ਦਿੱਲੀ ਗੁਰਦੁਆਰਾ ਚੋਣਾਂ : ਸਿਆਸੀ ਪਾਰਟੀਆਂ ’ਤੇ ਰੋਕ

03/25/2021 3:45:31 AM

ਜਸਵੰਤ ਸਿੰਘ ‘ਅਜੀਤ’

ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਗੁਰਦੁਆਰਾ ਚੋਣ ਨਿਯਮਾਂ ’ਚ ਕੀਤੀਆਂ ਗਈਆਂ ਸੋਧਾਂ ਦੇ ਆਧਾਰ ’ਤੇ 28 ਜੁਲਾਈ 2010 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਸਿਆਸੀ ਪਾਰਟੀਆਂ ’ਤੇ ਗੁਰਦੁਆਰਾ ਚੋਣਾਂ ਲੜਨ ’ਤੇ ਰੋਕ ਲੱਗ ਗਈ ਸੀ।

ਇਸ ਰੋਕ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 2013 ਅਤੇ 2017 ’ਚ ਹੋਈਆਂ ਗੁਰਦੁਆਰਾ ਚੋਣਾਂ ’ਚ ਹਿੱਸਾ ਲਿਆ ਅਤੇ ਬਹੁਮਤ ਹਾਸਲ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਕਾਬਜ਼ ਹੋਣ ’ਚ ਸਫਲਤਾ ਹਾਸਲ ਕੀਤੀ।

ਦੱਸਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਚੋਣਾਂ ਦੇ ਸਮੇਂ ਇਕ ਸਿਆਸੀ ਪਾਰਟੀ ਹੋਣ ਦੇ ਕਾਰਨ ਉਸ ਦੇ ਗੁਰਦੁਆਰਾ ਚੋਣਾਂ ’ਚ ਹਿੱਸਾ ਲੈਣ ’ਤੇ ਰੋਕ ਲਗਾਏ ਜਾਣ ਦੀ ਚਰਚਾ ਹੋਈ ਸੀ ਪਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਉਸ ਸਮੇਂ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਲ ਵਲੋਂ ਪੈਰਵੀ ਕਰਦੇ ਹੋਏ, ਉਸ ਦੇ ਗੁਰਦੁਆਰਾ ਚੋਣਾਂ ’ਚ ਹਿੱਸਾ ਲੈਣ ਦੇ ਅਧਿਕਾਰ ਅਤੇ ਉਸ ਦੇ ਚੋਣ ਨਿਸ਼ਾਨ ‘ਬਾਲਟੀ’ ਨੂੰ ਰਾਖਵਾਂ ਕਰਵਾ ਲਿਆ ਸੀ।

ਹੁਣ ਜਦਕਿ ਸਿਆਸੀ ਪਾਰਟੀਆਂ ਨੇ ਗੁਰਦੁਆਰਾ ਚੋਣਾਂ ਨਾ ਲੜ ਸਕਣ ਦੇ ਨਿਯਮ ਨੂੰ ਆਧਾਰ ਬਣਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਗੁਰਦੁਆਰਾ ਚੋਣਾਂ ਲੜਨ ਦੇ ਅਧਿਕਾਰ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਤਾਂ ਦਿੱਲੀ

ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਵੀ ਕਿਹਾ ਜਾਣ ਲੱਗਾ ਕਿ ਦਿੱਲੀ ਗੁਰਦੁਆਰਾ ਚੋਣਾਂ ’ਚ ਉਹੀ ਪਾਰਟੀਆਂ ਹਿੱਸਾ ਲੈ ਸਕਦੀਆਂ ਹਨ ਜੋ ਗੁਰਦੁਆਰਾ ਕਮੇਟੀ ਦੀ ਮਹਾਸਭਾ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਇਕ ਸਾਲ ਪਹਿਲਾਂ ਰਜਿਸਟਰਡ ਸੁਸਾਇਟੀ ਐਕਟ 1860 ਦੇ ਤਹਿਤ ਧਾਰਮਿਕ ਪਾਰਟੀ ਦੇ ਰੂਪ ’ਚ ਰਜਿਸਟਰਡ ਹੋਵੇ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਹੁਣ ਜਦਕਿ ਗੁਰਦੁਆਰਾ ਚੋਣਾਂ ਸਿਰਫ ਇਕ ਮਹੀਨੇ ਬਾਅਦ ਹੀ ਹੋਣ ਜਾ ਰਹੀਆਂ ਹਨ, ਕਿਸੇ ਅਜਿਹੀ ਪਾਰਟੀ ਦੇ ਚੋਣ ’ਚ ਹਿੱਸਾ ਲੈਣ ’ਤੇ ਰੋਕ ਲਗਾਈ ਜਾਣੀ ਕੀ ਉਚਿੱਤ ਹੋਵੇਗੀ, ਜੋ ਸਭ ਤੋਂ ਵੱਧ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਗੁਰਦੁਆਰਾ ਕਮੇਟੀ ਦੀਆਂ ਹੋਈਆਂ ਦੋ ਚੋਣਾਂ ’ਚ ਹਿੱਸਾ ਲੈ ਚੁੱਕੀ ਹੋਵੇ?

