ਲੋਕਾਂ ’ਚ ਅਪਰਾਧ ਅਤੇ ਬੇਚੈਨੀ ਵਧ ਰਹੀ ਹੈ

01/15/2020 1:56:29 AM

ਦੇਵੀ ਚੇਰੀਅਨ

ਮੈਂ ਮਹਾਨ ਭਾਰਤ ਦੀ ਰਾਸ਼ਟਰੀ ਰਾਜਧਾਨੀ ’ਚ ਰਹਿੰਦੀ ਹਾਂ। ਮੈਂ ਆਪਣੇ ਰਾਸ਼ਟਰ ਦੇ ਸੱਭਿਆਚਾਰ, ਭਾਸ਼ਾ ਅਤੇ ਧਰਮ ਦੇ ਕਈ ਰੰਗਾਂ ਨੂੰ ਪੂਜਦੀ ਹਾਂ। ਮੈਂ ਚਿੰਤਤ ਅਤੇ ਹੈਰਾਨ ਵੀ ਹਾਂ। ਮੇਰਾ ਦਿਲ ਇਸ ਗੱਲ ਨੂੰ ਲੈ ਕੇ ਖੁਸ਼ ਹੈ ਕਿ ਭਾਰਤ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਸਾਡੇ ਵੋਟਰਾਂ ਦਾ 75 ਫੀਸਦੀ ਇੰਨਾ ਜਿਗਰਾ ਰੱਖਦਾ ਹੈ ਕਿ ਉਹ ਖੁੱਲ੍ਹੇ ਤੌਰ ’ਤੇ ਆਪਣੇ ਅਧਿਕਾਰਾਂ ਲਈ ਲੜ ਸਕੇ। ਮੈਂ ਹਿੰਸਾ ਦੇ ਵਿਰੁੱਧ ਹਾਂ ਅਤੇ ਜਾਤੀ, ਧਰਮ ਨੂੰ ਲੈ ਕੇ ਮਨੁੱਖਤਾ ਨੂੰ ਵੰਡਣ ਵਾਲੀਆਂ ਗੱਲਾਂ ਦੇ ਸਖਤ ਖਿਲਾਫ ਹਾਂ। ਨਿਸ਼ਚਿਤ ਤੌਰ ’ਤੇ ਮੈਂ ਜਾਗਰੂਕ ਹਾਂ ਕਿ ਇਹ ਗੱਲ ਪੁਲਸ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕਰਦੀ ਹੈ। ਮੇਰਾ ਇਹ ਮੰਨਣਾ ਨਹੀਂ ਹੈ ਕਿ ਆਪਣੇ ਅਧਿਕਾਰਾਂ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਆਸਾਨੀ ਨਾਲ ਹਿੰਸਕ ਹੋ ਜਾਂਦੇ ਹਨ। ਵਿਦਿਆਰਥੀ ਭਵਿੱਖ ਦੇ ਨੇਤਾ ਹਨ। ਸਾਡੇ ਕੋਲ ਸੰਸਦ ਅਤੇ ਸੂਬਾਈ ਵਿਧਾਨ ਸਭਾਵਾਂ ਵਿਚ ਇਸ ਦੀ ਮਿਸਾਲ ਹੈ। ਜ਼ਿਆਦਾਤਰ ਸਾਡੇ ਅੱਜ ਦੇ ਨੇਤਾ ਵਿਦਿਆਰਥੀ ਰਾਜਨੀਤੀ ਤੋਂ ਹੀ ਉਪਰ ਉੱਠੇ ਹਨ ਅਤੇ ਇਸ ਦੀ ਮਿਸਾਲ ਮਰਹੂਮ ਅਰੁਣ ਜੇਤਲੀ, ਸੀਤਾਰਾਮ ਯੇਚੁਰੀ ਅਤੇ ਕਈ ਮੁੱਖ ਮੰਤਰੀਆਂ ਦੇ ਨਾਵਾਂ ਵਿਚ ਦਿਖਾਈ ਦਿੰਦੀ ਹੈ, ਜੋ ਬੀਤੇ ਵਿਚ ਵਿਦਿਆਰਥੀ ਨੇਤਾ ਸਨ।

