ਜੀਵਨਦਾਤੀ ਨਦੀਆਂ ’ਤੇ ਡੂੰਘਾ ਹੋ ਰਿਹਾ ਸੰਕਟ

05/21/2021 3:28:06 AM

ਦੇਵੇਂਦ੍ਰਰਾਜ ਸੁਥਾਰ
ਪ੍ਰਾਚੀਨ ਕਾਲ ’ਚ ਨਦੀਆਂ ਦੇ ਕੰਢੇ ਹੀ ਸਾਡੀਆਂ ਮਨੁੱਖੀ ਸੱਭਿਅਤਾਵਾਂ ਦਾ ਜਨਮ ਅਤੇ ਵਿਕਾਸ ਹੋਇਆ ਸੀ। ਨਦੀਆਂ ਸਿਰਫ ਧਰਤੀ ਦੀ ਜਾਨ ਹੀ ਨਹੀਂ ਸਗੋਂ ਮਨੁੱਖ ਸੱਭਿਆਚਾਰ ਦੀ ਮਾਂ ਵੀ ਹਨ। ਸਾਡੇ ਵੱਡੇ-ਵਡੇਰਿਆਂ ਦੇ ਮਨ ’ਚ ਨਦੀਆਂ ਦੇ ਪ੍ਰਤੀ ਬੜੀ ਸ਼ਰਧਾ ਅਤੇ ਸਨਮਾਨ ਦਾ ਭਾਵ ਹੁੰਦਾ ਸੀ। ਉਹ ਨਦੀਆਂ ਨੂੰ ਦੇਵੀ-ਦੇਵਤਾ ਮੰਨ ਕੇ ਉਨ੍ਹਾਂ ਦੀ ਪੂਜਾ ਕਰਦੇ ਹੁੰਦੇ ਸਨ। ਨਦੀਆਂ ਦੀ ਮਹਾਨਤਾ ਤੋਂ ਖੁਸ਼ ਹੋ ਕੇ ਇਤਿਹਾਸਕ ਕਾਲ ’ਚ ਕਈ ਮਹਾਰਿਸ਼ੀਆਂ ਨੇ ਨਦੀ ਪੁਰਾਣ ਅਤੇ ਗ੍ਰੰਥਾਂ ਦੀ ਰਚਨਾ ਵੀ ਕੀਤੀ ਹੈ।

ਉਸ ਸਮੇਂ ਨਦੀਆਂ ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਸੰਭਵ ਨਹੀਂ ਮੰਨੀ ਜਾਂਦੀ ਸੀ ਕਿਉਂਕਿ ਪ੍ਰਾਚੀਨ ਕਾਲ ’ਚ ਨਦੀਆਂ ਦਾ ਸਿਰਫ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੀ ਨਹੀਂ ਸੀ ਸਗੋਂ ਇਹ ਸਮਾਜਿਕ ਅਤੇ ਆਰਥਿਕ ਮਹੱਤਵ ਨੂੰ ਵੀ ਸਮੇਟੇ ਹੋਏ ਸੀ। ਇਨ੍ਹਾਂ ਹੀ ਮਹੱਤਵਾਂ ਨੂੰ ਉਜਾਗਰ ਕਰਨ ਦੇ ਲਈ ਕਈ ਮੇਲਿਆਂ ਅਤੇ ਤਿਉਹਾਰਾਂ ਦਾ ਆਯੋਜਨ ਵੀ ਨਦੀਆਂ ਨੂੰ ਕੇਂਦਰ ’ਚ ਰੱਖ ਕੇ ਕੀਤਾ ਜਾਂਦਾ ਸੀ। ਪੁਰਾਤਨ ਸਮੇਂ ’ਚ ਭਾਰਤ ਆਪਣੀਆਂ ਕਈ ਮਹਾਨ ਨਦੀਆਂ ਦੇ ਕਾਰਨ ਵਿਸ਼ਵ ਪ੍ਰਸਿੱਧ ਸੀ। ਭਾਰਤ ਦੀ ਧਰਤੀ ’ਤੇ ਕਈ ਨਦੀਆਂ ਖੇਡਦੀਆਂ ਹੁੰਦੀਆਂ ਸਨ ਅਤੇ ਉਨ੍ਹਾਂ ਦੇ ਪਾਣੀ ਨਾਲ ਹਜ਼ਾਰਾਂ ਖੇਤਾਂ ’ਚ ਫਸਲਾਂ ਲਹਿਲਹਾਉਂਦੀਆਂ ਹੁੰਦੀਆਂ ਸਨ।

