੇਗੀ ਅਤੇ ਖੇਤਰ ’ਚ ਤਬਦੀਲੀ ਲਿਆਵੇਗੀ। ਇਸ ’ਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਬਰਾਬਰ ਨਜ਼ਰੀਏ ਵਾਲੇ ਦੇਸ਼ਾਂ ਦੇ ਨਾਲ ਸਹਿਯੋਗ ਕਰਦੇ ਹੋਏ ਇਕ ਮਜ਼ਬੂਤ ਭਾਰਤ ਚੀਨ ਵਿਰੁੱਧ ਇਕ ਪ੍ਰਤੀਭਾਰ (ਕਾਊਂਟਰ ਬੈਲੰਸ) ਦੇ ਤੌਰ ’ਤੇ ਕੰਮ ਕਰੇਗਾ।

ਇਸ ਮਕਸਦ ਲਈ ਅਮਰੀਕਾ ਸੁਰੱਖਿਆ ਮੁੱਦਿਆਂ ’ਤੇ ਭਾਰਤ ਨੂੰ ਮੁੱਢਲੇ ਆਧਾਰ ’ਤੇ ਇਕ ਸਾਂਝੀਦਾਰ ਦੇ ਤੌਰ ’ਤੇ ਚਾਹੁੰਦਾ ਹੈ ਅਤੇ ਦੋਵੇਂ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਅਤੇ ਸਮੁੰਦਰੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਹਿਯੋਗ ਕਰਨਗੇ। ਇਸ ਦੇ ਇਕ ਹਿੱਸੇ ਦੇ ਤੌਰ ’ਤੇ ਅਮਰੀਕੀਆਂ ਦਾ ਇਕ ਮਕਸਦ ਇਕ ਕਵਾਡ ਢਾਂਚਾ ਤਿਆਰ ਕਰਨ ਦਾ ਹੋਵੇਗਾ ਜੋ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਦੇ ਨਾਲ ਚੀਨੀ ਪ੍ਰਭਾਵ ਵਿਰੁੱਧ ਇਕ ਕੇਂਦਰ ਦੇ ਤੌਰ ’ਤੇ ਕੰਮ ਕਰੇਗਾ। ਕੁਝ ਸਫਿਆਂ ’ਚ ਅਮਰੀਕਾ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ ਕਿ ਕਿਵੇਂ ਉਹ ਭਾਰਤ ਨੂੰ ਇਕ ‘ਪ੍ਰਮੁੱਖ ਸੁਰੱਖਿਆ ਸਾਂਝੀਦਾਰ’ ਬਣਾਵੇਗਾ ਅਤੇ ਕਿਵੇਂ ‘ਇਕ ਮਜ਼ਬੂਤ ਭਾਰਤੀ ਫੌਜ ਅਮਰੀਕਾ ਦੇ ਨਾਲ ਅਸਰਦਾਇਕ ਢੰਗ ਨਾਲ ਸਹਿਯੋਗ ਕਰੇਗੀ।’

ਦਸਤਾਵੇਜ਼ ’ਚ ਇਹ ਵੀ ਦੱਸਿਆ ਗਿਆ ਹੈ ਕਿ ਚੀਨ ਦੇ ਨਾਲ ਕੀ ਕਰਨ ਦਾ ਇਰਾਦਾ ਹੈ : ‘ਅਮਰੀਕੀ ਮੁਕਾਬਲੇਬਾਜ਼ੀ ਨੂੰ ਨੁਕਸਾਨ’ ਤੋਂ ਬਚਾਉਣਾ ਅਤੇ ‘ਚੀਨ ਵੱਲੋਂ ਫੌਜੀ ਅਤੇ ਰਣਨੀਤਕ ਸਮਰਥਾਵਾਂ ਹਾਸਲ ਕਰਨ ਤੋਂ ਰੋਕਣਾ।’