ਬਦਕਿਸਮਤੀ ਨਾਲ ਦਿੱਲੀ ਦੀਆਂ ਚੋਣਾਂ ਸਿਰ ’ਤੇ ਹਨ ਅਤੇ ਵਿਦਿਆਰਥੀਆਂ ਦਾ ਮੁੱਦਾ ਸਿਆਸੀ ਬਣ ਚੁੱਕਾ ਹੈ। ਇਨ੍ਹਾਂ ਸਭ ਦਾ ਦਿੱਲੀ ਦੀਆਂ ਚੋਣਾਂ ਉੱਤੇ ਅਸਰ ਪਵੇਗਾ। ਵਾਈਸ ਚਾਂਸਲਰਾਂ ਅਤੇ ਟੀਚਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਸ਼ਾਂਤੀਪੂਰਵਕ ਪ੍ਰਦਰਸ਼ਨ ਨਾਲ ਕੀ ਚਾਹੁੰਦੇ ਹਨ। ਆਖਿਰ ਕਿਉਂ ਇਹ ਪ੍ਰਦਰਸ਼ਨ ਸ਼ੁਰੂ ਹੋਏ? ਕਿਉਂ ਨਹੀਂ ਸਮੇਂ ਸਿਰ ਇਨ੍ਹਾਂ ’ਚ ਦਖਲ ਦਿੱਤਾ ਗਿਆ? ਕਿਉਂ ਨਹੀਂ ਉਨ੍ਹਾਂ ਦੇ ਕਾਲਜਾਂ ਵਿਚ ਹਿੰਸਾ ਨੂੰ ਰੋਕਿਆ ਗਿਆ? ਕਿਉਂ ਮੁਖੌਟਾਧਾਰੀ ਗੁੰਡਿਆਂ ਨੂੰ ਕਾਲਜਾਂ ’ਚ ਜਾਣ ਦਿੱਤਾ ਗਿਆ। ਵਿਦਿਆਰਥੀ ਨੇਤਾਵਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਸਾਡੇ ਰਾਸ਼ਟਰ ਦੇ ਭਵਿੱਖ ਲਈ ਇਹ ਗੱਲਾਂ ਘਾਤਕ ਹਨ। ਸਾਡੇ ਵਿਦਿਆਰਥੀ ਸਾਡੇ ਨਾਲੋਂ ਜ਼ਿਆਦਾ ਜਾਗਰੂਕ ਹਨ, ਜੋ ਅਸੀਂ ਆਪਣੀ ਉਮਰ ਵਿਚ ਨਹੀਂ ਸੀ। ਦੇਸ਼ ਵਿਚ ਉਹ ਕਿਤੇ ਵੀ ਹੋਣ, ਸੋਸ਼ਲ ਮੀਡੀਆ ਉਨ੍ਹਾਂ ਨੂੰ ਜੋੜਨ ਲਈ ਬਹੁਤ ਸਹਾਇਕ ਸਿੱਧ ਹੋ ਰਿਹਾ ਹੈ। ਕੋਈ ਚੰਗੀ ਖ਼ਬਰ ਹੋਵੇ ਜਾਂ ਫਿਰ ਬੁਰੀ, ਉਹ ਸੈਕੰਡ ਵਿਚ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਵਿਚ ਹਿੰਮਤ ਅਤੇ ਉਤਸ਼ਾਹ ਹੈ। ਉਨ੍ਹਾਂ ’ਚ ਇਸ ਗੱਲ ਦਾ ਗਿਆਨ ਹੈ ਕਿ ਕਿਵੇਂ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਉਣੀ ਹੈ? ਉਨ੍ਹਾਂ ਨੂੰ ਨਾ ਤਾਂ ਸਰਕਾਰ, ਨਾ ਪੁਲਸ ਅਤੇ ਨਾ ਹੀ ਅਧਿਕਾਰੀਆਂ ਦਾ ਖੌਫ਼ ਹੈ। ਉਹ ਅਧਿਕਾਰਾਂ ਲਈ ਲੜਦੇ ਹਨ ਅਤੇ ਇਨ੍ਹਾਂ ’ਚੋਂ ਹੀ ਭਵਿੱਖ ਦੇ ਨੇਤਾ ਬਣਨਗੇ। ਵਿਦਿਆਰਥੀ ਰਾਸ਼ਟਰ ਅਤੇ ਕਾਲਜਾਂ ਵਿਚ ਅਸ਼ਾਂਤੀ ਪੈਦਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਭਵਿੱਖ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੂੰ ਇਹ ਵੀ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਵਿਰੁੱਧ ਮਾਮਲੇ ਦਰਜ ਕੀਤੇ ਜਾਣਗੇ।

