ਦਿੱਲੀ ਗੁਰਦੁਆਰਾ ਚੋਣਾਂ : ਅਕਾਲੀਆਂ ਦੀਆਂ ਸਰਗਰਮੀਆਂ ਤੇਜ਼

08/06/2020 3:59:03 AM

ਜਸਵੰਤ ਸਿੰਘ ‘ਅਜੀਤ’

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਅਗਲੇ ਸਾਲ ਮਾਰਚ ਤਕ ਹੋ ਜਾਣ ਦੀ ਸੰਭਾਵਨਾ ਦਿਖਾਈ ਦਿੰਦਿਆਂ ਹੀ ਚੋਣ ਮੈਦਾਨ ’ਚ ਉਤਰਨ ਦੀਆਂ ਚਾਹਵਾਨ ਪਾਰਟੀਆਂ ਦੀਆਂ ਸਰਗਰਮੀਆਂ ’ਚ ਤੇਜ਼ੀ ਆ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਮਨੁੱਖ-ਸ਼ਕਤੀ ਦੇ ਵਧਦੇ ਚਲੇ ਜਾਣ ਦਾ ਅਹਿਸਾਸ ਪੈਦਾ ਕਰਨ ਦੇ ਮਕਸਦ ਨਾਲ ਵੱਖ-ਵੱਖ ਚੋਣ ਹਲਕਿਆਂ ਦੇ ਸਿੱਖਾਂ ਦੇ ਆਪਣੇ ਨਾਲ ਲਗਾਤਾਰ ਜੁੜਦੇ ਚਲੇ ਜਾਣ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ’ਚ 95 ਫੀਸਦੀ ਨਵੇਂ ਚਿਹਰੇ ਹੋਣਗੇ, ਜਿਨ੍ਹਾਂ ’ਚ ਨੌਜਵਾਨਾਂ ਅਤੇ ਬੀਬੀਆਂ ਦੀ ਗਿਣਤੀ ਵੱਧ ਹੋਵੇਗੀ। ਇਸ ਦੇ ਵਿਰੁੱਧ ਅਜੇ ਤਕ ਨਾ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ਦੀ ਚੋਣ ਦਾ ਆਧਾਰ ਕੀ ਹੋਵੇਗਾ?

ਜਿਥੋਂ ਤਕ ਬਾਦਲ ਅਕਾਲੀ ਦਲ ਦੀ ਗੱਲ ਹੈ, ਉਸ ਦੇ ਉਮੀਦਵਾਰਾਂ ਦਾ ਫੈਸਲਾ ਤਾਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੀ ਕੀਤਾ ਜਾਣਾ ਹੈ, ਜਦਕਿ ਦਿੱਲੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਫੈਸਲਾ ਸਰਨਾ ਭਰਾਵਾਂ ਨੇ ਕਰਨਾ ਹੈ। ਉਨ੍ਹਾਂ ਵਲੋਂ ਭਾਵੇਂ ਉਮੀਦਵਾਰਾਂ ਦੀ ਚੋਣ ਦਾ ਆਧਾਰ ਕੀ ਹੋਵੇਗਾ? ਇਹ ਸਪੱਸ਼ਟ ਨਹੀਂ ਕੀਤਾ ਗਿਆ, ਫਿਰ ਵੀ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਉਹ ਆਪਣੇ ਸੰਭਾਵਿਤ ਉਮੀਦਵਾਰਾਂ ਦੀ ਨਿਸ਼ਾਨਦੇਹੀ ਲਗਾਤਾਰ ਕਰਦੇ ਚਲੇ ਜਾ ਰਹੇ ਹਨ, ਜਿਨ੍ਹਾਂ ਦਾ ਐਲਾਨ ਉਹ ਸ਼ਾਇਦ ਚੋਣ ਦੀ ਤਾਰੀਖ ਐਲਾਨਣ ਦੇ ਨਾਲ ਹੀ ਕਰਨਗੇ।

ਜਾਣਕਾਰ ਸੂਤਰਾਂ ਦੇ ਅਨੁਸਾਰ ਇਨ੍ਹਾਂ ਮੁੱਖ ਪਾਰਟੀਆਂ ਤੋਂ ਇਲਾਵਾ ਕਈ ਹੋਰ ਛੋਟੀਆਂ-ਵੱਡੀਆਂ ਪਾਰਟੀਆਂ ਅਤੇ ਦਲ ਵੀ ਆਪਣੀ ਕਿਸਮਤ ਅਜ਼ਮਾਉਣ ਦੇ ਮਕਸਦ ਨਾਲ ਉਮੀਦਵਾਰ ਚੋਣ ’ਚ ਮੈਦਾਨ ’ਚ ਉਤਾਰ ਸਕਦੀਆਂ ਹਨ। ਆਖਰੀ ਸਥਿਤੀ ਚੋਣ ਤਾਰੀਖ ਦਾ ਐਲਾਨ ਹੋਣ ਤੋਂ ਬਾਅਦ ਵੀ ਸਪੱਸ਼ਟ ਹੋ ਸਕੇਗੀ।

ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕੋਈ ਖੇਡ ਖੇਡਣ ਜਾ ਰਹੇ ਹਨ? : ਇਨ੍ਹੀਂ ਦਿਨੀਂ ਅਚਾਨਕ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਉਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਵਾਏ ਜਾਣ ਲਈ ਜਾਂਚ ਕਮੇਟੀ ਬਣਾਏ ਜਾਣ ਦੇ ਸੰਕੇਤ ਦਿੱਤੇ ਗਏ ਹਨ, ਜੋ ਕਈ ਮਹੀਨੇ ਪਹਿਲਾਂ ਦਿੱਲੀ ਦੇ ਅਕਾਲੀ ਧੜਿਆਂ ਦੇ 4 ਪ੍ਰਤੀਨਿਧੀਆਂ ਵਲੋਂ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕਈ ਮਹੀਨਿਆਂ ਦੀ ਚੁੱਪ ਤੋਂ ਬਾਅਦ ਅਚਾਨਕ ਹੀ ਉਨ੍ਹਾਂ ਸ਼ਿਕਾਇਤਾਂ ’ਤੇ ਜਾਂਚ ਕਰਵਾਏ ਜਾਣ ਲਈ ਕਮੇਟੀ ਬਣਾਉਣ ਦੇ ਦਿੱਤੇ ਗਏ ਇਸ਼ਾਰੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ ਹੈ।

ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਫੈਸਲਾ ਜਥੇਦਾਰ ਦਾ ਆਪਣਾ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਦਾ ਹੈ ਕਿਉਂਕਿ ਇਹ ਫੈਸਲਾ ਅਜਿਹੇ ਸਮੇਂ ’ਚ ਲਿਆ ਗਿਆ ਹੈ, ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣ ਦੀ ਸੰਭਾਵਨਾ ਦਿਖਾਈ ਦੇਣ ਲੱਗੀ ਹੈ। ਇਨ੍ਹਾਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਜਾਂਚ ਪ੍ਰਕਿਰਿਆ ਦੇ ਦੌਰਾਨ ਬਾਦਲ ਦਲ ਵਲੋਂ ਵਿਰੋਧੀਅਾਂ ’ਤੇ ਲਾਏ ਗਏ ਦੋਸ਼ਾਂ ਨੂੰ ਉਛਾਲ ਕੇ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧ ’ਚ ਇਹ ਸੂਤਰ ਹਾਲ ਹੀ ’ਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ’ਤੇ ਕੀਤੇ ਗਏ ਸ਼ਬਦੀ ਹਮਲੇ ਨੂੰ ਸਬੂਤ ਦੇ ਰੂਪ ’ਚ ਪੇਸ਼ ਕਰ ਰਹੇ ਹਨ।

ਜਸਟਿਸ ਸੋਢੀ ਨੇ ਝੰਜੋੜਿਆ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐੱਸ. ਸੋਢੀ ਦਾ ਕਹਿਣਾ ਹੈ ਕਿ ਬੀਤੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਿੱਖ ਸੰਸਥਾਵਾਂ ਦੇ ਕਈ ਮੁਖੀ ਦਿੱਲੀ ਦੇ ਸਿੱਖ ਵੋਟਰਾਂ ’ਤੇ ਲਗਾਤਾਰ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਉਹ ਹਰ ਚੋਣ ’ਚ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਅਜਿਹੇ ਲੋਕਾਂ ਦੇ ਹੱਥ ’ਚ ਸੌਂਪ ਦਿੰਦੇ ਹਨ, ਜਿਨ੍ਹਾਂ ਦਾ ਮਕਸਦ ਸਿਰਫ ਗੁਰੂ ਦੀ ਗੋਲਕ ਨੂੰ ਲੁੱਟਣਾ ਅਤੇ ਗੁਰਦੁਆਰਾ ਕਮੇਟੀ ਦੇ ਸਾਰੇ ਸਾਧਨਾਂ ਨੂੰ ਆਪਣੇ ਸਿਆਸੀ ਹਿੱਤ ਨੂੰ ਪੂਰਾ ਕਰਨ ਲਈ ਵਰਤਣਾ ਹੁੰਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਗੁਰਦੁਆਰਾ ਕਮੇਟੀ ਆਪਣੇ ਮੂਲ ਮਕਸਦ ਸਿੱਖ ਧਰਮ ਦਾ ਪ੍ਰਚਾਰ ਅਤੇ ਉਨ੍ਹਾਂ ਦੀ ਸੰਭਾਲ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਰਾਹ ਤੋਂ ਭਟਕ ਜਾਂਦੀ ਹੈ।