ਕਵਾਡ ਦੀਆਂ ਸਰਗਰਮੀਆਂ ਦਾ ਖੇਤਰ, ਅਖੌਤੀ ‘ਹਿੰਦ-ਪ੍ਰਸ਼ਾਂਤ’, ਮਲਾਕਾ ਜਲਡਮਰੂ ਦੇ ਆਲੇ-ਦੁਆਲੇ ਕੇਂਦਰਿਤ ਹੈ, ਜੋ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਹਿੰਦ ਮਹਾਸਾਗਰ ਨੂੰ ਪ੍ਰਸ਼ਾਂਤ ਨਾਲ ਜੋੜਨ ਵਾਲਾ ਇਕ ਭੀੜਾ ਮਾਰਗ ਹੈ ਜਿਸ ਰਾਹੀਂ ਚੀਨ ਦੀ ਜ਼ਿਆਦਾਤਰ ਦਰਾਮਦ ਤੇ ਬਰਾਮਦ ਹੁੰਦੀ ਹੈ। ਇਸ ਮਾਰਗ ’ਤੇ ਚੀਨ ਦੀ ਨਿਰਭਰਤਾ ਦੇ ਕਾਰਨ ਉਹ ਦੁਚਿੱਤੀ ’ਚ ਹੈ ਅਤੇ ਇਸੇ ਦੇ ਚੱਲਦੇ ਬੈਲਟ ਐਂਡ ਰੋਡ ਪਹਿਲ ਅਧੀਨ ਉਹ ਬਦਲਵਾਂ ਰੂਟ ਖੋਲ੍ਹ ਰਿਹਾ ਹੈ।

ਤਾਂ ਕੀ ਚੀਨ ਨੂੰ ਫੇਲ ਕਰਨ ਲਈ ਭਾਰਤ ਇਸ ਗਠਜੋੜ ਲਈ ਦਸਤਖਤ ਕਰ ਰਿਹਾ ਹੈ? ਇਹ ਸਪੱਸ਼ਟ ਨਹੀਂ ਹੈ। ਸੰਸਦ ’ਚ ਕਿਸੇ ਚਰਚਾ ਤੋਂ ਬਗੈਰ, ਮੀਡੀਆ ਨੂੰ ਬਿਨਾਂ ਕਿਸੇ ਇੰਟਰਵਿਊ ਦੇ ਅਤੇ ਬਿਨਾਂ ਪ੍ਰੈੱਸ ਕਾਨਫਰੰਸਿਜ਼ ਦੇ ਅਤੇ ਆਪਣੇ ਐਲਾਨ ਪੱਤਰਾਂ ’ਚ ਇਸ ਦਾ ਕੋਈ ਜ਼ਿਕਰ ਨਾ ਕਰਦੇ ਹੋਏ ਮੋਦੀ ਨੇ ਅਮਰੀਕਾ ਦੇ ਨਾਲ ਰਣਨੀਚਕ ਸਾਂਝੇਦਾਰੀ ਅਤੇ ਫੌਜੀ ਗਠਜੋੜ ਦਾ ਰੁਖ ਕੀਤਾ ਹੈ। ਫਰਵਰੀ 2020 ’ਚ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਅਤੇ ਲੱਦਾਖ ਸੰਕਟ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਮੋਦੀ ਨੇ ਇਸ ਸਮਝੌਤੇ ਪ੍ਰਤੀ ਪ੍ਰਤੀਬੱਧਤਾ ਪ੍ਰਗਟਾਈ ਜੋ ਚੀਨ ਵਿਰੁੱਧ ਜ਼ਰੂਰ ਸੀ।

27 ਅਕਤੂਬਰ 2020 ਨੂੰ ਅਮਰੀਕੀ ਰੱਖਿਆ ਮੰਤਰੀ ਮਾਈਕ ਪੋਂਪੀਓ ਦੇ ਦੌਰੇ ਦੌਰਾਨ ਭਾਰਤ ਨੇ ਬੇਸਿਕ ਐਕਸਚੇਂਜ ਐਂਡ ਕੋ-ਆਪ੍ਰੇਸ਼ਨ ਐਗਰੀਮੈਂਟ (ਬੀ. ਈ. ਸੀ. ਏ.) ’ਤੇ ਦਸਤਖਤ ਕੀਤੇ। ਇਸ ਨਾਲ ਭਾਰਤ ਨੂੰ ਆਪਣੀ ਫੌਜ ਦੀਆਂ ਮਿਜ਼ਾਈਲਾਂ ਅਤੇ ਹਥਿਆਰਬੰਦ ਡ੍ਰੋਨਾਂ ਦੀ ਸਟੀਕਤਾ ’ਚ ਸੁਧਾਰ ਲਈ ਅਮਰੀਕੀ ਇੰਟੈਲੀਜੈਂਸ ਤੱਕ ਪਹੁੰਚ ਬਣਾਉਣ ’ਚ ਮਦਦ ਮਿਲੇਗੀ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ’ਚ ਸਹਿਯੋਗ ਵਧੇਗਾ।