ਮੈਨੂੰ ਇਕ ਗੱਲ ਦੁਖੀ ਕਰਦੀ ਹੈ ਕਿ ਜਦੋਂ ਮੈਂ ਕੋਈ ਇਕ ਟੀ. ਵੀ. ਚੈਨਲ ਦੇਖਦੀ ਜਾਂ ਕੋਈ ਸਮਾਚਾਰ ਪੱਤਰ ਪੜ੍ਹਦੀ ਹਾਂ ਤਾਂ ਇਹ ਪ੍ਰਦਰਸ਼ਨ ਬਾਰੇ ਹੁੰਦਾ ਹੈ ਜਾਂ ਫਿਰ ਜੰਗ ਬਾਰੇ। ਸਭ ਪਾਸੇ ਤਬਾਹੀ ਦੀ ਗੱਲ ਹੁੰਦੀ ਹੈ ਜਾਂ ਫਿਰ ਅਰਥ ਵਿਵਸਥਾ ਵਿਚ ਮੰਦੀ ਦਿਖਾਈ ਜਾਂਦੀ ਹੈ। ਧਰਮ ਅਤੇ ਜਾਤੀ ਵਿਚ ਨਫਰਤ ਨਿਰਾਸ਼ਾਜਨਕ ਹੈ। ਮੈਂ ਖੁਸ਼ ਹਾਂ ਕਿ ਮੈਂ ਉਸ ਸਮੇਂ ਪਲੀ-ਵਧੀ, ਜਦੋਂ ਮੈਂ ਇਹ ਨਹੀਂ ਜਾਣਦੀ ਸੀ ਕਿ ਮੇਰੇ ਨਾਲ ਵਾਲੀ ਸੀਟ ’ਤੇ ਕਿਹੜੀ ਵਿਦਿਆਰਥਣ ਬੈੈਠੀ ਹੈ। ਮੈਨੂੰ ਇਹ ਚਿੰਤਾ ਨਹੀਂ ਸੀ ਕਿ ਸਾਥੀ ਵਿਦਿਆਰਥਣ ਹਿੰਦੂ, ਮੁਸਲਿਮ ਜਾਂ ਫਿਰ ਈਸਾਈ ਧਰਮ ਤੋਂ ਹੈ। ਮੇਰੇ ਲਈ ਤਾਂ ਉਹ ਸਿਰਫ ਇਕ ਲੜਕੀ ਹੁੰਦੀ ਸੀ, ਜੋ ਮੇਰੀ ਦੋਸਤ ਸੀ ਅਤੇ ਮੇਰੀ ਸਹਿਪਾਠੀ ਸੀ। ਸਮਾਂ ਬਦਲ ਚੁੱਕਾ ਹੈ। ਅੱਜ ਬੱਚੇ ਜਾਣਦੇ ਹਨ ਕਿ ਉਹ ਮੇਰਾ ਦੋਸਤ ਹੈ, ਜੋ ਇਕ ਹਿੰਦੂ ਹੈ। ਮੇਰਾ ਇਕ ਦੋਸਤ ਹੈ, ਜੋ ਈਸਾਈ ਹੈ, ਇਥੋਂ ਤਕ ਕਿ 5-6 ਸਾਲ ਦੀ ਉਮਰ ਵਾਲਾ ਇਕ ਬੱਚਾ ਇਹ ਜਾਣਦਾ ਹੈ ਕਿ ਧਰਮ ਕੀ ਹੈ ਅਤੇ ਉਸ ਦਾ ਜਮਾਤੀ ਕਿਸ ਜਾਤੀ ਨਾਲ ਸਬੰਧਤ ਹੈ? ਮੈਨੂੰ ਉਮੀਦ ਹੈ ਕਿ ਸਿੱਖਿਆ ਪ੍ਰਣਾਲੀ ਅਤੇ ਘਰ ਬੈਠੇ ਸਰਪ੍ਰਸਤ ਉਨ੍ਹਾਂ ਨੂੰ ਚੰਗੀ ਸਿਖਲਾਈ ਦੇਣਗੇ ਅਤੇ ਇਹ ਸਿਖਾਉਣਗੇ ਕਿ ਜਾਤੀ ਧਰਮ ਤੋਂ ਉਪਰ ਮਨੁੱਖਤਾ ਹੁੰਦੀ ਹੈ ਅਤੇ ਇਕ ਚੰਗਾ ਮਨੁੱਖ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਸਭ ਇਕੋ ਜਿਹੇ ਹਾਂ ਅਤੇ ਇਕ ਹੀ ਪ੍ਰਮੇਸ਼ਵਰ ਨੂੰ ਮੰਨਣ ਵਾਲੇ ਹਾਂ, ਜੋ ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਇਕ ਧਰਮ ਨੂੰ ਨੀਵਾਂ ਦਿਖਾਉਣਾ ਜਾਂ ਉਸ ਦਾ ਨਿਰਾਦਰ ਕਰਨਾ ਕਿਸੇ ਪਾਪ ਨਾਲੋਂ ਘੱਟ ਨਹੀਂ। ਅਸੀਂ ਕਿਉਂ ਨਹੀਂ ਜਿਊਂਦੇ ਅਤੇ ਜੀਣ ਦਿੰਦੇ ਹਾਂ? ਵੋਟ ਬੈਂਕ ਲਈ ਰਾਜਨੀਤੀ ਕਰਨ ਦੀ ਬਜਾਏ ਬੁੱਧੀਜੀਵੀਆਂ ਨੂੰ ਬਹਿਸ ਕਰਨੀ ਚਾਹੀਦੀ ਹੈ।