ਜਿਥੋਂ ਤਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਵਾਲ ਹੈ, ਉਹ ਸ਼ੁਰੂ ਤੋਂ ਹੀ ਸਿਆਸੀ ਸੰਸਥਾਵਾਂ, ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਆਦਿ ਦੀਆਂ ਚੋਣਾਂ ਦੇ ਨਾਲ ਹੀ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ’ਚ ਵੀ ਹਿੱਸਾ ਲੈਂਦਾ ਚਲਿਆ ਆ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੋਵਾਂ (ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਲੜਨ ਦੇ ਲਈ, ਉਸ ਨੇ ਦੋ ਵਿਧਾਨ ਅਪਣਾਏ ਹੋਏ ਹਨ, ਜਿਨ੍ਹਾਂ ਦੇ ਵਿਰੁੱਧ ਮਾਮਲਾ ਅਦਾਲਤ ’ਚ ਕਾਫੀ ਸਮੇਂ ਤੋਂ ਪੈਂਡਿੰਗ ਚਲਿਆ ਆ ਰਿਹਾ ਹੈ।

ਇਸ ਦੇ ਵਿਰੁੱਧ ਜਿਥੋਂ ਤਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਗੱਲ ਹੈ, ਉਸ ਵਲੋਂ ਆਪਣੀ ਸਥਾਪਨਾ (1999) ਤੋਂ ਲੈ ਕੇ ਹੁਣ ਤਕ ਸਿਰਫ ਧਾਰਮਿਕ ਸੰਸਥਾ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ’ਚ ਹੀ ਹਿੱਸਾ ਲੈਣਾ ਚਲਿਆ ਆ ਰਿਹਾ ਹੈ, ਉਸ ਨੇ ਕਦੇ ਵੀ ਕਿਸੇ ਸਿਆਸੀ ਸੰਸਥਾ, ਲੋਕ ਸਭਾ, ਵਿਧਾਨ ਸਭਾ, ਨਗਰ ਨਿਗਮ ਆਦਿ ਦੀਆਂ ਚੋਣਾਂ ’ਚ ਹਿੱਸਾ ਨਹੀਂ ਲਿਆ।

ਸ਼ਾਇਦ ਇਸੇ ਗੱਲ ਦੇ ਆਧਾਰ ’ਤੇ ਉਪਰੋਕਤ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਉਨ੍ਹਾਂ ਨੂੰ ਸੁਪਰੀਮ ਕੋਰਟ ਤਕ ਜਾਣਾ ਪਵੇ, ਉਹ ਕਿਸੇ ਨੂੰ ਵੀ ਆਪਣੇ ਗੁਰਦੁਆਰਾ ਚੋਣ ਲੜਨ ਦੇ ਆਧਿਕਾਰ ਖੋਹਣ ਨਹੀਂ ਦੇਣਗੇ।

ਡਾਇਲਸਿਸ ਕੇਂਦਰ ’ਤੇ ਮੌਤ : ਖਬਰਾਂ ਦੇ ਅਨੁਸਾਰ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰਦੁਆਰਾ ਬਾਲਾ ਸਾਹਿਬ ’ਚ ਸਥਾਪਿਤ ਡਾਇਲਸਿਸ ਕੇਂਦਰ ’ਚ ਡਾਇਲਸਿਸ ਦੀ ਸੇਵਾ ਹਾਸਲ ਕਰਨ ਲਈ ਪਹੁੰਚੇ ਇਕ ਵਿਅਕਤੀ ਦੀ ਤਬੀਅਤ ਵਿਗੜ ਜਾਣ ਦੇ ਕਾਰਨ ਮੌਤ ਹੋ ਗਈ।

ਜਿਸ ’ਤੇ ਕੁਝ ਲੋਕਾਂ ਵਲੋਂ ਸਵਾਲ ਉਠਾਉਂਦੇ ਹੋਏ ਕਿਹਾ ਗਿਆ ਹੈ ਕਿ ਕੇਂਦਰ ’ਚ ਮਰੀਜ਼ਾਂ ਦੇ ਲਈ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਇਹ ਮੌਤ ਹੋਈ ਹੈ।