ਦੂਸਰਾ ਸਮਝੌਤਾ ਜਿਸ ’ਤੇ ਦਸਤਖਤ ਕੀਤੇ ਗਏ ਉਹ ਸੀ ਲਾਜਿਸਟਿਕਸ ਐਕਸਚੇਂਜ ਮੈਮਰੰਡਮ ਆਫ ਐਗਰੀਮੈਂਟ (ਐੱਲ. ਈ. ਐੱਮ. ਓ. ਏ. ਭਾਵ ਲੇਮੋਆ)। ਇਹ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇਕ-ਦੂਸਰੇ ਦੇ ਬੇਸਿਜ਼ ਦੀ ਵਰਤੋਂ ਕਰਨ ਅਤੇ ਇਕ-ਦੂਸਰੇ ਦੀਆਂ ਜ਼ਮੀਨੀ ਸਹੂਲਤਾਂ, ਏਅਰ ਬੇਸਿਜ਼ ਅਤੇ ਬੰਦਰਗਾਹਾਂ ਤੋਂ ਸਪਲਾਈ, ਸਪੇਅਰ ਪਾਰਟਸ ਅਤੇ ਸੇਵਾਵਾਂ ਤੱਕ ਪਹੁੰਚ ਬਣਾਉਣ ਦੇ ਸਮਰੱਥ ਬਣਾਵੇਗਾ। ਲੇਮੋਆ ਭਾਰਤ-ਅਮਰੀਕਾ ਸਮੁੰਦਰੀ ਫੌਜ ਸਹਿਯੋਗ ਲਈ।

ਦਿੱਲੀ ’ਚ ਬੀ. ਈ. ਸੀ. ਏ. ਸਮਝੌਤੇ ’ਤੇ ਦਸਤਖਤ ਕਰਦੇ ਹੋਏ ਪੋਂਪੀਓ ਨੇ ਚੀਨ ’ਤੇ ਸਿੱਧਾ ਹਮਲਾ ਕੀਤਾ-‘ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੈ ਕਿ ਅਮਰੀਕਾ ਅਤੇ ਭਾਰਤ ਨਾ ਸਿਰਫ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਸਗੋਂ ਹਰ ਤਰ੍ਹਾਂ ਦੇ ਖਤਰਿਆਂ ਦੇ ਵਿਰੁੱਧ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੇ ਹਨ।’ ਵਿਦੇਸ਼ ਮੰਤਰੀ ਮਾਈਕ ਐਸਪਰ ਨੇ ਕਿਹਾ-‘ਅਸੀਂ ਸਾਰਿਆਂ ਲਈ ਇਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਦੇ ਸਮਰਥਨ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਖਾਸ ਕਰ ਕੇ ਚੀਨ ਵੱਲੋਂ ਵਧਦੇ ਹਮਲਾਵਰਪੁਣੇ ਅਤੇ ਅਸਥਿਰ ਕਰਨ ਵਾਲੀਆਂ ਸਰਗਰਮੀਆਂ ਦੀ ਰੋਸ਼ਨੀ ’ਚ’।

ਰਾਜਨਾਥ ਸਿੰਘ ਅਤੇ ਜੈਸ਼ੰਕਰ, ਜੋ ਪੋਂਪੀਓ ਅਤੇ ਐਸਪਰ ਦੇ ਨਾਲ ਖੜ੍ਹੇ ਸਨ, ਨੇ ਚੀਨ ਦਾ ਨਾਂ ਨਹੀਂ ਲਿਆ। ਰਾਜਨਾਥ ਸਿੰਘ ਦੀਆਂ ਪਹਿਲਾਂ ਤੋਂ ਹੀ ਤਿਆਰ ਟਿੱਪਣੀਆਂ (ਜਿਨ੍ਹਾਂ ਨੂੰ ਬਾਅਦ ’ਚ ਬਦਲ ਿਦੱਤਾ ਗਿਆ) ’ਚ ਇਸ ਸਤਰ ਦਾ ਜ਼ਿਕਰ ਸੀ ਜਿਸ ਨੂੰ ਬਾਅਦ ’ਚ ਮਿਟਾ ਦਿੱਤਾ ਗਿਆ-ਰੱਖਿਆ ਦੇ ਖੇਤਰ ’ਚ ਸਾਨੂੰ ਸਾਡੀਆਂ ਉਪਰੀ ਸਰਹੱਦਾਂ ਤੋਂ ਹਮਲਾਵਰ ਵੱਲੋਂ ਚੁਣੌਤੀਆਂ ਮਿਲ ਰਹੀਆਂ ਹਨ। ਇਹ ਤਬਦੀਲੀ ਅੰਗਰੇਜ਼ੀ ’ਚ ਭਾਰਤੀ ਟਰਾਂਸਲੇਟਰ ਨੂੰ ਨਹੀਂ ਦਿੱਤੀ ਗਈ ਸੀ, ਜਿਸ ਨੇ ਮੂਲ ਪਾਠ ਪੜ੍ਹਿਆ ਅਤੇ ਅਮਰੀਕੀਆਂ ਨੇ ਉਸ ਨੂੰ ਜਾਰੀ ਕੀਤਾ ਜਿਸ ਨਾਲ ਭਾਰਤ ਨੂੰ ਔਖ ਹੋਈ।