ਇਹ ਵੀ ਗੰਭੀਰ ਵਿਸ਼ਾ ਹੈ ਕਿ ਲੋਕਾਂ ਵਿਚ ਅਪਰਾਧ ਅਤੇ ਬੇਚੈਨੀ ਵਧ ਰਹੀ ਹੈ। ਰਾਸ਼ਟਰ ਲਈ ਸੰਵਿਧਾਨ ਦਾ ਸਨਮਾਨ ਨਾ ਕਰਨਾ ਅਤੇ ਅਸੱਭਿਅਤਾ ਮੈਨੂੰ ਚਿੰਤਤ ਕਰਦੀ ਹੈ। ਆਖਿਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਸਿਖਾ ਰਹੇ ਹਾਂ? ਸਾਡੇ ਨਾਲ ਕੀ ਵਾਪਰ ਰਿਹਾ ਹੈ? ਅਸੀਂ ਸਭ ਜਾਣਦੇ ਹਾਂ ਕਿ ਰਾਜਨੀਤੀ ਦੇਸ਼ ਵਿਚ ਸਭ ਕੁਝ ਵਾਪਰ ਰਹੇ ਦਾ ਇਕ ਹਿੱਸਾ ਹੈ ਪਰ ਕੀ ਰਾਜਨੀਤੀ ਮਨੁੱਖਤਾ ਤੋਂ ਜ਼ਿਆਦਾ ਜ਼ਰੂਰੀ ਹੈ? ਯੂਕ੍ਰੇਨ ਦਾ ਇਕ ਕਾਮੇਡੀਅਨ ਨੇਤਾ ਬਣ ਗਿਆ। ਸਾਡੇ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਿਸਾਲ ਹੈ, ਜੋ ਇਕ ਮੋਹਰੀ ਬਿਜ਼ਨੈੱਸਮੈਨ ਹੁੰਦੇ ਹੋਏ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਤੁਸੀਂ ਈਰਾਨ ਵਿਚ ਇਕ ਜਹਾਜ਼ ਨੂੰ ਉਡਾ ਦਿੰਦੇ ਹੋ ਅਤੇ ਬਾਅਦ ਵਿਚ ਇਸ ਨੂੰ ਇਕ ਮਨੁੱਖੀ ਗਲਤੀ ਕਰਾਰ ਦੇ ਦਿੰਦੇ ਹੋ। 176 ਲੋਕ ਮਾਰੇ ਗਏ, ਉਨ੍ਹਾਂ ਦੇ ਪਰਿਵਾਰ ਤਬਾਹ ਹੋ ਗਏ। ਇੰਗਲੈਂਡ ਵੀ ਬ੍ਰੈਗਜ਼ਿਟ ਨੂੰ ਲੈ ਕੇ ਸਹਿਣ ਕਰ ਰਿਹਾ ਹੈ। ਪੈਰਿਸ ਪ੍ਰਦਰਸ਼ਨ ਦੇ ਹਿੰਸਕ ਹੋਣ ਨਾਲ ਸੈਲਾਨੀਆਂ ਤੋਂ ਸੱਖਣਾ ਹੋ ਚੁੱਕਾ ਹੈ। ਸਭ ਪਾਸੇ ਅਨਿਸ਼ਚਿਤਤਾ ਦਾ ਦੌਰ ਹੈ।

