ਦਵਿੰਦਰ ਸਿੰਘ ਦੀਆਂ ਆਦਤਾਂ ’ਚ ਸ਼ਾਮਲ ਸਨ ਸ਼ਰਾਬ, ਔਰਤਾਂ ਅਤੇ ਵਿਆਗਰਾ

02/11/2020 1:16:23 AM

ਜੰਮੂ-ਕਸ਼ਮੀਰ ਪੁੁਲਸ ਦੇ ਬਰਖਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਤੋਂ ਐੱਨ. ਆਈ. ਏ. ਦੀ ਪੁੱਛਗਿੱਛ ’ਚ ਕਈ ਅਹਿਮ ਖੁਲਾਸੇ ਹੋਏ ਹਨ। ਐੱਨ. ਆਈ. ਏ. ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਇਕੱਲਾ ਹੀ ਭੇੜੀਆ ਸੀ, ਜੋ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ ਸੀ ਅਤੇ ਕਿਸੇ ਖੁਫੀਆ ਏਜੰਸੀ ਦੇ ਨਾਲ ਨਹੀਂ ਜੁੜਿਆ ਸੀ। ਕਿਉਂਕਿ ਸਿੰਘ ਪਹਿਲਾਂ ਤੋਂ ਹੀ ਬਦਨਾਮ ਚੱਲਿਆ ਆ ਰਿਹਾ ਸੀ, ਇਸ ਲਈ ਉਸ ’ਤੇ ਜ਼ਿਆਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਸ ਦੇ ਫੋਨ ਦੇ ਸੰਦੇਸ਼ਾਂ ਨੂੰ ਸਕੈਨ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ਦਾ ਲਾਈਫ ਸਟਾਈਲ ਗੁੰਝਲਦਾਰ ਸੀ। ਐੱਨ. ਆਈ. ਏ. ਸੂਤਰਾਂ ਅਨੁਸਾਰ ਉਹ ਲਗਾਤਾਰ ਸ਼ਰਾਬ ਪੀਂਦਾ ਸੀ ਅਤੇ ਉਸ ਦੇ ਦਰਜਨਾਂ ਔਰਤਾਂ ਨਾਲ ਨਾਜਾਇਜ਼ ਸਬੰਧ ਸਨ। ਸਿੰਘ ਨੇ ਔਰਤਾਂ ’ਤੇ ਪੈਸਾ ਪਾਣੀ ਵਾਂਗ ਵਹਾਇਆ ਸੀ। ਉਸ ਦੇ ਕਈ ਪ੍ਰੇਮ ਸਬੰਧ ਸਨ।