ਜਦੋਂ ਅਮਰੀਕਾ ਦੀ ਰਣਨੀਤੀ ’ਤੇ ਉਸ ਪੇਪਰ ਨੂੰ ਅਵਰਗਕ੍ਰਿਤ ਕੀਤਾ ਗਿਆ, ਚੀਨ ਨੇ ਕਿਹਾ ਕਿ ‘ਇਸ ਦਾ ਵਿਸ਼ਾ ਅਮਰੀਕੀ ਤੇ ਚੀਨ ਨੂੰ ਦਬਾਉਣ ਅਤੇ ਖੇਤਰ ਦੀ ਸ਼ਾਂਤੀ ਅਤੇ ਅਸਥਿਰਤਾ ਨੂੰ ਕਮਜ਼ੋਰ ਕਰਨ ਲਈ ਹਿੰਦ-ਪ੍ਰਸ਼ਾਂਤ ਰਣਨੀਤੀ ਦੀ ਵਰਤੋਂ ’ਤੇ ਗਲਤ ਇਰਾਦੇ ਦਾ ਪਰਦਾਫਾਸ਼ ਕਰਦਾ ਹੈ।’

ਤੀਸਰਾ ਸਮਝੌਤਾ, ਜਿਸ ’ਤੇ ਪਹਿਲਾਂ ਦਸਤਖਤ ਕੀਤੇ ਗਏ, ਕਮਿਊਨੀਕੇਸ਼ਨਜ਼ ਕੰਪੈਟੀਬਿਲਿਟੀ ਐਂਡ ਸਕਿਓਰਿਟੀ ਐਗਰੀਮੈਂਟ (ਕੋਮਕਾਸਾ) ਸੀ। ਇਹ ਭਾਰਤ ਦੀ ਕੂਟ ਰੂਪ ’ਚ ਦਿੱਤੇ ਗਏ ਸੰਚਾਰ ਯੰਤਰਾਂ ਅਤੇ ਪ੍ਰਣਾਲੀਆਂ ਤੱਕ ਪਹੁੰਚ ਬਣਾਉਂਦਾ ਹੈ ਤਾਂ ਕਿ ਭਾਰਤੀ ਰੱਖਿਆ ਅਮਰੀਕੀ ਫੌਜੀ ਕਮਾਂਡਰ ਅਤੇ ਦੋਵਾਂ ਦੇਸ਼ਾਂ ਦੇ ਜਹਾਜ਼ ਅਤੇ ਜੰਗੀ ਬੇੜੇ ਸੁਰੱਖਿਅਤ ਨੈੱਟਵਰਕਸ ਰਾਹੀਂ ਆਪਸ ’ਚ ਸੰਚਾਰ ਕਰ ਸਕਣਗੇ।