ਜਸਟਿਸ ਸੋਢੀ ਨੇ ਕਿਹਾ ਕਿ ਹੁਣ ਜਦਕਿ ਗੁਰਦੁਆਰਾ ਚੋਣ ਹੋਣ ’ਚ 7-8 ਮਹੀਨਿਆਂ ਦਾ ਸਮਾਂ ਹੈ, ਉਨ੍ਹਾਂ ਮੁਖੀਆਂ ਨੂੰ ਅੱਗੇ ਆ ਕੇ ਦਿੱਲੀ ਦੇ ਸਿੱਖ ਵੋਟਰਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸੰਭਾਲ, ਉਨ੍ਹਾਂ ਨੂੰ ਸਾਫ-ਸੁਥਰੇ ਕਿਰਦਾਰ ਵਾਲੇ ਵਿਅਕਤੀਆਂ ਨੂੰ ਹੀ ਆਪਣੇ ਪ੍ਰਤੀਨਿਧੀ ਦੇ ਰੂਪ ’ਚ ਗੁਰਦੁਆਰਾ ਕਮੇਟੀ ’ਚ ਭੇਜਣ ਪ੍ਰਤੀ ਚੇਤੰਨ ਕਰਨ ਲਈ ਆਪਣੀ ਸ਼ਕਤੀ ਝੋਕ ਦੇਣੀ ਚਾਹੀਦੀ ਹੈ।

ਸਿੰਘ ਸਭਾਵਾਂ ਸਾਰਥਿਕ ਭੂਮਿਕਾ ਨਿਭਾਉਣ : ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਦੇ ਸੀਨੀਅਰ ਮੁਖੀ ਸਰਬਜੀਤ ਸਿੰਘ ਭੂਟਾਨੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਸਿੱਖ ਧਰਮ ਪ੍ਰਤੀ ਸਮਰਪਿਤ ਸ਼ਖਸੀਅਤਾਂ ਦੇ ਹੱਥਾਂ ’ਚ ਸੌਂਪਣ ਪ੍ਰਤੀ ਈਮਾਨਦਾਰਾਨਾ ਸੋਚ ਹੈ ਕਿ ਹਰੇਕ ਚੋਣ ਹਲਕੇ ’ਚ ਆਉਣ ਵਾਲੀਆਂ ਸਿੰਘ ਸਭਾਵਾਂ ਦੇ ਮੁਖੀ ਨੂੰ ਇਕਜੁੱਟ ਹੋ ਕੇ ਆਪਣੇ-ਆਪਣੇ ਚੋਣ ਹਲਕੇ ’ਚੋਂ ਚੰਗੇ ਕਿਰਦਾਰ ਅਤੇ ਚੰਗੇ ਧਾਰਮਿਕ ਅਕਸ ਵਾਲੇ ਵਿਅਕਤੀਆਂ ਨੂੰ ਗੁਰਦੁਆਰਾ ਕਮੇਟੀ ’ਚ ਆਪਣੇ ਪ੍ਰਤੀਨਿਧੀ ਦੇ ਰੂਪ ’ਚ ਭੇਜਣ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਉਨ੍ਹਾਂ ਨੂੰ ਆਪਣੇ-ਆਪਣੇ ਹਲਕੇ ਦੇ ਚੰਗੇ ਅਕਸ ਵਾਲੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਨੀ ਹੋਵੇਗੀ ਅਤੇ ਉਨ੍ਹਾਂ ਦੀ ਸਾਂਝੀ ਬੈਠਕ ਦਾ ਆਯੋਜਨ ਕਰਨ ਅਤੇ ਉਨ੍ਹਾਂ ਨੂੰ ਅਧਿਕਾਰ ਦੇਣਾ ਹੋਵੇਗਾ ਕਿ ਉਹ ਆਪਣਿਆਂ ’ਚੋਂ ਕਿਸੇ ਨੂੰ ਚੁਣ ਲੈਣ, ਉਸ ਦਾ ਨਾਂ ਗੁਰਦੁਆਰਾ ਚੋਣ ’ਚ ਉਤਾਰਨ ਲਈ ਉਨ੍ਹਾਂ ਨੂੰ ਦੇਣ। ਸਰਦਾਰ ਭੂਟਾਨੀ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਸੰਭਵ ਹੋ ਜਾਵੇ ਤਾਂ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਚੰਗੇ ਕਿਰਦਾਰ ਵਾਲਿਆਂ ਦੇ ਹੱਥਾਂ ’ਚ ਸੌਂਪਣ ਿਵਚ ਸਾਰਥਿਕ ਮਦਦ ਮਿਲ ਸਕਦੀ ਹੈ।