ਪ੍ਰਾਚੀਨ ਭਾਰਤ ਨੂੰ ਸੋਨੇ ਦੀ ਚਿੜ੍ਹੀ ਦਾ ਮਾਣ ਵੀ ਇਨ੍ਹਾਂ ਨਦੀਆਂ ਦੀ ਬਦੌਲਤ ਹਾਸਲ ਸੀ ਪਰ ਬਦਲਦੇ ਦੌਰ ’ਚ ਨਦੀਆਂ ਦੀਆਂ ਕਦਰਾਂ-ਕੀਮਤਾਂ ਅਤੇ ਹੋਂਦ ਦੇ ਨਾਲ ਛੇੜ-ਛਾੜ ਹੋਈ। ਉਨ੍ਹਾਂ ਦੇ ਨਿਰਮਲ ਅਤੇ ਪਵਿੱਤਰ ਪਾਣੀ ’ਚ ਜ਼ਹਿਰ ਘੋਲਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਵਿਗਾੜ ਦਿੱਤੀ ਗਈ। ਇਹੀ ਕਾਰਨ ਹੈ ਕਿ ਪੂਰੀ ਦੁਨੀਆ ’ਚ ਅਜਿਹੀਆਂ ਨਦੀਆਂ ਦੀ ਗਿਣਤੀ ’ਚ ਬੜੀ ਤੇਜ਼ੀ ਨਾਲ ਗਿਰਾਵਟ ਆਈ ਹੈ।

ਇਸ ਦਾ ਅਸਰ ਇਨ੍ਹਾਂ ਨਦੀਆਂ ’ਚ ਰਹਿਣ ਵਾਲੀਆਂ ਪ੍ਰਜਾਤੀਆਂ ’ਤੇ ਵੀ ਪਿਆ ਹੈ। ਇਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਦੁਨੀਆ ’ਚ ਸਿਰਫ 17 ਫੀਸਦੀ ਨਦੀਆਂ ਅਜਿਹੀਆਂ ਬਚੀਆਂ ਹਨ ਜਿਨ੍ਹਾਂ ’ਚ ਵਗ ਰਿਹਾ ਪਾਣੀ ਸਾਫ ਤੇ ਤਾਜ਼ਾ ਹੈ। ਇਹ ਨਦੀਆਂ ਵੀ ਇਸ ਲਈ ਬਚੀਆਂ ਹਨ ਕਿਉਂਕਿ ਇਹ ਉਨ੍ਹਾਂ ਦੇ ਇਲਾਕਿਆਂ ’ਚ ਵਗ ਰਹੀਆਂ ਹਨ ਜਿਨ੍ਹਾਂ ਇਲਾਕਿਆਂ ਨੂੰ ਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਮੱਛੀਆਂ, ਕੱਛੂਕੰਮੇ ਵਰਗੀਆਂ ਸੈਂਕੜੇ ਪ੍ਰਜਾਤੀਆਂ ਜੋ ਸਾਫ ਅਤੇ ਤਾਜ਼ੇ ਪਾਣੀ ਵਾਲੀਆਂ ਨਦੀਆਂ ’ਚ ਰਹਿੰਦੀਆਂ ਹਨ, ਉਨ੍ਹਾਂ ਦੀ ਗਿਣਤੀ ’ਚ ਵੀ ਬਹੁਤ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ। ਇਹ ਅਧਿਐਨ ਦੱਸਦਾ ਹੈ ਕਿ 1970 ਦੇ ਬਾਅਦ ਤੋਂ ਇਨ੍ਹਾਂ ਜੀਵਾਂ ਦੀ ਆਬਾਦੀ ’ਚ ਔਸਤਨ 84 ਫੀਸਦੀ ਦੀ ਕਮੀ ਆਈ ਹੈ ਕਿਉਂਕਿ ਇਨ੍ਹਾਂ ਸਾਲਾਂ ਦੇ ਦੌਰਾਨ ਨਦੀਆਂ ’ਤੇ ਡੈਮ ਬਣਾਉਣ, ਪ੍ਰਦੂਸ਼ਣ, ਨਦੀਆਂ ਦੇ ਵਹਿਣਾਂ ਨੂੰ ਮੋੜ ਦੇਣ ਵਰਗੀਆਂ ਘਟਨਾਵਾਂ ਵਧੀਆ ਹਨ।