ਕੋਮਕਾਸਾ ’ਤੇ ਸਤੰਬਰ 2018 ’ਚ ਦਸਤਖਤ ਕੀਤੇ ਗਏ, ਮੋਦੀ ਵੱਲੋਂ ਸ਼ੀ ਨਾਲ ਮੁਲਾਕਾਤ ਕਰਨ ਲਈ ਵੁਹਾਨ ਦੀ ਯਾਤਰਾ ਤੋਂ 5 ਮਹੀਨੇ ਬਾਅਦ। ਮੋਦੀ ਅਤੇ ਸ਼ੀ ਦੇ ਦਰਮਿਆਨ ਵੁਹਾਨ ਸਪਿਰਿਟ ਐਗਰੀਮੈਂਟ ’ਤੇ 28 ਅਪ੍ਰੈਲ 2018 ਨੂੰ ਦਸਤਖਤ ਕੀਤੇ ਗਏ ਸਨ ਜੋ ਇਹ ਕਹਿੰਦਾ ਹੈ ਕਿ ਚੀਨ ਅਤੇ ਭਾਰਤ ਵਿਰੋਧੀ ਨਹੀਂ ਹੋਣਗੇ ਸਗੋਂ ਇਕ-ਦੂਸਰੇ ਦੇ ਨਾਲ ਸਹਿਯੋਗ ਕਰਨਗੇ। ਉਹ ਦੋ-ਪੱਖੀ ਸਬੰਧਾਂ ਅਤੇ ਨਿਵੇਸ਼ ਨੂੰ ਅੱਗੇ ਵਧਾਉਣਗੇ।

ਸਮੱਸਿਆ ਭਾਵੇਂ ਉਨ੍ਹਾਂ ਨੇ ਪੂਰੀ ਤਰ੍ਹਾਂ ਸਮਝੀ ਜਾਂ ਨਹੀਂ, ਇਹ ਹੈ ਕਿ ਮੋਦੀ ਹਾਊਂਡਸ ਦੇ ਨਾਲ ਸ਼ਿਕਾਰ ਕਰਦੇ ਹੋਏ ਖਰਗੋਸ਼ਾਂ ਨਾਲ ਭੱਜ ਰਹੇ ਸਨ। ਇਸ ਦੇ ਨਾਲ ਹੀ ਜਿੱਥੇ ਮੋਦੀ ਸ਼ੀ ਦਾ ਹੱਥ ਫੜੇ ਹੋਏ ਸਨ, ਭਾਰਤ ਚੀਨ ਨੂੰ ਟੀਚਾ ਕਰ ਕੇ ਬਣਾਈ ਗਈ ਟਰੰਪ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਲਈ ਵੀ ਅੱਖਾਂ ਝਪਕਾ ਰਿਹਾ ਸੀ।

ਇਸ ਸਾਲ ਮਈ ’ਚ ਫੌਜ ਮੁਖੀ ਨਰਵਣੇ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਕਵਾਡ ਇਕ ਫੌਜੀ ਗਠਜੋੜ ਨਹੀਂ ਹੈ। ਇਸ ਦਾ ਮਕਸਦ ਹਿੰਦ-ਪ੍ਰਸ਼ਾਂਤ ਨਾਲ ਸਬੰਧਤ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਕਵਾਡ ਨੂੰ ਇਕ ਫੌਜੀ ਗਠਜੋੜ ਵਾਂਗ ਪੇਸ਼ ਕੀਤਾ ਹੈ ਤਾਂ ਕਿ ਡਰ ਪੈਦਾ ਕੀਤਾ ਜਾ ਸਕੇ ਜਦਕਿ ਅਜਿਹਾ ਦਿਖਾਉਣ ਲਈ ਕੋਈ ਠੋਸ ਸਬੂਤ ਨਹੀਂ ਹੈ।

ਤਾਂ ਭਾਰਤ ਚੀਨ ਵਿਰੁੱਧ ਅਮਰੀਕਾ ਦੇ ਨਾਲ ਕਿਸੇ ਫੌਜੀ ਗਠਜੋੜ ’ਚ ਹੈ ਜਾਂ ਨਹੀਂ? ਅਸੀਂ ਨਹੀਂ ਜਾਣਦੇ ਕਿਉਂਕਿ ਇਸ ਬਾਰੇ ਕੋਈ ਚਰਚਾ ਨਹੀਂ ਹੋਈ, ਨਾ ਹੀ ਕੋਈ ਪਾਰਦਰਸ਼ਿਤਾ ਅਤੇ ਸੰਭਾਵਿਤ ਹੈ ਕਿ ਸਾਡੇ ਵੱਲੋਂ ਇਸ ਵਿਸ਼ੇ ’ਤੇ ਕੋਈ ਅਸਲੀ ਵਿਚਾਰ ਵੀ ਨਹੀਂ ਕੀਤਾ ਗਿਆ।

Bharat Thapa

This news is Content Editor Bharat Thapa