...ਅਤੇ ਆਖਿਰ ’ਚ : ਦਿੱਲੀ ਪ੍ਰਦੇਸ਼ ਭਾਜਪਾ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਪ੍ਰਦੇਸ਼ ਭਾਜਪਾ ਦੇ ਸਿੱਖ ਵਿੰਗ ਅਤੇ ਰਾਸ਼ਟਰੀ ਸਿੱਖ ਸੰਗਤ ਵਲੋਂ ਭਾਜਪਾ ਨਾਲ ਸਿੱਧੇ ਜੁੜੇ ਆ ਰਹੇ ਸਿੱਖਾਂ ਦੇ ਸਹਿਯੋਗ ਨਾਲ ਆਪਣੀ ਲੀਡਰਸ਼ਿਪ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰੇ ਕਿ ਜੇਕਰ ਉਹ ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ’ਚ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਸਿੱਧੇ ਜੁੜੇ ਚੱਲੇ ਆ ਰਹੇ ਸਿੱਖਾਂ ਦਾ ਸਹਿਯੋਗ ਅਤੇ ਸਮਰਥਨ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਗੁਰਦੁਆਰਾ ਚੋਣਾਂ ’ਚ ਉਨ੍ਹਾਂ ਨੂੰ ਵੀ ਉਨ੍ਹਾਂ ਦਾ ਬਣਦਾ ਹਿੱਸਾ ਦੇਵੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਦਲ ਅਕਾਲੀ ਦਲ ਦੇ ਮੁਖੀ ਉਨ੍ਹਾਂ ਦੀ ਇਸ ਮੰਗ ਨੂੰ ਕਿਸੇ ਵੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਣਗੇ। ਇਸ ਦਾ ਕਾਰਨ ਉਹ ਇਹ ਦੱਸਦੇ ਹਨ ਕਿ ਇਸ ਸਮੇਂ ਦਿੱਲੀ ’ਚ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੈ। ਉਸ ਨੂੰ ‘ਜਾਗੋ’ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਸੱਤਾਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤੀਪੂਰਨ ਸਿੱਖਾਂ ’ਤੇ ਗੋਲੀ ਚਲਾਉਣ ਦੀਆਂ ਹੋਈਆਂ ਘਟਨਾਵਾਂ ਦੇ ਦੋਸ਼ਾਂ ਦਾ ਤਾਂ ਉਸ ਕੋਲ ਪਹਿਲਾਂ ਤੋਂ ਹੀ ਕੋਈ ਜਵਾਬ ਨਹੀਂ ਸੀ, ਹੁਣ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਵਲੋਂ ਲੰਗਰ ਲਈ ਭੇਟ ਕੀਤੇ ਗਏ ਆਟੇ ਨੂੰ ਵੇਚਣ ਦਾ ਜੋ ਨਵਾਂ ਮਾਮਲਾ ਸਾਹਮਣੇ ਆਇਆ ਹੈ, ਉਸ ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ।

ਸਪੱਸ਼ਟ ਹੈ ਕਿ ਬਾਦਲ ਦਲ ਦੇ ਵਿਰੋਧੀ ਉਸ ਦੇ ਵਿਰੁੱਧ ਇਨ੍ਹਾਂ ਮੁੱਦਿਆਂ ਨੂੰ ਭੁਗਤਾਉਣ ’ਚ ਪੂਰੀ ਸ਼ਕਤੀ ਝੋਕ ਦੇਣਗੇ ਅਤੇ ਬਾਦਲ ਦਲ ਦੇ ਮੁਖੀਆਂ ਕੋਲ ਇਨ੍ਹਾਂ ਦਾ ਕੋਈ ਜਵਾਬ ਨਹੀਂ ਹੋਵੇਗਾ। ਅਜਿਹੀ ਹਾਲਤ ’ਚ ਭਾਜਪਾ ਨਾਲ ਜੁੜੇ ਸਾਫ-ਸੁਥਰੇ ਅਕਸ ਵਾਲੇ ਸਿੱਖ ਹੀ ਉਸ ਦੀ ਇੱਜ਼ਤ ਬਚਾਉਣ ’ਚ ਸਹਾਇਕ ਹੋ ਸਕਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹੀ ਸਥਿਤੀ ’ਚ ਬਾਦਲ ਅਕਾਲੀ ਦਲ ਦੇ ਨੇਤਾ ਭਾਜਪਾ ਲੀਡਰਸ਼ਿਪ ਦੀ ਮੰਗ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਣਗੇ।

Bharat Thapa

This news is Content Editor Bharat Thapa