ਸਿੰਘ ਦਾ ਚਿਹਰਾ ਪੀਲਾ ਪੈ ਗਿਆ ਹੈ ਅਤੇ ਉਹ ਬੁੱਢਾ ਵੀ ਵਿਖਾਈ ਦੇਣ ਲੱਗਾ

ਉਸ ਨੂੰ ਸੈਕਸ ਦੀ ਆਦਤ ਸੀ। ਐੱਨ. ਆਈ. ਏ. ਸੂਤਰਾਂ ਅਨੁਸਾਰ ਉਹ ਲਗਾਤਾਰ ਹੀ ਵਿਆਗਰਾ ਦਾ ਸੇਵਨ ਕਰਦਾ ਸੀ। ਉਸ ਦੀ ਗ੍ਰਿਫਤਾਰੀ ਦੇ 4 ਹਫਤਿਆਂ ਬਾਅਦ ਸਿੰਘ ਦਾ ਚਿਹਰਾ ਪੀਲਾ ਪੈ ਗਿਆ ਹੈ ਅਤੇ ਉਹ ਬੁੱਢਾ ਵੀ ਵਿਖਾਈ ਦੇਣ ਲੱਗਾ ਹੈ। ਉਹ ਪੁਲਸ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹੈ ਕਿ ਉਸ ਦੇ ਲਈ ਯੂ-ਟਿਊਬ ’ਤੇ ਭਜਨ ਸੁਣਾਏ ਜਾਣ। ਉਸ ਨੂੰ ਦੌਲਤ ਨਾਲ ਬਹੁਤ ਪਿਆਰ ਸੀ ਅਤੇ ਇਸ ਦੀ ਲਾਲਸਾ ਦਿਨ-ਬ-ਦਿਨ ਵਧਦੀ ਹੀ ਗਈ। ਆਪਣੇ ਲਾਈਫ ਸਟਾਈਲ ਨੂੰ ਕਾਇਮ ਰੱਖਣ ਦੇ ਲਈ ਉਹ ਧਨ ਜੁਟਾਉਣਾ ਚਾਹੁੰਦਾ ਸੀ। ਪਲੇਅ ਬੁਆਏ ਹੋਣ ਦੇ ਨਾਤੇ ਉਸ ਕੋਲ ਧਨ ਦੀ ਕਮੀ ਉਸ ਸਮੇਂ ਹੋ ਗਈ, ਜਦੋਂ ਉਹ ਸ਼੍ਰੀਨਗਰ ਦੇ ਇੰਦਰਾ ਨਗਰ ’ਚ ਸ਼ਾਨਦਾਰ ਬੰਗਲਾ ਬਣਾਉਣਾ ਚਾਹੁੰਦਾ ਸੀ। ਬੰਗਲਾਦੇਸ਼ ’ਚ ਉਸ ਦੀਆਂ ਦੋ ਧੀਆਂ ਮੈਡੀਕਲ ਦੀਆਂ ਵਿਦਿਆਰਥਣਾਂ ਹਨ ਅਤੇ ਇਕ ਨਾਬਾਲਗ ਬੇਟਾ ਸ਼੍ਰੀਨਗਰ ਦੇ ਇਕ ਵੱਕਾਰੀ ਸਕੂਲ ’ਚ ਪੜ੍ਹ ਰਿਹਾ ਹੈ। ਸੂਤਰਾਂ ਅਨੁਸਾਰ ਐਂਟੀ-ਹਾਈਜੈਕਿੰਗ ਯੂਨਿਟ ਦੇ ਨਾਲ ਸਿੰਘ ਦਾ ਕਾਰੋਬਾਰ ਠੀਕ ਚੱਲ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਰੰਗੇ ਹੱਥੀਂ ਅੱਤਵਾਦੀਆਂ ਅਤੇ ਹਥਿਆਰਾਂ ਦੇ ਨਾਲ ਫੜਿਆ ਗਿਆ ਸੀ। ਐੱਸ. ਓ. ਜੀ. ਜੁਆਇਨ ਕਰਨ ਤੋਂ ਬਾਅਦ ਉਹ ਬਦਨਾਮ ਹੋ ਗਿਆ ਸੀ। ਉਸ ਦਾ ਨਾਂ ਕਈ ਵਿਵਾਦਾਂ ’ਚ ਸ਼ਾਮਲ ਹੋ ਗਿਆ ਸੀ। ਪਾਬੰਦੀਸ਼ੁਦਾ ਵਪਾਰ ਤੋਂ ਉਸ ਨੇ ਬਹੁਤ ਧਨ ਕਮਾਇਆ। ਉਸ ’ਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਨਾਲ-ਨਾਲ ਉਹ ਕੀਮਤੀ ਮੈਟਲ ਘਪਲੇ ’ਚ ਵੀ ਸ਼ਾਮਲ ਸੀ।