ਅੱਜ ਦੇਸ਼ ’ਚ ਲਗਭਗ 223 ਨਦੀਆਂ ਦਾ ਪਾਣੀ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਉਨ੍ਹਾਂ ਦੇ ਪਾਣੀ ’ਚ ਨਹਾਉਣ ਜਾਂ ਪੀਣ ’ਤੇ ਬੀਮਾਰੀ ਦਾ ਖਤਰਾ ਹੋ ਸਕਦਾ ਹੈ। ਦੇਸ਼ ਦੀਆਂ 62 ਫੀਸਦੀ ਨਦੀਆਂ ਭਿਆਨਕ ਤੌਰ ’ਤੇ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ’ਚ ਗੰਗਾ ਅਤੇ ਯਮੁਨਾ ਸਮੇਤ ਇਨ੍ਹਾਂ ਦੀਆਂ ਸਹਾਇਕ ਨਦੀਆਂ ਵੀ ਸ਼ਾਮਲ ਹਨ। ਯਕੀਨਨ ਹੀ ਸ਼ਹਿਰੀਕਰਨ ਅਤੇ ਉਦਯੋਗੀਕਰਨ ਨੇ ਨਦੀਆਂ ਦੀ ਜਾਨ ਕੱਢਣ ਦਾ ਕੰਮ ਕੀਤਾ ਹੈ।

ਖੇਤੀਬਾੜੀ ਦੇ ਰਹਿੰਦ-ਖੂੰਹਦ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨੇ ਨਦੀਆਂ ਦੇ ਪਾਣੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਕਾਰਖਾਨਿਆਂ ਦੀ ਰਹਿੰਦ-ਖੂੰਹਦ, ਭਾਰੀ ਧਾਤੂ, ਪਲਾਸਟਿਕ ਦੀਆਂ ਥੈਲੀਆਂ ਤੇ ਠੋਸ ਅਵਸ਼ੇਸ਼ ਦੇ ਨਾਲ ਹੀ ਪੂਜਾ ਦਾ ਸਾਮਾਨ, ਫੁੱਲ, ਹਾਰਾਂ ਵਰਗੀਆਂ ਵਸਤੂਆਂ ਦੇ ਕਾਰਨ ਨਦੀਆਂ ਦੀ ਬੇਰੋਕ ਧਾਰਾ ’ਚ ਰੁਕਾਵਟ ਆਈ ਹੈ। ਉੱਥੇ ਨਦੀਆਂ ਦੇ ਕੰਢੇ ਧਾਰਮਿਕ ਯੱਗ ਕਰਨ, ਪਸ਼ੂਆਂ ਦੇ ਨਹਾਉਣ, ਮਨੁੱਖ ਵੱਲੋਂ ਜੰਗਲ-ਪਾਣੀ ਜਾਣ ਨਾਲ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋਇਆ ਹੈ।

ਅੱਜ ਦੇਸ਼ ’ਚ ਨਦੀਆਂ ਨੂੰ ਸਵੱਛ ਬਣਾਉਣ ਦੇ ਲਈ ਤਾਂ ਕਈ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਨਦੀਆਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ’ਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣ ਨੂੰ ਲੈ ਕੇ ਯਤਨ ਹੁੰਦੇ ਨਹੀਂ ਦਿਸ ਰਹੇ ਹਨ। ਇਸੇ ਕਾਰਨ ਜਿੱਥੇ ਇਕ ਪਾਸੇ ਨਦੀਆਂ ਸਾਫ ਹੋ ਰਹੀਆਂ ਹਨ ਤਾਂ ਦੂਸਰੇ ਪਾਸੇ ਸੁੱਟਿਆ ਜਾ ਰਿਹਾ ਕਚਰਾ ਉਨ੍ਹਾਂ ਨੂੰ ਮੁੜ ਤੋਂ ਗੰਦਾ ਕਰ ਰਿਹਾ ਹੈ।

ਅਸਲ ’ਚ ਦੇਸ਼ ’ਚ ਨਦੀਆਂ ਦੀ ਸੰਭਾਲ ਦਾ ਕਾਰਜ ਬਿਨਾਂ ਨਦੀ ਪ੍ਰਬੰਧਨ ਸਿਧਾਂਤ ਦੇ ਹੀ ਚੱਲ ਰਿਹਾ ਹੈ। ਕੀ ਸਿਰਫ ਕਾਰਜ ਯੋਜਨਾਵਾਂ ਦੇ ਬਲਬੂਤੇ ਦੇਸ਼ ਦੀਆਂ ਨਦੀਆਂ ਦਾ ਪਾਣੀ ਸਵੱਛ ਹੋ ਜਾਵੇਗਾ? ਸਾਡੇ ਲਈ ਨਦੀ ਪ੍ਰਬੰਧਨ ਦਾ ਸਿਧਾਂਤ ਇਹ ਹੋਣਾ ਚਾਹੀਦਾ ਹੈ ਕਿ ਨਦੀ ਨੂੰ ਕੋਈ ਖਰਾਬ ਹੀ ਨਾ ਕਰੇ। ਜੇਕਰ ਅਜਿਹਾ ਹੋਵੇਗਾ ਤਾਂ ਨਦੀ ਨੂੰ ਸਵੱਛ ਕਰਨ ਦੇ ਨਾਂ ’ਤੇ ਕਰੋੜਾਂ ਦਾ ਧਨ ਖਰਚ ਕਰਨ ਦੀ ਲੋੜ ਹੀ ਨਹੀਂ ਪਵੇਗੀ।