ਅਰਥ ਵਿਵਸਥਾ ਵਿਚ ਮੰਦੀ ਨੇ ਪੂਰੇ ਵਿਸ਼ਵ ਨੂੰ ਘੇਰਿਆ ਹੋਇਆ ਹੈ ਅਤੇ ਮੰਦੀ ਤੇਜ਼ੀ ਨਾਲ ਦਰਵਾਜ਼ਾ ਖੜਕਾ ਰਹੀ ਹੈ। ਅਸੀਂ ਜਿੰਨੀ ਤੇਜ਼ੀ ਨਾਲ ਹੇਠਾਂ ਵੱਲ ਡਿੱਗ ਰਹੇ ਹਾਂ, ਇੰਨਾ ਤਾਂ ਅਸੀਂ ਸੋਚਿਆ ਵੀ ਨਹੀਂ ਸੀ। ਸਾਰੇ ਵਰਗਾਂ ਲਈ ਭਵਿੱਖ ਰੌਸ਼ਨ ਨਹੀਂ ਦਿਖਾਈ ਦਿੰਦਾ। ਇਥੇ ਗੁੱਸਾ, ਨਿਰਾਸ਼ਾ ਅਤੇ ਉਤਸੁਕਤਾ ਦਾ ਮਾਹੌਲ ਹੈ। ਮੈਨੂੰ ਉਮੀਦ ਹੈ ਕਿ ਛੇਤੀ ਤੋਂ ਛੇਤੀ ਸਭ ਕੁਝ ਸਥਾਪਿਤ ਹੋ ਜਾਵੇਗਾ। ਮੈਨੂੰ ਉਮੀਦ ਹੈ ਕਿ ਸਰਕਾਰ ਸਹੀ ਫੈਸਲਾ ਲਵੇਗੀ ਅਤੇ ਅਸੀਂ ਆਪਣੇ ਨੌਜਵਾਨ ਵਰਗ ਵੱਲ ਧਿਆਨ ਦੇਵਾਂਗੇ, ਜੋ ਸਾਡੇ ਰਾਸ਼ਟਰ ਦੇ ਭਵਿੱਖ ਲਈ ਚੰਗਾ ਹੋਵੇਗਾ। ਅਖੀਰ ਵਿਚ ਮੈਂ ਇਹ ਕਹਿਣਾ ਚਾਹਾਂਗਾ ਕਿ ਕੇਂਦਰ ਵਿਚ ਇਕ ਸ਼ਕਤੀਸ਼ਾਲੀ ਸਰਕਾਰ ਹੈ ਪਰ ਫਿਰ ਵੀ ਲੈ-ਦੇ ਕੇ ਸਭ ਪਾਸੇ ਅਸ਼ਾਂਤੀ ਅਤੇ ਨਿਰਾਸ਼ਾ ਦਾ ਮਾਹੌਲ ਹੈ। ਅਰਥ ਵਿਵਸਥਾ ਨੂੰ ਸਹੀ ਦਿਸ਼ਾ ਦਿਖਾਉਣੀ ਹੋਵੇਗੀ।

(devi@devicherian.com)

Bharat Thapa

This news is Content Editor Bharat Thapa