ਦੱਸਿਆ ਗਿਆ ਹੈ ਕਿ ਜਦੋਂ ਇਸ ਕੇਂਦਰ ਦਾ ਉਦਘਾਟਨ ਕੀਤਾ ਗਿਆ ਸੀ ਉਸ ਸਮੇਂ ਕਈ ਜਾਣਕਾਰਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਡਾਇਲਸਿਸ ਕੇਂਦਰ ਦੀ ਆਰੰਭਤਾ ਤੋਂ ਪਹਿਲਾਂ, ਉਥੇ ਉਨ੍ਹਾਂ ਸਾਰੀਆਂ ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨਾਲ ਡਾਇਲਸਿਸ ਦੀ ਸਹੂਲਤ ਪ੍ਰਾਪਤ ਕਰਨ ਪਹੁੰਚੇ, ਉਨ੍ਹਾਂ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ, ਜਿਨ੍ਹਾਂ ਦੀ ਤਬੀਅਤ ਵਿਗੜ ਜਾਂਦੀ ਹੈ। ਉਸ ਸਮੇਂ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਦਾ ਹੀ ਨਤੀਜਾ ਹੈ ਕਿ ਆਖਿਰ ਉਹੀ ਹੋਇਆ ਜਿਸ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ।

ਕੀ ਇਹ ਸੱਚ ? : ਇਧਰ ਡਾਇਲਸਿਸ ਸੇਵਾਵਾਂ ਦੇ ਜਾਣਕਾਰ ਜਗਜੀਤ ਸਿੰਘ ਮੂੰਦੜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਾਲਾ ਸਾਹਿਬ ਸਥਿਤ ਡਾਇਲਸਿਸ ਕੇਂਦਰ ਦਾ ਨਿਰੀਖਣ ਕਰ ਕੇ ਪਾਇਆ ਕਿ ਉਥੋਂ ਦੀਆਂ ਕਈ ਮਸ਼ੀਨਾਂ 28212 ਘੰਟੇ ਵਰਤੀਆਂ ਜਾ ਚੁੱਕੀਆਂ ਹਨ ਅਤੇ ਸਾਫਟਵੇਅਰ ਵੀ ਪੁਰਾਣੇ ਹਨ।

ਜੀ.ਕੇ. ਦਾ ਅਤਿ-ਆਤਮ ਵਿਸ਼ਵਾਸ : ਜਿਵੇਂ ਕਿ ਪਹਿਲਾਂ ਵੀ ਇਨ੍ਹਾਂ ਕਾਲਮਾਂ ’ਚ ਜ਼ਿਕਰ ਕੀਤਾ ਜਾਂਦਾ ਹੈ ਕਿ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤਿ ਆਤਮ-ਵਿਸ਼ਵਾਸ ਨਾਲ ਚੱਲ ਰਹੇ ਹਨ।

ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਉਹ ਇਹ ਮੰਨ ਕੇ ਅੱਗੇ ਵਧ ਰਹੇ ਹਨ ਕਿ ਜਿਵੇਂ 2017 ਦੀਆਂ ਗੁਰਦੁਆਰਾ ਚੋਣਾਂ ’ਚ ਉਨ੍ਹਾਂ ਦੀ ਅਗਵਾਈ ’ਚ ਬਾਦਲ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ, ਉਵੇਂ ਹੀ ਜਿੱਤ ਉਹ 2021 ਦੀਆਂ ਗੁਰਦੁਆਰਾ ਚੋਣਾਂ ’ਚ ‘ਜਾਗੋ’ ਦੇ ਲਈ ਵੀ ਦੋਹਰਾ ਸਕਦੇ ਹਨ।

ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਨ੍ਹਾਂ ਚੋਣਾਂ ਦੀ ਜਿੱਤ ’ਚ ਉਨ੍ਹਾਂ ਦੀ ਅਗਵਾਈ ਦੇ ਨਾਲ ਹੀ, ਬਾਦਲ ਦਲ ਦੇ ਕੇਡਰ ਦੀ ਵੀ ਭੂਮਿਕਾ ਰਹੀ ਸੀ।

ਇਕ ਤਾਂ ਉਹ ਚੋਣ ਬਾਦਲ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਲੜੀ ਗਈ, ਦੂਸਰਾ ਉਹ ਉਸ ਸਮੇਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਅਤੇ ਬਾਦਲ ਦਲ ਦੇ ਬਹੁਮਤ ਵਾਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ, ਨਾਲ ਹੀ ਕਈ ਅਜਿਹੇ ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ਦੀ ਬਾਦਲ ਪਰਿਵਾਰ ਦੇ ਪ੍ਰਤੀ ਬੜੀ ਵਫਾਦਾਰੀ ਸੀ।