ਨਦੀਆਂ ’ਚ ਜੈਵਿਕ ਵੰਨ-ਸੁਵੰਨਤਾ ਪਰਤਾਉਣ ਦੇ ਲਈ ਨਦੀਆਂ ਦੇ ਪਾਣੀ ’ਚ ਜੈਵਿਕ ਆਕਸੀਜਨ ਦੀ ਮੰਗ ਘਟਾਉਣੀ ਹੋਵੇਗੀ ਤਾਂ ਕਿ ਨਦੀਆਂ ਨੂੰ ਸਾਫ ਕਰਨ ਵਾਲੇ ਪਾਣੀ ਵਾਲੇ ਜੀਵ ਜ਼ਿੰਦਾ ਰਹਿ ਸਕਣ। ਨਦੀਆਂ ’ਚ ਦਵਾਈਆਂ ਵਾਲੇ ਗੁਣ ਫਿਰ ਆਉਣ ਜਿਸ ਦੇ ਲਈ ਕੰਢਿਆਂ ’ਤੇ ਦਵਾਈਆਂ ਵਾਲੇ ਬੂਟੇ ਲਗਾਏ ਜਾਣ। ਇਸ ਦੇ ਇਲਾਵਾ ਖੇਤੀ ਅਤੇ ਘਰਾਂ ’ਚ ਡਿਟਰਜੈਂਟ ਆਦਿ ’ਚ ਵਰਤੋ ਹੋ ਰਹੇ ਖਤਰਨਾਕ ਰਾਸਾਇਣ ਅਤੇ ਕੀਟਨਾਸ਼ਕਾਂ ਤੋਂ ਨਦੀਆਂ ਨੂੰ ਬਚਾਉਣਾ ਹੋਵੇਗਾ।

ਮੁਕਤ ਤੌਰ ’ਤੇ ਵਗਣ ਵਾਲੀਆਂ ਨਦੀਆਂ ਅਤੇ ਹੋਰ ਕੁਦਰਤੀ ਤੌਰ ’ਤੇ ਕੰਮ ਕਰਨ ਵਾਲੇ ਤਾਜ਼ੇ ਪਾਣੀ ਦੇ ਸੋਮੇ ਜੈਵਿਕ ਵੰਨ-ਸੁਵੰਨਤਾ ਅਤੇ ਖੁਰਾਕ ਸਪਲਾਈ ਲੜੀ, ਪੀਣ ਵਾਲੇ ਪਾਣੀ, ਅਰਥਵਿਵਸਥਾ ਅਤੇ ਦੁਨੀਆ ਭਰ ਦੇ ਅਰਬਾਂ ਲੋਕਾਂ ਦੇ ਸੱਭਿਆਚਾਰਾਂ ਨੂੰ ਬਣਾਈ ਰੱਖਦੇ ਹਨ। ਇਸ ਲਈ ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੇ ਲਈ ਉਨ੍ਹਾਂ ਦੀ ਸੁਰੱਖਿਆ ਮਹੱਤਵਪੂਰਨ ਹੈ।

ਹੋਂਦ ਦੇ ਲਈ ਜੂਝ ਰਹੀਆਂ ਨਦੀਆਂ ਨੂੰ ਜ਼ਿੰਦਾ ਨਦੀ ਦਾ ਦਰਜਾ ਦੇਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਨੂੰ ਜ਼ਿੰਦਾ ਰੱਖਣਾ। ਇਹ ਕੰਮ ਸਿਰਫ ਖਾਨਾਪੂਰਤੀ ਨਾਲ ਨਹੀਂ ਹੋਵੇਗਾ ਸਗੋਂ ਇਸ ਦੇ ਲਈ ਮਜ਼ਬੂਤ ਇੱਛਾਸ਼ਕਤੀ ਅਤੇ ਈਮਾਨਦਾਰੀ ਨਾਲ ਯਤਨ ਕਰਨ ਦੀ ਲੋੜ ਹੈ।

Bharat Thapa

This news is Content Editor Bharat Thapa