ਪੈਸੇ ਦੀ ਭੁੱਖ ਨੇ ਅੰਨ੍ਹਾ ਕਰ ਦਿੱਤਾ

ਪੈਸੇ ਦੀ ਭੁੱਖ ਇੰਨੀ ਵਧ ਗਈ ਕਿ ਿਸੰਘ ਇਸ ਨਾਲ ਅੰਨ੍ਹਾ ਹੋ ਗਿਆ ਅਤੇ ਤਬਾਹੀ ਦੇ ਰਸਤੇ ’ਤੇ ਚੱਲ ਪਿਆ। ਐੱਨ. ਆਈ. ਏ. ਦਾ ਕਹਿਣਾ ਹੈ ਕਿ ਇਸ ਗੱਲ ਦਾ ਹੁਣ ਉਸ ਨੂੰ ਅਫਸੋਸ ਹੈ। ਅਜਿਹੀਆਂ ਗੱਲਾਂ ਕਰਦੇ ਹੋਏ ਉਹ ਰੋ ਪਿਆ। ਉਸ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਦੇ ਨਾਲ ਕਈ ਦਹਾਕਿਆਂ ਤੱਕ ਜੁੜਨ ਤੋਂ ਬਾਅਦ ਹੁਣ ਉਹ ਸਭ ਕੁਝ ਗੁਆ ਚੁੱਕਾ ਹੈ। ਉਹ ਰਿਟਾਇਰਮੈਂਟ ਦੇ ਬੇਹੱਦ ਨੇੜੇ ਸੀ। ਐੱਨ. ਆਈ. ਏ. ਸੂਤਰਾਂ ਅਨੁਸਾਰ ਸਿੰਘ ਹਿਜ਼ਬੁਲ ਕਮਾਂਡਰ ਨਾਵੀਦ ਬਾਬੁਲ ਅਤੇ ਉਸ ਦੇ ਦੋ ਸਹਿਯੋਗੀਆਂ ਦੀ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ ਐੱਨ. ਆਈ. ਏ. ਨੇ ਕਿਸੇ ਵੀ ਗੈਰ-ਰਾਸ਼ਟਰੀ ਸਰਗਰਮੀ ਨਾਲ ਉਸ ਦਾ ਸਬੰਧ ਨਹੀਂ ਪਾਇਆ। ਦਵਿੰਦਰ ਸਿੰਘ ਦਾ ਫੋਨ ਸੀ. ਈ. ਆਰ. ਟੀ. ਨੂੰ ਭੇਜਿਆ ਗਿਆ ਹੈ, ਜਿਥੇ ਉਸ ਦੀ ਡਿਲੀਟ ਹੋਈ ਵ੍ਹਟਸਐਪ ਚੈਟ ਨੂੰ ਹਾਸਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਸ ਦੀ ਮੇਲ, ਮੈਸੇਜਿਜ਼ ਸਭ ਦੀ ਜਾਂਚ ਹੋਵੇਗੀ ਕਿ ਕਿਤੇ ਗੈਰ-ਰਾਸ਼ਟਰੀ ਸਰਗਰਮੀਆਂ ਨਾਲ ਸਬੰਧਤ ਕੋਈ ਸੰਦੇਸ਼ ਤਾਂ ਨਹੀਂ। ਜੰਮੂ-ਕਸ਼ਮੀਰ ਪੁਲਸ ਨੇ ਸਿੰਘ ਨੂੰ 11 ਜਨਵਰੀ ਨੂੰ ਫੜਿਆ ਸੀ। ਹਿਜ਼ਬੁਲ ਅੱਤਵਾਦੀਆਂ ਨਾਲ ਉਸ ਦੇ ਗੱਠਜੋੜ ’ਚ ਇਹ ਗੱਲ ਸ਼ਾਮਲ ਸੀ ਕਿ ਉਹ ਸਰਹੱਦ ਪਾਰ ਕਰਨ ਲਈ ਉਨ੍ਹਾਂ ਦੀ ਸਹਾਇਤਾ ਕਰੇਗਾ, ਇਸ ਤੋਂ ਇਲਾਵਾ ਹਿਜ਼ਬੁਲ ਅੱਤਵਾਦੀਆਂ ਨੂੰ ਸੁਰੱਖਿਅਤ ਜਗ੍ਹਾ ਪ੍ਰਦਾਨ ਕਰੇਗਾ, ਜਦੋਂ ਤੱਕ ਕਿ ਉਹ ਪੀ. ਓ. ਕੇ. ’ਚ ਦਾਖਲ ਨਹੀਂ ਹੋ ਜਾਂਦੇ। ਅੱਤਵਾਦੀਆਂ ਨਾਲ ਉਸ ਦੀ ਚੈਟ ਜ਼ਿਆਦਾਤਰ ਵ੍ਹਟਸਐਪ ’ਤੇ ਹੁੰਦੀ ਸੀ। (ਮੇ. ਟੁ.)

Bharat Thapa

This news is Content Editor Bharat Thapa