ਇਨ੍ਹਾਂ ਗੱਲਾਂ ਦਾ ਸਪੱਸ਼ਟ ਸੰਕੇਤ ਸੀ ਕਿ ਉਹ ਜੀ. ਕੇ. ਬਾਦਲ ਦਲ ਦੀ ਲੜਾਈ ਲੜ ਰਹੇ ਹਨ, ਜੋ ਥੋੜ੍ਹਾ-ਬਹੁਤਾ ਭਰਮ ਰਹਿ ਗਿਆ ਸੀ, ਉਹ ਉਨ੍ਹਾਂ ਨੇ ਖੁਦ ਹੀ ਉਸ ਜਿੱਤ ਨੂੰ ਸੁਖਬੀਰ ਦੀ ਝੋਲੀ ’ਚ ਪਾ ਕੇ ਦੂਰ ਕਰ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਨੂੰ ਵੀ ਧਿਆਨ ’ਚ ਰੱਖਣਾ ਹੋਵੇਗਾ ਕਿ ਚੋਣਾਂ ’ਚ ਉਨ੍ਹਾਂ ਦੇ ਵਲੋਂ ਬਾਦਲ ਦਲ ਦੇ ਵਿਰੁੱਧ ਦਿੱਤੇ ਜਾਣ ਵਾਲੇ ਬਿਆਨਾਂ ਦੇ ਤੋੜ ’ਚ, ਉਨ੍ਹਾਂ ਵਲੋਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਬਾਦਲ ਦਲ ਦੇ ਪੱਖ ’ਚ ਦਿੱਤੇ ਜਾਂਦੇ ਰਹੇ ਬਿਆਨਾਂ ਦੀ ਵਰਤੋਂ ਕਰ ਸਕਦੇ ਹਨ।

ਇਸ ਦਾ ਸੰਕੇਤ ਉਸ ਸਮੇਂ ਮਿਲ ਗਿਆ ਸੀ ਜਦੋਂ ਚੋਣ ਨਿਸ਼ਾਨ ਦੇ ਮੁੱਦੇ ’ਤੇ ਬਾਦਲ ਦਲ ਦੇ ਵਿਰੁੱਧ ਦਿੱਤੇ ਗਏ ਉਨ੍ਹਾਂ ਦੇ ਬਿਆਨ ਦੀ ਵੀਡੀਓ ਦੇ ਨਾਲ ਉਨ੍ਹਾਂ ਨੇ ਪਿਛਲੀਆਂ ਚੋਣਾਂ ਦੇ ਸਮੇਂ ਇਸੇ ਮੁੱਦੇ ’ਤੇ ਬਾਦਲ ਦਲ ਦੀ ਪੈਰਵੀ ਕਰਦੇ ਹੋਏ ਦਿੱਤੇ ਗਏ ਬਿਆਨ ਦੀ ਵੀਡੀਓ ਜਾਰੀ ਕਰ ਕੇ ਉਨ੍ਹਾਂ ’ਤੇ ‘ਦੋਗਲੇ’ ਹੋਣ ਦਾ ਦੋਸ਼ ਲਗਾ ਦਿੱਤਾ। ਇਸ ਸਥਿਤੀ ’ਚ ਜ਼ਰੂਰੀ ਹੈ ਕਿ ਜੀ.ਕੇ. ਅਤਿ ਆਤਮਵਿਸ਼ਵਾਸ ਦੀ ਪਕੜ ’ਚੋਂ ਬਾਹਰ ਨਿਕਲ, ਜ਼ਮੀਨੀ ਸੱਚਾਈ ਨੂੰ ਪ੍ਰਵਾਨ ਕਰਨ।

... ਅਤੇ ਅਖੀਰ ’ਚ : ਅਗਲੇ ਮਹੀਨੇ ਹੋਣ ਜਾ ਰਹੀਆਂ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਆਪਣੇ-ਆਪਣੇ ਪਾਲੇ ’ਚ ਲਿਆਉਣ ਦੇ ਲਈ, ਚੋਣ ਮੈਦਾਨ ’ਚ ਉਤਰਨ ਵਾਲੀਆਂ ਪ੍ਰਮੁੱਖ ਪਾਰਟੀਆਂ ਵਲੋਂ ਆਪਣੀ ਪ੍ਰਚਾਰ ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਗੁਰਦੁਆਰਾ ਕਮੇਟੀ ’ਚ ਹਾਲ ਹੀ ’ਚ ਕੀਤੇ ਜਾ ਰਹੇ ਕਾਰਜਾਂ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਜਾਗੋ ਦੇ ਮੁਖੀ ਜਥੇਦਾਰ ਸੰਤੋਖ ਸਿੰਘ ਵਲੋਂ ਕੀਤੇ ਗਏ ਕਾਰਜਾਂ ਦੇ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ, ਓਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਭਵਿੱਖ ’ਚ ਕੀਤੇ ਜਾਣ ਵਾਲੇ ਕਾਰਜਾਂ ਦੇ ਏਜੰਡੇ ਦੇ ਨਾਲ ਵੋਟਰਾਂ ਦੀ ਕਚਹਿਰੀ ’ਚ ਪਹੁੰਚ ਰਹੇ ਹਨ।

Bharat Thapa

This news is Content Editor Bharat Thapa